ਕਨੇਡੀਅਨ ਪਾਸਪੋਰਟ ਹੁਣ ਮੁਫਤ ਵਿੱਚ ਵੀ ਬਣ ਸਕੇਗਾ !

ਜੇਕਰ 30 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਡਾ ਕਨੇਡੀਅਨ ਪਾਸਪੋਰਟ ਬਿਲਕੁੱਲ ਮੁਫਤ ਵਿੱਚ ਹੀ ਬਣੇਗਾ ।

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦਾ ਪਾਸਪੋਰਟ ਹੁਣ ਬਿਲਕੁੱਲ ਮੁਫਤ ਵਿੱਚ ਹੀ ਬਣ ਸਕਦਾ ਹੈ ਇਹ ਖ਼ਬਰ ਹੈ ਤਾਂ ਹੈਰਾਨ ਕਰਨ ਵਾਲੀ ਹੀ ਪਰ ਜਦੋਂ ਅਸੀਂ ਮੌਜੂਦਾ ਬਿਜਨਿਸ ਪ੍ਰਣਾਲੀ ਵਿੱਚ ਵਿਚਰਦੇ ਹਾਂ ਤਾਂ ਇਹ ਗੱਲ ਬਿਲਕੁੱਲ ਸੱਚੀ ਹੈ। ਮੌਜੂਦਾ ਬਿਜਨਿਸ ਪ੍ਰਣਾਲੀ ਤਹਿਤ ਅਸੀਂ ਆਮ ਹੀ ਐਡਵਰਟਾਈਜਮੈਂਟ ਵੇਖਦੇ ਹਾਂ ਕਿ ਜੇਕਰ ਤੁਸੀਂ ਸਾਡੇ ਕੋਲੋਂ ਪੀਜਾ ਆਰਡਰ ਕਰਦੇ ਹੋ ਤਾਂ ਗਰਮਾ ਗਰਮ ਪੀਜਾ ਅਸੀਂ ਤੁਹਾਨੂੰ 30 ਮਿੰਟ ਵਿੱਚ ਤੁਹਾਡੇ ਘਰ ਪਹੁੰਚਾ ਦੇਵਾਂਗੇ ਪਰ ਜੇਕਰ 30 ਮਿੰਟ ਤੱਕ ਪੀਜੇ ਦੀ ਡਲਿਵਰੀ ਤੁਹਾਡੇ ਘਰ ਨਹੀਂ ਅੱਪੜਦੀ ਤਾਂ ਅਸੀਂ ਤੁਹਾਡੇ ਕੋਲੋਂ ਪੀਜੇ ਦੀ ਕੀਮਤ ਨਹੀਂ ਲਵਾਂਗੇ। ਬਿਲਕੁੱਲ ਇਸੇ ਹੀ ਬਿਜਨਿਸ ਪਲੈਨ ਨੂੰ ਕਨੇਡਾ ਦੇ ਪਾਸਪੋਰਟ ਬਣਾਉਣ ਵਾਲੇ ਮਹਿਕਮੇ ਨੇ ਵੀ ਕਾਪੀ ਕਰ ਲਿਆ ਹੈ । ਹੁਣ ਖ਼ਬਰ ਇਹ ਹੈ ਕਿ ਜੇਕਰ ਤੁਸੀਂ ਕਨੇਡੀਅਨ ਨਾਗਰਿਕ ਹੋ ਕਹਿਣ ਤੋਂ ਭਾਵ ਤੁਹਾਡੇ ਕੋਲ ਕਨੇਡੀਅਨ ਪਾਸਪੋਰਟ ਹੈ ਪਰ ਉਸਦੀ ਮਿਆਦ ਖਤਮ ਹੋਣ ਜਾ ਰਹੀ ਹੈ ਤਾਂ ਅਗਲਾ ਕਦਮ ਇਹੀ ਹੈ ਕਿ ਤੁਹਾਨੂੰ ਉਹ ਪੁਰਾਣਾ ਪਾਸਪੋਰਟ ਰੀਨਿਊ ਕਰਵਾਉਣਾ ਪਵੇਗਾ।

ਇਸ ਸਬੰਧੀ ਕੈਨੇਡਾ ਦੇ ਨਾਗਰਿਕ ਸੇਵਾਵਾਂ ਦੇ ਮੰਤਰੀ ਟੈਰੀ ਬੀਚ ਦਾ ਕਹਿਣਾ ਹੈ ਕਿ ਹੁਣ ਪਹਿਲਾਂ ਵਾਂਗ ਤੁਹਾਨੂੰ ਪਾਸਪੋਰਟ ਰੀਨਿਊ ਕਰਵਾਉਣ ਲਈ ਕੰਮ ਤੋਂ ਛੁੱਟੀ ਨਹੀਂ ਕਰਨੀ ਪਵੇਗੀ। ਘਰ ਵਿੱਚ ਬੱਚਿਆਂ ਦੀ ਦੇਖਭਾਲ ਲਈ ਕਿਸੇ ਦਾ ਸਹਾਰਾ ਨਹੀਂ ਲੈਣਾ ਪੈਣਾ। ਪਾਸਪੋਰਟ ਦਫਤਰ ਜਾਕੇ ਗੱਡੀ ਪਾਰਕਿੰਗ ਕਰਨ ਦੀ ਫੀਸ ਤੋਂ ਵੀ ਬਚ ਜਾਵੋਗੇ ਕਿਉਂਕਿ ਹੁਣ ਕਨੇਡਾ ਸਰਕਾਰ ਨੇ ਇਹ ਸਾਰੀਆਂ ਸਹੂਲਤਾਂ ਆਨ ਲਾਈਨ ਕਰ ਦਿੱਤੀਆਂ ਹਨ। ਆਨ ਲਾਈਨ ਸਰਵਿਸ ਨੂੰ ਕਨੇਡੀਅਨ ਲੋਕਾਂ ਵਿੱਚ ਉਤਸਾਹਿਤ ਕਰਨ ਲਈ ਬਿਨਾਂ ਫੀਸ ਤੋਂ ਪਾਸਪੋਰਟ ਬਣ ਜਾਣ ਦੀ ਗੱਲ ਵੀ ਇਸ ਵਿੱਚ ਸਾਮਿਲ ਹੈ। ਆਨ ਲਾਈਨ ਅਪਲਾਈ ਕੀਤਾ ਹੋਇਆ ਤੁਹਾਡਾ ਪਾਸਪੋਰਟ ਜੇਕਰ 30 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਡਾ ਕਨੇਡੀਅਨ ਪਾਸਪੋਰਟ ਬਿਲਕੁੱਲ ਮੁਫਤ ਵਿੱਚ ਹੀ ਬਣੇਗਾ । ਪਾਸਪੋਰਟ ਲੇਟ ਹੋ ਜਾਣ ਦੀ ਵਜ੍ਹਾ ਕਾਰਣ ਤੁਹਾਡੀ ਪਾਸਪੋਰਟ ਫੀਸ ਮੁਆਫ ਕਰ ਦਿੱਤੀ ਜਾਵੇਗੀ। ਦਸੰਬਰ 2024 ਵਿੱਚ ਸ਼ੁਰੂ ਹੋਏ ਇੱਕ ਪਾਇਲਟ ਪ੍ਰੋਜੈਕਟ ਦੇ ਹਿੱਸੇ ਵੱਜੋਂ ਲਗਭਗ 1,000 ਕੈਨੇਡੀਅਨਾਂ ਨੂੰ ਪਹਿਲਾਂ ਹੀ ਔਨਲਾਈਨ ਰੀਨਿਊ ਸਿਸਟਮ ਰਾਹੀਂ ਪਾਸਪੋਰਟ ਪ੍ਰਾਪਤ ਹੋ ਚੁੱਕੇ ਹਨ ਅਤੇ ਹੁਣ ਇਸਨੂੰ ਕੈਨੇਡਾ ਭਰ ਵਿੱਚ ਫੈਲਾਇਆ ਜਾ ਰਿਹਾ ਹੈ