ਕਨੇਡਾ ਦੇ ਸਰਕਾਰੀ ਖਜਾਨੇ ਦਾ ਮੂੰਹ ਲੋਕਾਂ ਵੱਲ ਖੁੱਲਿਆ
ਘਰ ਬੈਠਿਆਂ ਨੂੰ 250 ਡਾਲਰ ਦੇ ਚੈੱਕ, ਗਰੌਸਰੀ ਅਤੇ ਕੁੱਝ ਹੋਰ ਚੀਜਾਂ ਉੱਪਰ ਟੈਕਸ ਤੋਂ ਛੋਟਾਂ
ਟੌਰਾਂਟੋ(ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਕ੍ਰਿਸਮਸ ਦੇ ਮੱਦੇ ਨਜ਼ਰ ਕੱੁਝ ਜਰੂਰੀ ਵਸਤਾਂ ਉੱਪਰ ਅਸਥਾਈ ਤੌਰ ਤੇ ਫੈਡਰਲ ਸੇਲ ਟੈਕਸ ਹਟਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਦੇਸ਼ ਦੇ ਲੱਖਾਂ ਲੋਕਾਂ ਨੂੰ ਜਿਨਾਂ ਦੀ ਕਮਾਈ ਪਿਛਲੇ ਸਾਲ ਡੇਢ ਲੱਖ ਡਾਲਰ ਤੋਂ ਘੱਟ ਰਹੀ ਨੂੰ ਢਾਈ ਢਾਈ ਸੌ ਡਾਲਰ ਦੇ ਚੈੱਕ ਭੇਜੇ ਜਾ ਰਹੇ ਹਨ। ਟੌਰਾਂਟੋ ਵਿੱਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਇਹ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਜੋ ਟੈਕਸ ਅਸਥਾਈ ਤੌਰ ਤੇ ਹਟਾਏ ਜਾ ਰਹੇ ਹਨ ਉਹ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਹਟਾਏ ਜਾਣਗੇ। ਪ੍ਰਧਾਨ ਮੰਤਰੀ ਨੇ ਆਖਿਆ ਕਿ ਜੋ ਢਾਈ ਢਾਈ ਸੌ ਡਾਲਰ ਦੇ ਚੈੱਕ ਭੇਜੇ ਜਾ ਰਹੇ ਹਨ ਉਸ ਨਾਲ ਦੇਸ਼ ਦੇ 18.7 ਮਿਲੀਅਨ ਲੋਕਾਂ ਨੂੰ ਇਹ ਚੈੱਕ ਮਿਲਣ ਮਿਲਣਗੇ। ਇਸ ਨਾਲ ਸਰਕਾਰ ਦੇ ਖਜ਼ਾਨੇ ਚੋਂ ਇਹਨਾਂ ਚੈੱਕਾਂ ਲਈ 4.7 ਬਿਲੀਅਨ ਡਾਲਰ ਦਿੱਤੇ ਜਾਣਗੇ। ਜੋ ਸੇਲ ਟੈਕਸ ਜਾਂ ਜੀਐਸਟੀ ਹਟਾਈ ਜਾ ਰਹੀ ਹੈ ਉਸ ਨਾਲ ਸਰਕਾਰ ਉੱਪਰ 1.6 ਬਿਲੀਅਨ ਡਾਲਰ ਦਾ ਬੋਝ ਪਵੇਗਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਰਕਾਰ ਚੀਜ਼ਾਂ ਦੀਆਂ ਕੀਮਤਾਂ ਤਾਂ ਨਿਰਧਾਰਿਤ ਨਹੀਂ ਕਰ ਸਕਦੀ ਪਰ ਅਸੀਂ ਲੋਕਾਂ ਦੀ ਜੇਬ ਵਿੱਚ ਕੱੁਝ ਵਾਧੂ ਰਾਸ਼ੀ ਜਰੂਰ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਲੋਕ ਇਸ ਸਮੇਂ ਤੰਗੀ ਮਹਿਸੂਸ ਕਰ ਰਹੇ ਹਨ ਅਤੇ ਅਸੀਂ ਉਹਨਾਂ ਦੀ ਮੱਦਦ ਵਾਸਤੇ ਹਾਜਿ਼ਰ ਹਾਂ।
ਪਰ ਦੂਜੇ ਪਾਸੇ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਲੀਡਰ ਪੀਅਰੇ ਪੋਲੀਵਰ ਨੇ ਫੈਡਰਲ ਲਿਬਰਲ ਸਰਕਾਰ ਵੱਲੋਂ ਕੁੱਝ ਵਸਤੂਆਂ ਲਈ ਜੀਐਸਟੀ ਅਸਥਾਈ ਤੌਰ ਤੇ ਬੰਦ ਕਰਨ ਨੂੰ ਇੱਕ ਸੋਸ਼ਾ ਦੱਸਿਆ ਹੈ ਅਤੇ ਆਖਿਆ ਹੈ ਕਿ ਸਰਕਾਰ ਨੂੰ ਸਥਾਈ ਤੌਰ ਤੇ ਜੀ ਐਸ ਟੀ ਉੱਪਰ ਕੱਟ ਲਗਾਉਣਾ ਚਾਹੀਦਾ ਹੈ। ਉਧਰ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਆਖਿਆ ਹੈ ਕਿ ਉਹਨਾਂ ਦੀ ਪਾਰਟੀ ਟੈਕਸ ਹੋਲੀਡੇ ਬਿੱਲ ਨੂੰ ਪਾਸ ਕਰਵਾਉਣ ਉੱਪਰ ਕੰਮ ਕਰੇਗੀ ਤਾਂ ਕਿ ਕੈਨੇਡਾ ਦੇ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ