ਕਲੀਆਂ ਦੇ ਬਾਦਸ਼ਾਹ, ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ



ਮੁਖਤਿਆਰ ਸਿੰਘ ਪੱਖੋ ਕਲਾਂ
86995 94800

ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਗਲੀਆਂ ’ਚ ਪਲਿਆ ਖੇਡਿਆ ਮੁਹੰਮਦ ਲਤੀਫ ਉਰਫ ‘ਲੱਧਾ’ ਵੱਡਾ ਹੋ ਕੇ ‘ਕੁਲਦੀਪ ਮਾਣਕ’ ਅਖਵਾਇਆ, ਜਿਸ ਨੇ ਆਪਣੀ ਬੁਲੰਦ ਗਾਇਕੀ ਦਾ ਸਿੱਕਾ ਸਾਰੀ ਦੁਨੀਆਂ ਵਿੱਚ ਮਨਵਾਇਆ। ਛਾਂਟਵੇਂ ਸਰੀਰ ਅਤੇ ਮਧਰੇ ਕੱਦ ਦੇ ਮਾਣਕ ਦਾ ਕਲਾ ਦੇ ਖੇਤਰ ਵਿੱਚ ਕੱਦ ਬਹੁਤ ਉੱਚਾ ਹੈ। ਘੰਟੀ ਵਾਂਗ ਖੜਕਦੀ ਅਵਾਜ਼.. ਜਦ ਕੰਨ ’ਤੇ ਹੱਥ ਧਰ ਕੇ .. ਮਾਇਕ ਤੋਂ ਪੰਜ ਫੁੱਟ ਪਿੱਛੇ ਹਟ ਕੇ.. ਦੂਹਰਾ ਹੋਕੇ, ਵਾਰ ਬਾਬਾ ਬੰਦਾ ਸਿੰਘ ਬਹਾਦਰ ‘ਲੈ ਕੇ ਕਲਗੀਂ ਧਰ ਤੋਂ ਥਾਪੜਾ’ ਦਾ ਅਲਾਪ ਛੇੜਦਾ ਤਾਂ ਸੱਤ ਅਸਮਾਨਾਂ ਨੂੰ ਚੀਰਦੀ ਅਵਾਜ਼, ਸਾਹਮਣੇ ਬੈਠਿਆਂ ਨੂੰ ‘‘ ਵਾਹ ਬਈ ਮਾਣਕਾ! ਨਹੀਂ ਰੀਸਾਂ ਤੇਰੀਆਂ ’’ ਕਹਿਣ ਲਈ ਮਜ਼ਬੂਰ ਕਰ ਦਿੰਦੀ।

ਸੱਤਵੇਂ ਦਹਾਕੇ ਵਿੱਚ ਜਿਸ ਸਮੇਂ ਕੁਲਦੀਪ ਮਾਣਕ ਪੰਜਾਬੀ ਗਾਇਕੀ ਦੇ ਅੰਬਰ ’ਤੇ ਪਰਵਾਜ਼ ਭਰਨ ਲਈ ਆਪਣੇ ਪਰ ਤੋਲ ਰਿਹਾ ਸੀ , ਉਹ ਜ਼ਮਾਨਾ ਦੋ-ਗਾਣਾ ਗਾਇਕੀ ਦਾ ਸੀ, ਮਾਣਕ ਨੇ ਵੀ ਭਾਵੇਂ ਗਾਇਕੀ ਦੀ ਸ਼ੁਰੂਆਤ ਦੋ-ਗਾਣਾ ਗਾਇਕੀ ਨਾਲ ਹੀ ਕੀਤੀ ਪਰ ਉਸ ਦੀ ਵੱਖਰੀ ਪਹਚਿਾਣ ਕਲੀਆਂ ਅਤੇ ਲੋਕ ਗਥਾਵਾਂ ਗਾਉਣ ਕਰਕੇ ਹੀ ਹੈ। ਮਾਣਕ ਇੱਕ ਉਹ ‘ਕੜੀ’ ਸੀ ਜਿਸ ਨੇ ਪੁਰਾਤਨ ਲੋਕ ਗਾਇਕੀ ਨੂੰ ਨਵੇਂ ਢੰਗ ਨਾਲ ਪੇਸ਼ ਕਰਕੇ ਜਿੱਥੇ ਵਾਹ-ਵਾਹ ਖੱਟੀ ਉੱਥੇ ਭੁੱਲੀਆਂ ਵਿਸਰੀਆਂ ਲੋਕ ਗਥਾਵਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਗਾ ਕੇ ਸਦਾ ਲਈ ਅਮਰ ਕਰ ਦਿੱਤਾ। ਤੂੰਬੇ, ਦੋਤਾਰੇ ਅਤੇ ਢੱਡ ਸਾਰੰਗੀ ਨਾਲ ਸੱਥਾਂ ਦੇ ਵਿੱਚ ਗਾਈਆਂ ਜਾਂਦੀਆਂ ਲੋਕ ਗਥਾਵਾਂ ਤੇ ਕਲੀਆਂ ਨੂੰ ਅਖਾੜਿਆਂ ਦੀਆਂ ਸਟੇਜਾਂ ਅਤੇ ਦੇਸ਼ ਦੀ ਨਾਮੀ ਕੰਪਨੀ ਐਚਐਮਵੀ ਦੇ ਰਿਕਾਰਡਾਂ ਤੱਕ ਪਹੁੰਚਾਉਣ ਦਾ ਸਿਹਰਾ ਕੁਲਦੀਪ ਮਾਣਕ ਨੂੰ ਹੀ ਜਾਂਦਾ ਹੈ। ਮਾਣਕ ਨੇ ਗਾਇਕੀ ਦੀ ਹਰ ਵਿਧਾ ’ਤੇ ਹੱਥ ਅਜ਼ਮਾਈ ਕੀਤੀ। ਕਲੀਆਂ, ਲੋਕ ਗਾਥਾਵਾਂ, ਲੋਕ ਤੱਥ, ਦੋ-ਗਾਣੇ, ਵਾਰਾਂ, ਉਪੇਰਾ, ਫ਼ਿਲਮੀ ਗੀਤਾਂ ਨੂੰ ਨਿਭਾਇਆ ਅਤੇ ਹਰ ਖੇਤਰ ਵਿੱਚ ਗੂੜ੍ਹੀ ਛਾਪ ਵੀ ਛੱਡੀ। ਮਾਣਕ ਨੇ ਜ਼ਿਆਦਾਤਰ ਲੋਕ ਗਾਥਾਵਾਂ ਗਾਈਆਂ, ਕਲੀਆਂ ਸਿਰਫ 13 ਹੀ ਗਾਈਆਂ ਪਰ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਕਲੀ ਨੇ ‘ਕਲੀਆਂ ਦੇ ਬਾਦਸ਼ਾਹ’ ਦਾ ਖ਼ਿਤਾਬ ਸਦਾ ਲਈ ਉਸ ਦੇ ਨਾਂ ਕਰ ਦਿੱਤਾ । ਸਿਰਮੌਰ ਗਾਇਕ ਗੁਰਦਾਸ ਮਾਨ ਨੇ ਆਪਣੇ ਚਰਚਿਤ ਗੀਤ ‘ਪਿੰਡ ਦੀ ਗਲੀਆਂ’ ਵਿੱਚ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ’ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜੋ ਮਾਣਕ ਲਈ ਥੋੜੇ ਲਫ਼ਜਾਂ ਵਿੱਚ ਵੱਡਾ ਸਨਮਾਨ ਹੈ। ਕੁਲਦੀਪ ਮਾਣਕ ਦਾ ਜ਼ਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਨਿੱਕਾ ਖਾਨ ਦੇ ਘਰ ਮਾਤਾ ਬਚਨੋ ਦੀ ਕੁੱਖੋਂ 15 ਨਵੰਬਰ 1951 ਵਿੱਚ ਹੋਇਆ। ਮਾਣਕ ਦੋ ਭੈਣਾਂ ਅਤੇ ਇੱਕ ਭਰਾ ਤੋਂ ਛੋਟਾ ਸੀ ਦੋਵੇਂ ਵੱਡੀਆਂ ਭੈਣਾਂ ਸੰਤਾਲੀ ਦੀ ਵੰਡ ਵੇਲੇ ਸਦਾ ਲਈ ਵਿਛੜ ਗਈਆਂ ਸਨ । ਸੰਗੀਤ ਦੀ ਗੁੜ੍ਹਤੀ ਵਿਰਸਾਤ ’ਚ ਹੀ ਮਿਲੀ। ਮਾਣਕ ਦੇ ਪਰਿਵਾਰ ਵਿੱਚੋ ਪੁਰਖੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ। ਮਾਣਕ ਨੇ ਗਾਇਕੀ ਪ੍ਰਾਇਮਰੀ ਸਕੂਲ ਤੋਂ ਹੀ ਗਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਬਾਲ ਸਭਾਵਾਂ ਵਿੱਚ ਅਧਿਆਪਕ ਉਸ ਨੂੰ ਚਾਹ ਕੇ ਸੁਣਦੇ ਅਤੇ ਹੱਲਾਸ਼ੇਰੀ ਦਿੰਦੇ। ਹੌਲੀ-ਹੌਲੀ ਉਹ ਮੁਹੰਮਦ ਲਤੀਫ ਤੋਂ ਉਹ ‘ਕੁਲਦੀਪ ਮਣਕਾ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਸੰਗੀਤ ਦੀਆਂ ਬਾਰਕੀਆਂ ਸਿੱਖਣ ਲਈ ਕਵਾਲ ਖ਼ੁਸ਼ੀ ਮੁਹੰਮਦ ਨੂੰ ਉਸਤਾਦ ਧਾਰਨ ਕੀਤਾ। ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਵਾਰ ਸੇਟਜ ’ਤੇ ਗਾਉਦਿਆਂ ਸੁਣ ਕੇ ਬੇਹੱਦ ਪ੍ਰਭਾਵਿਤ ਹੋਏ ਅਤੇ ਉਸ ਨੂੰ ‘ਮਾਣਕ’ ਦਾ ਖ਼ਿਤਾਬ ਦਿੱਤਾ ਜੋ ਉਸ ਦੇ ਨਾਂ ਨਾਲ ਅੰਤ ਤੱਕ ਲਈ ਜੁੜਿਆ ਰਿਹਾ । ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ 1975 ਵਿੱਚ ਹੋਇਆ ਅਤੇ ਘਰ ਇੱਕ ਪੁੱਤਰ ਯੁਧਵੀਰ ਮਾਣਕ ਤੇ ਧੀ ਸ਼ਕਤੀ ਮਾਣਕ ਨੇ ਜ਼ਨਮ ਲਿਆ।

ਕੁਲਦੀਪ ਮਾਣਕ ਨੇ ਭਾਵੇਂ ਹੋਰ ਵੀ ਕਈੇ ਦਰਜਨ ਚਰਚਿਤ ਗੀਤਕਾਰਾਂ ਦੇ ਗੀਤ ਗਏ, ਪਰ ਉਸ ਦੀ ਪੱਕੀ ਜੋੜੀ ‘ਦੇਵ ਥਰੀਕਿਆਂ’ ਵਾਲੇ ਨਾਲ ਬਣੀ, ਜਿਸ ਦੀਆਂ ਲਿਖੀਆਂ ਲੋਕ ਗਥਾਵਾਂ ਤੇ ਕਲੀਆਂ ਨੂੰ ਮਾਣਕ ਨੇ ਆਪਣੀ ਬੁਲੰਦ ਅਵਾਜ਼ ’ਚ ਗਾਇਆ ਤਾਂ ਚਾਰੇ ਪਾਸੇ ਮਾਣਕ ਦੀ ਚਰਚਾ ਹੋਈ। ਦੇਵ ਥਰੀਕਿਆਂ ਵਾਲੇ ਦੀ ਕਲਮ ਤੋਂ ਮਾਣਕ ਨੇ ਲੋਕ ਗਥਾਵਾਂ ਦਾ ਪਹਿਲਾ ਰਿਕਾਰਡ 1973 ਵਿੱਚ ਕਰਵਾਇਆ ਜਿਸ ਵਿੱਚ ਲੋਕ ਨਾਇਕ ਦੁੱਲਾ ਭੱਟੀ, ਜੈਮਲ ਫੱਤਾ ਅਤੇ ਪੂਰਨ ਭਗਤ ਦੇ ਕਿੱਸੇ ਨੂੰ ਛੋਹਿਆ ਜੋ ਲੋਕਾਂ ਨੇ ਬਹੁਤ ਪਸੰਦ ਕੀਤਾ। 1975 ਵਿੱਚ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ’ ਕਲੀ ਰਿਕਾਰਡ ਹੋਈ ਤਾਂ ਮਾਣਕ ਦੀਆਂ ਚੁਫ਼ੇਰੇ ਧੁੰਮਾਂ ਪੈ ਗਈਆਂ। ਉਸ ਦੇ ਸਦਾ ਬਹਾਰ ਗੀਤਾਂ ਵਿੱਚ ਸ਼ੁਮਾਰ ‘ਮਾਂ ਹੰਦੀ ਏ ਮਾਂ, ਓ ਦੁਨੀਓ ਵਾਲਿਓ’, ‘ਹੋਇਆ ਕੀ ਜੇ ਧੀ ਜੰਮ ਪਈ’, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’, ਕਵਾਲੀ ਤਰਜ਼ ’ਚ ਗਾਇਆ ‘ਇਹ ਦੁਨੀਆਂ ਧੋਖੇਬਾਜ਼ਾਂ ਦੀ’, ‘ਤੇਰੀ ਆਂ ਮੈ ਤੇਰੀ ਰਾਂਝਾ’ ਅਤੇ ਪ੍ਰੀਤ ਮਹਿੰਦਰ ਤਿਵਾੜੀ ਦੀ ਕਲਮ ਤੋਂ ‘ਨੀ ਮੈਂ ਚਾਦਰ ਕੱਢਦੀ ਨੀ’ ਸਮੇਤ ਅਨੇਕਾਂ ਗੀਤ ਹਨ ਜੋ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਉਹ ਮੀਲ ਪੱਥਰ ਹਨ ਜਿਸ ਤੱਕ ਅੱਪੜਣਾ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ। ਕੁਲਦੀਪ ਮਾਣਕ ਨੂੰ ਅਨੇਕਾਂ ਵੱਡੇ ਛੋਟੇ ਸਨਮਾਨ ਮਿਲੇ ਪਰ ਉਹ ਖ਼ੁਦ ਸਭ ਤੋਂ ਵੱਡਾ ਸਨਮਾਨ ਸਰੋਤਿਆਂ ਤੋਂ ਮਿਲੇ ਪਿਆਰ ਨੂੰ ਦੱਸਦਾ । ਇੱਕ ਵਾਰ ਇੱਕ ਥੀਏਟਰ ਵਿੱਚ ਮਾਣਕ ਨੂੰ ਸੁਨਣ ਲਈ ਅੰਦਰ ਨਾ ਜਾ ਸਕਣ ਵਾਲੀ ਬਾਹਰ ਜੁੜੀ ਭੀੜ ਵਿਚਕਾਰ ਸੜਕ ’ਤੇ ਹੀ ਅਖਾੜਾ ਲਗਾ ਦਿੱਤਾ ਜੋ ਉਸ ਦੀ ਕਹੀ ਗੱਲ ਦਾ ਪ੍ਰਤੱਖ ਪ੍ਰਮਾਣ ਸੀ।

ਜੇ ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਮਾਣਕ ਨੇ ਚਾਲੀ ਦੇ ਕਰੀਬ ਧਾਰਮਿਕ ਤਵੇ ਅਤੇ ਕੈਸਿਟਾਂ ਰਿਕਾਰਡ ਕਰਵਾਏ ਜੋ ਵੀ ਆਪਣੇ ਆਪ ਵਿੱਚ ਹੀ ਇੱਕ ਰਿਕਾਰਡ ਹੈ। ਬਾਬਾ ਬੰਦਾ ਸਿੰਘ ਦੀ ਵਾਰ ‘ਕਲਗੀਧਰ ਤੋਂ ਥਾਪੜਾ’ ਤੋਂ ਲੈ ਕੇ ਸਿੰਘ ਸੂਰਮਾਂ ਸੀਸ ਤਲੀ ਤੇ ਤੋਲੀ ਜਾਂਦਾ ਏ’, ‘ਕਹਿੰਦੇ ਗੋਰਿਆਂ ਮੁਕੱਦਮਾਂ ਕਰਿਆ’, ‘ਆ ਜੋ ਜੀਹਨੇ ਨੱਚਣਾ ਖੰਡੇ ਦੀ ਧਾਰ ਤੇ’, ਪ੍ਰਸੰਗ ‘ਮੱਸਾ ਰੰਘੜ’, ‘ਝੰਡੇ ਖ਼ਾਲਸਾ ਰਾਜ ਦੇ’ ਅਤੇ ‘ਬਘੇਲ ਸਿੰਘ’ ਸਮੇਤ ਹੋਰ ਵੀ ਸੈਕੜੇ ਚਰਚਿਤ ਗੀਤ ਗਾਏ ਜੋ ਚਾਰ ਦਹਾਕਿਆਂ ਤੋਂ ਗੁਰਦਵਾਰਿਆਂ ਦੇ ਸਪੀਕਰਾਂ ’ਚ ਅੱਜ ਵੀ ਸ਼ਾਨ ਨਾਲ ਗੂੰਜਦੇ ਹਨ। ਮਾਣਕ ਨੇ ਕੁੱਲ 200 ਦੇ ਕਰੀਬ ਤਵੇ, ਕੈਸਿਟਾਂ ਅਤੇ ਸੀਡੀਜ਼ ਰਿਕਾਰਡ ਕਰਵਾਈਆਂ ਜਿਸ ਨੇ ਸਮੇਂ -ਸਮੇਂ ’ਤੇ ਆਪਣੀ ਚਰਚਾ ਕਰਵਾਈ। ਗਾਇਕਾ ਗੁਲਸ਼ਨ ਕੋਮਲ, ਕੁਲਦੀਪ ਕੌਰ, ਅਮਰਜੋਤ, ਸਤਿੰਦਰ ਬੀਬਾ, ਸੁਰਿੰਦਰ ਸੀਮਾ ਨਾਲ 45 ਦੇ ਕਰੀਬ ਦੋ-ਗਾਣੇ ਵੀ ਰਿਕਾਰਡ ਕਰਵਾਏ ਜੋ ਸਰੋਤਿਆਂ ਵਿੱਚ ਖ਼ੂਬ ਪ੍ਰਵਾਨ ਚੜ੍ਹੇ। ਮਾਣਕ ਨੇ 9 ਫਿਲਮਾਂ ਵਿੱਚ ਪਿਠਵਰਤੀ ਗੀਤ ਵੀ ਗਾਏ। ‘ਬਲਵੀਰੋ ਭਾਬੀ’ ਫਿਲਮ ਨੂੰ ਸੰਗੀਤ ਦਿੱਤਾ ਅਤੇ ਅਦਾਕਾਰੀ ਵੀ ਕੀਤੀ।

ਜੇ ਕਲਾ ਪੱਖ ਤੋਂ ਪਾਸੇ ਹਟ ਕੇ ਮਾਣਕ ਦੀ ਸਖ਼ਸ਼ੀਅਤ ਵੱਲ ਨਜ਼ਰ ਮਾਰੀਏ ਤਾਂ ਉਹ ਬੇਪ੍ਰਵਾਹੀ ਤੇ ਸਾਫ਼ਗੋਈ ਲਈ ਜਾਣਿਆ ਜਾਂਦਾ ਸੀ। ਦਿਲ ਵਿੱਚ ਆਈ ਗੱਲ ਮੂੰਹ ’ਤੇ ਕਹਿ ਦੇਣੀ ਉਸ ਦੇ ਸੁਭਾਅ ਦਾ ਹਿੱਸਾ ਸੀ। ਲੋਕ ਤੱਥਾਂ ਦੀ ਸਚਾਈ ਪੇਸ਼ ਕਰਦਿਆਂ ਸਟੇਜ ਤੇ ਪੁੱਠਾ ਹੱਥ ਘੁਮਾ ਕੇ ,‘‘ ਮੈਂ ਨੀ ਕਹਿੰਦਾ ! ਇਹ ਸਿਆਣੇ ਕਹਿੰਦੇ ਆ !! ’’ ਮਾਣਕ ਦਾ ਤਕੀਆ ਕਲਾਮ ਸੀ । ਅਖਾੜੇ ਵਿੱਚ ਸਰੋਤਿਆਂ ਨੂੰ ਅਕਸਰ ਕਹਿ ਦੇਣਾ ‘‘ ਜੇ ਗੀਤ ਪਸੰਦ ਐ .. ਤਾਂ ਤਾੜੀ ਮਾਰ ਦਿਓ ! ਜੇ ਨਹੀਂ ਪਸੰਦ ਤਾਂ ਬੇਸ਼ੱਕ ਰਹਿਣ ਦਿਓ ’’। ਜੋ ਮਾਣਕ ਦੇ ਇਸ ਸੁਭਾਅ ਬਾਰੇ ਜਾਣਦੇ ਸਨ ਉਹ ਉਸ ਗੱਲਾਂ ਨੂੰ ਸੁਭਾਵਿਕ ਲੈਂਦੇ ਸਨ ਪਰ ਕਈ ਵੱਡੇ ਲੋਕ ਕੁਝ ਗੱਲਾਂ ਨੂੰ ਲੈ ਕੇ ਮਾਣਕ ਦੀ ਅਲੋਚਨਾ ਵੀ ਕਰਦੇ ਦੇਖੇ ਗਏ। ਮਾਣਕ ਨੇ ਜ਼ਿੰਦਗੀ ਵਿੱਚ ਕਈ ਰੰਗਾਂ ਨੂੰ ਹੰਢਾਇਆ। ਸ਼ੁਰੂਆਤੀ ਦੌਰ ਵਿੱਚ ਬਤੌਰ ਸਾਜਿੰਦਾ ਦਸ ਰੁਪੈ ਦਿਹਾੜੀ ’ਤੇ ਹਰਚਰਨ ਗਰੇਵਾਲ ਤੇ ਮੁਹੰਮਦ ਸਦੀਕ ਨਾਲ ਕੰਮ ਕੀਤਾ। ਜਦ ਸਫਲਤਾ ਨੇ ਪੈਰ ਚੁੰਮੇ ਤਾਂ ਰੱਜਵੀਂ ਦੌਲਤ ਤੇ ਸ਼ੌਹਰਤ ਵੀ ਮਿਲੀ। ਪਰ ਅਫਸੋਸ ! ਮਾਣਕ ਦੀ ਜ਼ਿੰਦਗੀ ਦੇ ਅੰਤਲੇ ਵਰ੍ਹੇ ਬਹੁਤ ਦੁਖਦਾਈ ਸਨ। ਇਕਲੌਤਾ ਬੇਟਾ ਯੁਧਵੀਰ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਜੋ ਅੱਜ ਤੱਕ ਨਹੀਂ ਉੱਠ ਸਕਿਆ। ਮਹਿੰਗੇ ਇਲਾਜਾਂ ਸਹਾਰੇ ਚਲਦਾ ਖ਼ੁਦ ਮਾਣਕ ਦਾ ਸਰੀਰ ਇਹ ਸਦਮਾ ਨਾ ਸਹਾਰਦਿਆਂ ਮੰਜੇ ’ਤੇ ਪੈ ਗਿਆ। ਸਾਰੀ ਜ਼ਿੰਦਗੀ ਦੀ ਕਮਾਈ ਪੂੰਜੀ ਹਸਪਤਾਲਾਂ ’ਚ ਰੁੜ੍ਹ ਗਈ । ਅੰਤ ਬਿਮਾਰੀ ਨਾਲ ਘੁਲਦਿਆਂ 30 ਸਤੰਬਰ 2011 ਨੂੰ ‘ਕਲੀਆਂ ਦਾ ਬਾਦਸ਼ਾਹ’ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਪਰ ਮਾਣਕ ਦੀ ਕਲਾ ਦੀ ਕਮਾਈ ਪੂੰਜੀ ਅੱਜ ਵੀ ਜ਼ਿੰਦਾ ਹੈ ਜਿਸ ਨੂੰ ਉਸ ਦੇ ਚਾਹੁਣ ਵਾਲੇ ਹਿੱਕ ਨਾਲ ਲਾਈ ਬੈਠੇ ਹਨ। ਮਾਣਕ ਭਾਵੇਂ ਸਰੀਰਕ ਰੂਪ ਵਿੱਚ ਨਹੀਂ ਰਿਹਾ, ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਕਰੋੜਾਂ ਪੰਜਾਬੀ ਪ੍ਰਸੰਸ਼ਕਾਂ ਦੇ ਦਿਲਾਂ ਵਿੱਚ ਵਸਦਾ ਹੈ।

Exit mobile version