ਕਨੇਡਾ ਦੀਆਂ ਵੋਟਾਂ ਅਤੇ ਅਸੀਂ ਪੰਜਾਬੀ ਵੋਟਰ

ਕਨੇਡਾ ਦੀਆਂ ਵੋਟਾਂ ਅਤੇ ਅਸੀਂ ਪੰਜਾਬੀ ਵੋਟਰ

ਕਨੇਡਾ ਭਰ ਅੰਦਰ ਅਪ੍ਰੈਲ ਮਹੀਨੇ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਉਂਝ ਤਾਂ ਭਾਵੇਂ ਕਾਗਜੀ ਪੱਤਰੀਂ ਕਈ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਮੁੱਖ ਮੁਕਾਬਲਾ ਤਾਂ ਮੌਜੂਦਾ ਸੱਤਾਧਾਰੀ ਲਿਬਰਲ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੀ ਹੈ। ਐਨ ਡੀ ਪੀ ਇਸ ਵੇਲੇ ਤੀਜੀ ਧਿਰ ਵੱਜੋਂ ਪਰ ਬੀਤੇ ਸਮੇਂ ਵਿੱਚ ਲਿਬਰਲ ਸਰਕਾਰ ਲਈ ਠੁੰਮਣੇ ਵੱਜੋਂ ਵਿਚਰਦੀ ਰਹੀ ਹੈ। ਫੈਡਰਲ ਐਨ ਡੀ ਪੀ ਦਾ ਮੁੱਖ ਲੀਡਰ, ਸਿੱਖ ਚਿਹਰਾ ਜਗਮੀਤ ਸਿੰਘ ਹੋਣ ਕਾਰਣ ਪੰਜਾਬੀ ਭਾਈਚਾਰੇ ਦਾ ਉਸਦੀ ਪਾਰਟੀ ਵੱਲ ਖਿੱਚੇ ਜਾਣਾ ਸੁਭਾਵਿਕ ਹੀ ਹੈ ਪਰ ਦੂਜੀਆਂ ਰਾਜਨੀਤਕ ਪਾਰਟੀਆਂ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਵੋਟ ਬੈਂਂਕ ਵੱਜੋਂ ਵਰਤਣ ਦਾ ਮੌਕਾ ਅਜਾਈਂ ਨਹੀਂ ਜਾਣ ਦਿੰਦੀਆਂ । ਜਿਹੜੇ ਜਿਹੜੇ ਚੋਣ ਹਲਕਿਆਂ ਅੰਦਰ ਭਾਰਤੀ ਮੂਲ ਦੇ ਖਾਸ ਕਰਕੇ ਪੰਜਾਬੀਆਂ ਦੀ ਬਹੁ ਗਿਣਤੀ ਹੈ, ਉਸ ਇਲਾਕਿਆਂ ਅੰਦਰ ਦੋਵੇਂ ਹੀ ਪਾਰਟੀਆਂ ਦੇ ਉਮੀਂਦਵਾਰ ਪੰਜਾਬੀ ਮੂਲ ਦੇ ਹੀ ਹਨ। ਪੰਜਾਬੀ ਉਮੀਂਦਵਾਰ ਦੇ ਮੁਕਾਬਲੇ ਪੰਜਾਬੀ ਉਮੀਂਦਵਾਰ ਹੀ ਉਸ ਨੂੰ ਟੱਕਰ ਦੇ ਸਕਦਾ ਹੈ। ਇਹ ਫਾਰਮੂਲਾ ਭਾਵੇਂ ਰਾਜਨੀਤਕ ਪਾਰਟੀਆਂ ਨੂੰ ਤਾਂ ਪੂਰੀ ਤਰਾਂ ਫਿੱਟ ਬੈਠਦਾ ਹੈ ਪਰ ਪੰਜਾਬੀ ਭਾਈਚਾਰੇ ਅੰਦਰ ਇਹ ਦਰਾੜਾਂ ਪਾਉਣ ਦਾ ਕੰਮ ਹੀ ਕਰਦਾ ਹੈ। ਕਨੇਡਾ ਦੀਆਂ ਚੋਣਾਂ ਮੌਕੇ ਸਾਡੇ ਪੰਜਾਬੀ ਭਾਈਚਾਰੇ ਦੀ ਰਾਜਨੀਤਕ ਪਾਰਟੀਆਂ ਬਾਰੇ ਆਪਣੀ ਖੁਦ ਦੀ ਕੋਈ ਪੱਕੀ ਵਿਚਾਰਧਾਰਾ ਜਾਂ ਪਾਰਟੀ ਦੀਆਂ ਵਿਚਾਰਧਾਰਾਵਾਂ ਨਾਲ ਸਹਿਮਤੀ ਜਾਂ ਅਸਿਹਮਤੀ ਨਾ ਹੋਣਾ ਵੀ ਭਾਈਚਾਰੇ ਲਈ ਖਤਰਨਾਕ ਹੈ। ਜੋ ਪੰਜਾਬ ਵਿੱਚ ਹੁੰਦਾ ਸੀ ਉਹੀ ਹਾਲ ਕਨੇਡਾ ਦੀਆਂ ਚੋਣਾਂ ਮੌਕੇ ਹੁੰਦਾ ਹੈ । ਰਾਜਨੀਤਕ ਪਾਰਟੀਆਂ ਧਾਰਮਿਕ ਅਤੇ ਸਮਾਜ ਸੇਵਕ ਕਹਾਉਂਦੇ ਲੋਕਾਂ ਨੂੰ ਇਹਨੀ ਦਿਨੀ ਪ੍ਰੈਸਰ ਗਰੁੱਪਾਂ ਦੇ ਰੂਪ ਵਿੱਚ ਵਰਤਦੀਆਂ ਹਨ। ਮੰਦਰ ਮਸਜਿਦ ਗੁਰਦੁਆਰੇ ਵੀ ਰਾਜਨੀਤਕ ਪਾਰਟੀਆਂ ਦੀ ਇਸ ਮਾਰ ਤੋਂ ਨਹੀਂ ਬਚ ਸਕੇ। ਬਹੁਤੇ ਪੰਜਾਬੀ ਵੋਟਰਾਂ ਦਾ ਇਹੀ ਮੰਨਣਾ ਹੁੰਦਾ ਐ, ਕਿ ਅਖੇ ਜੀ ਫਲਾਣਾ ਸਿਉਂ ਜਿੱਧਰ ਆਖੂਗਾ ਆਪਾਂ ਤਾਂ ਉਧਰ ਹੀ ਵੋਟ ਪਾਵਾਂਗੇ। ਅੱਗੇ ਫ਼ਲਾਣਾਂ ਸਿਉਂ ਵੀ ਪਾਰਟੀ ਦੇ ਵੱਡੇ ਲੀਡਰਾਂ ਕੋਲ ਇਹ ਗੱਲਾਂ ਆਖੀ ਬੈਠਾ ਹੁੰਦਾ ਹੈ ਕਿ ਮੇਰੇ ਕੋਲ ਸਾਡੇ ਭਾਈਚਾਰੇ ਦਾ ਐਡਾ ਵੱਡਾ ਵੋਟ ਬੈਂਕ ਹੈ। ਬਹੁਤੇ ਪੰਜਾਬੀ ਵੋਟਰਾਂ ਦਾ ਇਹ ਹਾਲ ਹੈ ਕਿ ਉਹਨਾਂ ਨੇ ਹਾਲੇ ਤੱਕ ਇਹ ਮਨ ਨਹੀਂ ਬਣਾਇਆ ਕਿ ਉਹਨਾਂ ਦੀ ਵੋਟ ਕਿਸ ਉਮੀਂਦਵਾਰ ਦੇ ਵੋਟ ਬਕਸੇ ਵਿੱਚ ਜਾਣੀ ਚਾਹੀਦੀ ਹੈ।

ਇੱਕ ਹੋਰ ਬਹੁਤ ਮਾੜਾ ਰੂਝਾਨ ਇਹ ਵੀ ਹੈ ਕਿ ਕਨੇਡਾ ਦੇ ਜੰਮਪਲ ਬੱਚਿਆਂ ਨੂੰ ਵੀ ਬਹੁਤ ਵਾਰੀ ਪਰਿਵਾਰ ਦੇ ਵਡੇਰਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਸ ਵਾਰ ਆਪਾਂ ਵੋਟ ਫਲਾਣੇ ਦੇ ਕਹਿਣ ਉੱਪਰ ਫਲਾਣੇ ਉਮੀਂਦਵਾਰ ਹੀ ਪਾਉਣੀ ਹੈ ਜਦੋਂ ਕਿ ਇੱਥੋਂ ਦੇ ਜੰਮਪਲ ਬੱਚੇ ਤਾਂ ਇਹਨਾਂ ਰਾਜਨੀਤਕ ਪਾਰਟੀਆਂ ਦੀਆਂ ਚੰਗੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਹੁੰਦੇ ਹਨ। ਇਸ ਲਈ ਜਦੋਂ ਉਹ ਨਾਂਹ ਨੁੱਕਰ ਵਾਲਾ ਜੁਆਬ ਦਿੰਦੇ ਹਨ ਤਾਂ ਫਿਰ ਮਾਪਿਆਂ ਕੋਲ ਉਹਨਾਂ ਦੀ ਉਹਨਾਂ ਦੇ ਸੁਝਾਏ ਗਏ ਉਮੀਂਦਵਾਰ ਪ੍ਰਤੀ ਤਸੱਲੀ ਕਰਵਾਉਣ ਲਈ ਕੋਈ ਠੋਸ ਸ਼ਬਦਾਵਲੀ ਨਹੀਂ ਹੁੰਦੀ। ਕਨੇਡਾ ਆਕੇ ਪੰਜਾਬੀਆਂ ਨੂੰ ਕਿਸੇ ਦੇ ਕਹੇ ਕਹਾਏ ਵੋਟ ਪਾਉਣ ਦੀ ਰਵਾਇਤੀ ਆਦਤ ਨੂੰ ਛੱਡਕੇ, ਕਨੇਡਾ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਉੱਪਰ ਨਜ਼ਰ ਮਾਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਮੀਂਦਵਾਰਾਂ ਦੇ ਰੈਜ਼ੂਮੇ ਚੈੱਕ ਕਰਨੇ ਚਾਹੀਦੇ ਹਨ। ਜਿਹੜੇ ਉਮੀਂਦਵਾਰ ਦੂਜੀ -ਤੀਜੀ ਵਾਰ ਇਲੈਕਸਨ ਲੜ ਰਹੇ ਹਨ ਉਹਨਾਂ ਦੀ ਬੀਤੇ ਸਮੇਂ ਦੌਰਾਨ ਕਾਰਗੁਜਾਰੀ ਦੀ ਫਾਈਲ ਫਰੋਲ ਲੈਣੀ ਚਾਹੀਦੀ ਹੈ। ਆਸੇ ਪਾਸੇ ਤੋਂ ਬਿੜਕ ਰੱਖਿਆ ਕਰੋ ਕਿ ਰਾਜਨੀਤੀ ਵਿੱਚ ਆਉਣ ਉਪਰੰਤ ਇਸ ਉਮੀਂਦਵਾਰ ਦਾ ਸਾਈਡ ਬਿਜਨਿਸ ਕਿੰਨਾ ਕੁ ਪ੍ਰਫੁਲਤ ਹੋਇਆ ਹੈ। ਰਾਜਸੀ ਪ੍ਰਭਾਵ ਵਰਤਦਿਆਂ ਕਿੰਨੀਆਂ ਕੁ ਕੰਪਨੀਆਂ ਵਿੱਚ ਹਿੱਸੇਦਾਰੀਆਂ ਪ੍ਰਫੁਲਤ ਹੋਈਆਂ ਹਨ। ਹੁਣ ਕਨੇਡਾ ਦੀਆਂ ਫੈਡਰਲ ਚੋਣਾਂ 28 ਅਪ੍ਰੈਲ 2025 ਨੂੰ ਹੋਣ ਜਾ ਰਹੀਆਂ ਹਨ । ਸੋ ਪੰਜਾਬੀE ਇਹ ਫੈਸਲਾਕੁਨ ਘੜੀ ਦੀ ਸਹੀ ਵਰਤੋਂ ਕਰਦਿਆਂ ਹੀ ਤੁਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰ ਸਕਦੇ ਹੋ। ਫਲਾਣਾ ਸਿਉਂ ਦਾ ਖਹਿੜਾ ਛੱਡਣਾਂ ਹੀ ਪੈਣਾ ਹੈ ਕਿਉਂਕਿ ਹੋ ਸਕਦੈ ਫ਼ਲਾਣਾ ਸਿਉਂ ਤਾਂ ਅਗਲੀਆਂ ਚੋਣਾਂ ਮੌਕੇ ਨੀਲੀ ਤੋਂ ਸੰਤਰੀ ਜਾਂ ਸੰਤਰੀ ਤੋਂ ਨੀਲੀ ਜਾਂ ਲਾਲ ਪੀਲੀ ਕਿਸੇ ਵੀ ਰੰਗ ਦੀ ਪੱਗ ਦਾ ਤੁਰਲਾ ਉੱਚਾ ਕਰ ਸਕਦਾ ਹੈ ਪਰ ਉਸ ਵੇਲੇ ਉਸ ਦੇ ਉੱਚੇ ਤੁਰਲੇ ਵੱਲ ਵੇਖਦਿਆਂ ਤੁਸੀਂ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰੋਂਗੇ । ਸੋ ਸਾਵਧਾਨ !
ਹਰਬੰਸ ਬੁੱਟਰ ਮੁੱਖ ਸੰਪਾਦਕ
ਪੰਜਾਬੀ ਅਖ਼ਬਾਰ ਕੈਲਗਰੀ
1 403 640 2000