ਕਬੱਡੀ ਦਾ ਧੰਨਾ ਭਗਤ
ਖੇਡ ਭਗਤੀ ਦੀ ਆਦੁਤੀ ਮਿਸਾਲ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਦੀ ਪੁਸਤਕ -ਨਿਰੰਜਣ ਬੋਹਾ
ਕਬੱਡੀ ਦਾ ਧੰਨਾ ਭਗਤ
ਡਾ. ਸੁਖਦਰਸ਼ਨ ਸਿੰਘ ਚਾਹਲ
ਪੰਨੇ -138 ਮੁੱਲ- 225 ਰੁਪਏ
ਟਵੰਟੀਫਸਟ ਸੈਂਚਰੀ ਪਬਲੀਕੇਸ਼ਨਜ ,ਪਟਿਆਲਾ
ਜੇ ਪੰਜਾਬੀ ਸਭਿਆਚਾਰਕ ਧਰਾਤਲ ‘ਤੇ ਭਗਤੀ, ਵਿਸਵਾਸ਼ ਤੇ ਸਮਰਪਣ ਦਾ ਉੱਚਤਮ ਸਿਖ਼ਰ ਤਲਾਸ਼ਣਾ ਹੋਵੇ ਤਾਂ ਧੰਨੇ ਭਗਤ ਵੱਲੋਂ ਕੀਤੀ ਭਗਤੀ ਤੇ ਵਿਸਵਾਸ਼ ਤੋਂ ਵੱਡੀ ਮਿਸਾਲ ਲੱਭਿਆਂ ਵੀ ਨਹੀ ਲੱਭਦੀ, ਜਿਸ ਆਪਣੇ ‘ਰੱਬ’ ਨੂੰ ਵੀ ਆਪਣੇ ਖੇਤਾਂ ਵਿਚ ਗਊਆਂ ਚਾਰਨ ਲਈ ਮਜਬੂਰ ਕਰ ਦਿੱਤਾ ਸੀ। ਪੰਜਾਬੀ ਖੇਡ ਸਾਹਿਤ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਪਹਿਲੇ ਡਾਕਟਰ ਸੁਖਦਰਸ਼ਨ ਸਿੰਘ ਚਹਿਲ ਦੀ ਨਜ਼ਰ ਵਿਚ ਖੇਡ ਜਗਤ ਵਿਚ ਧਰੂ ਤਾਰੇ ਵਾਂਗ ਚਮਕਣ ਵਾਲੇ ਸਿਤਾਰੇ ਸਵ. ਨਰਿੰਦਰ ਰਾਮ ਉਰਫ ਬਿੱਟੂ ਦੁਗਾਲ ਦੀ ਪੰਜਾਬ ਦੀ ਮਾਂ ਖੇਡ ਕਬੱਡੀ ਪ੍ਰਤੀ ਰਹੀ ਸਮਰਪਣ ਦੀ ਭਾਵਨਾ ਵੀ ਧੰਨੇ ਭਗਤ ਵਰਗੀ ਭਗਤੀ ਦੀ ਹੀ ਬਰਾਬਰੀ ਕਰਦੀ ਹੈ। ਇਹ ਪੁਸਤਕ ਬਿੱਟੂ ਦੁਗਾਲ ਨੂੰ ਸਿਰਫ ਕੌਮਾਂਤਰੀ ਪੱਧਰ ਦੇ ਵੱਡੇ ਖਿਡਾਰੀ ਵਜੋਂ ਹੀ ਤਸਲੀਮ ਨਹੀਂ ਕਰਦੀ, ਸਗੋਂ ਉਸਦੀ ਵਿਅਕਤੀਤੱਵ ਦੇ ਉਨ੍ਹਾਂ ਪਸਾਰਾਂ ਤੇ ਸਰੋਕਾਰਾਂ ਦੀ ਗੱਲ ਵੀ ਕਰਦੀ ਹੈ ਜਿਹੜੇ ਉਸਨੂੰ ਇੱਕ ਵੱਡੇ ਮਨੁੱਖ ਵਜੋਂ ਵੀ ਉਭਾਰਦੇ ਹਨ। ਦੁਨੀਆਂ ਤੋਂ ਆਪਣੀ ਵਾਰੀ ਤੋਂ ਪਹਿਲਾਂ ਤੁਰ ਗਏ ਇਸ ਖਿਡਾਰੀ ਦੇ ਜੀਵਨ ਬਾਰੇ ਜਾਣਕਾਰੀ ਦੇ ਸਕਦੇ ਹਰ ਸੰਭਵ ਸਰੋਤ ਤੱਕ ਪਹੁੰਚਣ ਲਈ ਜਿੰਨੀ ਮਿਹਨਤ ਦੀ ਲੋੜ ਸੀ, ਲੇਖਕ ਨੇ ਇਹ ਪੁਸਤਕ ਲਿਖਣ ਲਈ ਉਸ ਤੋਂ ਕਿਤੇ ਵੱਧ ਵੱਧ ਮਿਹਨਤ ਕੀਤੀ ਲੱਗਦੀ ਹੈ।
ਲੇਖਕ ਬਿੱਟੂ ਦੁਗਾਲ ਨੂੰ ਵਿਰਸੇ ਵਿੱਚ ਮਿਲੀ ਖੇਡ ਵਿਰਾਸਤ ਦੇ ਪੰਨੇ ਪਰਤਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਪੰਜਾਬ ਦੇ ਨਾਮੀ ਪਹਿਲਵਾਨ ਟੇਕੂ ਰਾਮ ਦੀ ਪੰਜਵੀਂ ਪੀੜ੍ਹੀ ਨਾਲ ਸਬੰਧਤ ਅਜਿਹਾ ਹੋਣਹਾਰ ਸਪੂਤ ਸੀ ਜਿਹੜਾ ਆਪਣੇ ਪਿਉ ਦਾਦੇ ਵੱਲੋਂ ਛੱਡੀ ਵਿਰਾਸਤ ਨੂੰ ਪਿੰਡ ਪੱਧਰ ਤੋਂ ਅੰਤਰਾਸ਼ਟਰੀ ਮੁਕਾਮ ਤੱਕ ਲੈ ਗਿਆ। ਨਿਰਭੈ ਤੋਂ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰੀ ਬਨਣ ਦਾ ਉਸਦਾ ਸਫ਼ਰ ਭਾਵੇਂ ਵੱਡੀਆਂ ਚਣੌਤੀਆਂ ਨਾਲ ਭਰਪੂਰ ਰਿਹਾ ਪਰ ਹਰ ਚਣੌਤੀ ਨੂੰ ਖਿੜੇ ਮੱਥੇ ਕਬੂਲਣ ਦੀ ਹਿੰਮਤ ਨੇ ਉਸਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਨੂੰ ਵੀ ਦੁਨੀਆਂ ਦੇ ਨਕਸ਼ੇ ਤੇ ਲੈ ਆਂਦਾ। ਭਾਵੇਂ ਕੁਝ ਸਮਾਂ ਉਸ ਕ੍ਰਿਕਟ ਵੀ ਖੇਡੀ ਪਰ ਇਹ ਗੱਲ ਉਸਦੇ ਅਵਚੇਤਨ ਦਾ ਹਿੱਸਾ ਬਣੀ ਰਹੀ ਕਿ ਕੁਸਤੀ ਤੇ ਕਬੱਡੀ ਵਰਗੀਆਂ ਖੇਡਾਂ ਖੇਡ ਕੇ ਹੀ ਉਹ ਆਪਣੀ ਖਾਨਦਾਨੀ ਵਿਰਾਸਤ ਦਾ ਅਸਲ ਵਾਰਸ ਬਣ ਸਕਦਾ ਹੈ। ਆਪਣੇ ਹੀ ਖੇਤਾਂ ਵਿਚ ਆਪਣੇ ਭਰਾ ਲੱਖੇ ਦੁਗਾਲ ਨੂੰ ਜੱਫੇ ਲਾਉਣ ਦੀ ਪ੍ਰੈਕਟਿਸ ਕਰਦਿਆਂ ਉਸ ਸੰਨ 2021 ਵਿੱਚ ਆਪਣੇ ਪਿੰਡ ਦੁਗਾਲ ਦੀ 57 ਕਿਲੋ ਭਾਰ ਵਰਗ ਦੀ ਟੀਮ ਲਈ ਖੇਡਣਾ ਸ਼ੁਰੂ ਕੀਤਾ ਤੇ ਫਿਰ ਵੇਖਦਿਆਂ ਵੇਖਦਿਆਂ ਟੀਮ ਦਾ ਕੇਂਦਰੀ ਧੁਰਾ ਬਣ ਗਿਆ। ਵੱਖ ਵੱਖ ਭਾਰ ਵਰਗਾਂ ਦੀ ਕਬੱਡੀ ਖੇਡਣ ਦੇ ਵੱਖ ਵੱਖ ਪੜਾਅ ਪਾਰ ਕਰਕੇ ਜਦੋਂ ਉਹ ਓਪਨ ਕਬੱਡੀ ਦਾ ਖਿਡਾਰੀ ਬਣਿਆ ਤਾਂ ਛੇਤੀ ਹੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖਿਡਾਰੀ ਗੁਲਜਾਰੀ ਮੂਨਕ ਦੀ ਪਾਰਖੂ ਅੱਖ ਨੇ ਉਸ ਅੰਦਰਲੀ ਖੇਡ ਪ੍ਰਤਿਭਾ ਨੂੰ ਪਛਾਣ ਲਿਆ ਤੇ ਉਸ ਨੂੰ ਡੀਏਵੀ ਮਾਲਵਾ ਕਬੱਡੀ ਕਲੱਬ ਬਠਿੰਡਾ ਦੇ ਕੋਚ ਮਦਨ ਲਾਲ ਤੋਂ ਸਿਖਲਾਈ ਲੈਣ ਦੀ ਪ੍ਰੇਰਣਾ ਦੇ ਦਿੱਤੀ । ਇਸ ਤਰ੍ਹਾਂ ਸਧਾਰਣ ਪੇਂਡੂ ਪਿਛੋਕੜ ਵਾਲਾ ਇਹ ਖਿਡਾਰੀ ਪੜਾਅ ਦਰ ਪੜਾਅ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਿਆਂ ਦੁਨੀਆਂ ਦਾ ਨਾਮੀ ਕਬੱਡੀ ਖਿਡਾਰੀ ਬਣ ਗਿਆ।
ਬਿੱਟੂ ਦੁਗਾਲ ਦੀਆਂ ਖੇਡ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਿਆਂ ਇਹ ਪੁਸਤਕ ਦੇਸ਼ ਤੇ ਵਿਦੇਸ਼ ਦੇ ਖੇਡ ਮੈਦਾਨਾਂ ਵਿੱਚ ਉਸ ਵੱਲੋਂ ਹਾਸਿਲ ਕੀਤੀਆਂ ਜਿੱਤਾਂ ਤੇ ਕਹਿੰਦੇ ਕਹਾਉਂਦੇ ਧਾਵੀਆਂ ਨੂੰ ਲਾਏ ਜੱਫਿਆਂ ਦੀ ਕਹਾਣੀ ਅੰਕੜਿਆਂ ਰਾਹੀ ਵੀ ਬਿਆਨਦੀ ਹੈ ਤੇ ਇਨ੍ਹਾਂ ਪ੍ਰਾਪਤੀਆਂ ਪਿੱਛੇ ਕਾਰਜ਼ਸੀਲ ਰਹੀ ਉਸਦੀ ਦਲੇਰੀ, ਸਵੈ ਵਿਸਵਾਸ਼, ਖੇਡ ਭਾਵਨਾ, ਲਗਨ ਤੇ ਮਿਹਨਤ ਦਾ ਲੋੜੀਂਦਾ ਵਿਖਿਆਨ ਵੀ ਕਰਦੀ ਹੈ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਕਰਵਾਏ ਟੂਰਨਾਮੈਂਟ ਵਿਚ ਡੀ.ਏ.ਵੀ. ਮਾਲਵਾ ਕਬੱਡੀ ਕਲੱਬ ਵੱਲੋਂ ਖੇਡਦਿਆਂ ਉਸ ਆਪਣੀ ਦਲੇਰਾਨਾ ਖੇਡ ਰਾਹੀਂ ਕਬੱਡੀ ਦੇ ਪਰਮੋਟਰ ਮਹਿੰਦਰ ਸਿੰਘ ਮੌੜ ਨੂੰ ਪ੍ਰਭਾਵਿਤ ਕਰਕੇ ਵਿਦੇਸ਼ੀ ਮੈਦਾਨਾਂ ਵਿੱਚ ਖੇਡਣ ਲਈ ਵਲੈਤ ਦੀ ਟਿਕਟ ਕਟਾਈ ਤੇ ਫਿਰ ਵਿਸ਼ਵ ਕਬੱਡੀ ਕੱਪ ਲਈ ਦੇਸ਼ ਦੀ ਟੀਮ ਦਾ ਅਹਿਮ ਖਿਡਾਰੀ ਬਣ ਕੇ ਲਗਾਤਾਰ ਤਿੰਨ ਵਾਰ ਜੱਗ ਜੇਤੂ ਖਿਡਾਰੀ ਬਣਿਆ। ਭਾਵੇਂ ਉਹ ਕੌਮਾਂਤਰੀ ਪੱਧਰ ਦਾ ਖਿਡਾਰੀ ਸੀ ਪਰ ਉਸ ਅੰਦਰਲੀ ਨਿਰਮਾਨਤਾ ਪੇਂਡੂ ਪੱਧਰ ਖੇਡ ਮੇਲਿਆਂ ਦੇ ਪ੍ਰਬੰਧਕਾਂ ਦਾ ਵੀ ਪੂਰਾ ਮਾਣ ਰੱਖਦੀ ਸੀ। ਉਹ ਛੋਟੇ ਖੇਡ ਬਜਟ ਵਾਲੇ ਮੇਲਿਆਂ ਦੀ ਹੌਸਲਾ ਅਫਜਾਈ ਲਈ ਸਿਰਫ ਆਪ ਹੀ ਉੱਥੇ ਨਹੀਂ ਸੀ ਪਹੁੰਚਦਾ ਸਗੋਂ ਖੇਡ ਮੇਲੇ ਜਾਰੀ ਰੱਖਣ ਲਈ ਨੈਤਿਕ ਤੇ ਆਰਥਿਕ ਮੱਦਦ ਪ੍ਰਦਾਨ ਕਰਦਾ ਸੀ ।
ਜਦੋਂ ਇਹ ਪੁਸਤਕ ਇੱਕ ਸਮਾਜਿਕ ਮਨੁੱਖ ਵਜੋਂ ਬਿੱਟੂ ਦੇ ਜੀਵਨ ਦਾ ਮੁੱਲਾਂਕਣ ਕਰਦੀ ਹੈ ਤਾਂ ਉਹ ਆਪਣੇ ਸਮਾਜਿਕ, ਪਰਿਵਾਰਕ ਤੇ ਨੈਤਿਕ ਫਰਜਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਮਨੁੱਖ ਹੀ ਸਾਬਤ ਹੁੰਦਾ ਹੈ। ਜਿੱਥੇ ਉਹ ਆਪਣੇ ਜਿਉਂਦੇ ਜੀਅ ਆਪਣੇ ਮਾਪਿਆਂ ਲਈ ਚੰਗਾ ਪੁੱਤਰ, ਭਰਾ ਲਈ ਇਕ ਚੰਗਾ ਭਰਾ, ਪਤਨੀ ਲਈ ਚੰਗਾ ਪਤੀ, ਪੁੱਤਰ ਲਈ ਚੰਗਾ ਪਿਤਾ ਤੇ ਸਾਥੀ ਖਿਡਾਰੀਆਂ ਲਈ ਚੰਗਾ ਦੋਸਤ ਸਾਬਤ ਹੋਇਆ ਉੱਥੇ ਆਪਣੇ ਆਲੇ ਦੁਆਲੇ ਦੇ ਸਮਾਜ ਲਈ ਵੀ ਉਸ ਆਪਣੀ ਸਮਾਜਿਕ ਉਪਯੋਗਤਾ ਨਿਰੰਤਰ ਬਣਾਈ ਰੱਖੀ। ਕੋਈ ਸਮਾਂ ਸੀ ਜਦੋਂ ਬਠਿੰਡਾ ਕਾਲਜ ਵਿੱਚ ਆਪਣੀ ਦਾਖਲਾ ਫੀਸ ਭਰਨ ਲਈ ਵੀ ਉਸ ਕੋਲ ਪੈਸੇ ਨਹੀਂ ਸਨ ਪਰ ਜਦੋਂ ਮਾਂ ਖੇਡ ਦੀ ਬਾਦੌਲਤ ਉਸਦੀ ਜੇਬ ਭਰੀ ਰਹਿਣ ਲੱਗੀ ਤਾਂ ਉਸ ਸਾਥੀ ਖਿਡਾਰੀਆਂ ਤੇ ਹੋਰ ਲੋੜਵੰਦਾਂ ਲਈ ਆਪਣੇ ਬਟੂਏ ਨੂੰ ਹਮੇਸ਼ਾ ਖੁੱਲ੍ਹਾ ਹੀ ਰੱਖਿਆ। ਪੁਸਤਕ ਵਿਚ ਅਜਿਹੇ ਬਹੁਤ ਸਾਰੇ ਵੇਰਵੇ ਸ਼ਾਮਿਲ ਹਨ ਜੋ ਉਸਨੂੰ ਆਪਣੇ ਸਮੇ ਦਾ ਸ਼ਾਨਦਾਰ ਤੇ ਜਾਨਦਾਰ ਮਨੁੱਖ ਸਾਬਤ ਕਰਦੇ ਹਨ। ਪੁਸਤਕ ਦੇ ਅੰਤ ‘ਤੇ ਇਹ ਅੰਤਿਮ ਵੇਰਵੇ ਦਰਜ਼ ਕਰਦਿਆਂ ਲੇਖਕ ਦੀ ਸੁਰ ਬਹੁਤ ਉਦਾਸ ਹੋ ਜਾਂਦੀ ਹੈ ਕਿ ਗਊ ਗਰੀਬ ਦੀ ਸਹਾਇਤਾ ਲਈ ਤਿਆਰ ਬਰ ਤਿਆਰ ਰਹਿਣ ਵਾਲਾ ਇਹ ਵੱਡਾ ਖਿਡਾਰੀ 12 ਮਈ 2021 ਇਸ ਲੋਕ ਉਕਤੀ ਨੂੰ ਸੱਚਾ ਸਾਬਤ ਕਰ ਗਿਆ ਕਿ ਚੰਗੇ ਮਨੁੱਖ ਏਥੇ ਹੀ ਨਹੀਂ ਰੱਬ ਦੇ ਘਰ ਵੀ ਬਹੁਤ ਲੋੜ ਹੁੰਦੀ ਹੈ।
ਭਾਵੇਂ ਸੁਖਦਰਸ਼ਨ ਚਹਿਲ ਦੀ ਅਜੇ ਤੱਕ ਦੀ ਉਘੜਵੀਂ ਪਛਾਣ ਖੇਡ ਲੇਖਕ ਵਜੋਂ ਹੀ ਬਣੀ ਹੋਈ ਹੈ ਪਰ ਇਸ ਪੁਸਤਕ ਦੇ ਪਾਠ ਵਿਚੋ ਮੈਨੂੰ ਪ੍ਰਿੰਸੀਪਲ ਸਰਵਣ ਸਿੰਘ ਵਰਗਾ ਇਕ ਹੋਰ ਵਾਰਤਕ ਲੇਖਕ ਵੀ ਵਿਖਾਈ ਦਿੱਤਾ ਹੈ। ਉਸਦੀ ਪੰਜਾਬੀ ਭਾਸ਼ਾ ‘ਤੇ ਪੂਰੀ ਪਕੜ ਹੈ ਤੇ ਲੱਗਦੀ ਹੈ। ਉਸ ਖੇਡ ਕੁਮੈਂਟਰੀ ਵਿਚ ਆਮ ਵਰਤੇ ਜਾਂਦੇ ਅੰਗਰੇਜੀ ਭਾਸ਼ਾ ਦੇ ਸ਼ਬਦ ਵਰਤਣ ਦੀ ਥਾਂ ਪੰਜਾਬੀ ਭਾਸ਼ਾ ਦੇ ਆਪਣੇ ਸ਼ਬਦ ਹੀ ਵਰਤੇ ਹਨ। ਉਦਾਹਰਣ ਵਜੋ ਕਬੱਡੀ ਕੁਮੈਂਟਰੀ ਵਿੱਚ ਰੇਡਰ ਸ਼ਬਦ ਆਮ ਵਰਤਿਆਂ ਜਾਂਦਾ ਹੈ ਪਰ ਡਾ. ਚਹਿਲ ਨੇ ਸਾਰੀ ਪੁਸਤਕ ਵਿਚ ਇਸ ਦੀ ਥਾਂ ਨਿਰੋਲ ਪੰਜਾਬੀ ਸ਼ਬਦ ਧਾਵੀ ਹੀ ਵਰਤਿਆ ਹੈ। ਉਸਦੀ ਵਾਰਤਕ ਭਾਸ਼ਾ ਦਾ ਆਪਣਾ ਵੱਖਰਾ ਗਲਪੀ ਸੁਹਜ ਵੀ ਹੈ। ਪੁਸਤਕ ਦੇ ਅੰਤਲੇ ਅੱਧ ਵਿੱਚ ਉਹ ਬਿੱਟੂ ਦੁਗਾਲ ਦੇ ਜੀਵਨ ਵੇਰਵੇ ਕਹਾਣੀ ਸੁਣਾਉਣ ਵਾਂਗ ਪੇਸ਼ ਕਰਦਾ ਹੈ। ਇਸ ਪੁਸਤਕ ਦਾ ਸਵਾਗਤ ਕਰਦਿਆਂ ਮੈਂ ਉਸ ਤੋਂ ਉਮੀਦ ਰੱਖਦਾ ਹਾਂ ਕਿ ਉਹ ਖੇਡ ਸਾਹਿਤ ਦੇ ਨਾਲ ਸਮਾਜਿਕ ਸਰੋਕਾਰਾਂ ਵਾਲੀ ਵਾਰਤਕ ਨਾਲ ਵੀ ਜੁੜਿਆ ਰਹੇਗਾ।
ਨਿਰੰਜਣ ਬੋਹਾ (ਮਾਨਸਾ) ਮੁਬਾਇਲ 89682-8270