ਕਨੇਡਾ ਦੇ ਪ੍ਰਾਚੀਨ ਪਹਾੜਾਂ ਦੀ ਗਹਿਰਾਈ ਵਿੱਚ ਵਸਾਇਆ ਖ਼ੂਬਸੂਰਤ ਕਸਬਾ – ਪੈਨੋਰਮਾ
ਕਨੇਡਾ ਦੇ ਨਿਰਮਾਣ ਵਿਨਿਰਮਾਣ ਅਤੇ ਆਧਾਰ ਮੂਲ ਸੰਰਚਨਾ ਵਿਗਿਆਨੀ ਖ਼ੂਬਸੂਰਤ ਬੁਨਿਆਦਾਂ ਅਤੇ ਸੁੰਦਰ ਬਸਤੀਆਂ ਵਸਾਉਣ ਵਿੱਚ ਮਾਹਿਰ ਖ਼ੋਜੀ ਹਨ। ਹੈਲੀਕਾਪਟਰ ਅਤੇ ਪੈਦਲ ਯਾਤਰਾ ਦੇ ਜਰੀਏ ਅਲਬੇਲੇ, ਦਿਲਟੁਬਵੇਂ ਨਵੇਂ ਸਥਾਨਾਂ ਨੂੰ ਲੱਭਣਾ ਅਤੇ ਬੀਆਬਾਨ ਜੰਗਲਾਂ ਦੀ ਛਾਣਬੀਣ ਕਰਕੇ ਨਵੇਂ ਸੁਵਿਧਾ ਪੂਰਵਕ ਸੁੰਦਰ ਸ਼ਹਿਰਾਂ ਦੀ ਸਥਾਪਨਾ ਕਰਨਾ ਕਨੇਡਾ ਦੇ ਵਿਗਿਆਨੀਆਂ ਦੇ ਹਿੱਸੇ ਹੀ ਆਉਂਦਾ ਹੈ।
ਲੈਂਡ ਸਕੇਪਿੰਗ (ਭੂਦ੍ਰਿਸ਼) ਵਿੱਚ ਵੈਸੇ ਵੀ ਕਨੇਡਾ ਦੁਨੀਆ ਵਿੱਚ ਇੱਕ ਨੰਬਰ ਤੇ ਆਉਂਦਾ ਹੈ। ਇਸੇ ਸੰਦਰਭ ਵਿੱਚ ਆਉਂਦਾ ਹੈ ਕਨੇਡਾ ਦਾ ਖ਼ੂਬਸੂਰਤ ਕਸਬਾ ਜਿਸ ਦਾ ਨਾਮ ਹੈ ਪੈਨੋਰਮਾ ਇਸ ਦੇ ਅਰਥ ਹਨ ਜੰਗਲੀ ਅਤੇ ਚਿੱਤਰ ਮਾਲਾ। ਇੱਥੇ ਹਰ ਪ੍ਰਕਾਰ ਦੀ ਸੁੱਖ ਸੁਵਿਧਾ ਸੰਗਠਿਤ ਕੀਤੀ ਗਈ ਹੈ ਯੋਜਨਾ ਬਧ ਤਰੀਕੇ ਨਾਲ ਪੈਨੋਰਮਾ ਵਿਸ਼ਵ ਪ੍ਰਸਿੱਧ ਰਾਕੀ (ਚਟਾਨਾਂ) ਪਰਬਤ ਵੀ ਹੈ।
ਅਸੀਂ ਐਡਮਿੰਟਨ ਅਲਬਰਟਾ ਤੋਂ ਸਵੇਰੇ ਕੋਈ 8 ਵਜੇ ਦੇ ਕਰੀਬ ਕਾਰ ਤੇ ਚਲੇ ਅਤੇ ਦੁਪਹਿਰ ਬਾਅਦ 4 ਵਜੇ ਦੇ ਕਰੀਬ ਪੈਨੋਰਮਾ ਪਹੁੰਚੇ। ਰਸਤੇ ਵਿੱਚ ਅਨੇਕਾਂ ਹੀ ਸੁੰਦਰ ਦਿਲ ਖਿਚਵੇਂ ਦ੍ਰਿਸ਼ ਚੰਗੇ ਲੱਗੇ। ਨਵੇਂ ਰਸਤੇ ਨਵੇਂ ਰਾਹੀ ਨਵੇਂ ਰਹਿਬਰ ਚੰਗੇ ਲੱਗਦੇ ਹਨ ਜਿਸ ਤਰ੍ਹਾਂ ਕੋਈ ਨਾਟਕ ਚੱਲ ਰਿਹਾ ਹੋਵੇ। ਅੱਗੇ ਕੀ ਆਉਣ ਵਾਲਾ ਹੈ ਕੁੱਝ ਪਤਾ ਨਹੀਂ ਮਗਰ ਜਾਣਨ ਦੀ ਇੱਛਾ ਅਤੇ ਜਗਿਆਸਾ ਰਸ ਵਧਦੇ ਚਲੇ ਜਾਂਦੇ ਹਨ। ਪੈਨੋਰਮਾ ਕਨੇਡਾ ਦੇ ਸਭ ਤੋਂ ਪੁਰਾਣੇ ਉੱਚੇ ਪਹਾੜਾਂ ਵਿੱਚ ਵਸਿਆ ਇਕ ਦਿਲ ਲੁਭਾਣਾ ਸੁੰਦਰ ਕਸਬਾ ਹੈ। ਇਸ ਕਸਬੇ ਦੇ ਚਾਰੇ ਪਾਸੇ ਉੱਚੇ ਉੱਚੇ ਪਹਾੜਾਂ ਦਾ ਅਸ਼ੀਰਵਾਦ ਅਤੇ ਹਰਿਆਲੀ ਦੀਆਂ ਸ਼ੁੱਭਕਾਮਨਾਵਾਂ ਸਭ ਦਾ ਸਵਾਗਤ ਕਰਦੀਆਂ ਹਨ। ਪੈਨੋਰਮਾ ਜਾਦੂਈ ਆਕਰਸ਼ਕ ਭਰਪੂਰ ਮਿਕਨਾਤੀਸੀ। ਇਹ ਇੱਕ ਪਰਬਤੀਏ ਰਿਜ਼ਾਰਟ ਅਤੇ ਲਘੂ ਕਸਬਾ ਹੈ ਜਿੱਥੇ ਪਹਾੜਾਂ ਦੇ ਇਲਾਵਾ ਹੋਰ ਬਹੁਤ ਕੁੱਝ ਹੈ। ਢੇਰਾਂ ਸਾਹਸਿੱਕ ਗਤੀਵਿਧੀਆਂ ਜੋ ਬਸ ਖ਼ੋਜੇ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇੱਥੇ ਹੀ ਸਭ ਤੋਂ ਵਧੀਆ ਯਾਦਾਂ ਬਣਦੀਆਂ ਹਨ। ਮੌਜੂਦਾ ਇਸ ਦਾ ਸਕੀ ਖੇਤਰ ਲੱਕੜੀ ਜਾਂ ਧਾਤੂ ਜਾਂ ਪਲਾਸਟਿਕ ਦੇ ਪਤਲੇ ਅਤੇ ਲੰਬੇ ਤਖ਼ਤੇ ਨੂੰ ਕਹਿੰਦੇ ਹਨ ਜਿਸ ਨੂੰ ਜੁੱਤੇ ਦੇ ਹੇਠਾਂ ਜੋੜ ਕੇ ਸਕੀਬਾਜੀ ਦਾ ਖਿਲਾੜੀ ਬਰਫ਼ ਉੱਪਰ ਫਿਸਲ ਕੇ ਯਾਤਰਾ ਕਰਦੇ ਹਨ, ਦਾ ਆਧਾਰ ਅਤੇ ਕਸਬਾ 1138 ਮੀਟਰ ਅਤੇ 3888 ਫੁੱਟ ਦੀ ਉਚਾਈ ਦੇ ਉੱਪਰ ਸਥਿਤ ਹੈ ਜਦ ਕਿ ਪੈਨੋਰਮਾ ਦੀ ਸਿਖਰ ਦੀ ਉਚਾਈ 2364 ਮੀਟਰ ਹੈ। ਇੱਥੋਂ ਦੀਆਂ ਕੁੱਲ ਦੁਕਾਨਾਂ ਦੀ ਮਾਪਾਈ 1211 ਅੰਦਰ ਹੈ। ਪੈਨੋਰਮਾ ਮਾਊਟੇਂਨ ਰਿਜ਼ਾਰਟ 13 ਕਾਂਡੋ ਟਾਊਨ ਹੋਮ ਅਤੇ ਹੋਟਲ ਦਾ ਪ੍ਰਬੰਧਨ ਕਰਦਾ ਹੈ।
ਇਸ ਸਥਾਨ ਵਿਖੇ 2000 ਤੋਂ ਵੱਧ ਯਾਤਰੀ ਰਹਿ ਸਕਦੇ ਹਨ। ਇਹ ਰਿਜ਼ਾਰਟ ਆਧੁਨਿਕ ਸਹੂਲਤਾਂ ਵਰਗੇ ਘਰ ਵੀ ਉਪਲਬਧ ਕਰਦਾ ਹੈ। ਇਸ ਦੇ 400 ਤੋਂ ਵੱਧ ਕਮਰੇ ਹਨ ਜੋ ਕਿਰਾਏ ’ਤੇ ਦਿੱਤੇ ਜਾਂਦੇ ਹਨ ਅਤੇ ਇੱਥੇ ਲੋਕ ਰਹਿੰਦੇ ਹਨ। ਇਸ ਸਥਾਨ ਵਿਖੇ ਜਦ ਬਰਫ਼ ਪੈਂਦੀ ਹੈ ਤਾਂ ਉੱਚੇ ਪਹਾੜਾਂ ਦੀਆਂ ਦੁਧਿਆਂ ਸਫ਼ੇਦ ਚੋਟੀਆਂ ਕਿਸੇ ਮੰਦਰ ਵਾਂਗ ਪ੍ਰਤੀਤ ਹੁੰਦੀਆਂ ਹਨ।
ਪੈਨੋਰਮਾ ਇੱਕ ਅੰਤਰਰਾਸ਼ਟਰੀ ਸਥਾਨ ਹੈ ਜਿਹੜਾ ਲੰਬੀਆਂ ਢਲਾਣਾ ਅਦਭੁਤ ਗਰਮ ਤਲਾਬ ਇਸ਼ਨਾਨ ਘਰ ਬਰਫ਼ ਦੀਆਂ ਵੱਖ-ਵੱਖ ਖੇਡਾਂ ਅਤੇ ਬਿਹਤਰੀਨ ਗੁਲਫ ਦੇ ਲਈ ਵੀ ਪ੍ਰਸਿੱਧ ਹੈ। ਪੈਨੋਰਮਾ ਉੱਤਰੀ ਅਮਰੀਕਾ ਦੇ ਨਜ਼ਦੀਕ ਸੀਮਾ ਦੀ ਸਿਖਰ ਦਸ ਤੋਂ ਵੱਧ ਸਿੱਧੇ ਪਹਾੜਾਂ ਵਿਚੋਂ ਇੱਕ ਹੈ। ਇੱਥੇ 120 ਤੋਂ ਜ਼ਿਆਦਾ ਅਦਭੁਤ ਪਹਾੜੀਆਂ ਹਨ, ਨਾਲ ਦੇ ਨਾਲ ਹੀ ਖੁੱਲੇ੍ ਕਟੋਰੇ, ਲੰਬੀਆਂ ਟੇਢੀਆਂ ਮੇਡੀਆਂ ਸੱਪ ਦੇ ਵਲੇਵੇਂ ਵਰਗੀਆਂ 120 ਤੋਂ ਵੱਧ ਤਿੱਖੀਆਂ ਮਿਕਨਾਤਿਸ਼ੀ ਪਗ ਡੰਡੀਆਂ ਹਨ ਜੋ ਅੰਤਰਿਮ ਦੀ ਭਾਵਨਾ ਨੂੰ ਉਜਾਗਰ ਕਰਦੀਆਂ ਹਨ। ਇੱਥੇ ਨਾ ਮੰਨਣਯੋਗ ਸੁੰਦਰਤਾ ਯਾਦਗਾਰੀ ਪਰਬਤ ਦ੍ਰਿਸ਼ ਅਤੇ ਲੰਬੀ ਕਰੂਜਜਿੰਗ (ਸ਼ਿਪ) ਰਨ ਦੇ ਲਈ ਵਿਆਪਕ ਰੂਪ ਵਿੱਚ ਸਲਾਹੁਣਯੋਗ ਹੈ। ਇੱਥੇ ਅਨੇਕ ਪ੍ਰਕਾਰ ਦੀਆਂ ਲਘੂ ਅਤੇ ਲੰਬੀਆਂ ਖੇਡ ਕਿਰਿਆਵਾਂ ਮੌਜੂਦ ਹਨ ਜੋ ਬੱਚਿਆਂ ਨੂੰ ਇੱਕ ਅਲੌਕਿਕ ਖ਼ੁਸ਼ੀ ਪ੍ਰਦਾਨ ਕਰਦੀਆਂ ਹਨ। ਇਸ ਨੂੰ ਬੱਚਿਆਂ ਦਾ ਮਨੋਰੰਜਕ ਸਥਾਨ ਕਹਿਣਾ ਵੀ ਉਚਿੱਤ ਹੈ।
ਬੱਚਿਆਂ ਅਤੇ ਕਿਸ਼ੋਰ ਅਵਸਥਾ ਲਈ ਵਿਲੱਖਣ ਸਥਾਨ ਵਰਦਾਨ ਹੈ। ਇੱਥੇ ਇੱਕ ਬਾਜ਼ਾਰ ਵੀ ਹੈ ਜੋ ਭੌਤਿਕ ਜ਼ਰੂਰਤਾਂ ਪੂਰੀਆਂ ਕਰਦਾ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਸਭਨਾਂ ਲਈ ਮੁਫ਼ਤ ਗੰਡੋਲਾ ਸਹੂਲਤ ਹੈ। ਇਸ ਗੰਡੋਲੇ ਉੱਪਰ ਜਿੰਨੀ ਵਾਰੀ ਮਰਜ਼ੀ ਆਓ ਜਾਓ ਕੋਈ ਰੋਕ ਟੋਕ ਨਹੀਂ। ਇਸ ਕਨੇਡਾ ਦਾ ਪਹਿਲਾ ਸਥਾਨ ਜਿੱਥੇ ਗੰਡੋਲਾ ਸਹੂਲਤ ਮੁਫ਼ਤ ਹੈ। ਇਹ ਮੁਫ਼ਤ ਸਹੂਲਤ ਉਹਨਾਂ ਲੋਕਾਂ ਲਈ ਹੈ ਜੋ ਇੱਥੋਂ ਦੇ ਰਿਜ਼ਾਰਟ ਵਿੱਚ ਆ ਕੇ ਰਹਿੰਦੇ ਹਨ। ਇਸ ਤੋਂ ਇਲਾਵਾ ਹੋਰ ਕਈ ਗੰਡੋਲੇ ਹਨ ਜੋ ਮੁਫ਼ਤ ਨਹੀਂ ਹਨ। ਉਹਨਾਂ ਦਾ ਕਿਰਾਇਆ ਲੱਗਦਾ ਹੈ। ਉੱਚੀ ਅਤੇ ਲੰਬੀਆਂ ਰਾਹਾਂ ਵਾਲੇ ਗੰਡੋਲੇ ਉੱਪਰ ਨੌਜਵਾਨ ਸਾਈਕਲ ਰੱਖ ਕੇ ਪਹਾੜ ਦੀ ਚੋਟੀ ਉੱਪਰ ਚਲੇ ਜਾਂਦੇ ਹਨ ਅਤੇ ਆਉਂਦੇ ਸਮੇਂ ਬਾਰੀਕ ਪਗਡੰਡੀਆਂ ਦੇ ਰਸਤੇ ਜੰਗਲ ’ਚੋਂ ਹੁੰਦੇ ਹੋਏ ਕਈ ਮੀਲ ਰਸਤਾ ਤੈਅ ਕਰਕੇ ਹੇਠਾਂ ਆਉਂਦੇ ਹਨ। ਨੌਜਵਾਨਾਂ ਲਈ ਇਹ ਅੰਤ ਨਿਹਿਤ ਮਨੋਰੰਜਕ ਅਤੇ ਗਰਮ ਜੋਸ਼ੀ ਉਜਸਵੀ ਅਤੇ ਮੁਸਕਾਨਾਂ ਨਾਲ ਭਰਿਆ ਵਾਤਾਵਰਨ, ਨਦੀਆਂ, ਹਰੇ ਭਰੇ ਜੰਗਲ, ਵੱਖ ਵੱਖ ਤਰ੍ਹਾਂ ਦੇ ਪਾਣੀ ਵਿੱਚ ਪੱਥਰਾਂ ਦੀ ਦਾਸਤਾਨ, ਨਦੀ ਦੇ ਕਿਨਾਰੇ ਇਕੱਲੇ ਸੁੰਦਰ ਘਰ, ਦੂਰ ਖੇਤ ਵਿੱਚ ਬਲਦੇ ਅਲਾਵ, ਅਦਭੁਤ ਸ਼ੈਲੀ ਦੇ ਘਰ, ਚਾਰੇ ਪਾਸੇ ਜੰਨਤ ਦੀ ਬਿਖਰੀ ਮਾਧੁਰ ਸੁਗੰਧ। ਇਸੇ ਕਾਰਨਾਂ ਨਾਲ ਹੀ ਇਹ ਸਰਵਸ਼੍ਰੇਸ਼ਟ ਸਥਾਨ ਬਣ ਜਾਂਦਾ ਹੈ। ਇੱਥੋਂ ਦੇ ਰਸਤਿਆਂ ਵਿੱਚ ਦਿਲ ਲੁਭਾਵਣੇਂ ਅਤੇ ਰਹੱਸਮਈ ਜੰਗਲ ਇੱਥੋਂ ਦੇ ਇੱਕ ਸਭਿਆਚਾਰ ਦੇ ਪ੍ਰਤੀਕ ਹਨ। ਇੱਥੇ ਨਿਰਾਸ਼ਤਾਵਾਂ ਦੁਖਾਂਤ, ਚਿੰਤਾਵਾਂ ਪਰੀਚਿਤ ਨਹੀਂ ਹੁੰਦੀਆਂ ਅਲਬੱਤਾ ਆਸ਼ਾਵਾਂ, ਖ਼ੁਸ਼ੀਆਂ, ਅਹਿਸਾਸ ਦੀ ਸ਼ਿੱਦਤ ਉਤਪੰਨ ਹੁੰਦੀ ਹੈ। ਜਿਹੜੀ ਅਸੰਭਵ ਨੂੰ ਸੰਭਵ ਦੀ ਹੱਦ ਤੱਕ ਲੈ ਜਾਂਦੀ ਹੈ। ਜੀਵਨ ਦੇ ਮੰਗਲ ਵਿਧਾਨ ਲਈ ਮਨੁੱਖ ਵਿੱਚ ਸੰਵੇਦਨ ਦੀ ਤਰਲਤਾ ਟਟੋਲ ਦੀ ਹੈ ਖੋਲ੍ਹਦੀ ਹੈ, ਇੱਥੋਂ ਦੀ ਮਰਮਸਪਰਸ਼ੀ ਮਹਿਕ। ਵਾਕਿਆ ਹੀ ਇਹ ਸਥਾਨ ਅਦਭੁਤ ਸਮਰਿਧੀ ਪ੍ਰਧਾਨ ਕਰਦਾ ਹੋਇਆ, ਅਨੂਠੀ ਪਰਿਪੱਕਵਤਾ ਅਤੇ ਸ਼ਾਂਤੀ ਦਾ, ਭਾਈਚਾਰੇ ਦਾ ਸੰਦੇਸ਼ ਦਿੰਦਾ ਹੋਇਆ ਪ੍ਰਤੱਖ ਰੂਪ ਵਿੱਚ ਅਲੌਕਿਕ ਤੇ ਲੌਕਿਕ ਸਥਾਨ ਹੈ। ਤੁਸੀਂ ਵੀ ਆਓ ਸਾਪਰਿਵਾਰ ਇਸ ਜੰਨਤ ਦਾ ਲੁਤਫ਼ ਉਠਾਉਣ ਲਈ।
ਬਲਵਿੰਦਰ ਬਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ
ਮੋਬਾਈਲ 9815625409
ਐਡਮਿੰਟਨ ਕਨੇਡਾ