ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਪੋਸਟ ਦੇ 55 ਹਜਾਰ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਦੋ ਹਫਤੇ ਮੁਕੰਮਲ ਹੋਣ ਵਾਲੇ ਹਨ । ਇਸ ਦੌਰਾਨ ਦੋਹਾਂ ਧਿਰਾਂ ਯਾਨੀ ਕਿ ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਯੂਨੀਅਨ ਅਤੇ ਕਰਾਉਨ ਕਾਰਪੋਰੇਸ਼ਨ ਵਿਚਾਲੇ ਕੋਈ ਵੀ ਸਮਝੌਤਾ ਸਿਰੇ ਨਾ ਚੜਨ ਉਪਰੰਤ ਕਰਾਉਨ ਕਾਰਪੋਰੇਸ਼ਨ ਵੱਲੋਂ ਹੜਤਾਲੀ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕੈਨੇਡਾ ਪੋਸਟ ਦੀ ਸਪੋਕਸਵੁਮੈਨ ਲੀਜਾ ਨੇ ਕੀਤੀ ਹੈ। ਲੀਜਾ ਅਨੁਸਾਰ ਇਹ ਟੈਂਪਰੇਰੀ ਕਦਮ ਚੁੱਕੇ ਗਏ ਹਨ । ਉਹਨਾਂ ਆਖਿਆ ਕਿ ਕਰਾਊਨ ਕਾਰਪੋਰੇਸ਼ਨ ਵੱਲੋਂ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦਾ ਪਹਿਲਾ ਸਮਝੌਤਾ ਇਸ ਵਕਤ ਪ੍ਰਭਾਵਹੀਨ ਹੈ। ਇਸ ਕਰਕੇ ਨੌਕਰੀ ਨਾਲ ਸਬੰਧਤ ਸ਼ਰਤਾਂ ਵਿੱਚ ਬਦਲਾਅ ਹੋ ਗਿਆ ਹੈ ਅਤੇ ਕੈਨੇਡਾ ਲੇਬਰ ਕਾਨੂੰਨ ਅਨੁਸਾਰ ਕਰਾਊਨ ਕਾਰਪੋਰੇਸ਼ਨ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ।