ਕਦਰ ਹੈ ਜੋ ਨਾਂਅ ਕਮਾਉਂਦੇ ਨੇ…
ਕਦਰ ਹੈ ਜੋ ਨਾਂਅ ਕਮਾਉਂਦੇ ਨੇ…
‘ਕੀਵੀ ਇੰਡੀਅਨ ਹਾਲ ਆਫ ਫੇਮ’ ਐਵਾਰਡ ਦੇ ਵਿਚ ਪਹੁੰਚੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਲਕਸਨ
-ਇੰਡੀਅਨ ਵੀਕਐਂਡਰ ਦੇ ਸ. ਭਵਦੀਪ ਸਿੰਘ ਢਿੱਲੋਂ ਵੱਲੋਂ 10 ਵਾਂ ਐਵਾਰਡ ਸਮਾਰੋਹ
-ਪੰਜ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲਿਆਂ ਨੂੰ ਦਿੱਤੇ ਪੁਰਸਕਾਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਦਸੰਬਰ 2023:
ਟ੍ਰੈਕ ਉਤੇ ਦੌੜਨ ਵਾਲਿਆਂ ਨੇ ਸਿਰਫ ਦੌੜਨਾ ਹੀ ਹੁੰਦਾ ਹੈ, ਉਸਦੀ ਪਰਖ ਕਰਨ ਵਾਲੇ ਕਿਤੇ ਨਾ ਕਿਤੇ ਵੇਖ ਰਹੇ ਹੁੰਦੇ ਹਨ। ਸਫਲਤਾ ਦੀ ਮਿੱਥੀ ਲਕੀਰ ਦੇ ਉਤੇ ਪੈਰ ਧਰਦਿਆਂ ਹੀ ਪਾਰਖੂ ਤੁਹਾਡੀ ਪਹਿਚਾਣ ਕਰ ਲੈਂਦੇ ਹਨ। ਖੁਸ਼ੀ ਉਦੋਂ ਹੋਰ ਦੁੱਗਣੀ ਹੋ ਜਾਂਦੀ ਹੈ ਜਦੋਂ ਤੁਹਾਡੀ ਸ਼ਾਬਾਸ਼ੀ ਦੇ ਲਈ ਕਮਿਊਨਿਟੀ ਦੋ ਕਦਮ ਅੱਗੇ ਹੋ ਕੇ ਤੁਹਾਡੀ ਹੌਂਸਲਾ ਅਫ਼ਜਾਈ ਕਰਦੀ ਹੈ ਅਤੇ ਤੁਸੀਂ ਆਦਰਸ਼ਿਕ ਬਣ ਜਾਂਦੇ ਹੋ। ਅਜਿਹਾ ਹੀ ਉਪਰਾਲਾ ਇੰਡੀਅਨ ਵੀਕਐਂਡਰ ਦੇ ਮਾਲਕ ਸ. ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਜੋ ਕਿ ਔਕਲੈਂਡ ਵਿਖੇ ਭਾਰਤ ਦੇ ਆਨਰੇਰੀ ਕੌਂਸਿਲ ਵੀ ਹਨ, ਬੀਤੇ 10 ਸਾਲਾਂ ਤੋਂ ਕਰ ਰਹੇ ਹਨ। ਇਸ ਵਾਰ ਫਿਰ ‘ਕੀਵੀ ਇੰਡੀਅਨ ਹਾਲ ਆਫ ਫੇਮ-2023’ ਔਕਲੈਂਡ ਸਿਟੀ ਦੇ ਵਿਚ ਪੰਜ ਸਿਤਾਰਾ ਹੋਟਲ ‘ਕੋਰਡਿਸ’ ਦੇ ਵਿਚ ਅੱਜ ਸ਼ਾਮ ਕੀਤਾ ਗਿਆ। ਨਿਊਜ਼ੀਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਦਾ ਪ੍ਰਧਾਨ ਮੰਤਰੀ ਬਨਣ ਬਾਅਦ ਇਹ ਸ਼ਾਇਦਾ ਪਹਿਲਾ ਰਸਮੀ ਵੱਡਾ ਪ੍ਰੋਗਰਾਮ ਸੀ, ਜਿਸ ਦੇ ਵਿਚ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਪੁਰਸਕਾਰਾਂ ਦੀ ਵੰਡ ਕੀਤੀ ਅਤੇ ਸੰਬੋਧਨ ਕੀਤਾ।
ਪ੍ਰੰਜ ਸ਼੍ਰੇਣੀਆਂ ਦੇ ਵੱਖ-ਵੱਖ ਜੇਤੂ: ‘ਕੀਵੀ ਇੰਡੀਅਨ ਹਾਲ ਆਫ਼ ਫੇਮ ਐਵਾਰਡ 2023’ ਇਸ ਵਾਰ ਸ੍ਰੀ ਗੁਰੂਨਾਥਨ ਕ੍ਰਿਸ਼ਨਾਸੈਮੀ ਨੂੰ ਦਿੱਤਾ ਗਿਆ। ‘ਬਿਜ਼ਨਸ ਆਫ ਦਾ ਯੀਅਰ’ ਐਵਾਰਡ ਸ੍ਰੀ ਰਾਕੇਸ਼ ਨੌਹਰੀਆ (ਪੰਜਾਬੀ ਮੂਲ) ਨੂੰ ਦਿੱਤਾ ਗਿਆ। ‘ਕਲਚਰਲ ਪਰਸਨ ਆਫ ਦਾ ਯੀਅਰ ਐਵਾਰਡ’ ਸ੍ਰੀਮਤੀ ਅਨੁਰਾਧਾ ਰਾਮਕੁਮਾਰ ਨੂੰ ਦਿੱਤਾ ਜੋ ਕਿ ਭਾਰਤੀ ਨਿ੍ਰਤ ਸਿਖਾਉਂਦੇ ਹਨ। ‘ਕਮਿਊਨਿਟੀ ਆਰਗੇਨਾਈਜੇਸ਼ਨ ਆਫ ਦਾ ਯੀਅਰ’ ਐਵਾਰਡ ‘ਨਿਊਜ਼ੀਲੈਂਡ ਤੇਲਗੂ ਐਸੇਸੀਏਸ਼ਨ’ ਨੂੰ ਦਿੱਤਾ ਗਿਆ ਅਤੇ ‘ਯੰਗ ਅਚੀਵਰ ਐਵਾਰਡ’ ਸਿਮਰਨ ਕੌਰ ਨੂੰ ਦਿੱਤਾ ਗਿਆ। ਸਿਮਰਨ ਕੌਰ ‘ਗਰਲਜ਼ ਦੈਟ ਇਨਵੈਸਟ’ (ਕੁੜੀਆਂ ਜੋ ਬਿਜ਼ਨਸ ਵਿਚ ਨਿਵੇਸ਼ ਕਰਨਾ ਮੰਗਦੀਆਂ ਹਨ) ਦੀ ਸੰਸਥਾਪਕ ਹੈ। ਉਸਦੇ ਪੋਡਕਾਸਟ ਲੱਖਾਂ ਔਰਤਾਂ ਨੂੰ ਨਿਵੇਸ਼ ਕਰਨਾ ਸਿੱਖਣ ਵਿੱਚ ਮਦਦ ਕਰਦੇ ਹਨ। ਉਹ ਅੱਖਾਂ ਦੀ ਡਾਕਟਰ ਹੈ। ਉਸਦੇ ਪੌਡ ਕਾਸਟ ਲੱਖਾਂ ਦੀ ਗਿਣਤੀ ਵਿਚ ਡਾਊਨਲੋਡ ਹੁੰਦੇ ਹਨ ਅਤੇ ਉਸਦਾ ਆਨ ਲਾਈਨ ਕੋਰਸ ਵੀ ਮਿੰਟੋ-ਮਿੰਟੀ ਬੁੱਕ ਹੋ ਜਾਂਦਾ ਹੈ। ਅੰਮ੍ਰਿਤਸਰ ਨਾਲ ਸਬੰਧਿਤ ਸਿਮਰਨ ਕੌਰ ਉਤੇ ਪੰਜਾਬੀਆਂ ਨੂੰ ਮਾਣ ਰਹੇਗਾ.
ਸਮੇਂ ਸਿਰ ਸ਼ੁਰੂ ਸਮੇਂ ਸਿਰ ਖਤਮ: ਕੀਵੀ ਕਲਚਰ ਦੇ ਵਿਚ ਇਹ ਗੱਲ ਪੱਕੀ ਹੁੰਦੀ ਹੈ ਕਿ ਦਿੱਤੇ ਪ੍ਰੋਗਰਾਮ ਅਨੁਸਾਰ ਸਮਾਗਮ ਸ਼ੁਰੂ ਹੁੰਦਾ ਹੈ ਅਤੇ ਦਿੱਤੇ ਸਮੇਂ ਅਨੁਸਾਰ ਖਤਮ। ਇਹ ਪ੍ਰੋਗਰਾਮ ਭਾਵੇਂ ਭਾਰਤੀਆਂ ਵੱਲੋਂ ਆਯੋਜਿਤ ਸੀ, ਪਰ ਐਨੇ ਵਧੀਆਂ ਤਰੀਕੇ ਨਾਲ ਆਯੋਜਿਤ ਸੀ ਕਿ ਨਿਰਧਾਰਤ ਸਮਾਂ ਅਤੇ ਸਰਗਰਮੀਆਂ ਹੱਥ ਮਿਲਾ ਕੇ ਚੱਲ ਰਹੀਆਂ ਸਨ। ਸਟੇਜ ਦਾ ਸੰਚਾਲਨ ਇਕ ਟੀ.ਵੀ. ਐਂਕਰ ਗੋਰੀ ਨੇ ਨਿਭਾਇਆ ਜਿਸ ਨੇ ਇੰਡੀਆ ਵੀ ਚੈਨਲਾਂ ਵਿਚ ਕੰਮ ਕੀਤਾ ਸੀ। ਭਾਰਤੀ ਨਿ੍ਰਤ ਦੇ ਨਾਲ ਇਹ ਸਮਾਗਮ ਸ਼ੁਰੂ ਹੋਇਆ। ਸ. ਭਵਦੀਪ ਸਿੰਘ ਢਿੱਲੋਂ ਨੇ ਸਵਾਗਤੀ ਸ਼ਬਦਾ ਨਾਲ ਸਭ ਦਾ ਧੰਨਵਾਦ ਕੀਤਾ ਅਤੇ ਇੰਡੀਅਨ ਵੀਕਐਂਡਰ ਅਖ਼ਬਾਰ ਦੇ ਸਫਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਇੰਡੀਅਨ ਵੀਕਐਂਡਰ ਕਿਵੇਂ ਹਰ ਭਾਰਤੀ ਦੀ ਪਹੁੰਚ ਵਿਚ ਹੈ, ਅਤੇ ਕਿਸ ਤਰ੍ਹਾਂ ਭਾਰਤੀ ਅਤੇ ਭਾਰਤੀ ਸਭਿਆਚਾਰ ਨੂੰ ਜੋੜ ਕੇ ਰੱਖ ਰਿਹਾ ਹੈ, ਬਾਰੇ ਵੀ ਚਾਨਣਾ ਪਾਇਆ ਅਤੇ ਖੁਸ਼ੀ ਮਹਿਸੂਸ ਕੀਤੀ ਕਿ ਉਹ ਇਹ ਸਭ ਲੰਬੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਆਏ ਸਾਰੇ ਹੋਰ ਸੰਸਦੀ ਮੈਂਬਰਾਂ ਨੂੰ ਵੀ ਜੀ ਆਇਆਂ ਆਖਿਆ। ਖਾਸ ਕਰ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਦਾ ਫਰਾਟੇਦਾਰ ਸੰਬੋਧਨ ਅਤੇ 11 ਮਿੰਟਾਂ ’ਚ ਇੰਡੀਆ ਦੀ ਜੈ-ਜੈ ਕਾਰ: ਮਾਣਯੋਗ ਪ੍ਰਧਾਨ ਮੰਤਰੀ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਜਿੱਥੇ ਇਸ ਸਮਾਗਮ ਵਿਚ ਸੱਦਾ ਦੇਣ ਲਈ ਸ. ਭਵਦੀਪ ਸਿੰਘ ਢਿੱਲੋਂ ਹੋਰਾਂ ਦਾ ਧੰਨਵਾਦ ਕੀਤਾ, ਉਥੇ ਆਪਣੇ ਸੰਬੋਧਨ ਦੇ ਵਿਚ ਭਾਰਤੀਆਂ ਦੀ ਜੈ-ਜੈ ਕਾਰ ਹੀ ਕੀਤੀ। ਲਗਪਗ 3 ਲੱਖ ਦੀ ਆਬਾਦੀ ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਹੈ ਅਤੇ ਇਨ੍ਹਾਂ ਦੀ ਮਿਹਨਤ ਨੂੰ ਸਲਾਮ ਕੀਤਾ ਗਿਆ। ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਦਾ ਵੀ ਉਨ੍ਹਾਂ ਧੰਨਵਾਦ ਕੀਤਾ। ਉਨ੍ਹਾਂ ਆਪਣੀ ਨਵੀਂ ਸਰਕਾਰ ਦੇ ਪਹਿਲੇ 100 ਦਿਨਾਂ ਲਈ ਉਲੀਕੀ ਗਈ ਰੂਪ-ਰੇਖਾ ਬਾਰੇ ਦਸਦਿਆਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਪਾਰ ਸਬੰਧਾਂ ਨੂੰ ਹੋਰ ਉਚਾ ਲੈ ਕੇ ਜਾਣਾ ਪਹਿਲ ਦੇ ਅਧਾਰ ਉਤੇ ਹੈ। ਭਾਰਤ ਨਾਲ ਵਪਾਰ ਪਿਛਲੀ ਸਰਕਾਰ ਵੇਲੇ ਘਟਿਆ ਹੈ, ਉਹ ਵਧਾਉਣ ਜਾ ਰਹੇ ਹਨ। ਇਸ ਸਬੰਧੀ ਦੇਸ਼ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਕ੍ਰਿਸਮਸ ਤੋਂ ਪਹਿਲਾਂ ਭਾਰਤ ਦੇ ਦੌਰੇ ਉਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਸਾਲ ਭਾਰਤ ਦੀਆਂ ਸੰਸਦੀ ਚੋਣਾ ਤੋਂ ਬਾਅਦ ਭਾਰਤ ਜਾਣਗੇ। ਉਨ੍ਹਾਂ ਕੀਵੀ ਕ੍ਰਿਕਟਰ ਰਚਿਨ ਰਵਿੰਦਰਾ ਦਾ ਵੀ ਜ਼ਿਕਰ ਕੀਤਾ, ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦਾ ਵੀ ਨਾਂਅ ਲਿਆ ਕਿਹਾ ਕਿ ਉਹ ਕ੍ਰਿਕਟ ਦੇ ਫੈਨ ਹਨ। ਉਨ੍ਹਾਂ ਨੇ ਅਗਲੇ ਸਾਲ ਭਾਰਤ ਜਾ ਕੇ ਆਈ.ਪੀ. ਐਲ.-20 (23 ਮਾਰਚ 2024-29 ਮਈ 2024) ਵੇਖਣ ਦਾ ਵੀ ਇਸ਼ਾਰਾ ਕੀਤਾ। ਭਾਰਤੀ ਤਿਉਹਾਰਾਂ ਨੂੰ ਮਾਨਤਾ ਦਿੰਦਿਆ ਦਿਵਾਲੀ ਦਾ ਜ਼ਿਕਰ ਕੀਤਾ। 72 ਸਾਲਾਂ ਦੇ ਭਾਰਤ-ਇੰਡੀਆ ਸਬੰਧਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ‘ਆਈ ਲਵ ਇੰਡੀਆ’ ਪਰ ਉਹ ਜਾਣਦੇ ਹਨ ਉਥੇ ਬਿਊਰੋਕ੍ਰੇਸੀ (ਅਫ਼ਸਰਸ਼ਾਹੀ) ਵੀ ਕਾਫੀ ਹੈ। ਹਲਕਾ-ਫੁੱਲਕਾ ਹਾਸਾ ਠੱਠਾ ਵੀ ਹੋਇਆ। ਐਵਾਰਡ ਸਮਾਰੋਹ ਤੋਂ ਬਾਅਦ ਕੁਝ ਹੋਰ ਨਿ੍ਰਤ ਅਤੇ ਬੌਲੀਵੁਡ ਡਾਂਸ ਪੇਸ਼ ਕੀਤਾ ਗਿਆ, ਪਰ ਇਸ ਵਾਰ ਪੰਜਾਬੀ ਭੰਗੜਾ ਅਤੇ ਗਿੱਧਾ ਵੇਖਣ ਨੂੰ ਨਹੀਂ ਮਿਲਿਆ। ਸਮਾਗਮ ਦੇ ਅੰਤ ਵਿਚ ਰਾਤ ਦੇ ਭੋਜਨ ਦਾ ਸਾਰਿਆਂ ਨੇ ਅਨੰਦ ਮਾਣਿਆ ਅਤੇ ਪ੍ਰੋਗਰਾਮ ਸਮੇਂ ਸਰ ਸਮਾਪਤ ਹੋ ਗਿਆ।