ਸਰੀ, (ਹਰਦਮ ਮਾਨ)- ਕਿਡਜ਼ ਪਲੇਅ, ਨਿਊ ਕੈਨੇਡਾ ਕਬੱਡੀ ਕਲੱਬ ਅਤੇ ਮੱਲ ਰੈਸਲਿੰਗ ਕਲੱਬ ਦੇ ਸਾਂਝੇ ਉਦਮ ਨਾਲ ਬੈਲ ਸੈਂਟਰ ਸਰੀ ਦੇ ਖੇਡ ਮੈਦਾਨ ਵਿਚ ਅੰਡਰ 21 ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਥਾਨਕ ਬੱਚਿਆਂ ਅਤੇ ਪਰਿਵਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹ ਟੂਰਨਾਮੈਂਟ ਜਿੱਤਣ ਦਾ ਮਾਣ ਯੰਗ ਕਬੱਡੀ ਕਲੱਬ ਦੀ ਟੀਮ ਨੇ ਹਾਸਲ ਕੀਤਾ।
ਟੂਰਨਾਮੈਂਟ ਦਾ ਸੈਮੀਫਾਈਨਲ ਮੁਕਾਬਲਾ ਰੁਸਤਮ ਕਬੱਡੀ ਕਲੱਬ ਅਤੇ ਯੂਥ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਯੂਥ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ। ਇਸ ਮੈਚ ਵਿਚ ਗੈਰੀ ਧਾਮੀ, ਸ਼ਾਮ ਰੰਧਾਵਾ, ਕਰਨ ਗਿੱਲ, ਬਲਤੇਜ ਮੁੰਡੀ, ਕਰਨਵੀਰ ਰਾਏ ਤੇ ਜਸਤੇਜ ਮੁੰਡੀ ਨੇ ਕਬੱਡੀ ਦੇ ਵਧੀਆ ਜੌਹਰ ਦਿਖਾਏ।
ਫਾਈਨਲ ਮੁਕਾਬਲਾ ਯੂਥ ਕਬੱਡੀ ਕਲੱਬ ਤੇ ਯੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਬਹੁਤ ਹੀ ਦਿਲਚਸਪ ਮੁਕਾਬਲੇ ਵਿਚ ਯੰਗ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ। ਨੌਜਵਾਨ ਕਬੱਡੀ ਖਿਡਾਰੀਆਂ ਸਿੰਮਾ ਗੋਲੇਵਾਲੀਆ, ਰਵੀ ਭੰਗੂ, ਗੁਰਸ਼ਾਨ ਬਰਾੜ, ਕਰਮ ਗਿੱਲ ਤੇ ਜੱਸ ਕੰਗ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਖੇਡ ਦਰਸ਼ਕਾਂ ਦੇ ਮਨ ਮੋਹੇ। ਅਵਤਾਰ ਛੋਟਾ ਫਿੱਡੂ ਨੇ ਆਪਣੀਆਂ ਰੇਡਾਂ ਨਾਲ ਖੇਡ ਮੇਲਾ ਲੁੱਟਿਆ। ਇਸ ਮਕਾਬਲੇ ਵਿਚ ਕਰਨਬੀਰ ਰਾਏ ਬੈਸਟ ਰੇਡਰ ਅਤੇ ਰਾਜਾ ਭਲਵਾਨ ਬੈਸਟ ਸਟਾਪਰ ਚੁਣੇ ਗਏ।
ਟੂਰਨਾਮੈਂਟ ਦੀ ਕੁਮੈਂਟਰੀ ਲੱਖਾ ਸਿਧਵਾਂ ਤੇ ਲਖਵੀਰ ਮੋਮੀ ਢਿਲੋ ਨੇ ਕਰਦਿਆਂ ਖੇਡ ਪ੍ਰੇਮੀਆਂ ਨੂੰ ਮੈਦਾਨ ਨਾਲ ਜੋੜੀ ਰੱਖਿਆ। ਰੈਫਰੀ ਦੀ ਜਿੰਮੇਵਾਰੀ ਜੀਵਨ ਸ਼ੇਰਗਿੱਲ ਤੇ ਡਾ ਸੁਖਦੇਵ ਸਿੰਘ ਸੰਧੂ ਨੇ ਬਾਖੂਬੀ ਨਿਭਾਈ।
ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਕਿਡ਼ਜ ਪਲੇਅ ਦੇ ਬਾਨੀ ਕੈਲ ਦੁਸਾਂਝ, ਨਿਊ ਕੈਨੇਡਾ ਕਬੱਡੀ ਕਲੱਬ ਦੇ ਕੁਲਵਿੰਦਰ ਸਿੰਘ ਸੰਧੂ, ਰਾਣਾ ਪਵਾਰ, ਸ਼ਿੰਗਾਰਾ ਢੇਸੀ, ਮਲਕੀਤ ਸਿੰਘ ਰਾਏ, ਅਮਰਜੀਤ ਢਡਵਾਲ ਏ ਵੰਨ ਸਪੋਰਟਸ ਨੇ ਅਦਾ ਕੀਤੀ। ਜੇਤੂ ਅਤੇ ਰਨਰ ਅੱਪ ਟੀਮਾਂ ਨੂੰ ਟਰਾਫੀਆਂ ਤੇ ਨਕਦ ਇਨਾਮ ਦਿੱਤੇ ਗਏ। ਖੇਡ ਪ੍ਰੋਮੋਟਰ ਬਲਵਿੰਦਰ ਸਿੰਘ ਬਿੱਲਾ ਲਾਲੀ, ਕੁਲਤਰਨ ਸਿੰਘ ਅਟਵਾਲ, ਖੇਡ ਲੇਖਕ ਜਸਵੰਤ ਸਿੰਘ ਖੜਗ, ਕੁਮੈਂਟੇਟਰ ਲੱਖਾ ਸਿਧਵਾਂ, ਮੋਮੀ ਢਿੱਲੋਂ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।