ਕਵੀਸ਼ਰੀ ਗਾਇਕੀ ਦੀ ਐਸੀ ਵੰਨਗੀ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਵਰਤੋਂ ਨਹੀਂ ਕੀਤੀ ਜਾਦੀਂ ਪਰ ਕਵੀਸ਼ਰ ਦੀ ਕਵਿਤਾ ਦੇ ਬੋਲ ਅਤੇ ਗਾਉਣ ਵਾਲੇ ਦੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਉਹ ਸਰੋਤਿਆਂ ਤੇ ਦਿਲਾਂ ਰੂਹ ਉੁਤੇ ਜਾਦੂਮਈ ਅਸਰ ਕਰਦੀ ਹੈ । ਐਸੀ ਹੀ ਕਵੀਸ਼ਰੀ ਦੇ ਰਚਣਹਾਰ ਸਨ ਕਵੀਸ਼ਰ ਬਲਵੰਤ ਸਿੰਘ ਪਮਾਲ ਜਿਸਦੀ ਕਵੀਸ਼ਰੀ ਘੰਟਿਆਂ ਬੱਧੀ ਪੰਜਾਬੀ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਦੀ ਸੀ । ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਜਨਮ 30 ਜੁਲਾਈ 1930 ਨੂੰ ਲੁਧਿਆਣਾ ਜ਼ਿਲ੍ਹੇ ਪਮਾਲ ਪਿੰਡ ਵਿੱਚ ਪਿਤਾ ਬਚਨ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਹੋਇਆ ਉਹ ਆਪਣੇ ਚਾਰ ਭਰਾਵਾਂ ਵਿੱਚੋਂ ਸੱਭ ਤੋ ਛੋਟੇ ਸਨ ਕਿੱਤਾਕਾਰ ਪ੍ਰੀਵਾਰ ਵਿੱਚ ਬਲਵੰਤ ਸਿੰਘ ਬਹੁਤੀ ਸਕੂਲੀ ਵਿੱਦਿਆ ਨਹੀਂ ਲੈ ਸਕੇ ਪਰ ਮਾਂ ਦੀ ਦਿੱਤੀ ਗੁੜ੍ਹਤੀ ਅਤੇ ਪ੍ਰੀਵਾਰ ਵਿੱਚ ਧਾਰਮਿਕ ਮਾਹੋਲ ਹੋਣ ਕਰਕੇ ਗੁਰੂਆਂ ਪੀਰਾਂ ਦੀਆਂ ਸਾਖੀਆਂ ਸਿੱਖ ਇਤਹਾਸਕ ਸਾਕੇ ਅਤੇ ਦੇਸ਼ ਦੀ ਅਜ਼ਾਦੀ ਲਈ ਝੂਜਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਬਲਵੰਤ ਸਿੰਘ ਨੂੰ ਕਵੀਸ਼ਰ ਬਲਵੰਤ ਸਿੰਘ ਪਮਾਲ ਬਣਾਉਣ ਵਿੱਚ ਪ੍ਰੇਰਨਾ ਸ੍ਰੋਤ ਬਣੇ ।ਆਪ ਜੀ ਦੇ ਦਾਦਾ ਜੀ ਦੀ ਵੀ ਗਾਇਕੀ ਪ੍ਰਤੀ ਖਿੱਚ ਸੀ ਜੋ ਕਵੀਸ਼ਰਬਲਵੰਤ ਸਿੰਘ ਦੇ ਹੋਣ ਹਾਰ ਵਿਰਵਾ ਕੇ ਚਿਕਨੇ ਚਿਕਨੇ ਪਾਤ ਦੀ ਕਹਾਵਤ ਤੇ ਪੂਰਾ ਉਤਰਨ ਵਿੱਚ ਸਹਾਇਕ ਹੋਈ | ਆਪਣੀ ਕਲਾ ਨੂੰ ਨਿਖਾਰਨ ਲਈ ਗੁਆਂਢੀ ਪਿੰਡ ਬੱਦੋਵਾਲ ਦੇ ਆਪਣੇ ਸਮੇਂ ਦੇ ਮੰਨੇ ਪਰਮੰਨੇ ਕਵੀਸ਼ਰ ਅਜੈਬ ਸਿੰਘ ਬਦੋਵਾਲ ਨੂੰ ਆਪਣਾ ਉਸਤਾਦ ਧਾਰਨ ਕੀਤਾ 15 ਸਾਲ ਦੀ ਉਮਰ ਵਿੱਚ ਬਲਵੰਤ ਸਿੰਘ ਨੇ ਆਪਣੀ ਰਚਨਾ ਰਮਾਇਣ ਦਾ ਪ੍ਰਸੰਗ ਉਸਤਾਦ ਨੂੰ ਸੁਣਾ ਜੇ ਉਸਦਾ ਅਸ਼ੀਰਵਾਦ ਪ੍ਰਾਪਤ ਕੀਤਾ ਬੱਸ ਫਿਰ ਬਲਵੰਤ ਸਿੰਘ ਦੀ ਕਵੀਸ਼ਰੀ ਕਲਾ ਨੂੰ ਸੁਰਖਾਬ ਦੇ ਪੰਖੇਰੂ ਲੱਗ ਗਏ ਅਤੇ ਆਪਣੇ ਪਿੰਡ ਤੋ ਹੀ ਦੋ ਸਾਥੀ ਸਾਧੂ ਸਿੰਘ ਤੇ ਗੁਰਦੇਵ ਸਿੰਘ ਨੂੰ ਆਪਣੇ ਜੱਥੇ ਦੇ ਗਵੱਈਏ ਬਣਾ ਲਿਆ ਅਤੇ ਪਮਾਲ ਵਾਲਾ ਜੱਥਾ ਦੇਸ਼ ਵਿਦੇਸ਼ ਵਿੱਚ ਉਡਾਰੀਆਂ ਮਾਰਨ ਲੱਗਾ ।
ਕਵੀਸ਼ਰੀ ਦੀ ਬੱਲੇ ਬੱਲੇ ਵਕਤ ਹੀ ਬਲਵੰਤ ਸਿੰਘ ਪਮਾਲ ਦੀ ਸ਼ਾਦੀ ਫਲੇਵਾਲ ਪਿੰਡ ਵਿੱਚ ਸਰਦਾਰ ਬੰਤਾ ਸਿੰਘ ਦੀ ਬੇਟੀ ਮਹਿੰਦਰ ਕੌਰ ਜੀ ਨਾਲ ਹੋਈ ਆਪ ਜੀ ਦੀਆਂ ਚਾਰ ਬੇਟੀਆਂ ਅਤੇ ਇਕ ਬੇਟਾ ਰਛਪਾਲ ਸਿੰਘ ਅੱਜ ਦੇ ਪ੍ਰਸਿੱਧ ਪੰਥਕ ਢਾਡੀ ਪੈਦਾ ਹੋਏ , ਪ੍ਰੀਵਾਰ ਦੀ ਸਾਂਭ ਸੰਭਾਲ ਬੀਬੀ ਮਹਿੰਦਰ ਕੌਰ ਦੇ ਹਿੱਸੇ ਆਈ ਜਿਸ ਨਾਲ ਬਲ਼ਵੰਤ ਸਿੰਘ ਪਮਾਲ ਨੂੰ ਕਵੀਸ਼ਰੀ ਜੱਗਤ ਵਿੱਚ ਉੱਚੀਆਂ ਉਡਾਰੀਆਂ ਲਾਉਣ ਵਿੱਚ ਭਰਪੂਰ ਮੱਦਦ ਮਿਲੀ ।
ਟੇਕ ਬੱਧ ਕਵੀਸ਼ਰੀ ਵਿੱਚ ਕਵੀ ਕੋਲ ਸਰੋਤਿਆਂ ਦੇ ਦਿਲਾਂ ਤੱਕ ਪਹੁੰਚਾਉਣ ਲਈ ਬੇਹੱਦ ਸ਼ਬਦਾਵਲੀ ਹੁੰਦੀ ਜਿਸ ਦੀ ਵਰਤੋਂ ਕਵੀਸ਼ਰ ਬਲਵੰਤ ਸਿੰਘ ਪਮਾਲ ਨੇ ਰੱਜ ਕੇ ਕੀਤੀ ।
ਕਵੀਸ਼ਰ ਬਲਵੰਤ ਸਿੰਘ ਪਮਾਲ ਅਗਾਂਹ ਵਧੂ ਸੋਚ ਦੇ ਧਾਰਨੀ ਸਨ ਅਤੇ ਉਨ੍ਹਾਂ ਪ੍ਰਸੰਗ ਵਰਨਣ ਕਰਦਿਆਂ ਲੈਕਚਰ ਵਿੱਚ ਹਮੇਸ਼ਾ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਦਾ ਭਰਪੂਰ ਖੰਡਨ ਹੁੰਦਾ ਸੀ ਜਿੱਥੇ ਬਲਵੰਤ ਸਿੰਘ ਪਮਾਲ ਸਰੋਤਿਆਂ ਦੇ ਦਿਲਾਂ ਨੂੰ ਧੂ ਪਾਉਣ ਵਾਲੀ ਕਵੀਸ਼ਰੀ ਰਚਦੇ ਸਨ ਤੇ ਜਦੋਂ ਵੱਖ ਵੱਖ ਧਾਰਮਿਕ ਸੱਭਿਆਚਾਰਕ ਦੀਵਾਨਾਂ ਵਿੱਚ ਉਨ੍ਹਾਂ ਦੀ ਤਕਰੀਰ ਵੀ ਸਰੋਤਿਆਂ ਤੇ ਮਿਕਨਾਤੀਸੀ ਖਿੱਚ ਦਾ ਅਸਰ ਕਰਦੀ ਸੀ ਤੇ ਸਾਧੂ ਸਿੰਘ , ਗੁਰਦੇਵ ਸਿੰਘ ਗਾਈ ਕਵੀਸ਼ਰੀ ਸਰੋਤਿਆਂ ਨੂੰ ਮੰਤਰ ਮੁਗਦ ਕਰ ਜਾਂਦੀ । ਬਲ਼ਵੰਤ ਸਿੰਘ ਪਮਾਲ ਦਾ ਕਵੀਸ਼ਰੀ ਜੱਥਾ ਆਲ ਇੰਡੀਆ ਰੇਡੀਓ ਜਲੰਧਰ ਤੋ ਕਵੀਸ਼ਰੀ ਗਾਉਂਦਾ ਤਾਂ ਪਿੰਡਾਂ ਦੀਆਂ ਸੱਥਾਂ ਵਿੱਚ ਵੱਜਦੇ ਰੇਡੀਓ ਗੂੰਜ ਉੱਠਦੇ ।ਜਲੰਧਰ ਅਤੇ ਦਿੱਲੀ ਦੂਰ ਦਰਸ਼ਨ ਟੀਵੀ ਤੇ ਵੀ ਪਮਾਲ ਦੇ ਜੱਥੇਬੰਦੀ ਕਵੀਸ਼ਰੀ ਦੀਆਂ ਗੂੰਜਾਂ ਪਈਆਂ ਪਮਾਲ ਦੇ ਜੱਥੇ ਦੀਆਂ ਧੁੰਮਾ ਪੰਜਾਬ ਤੋ ਲੈਕੇ ਯੂਪੀ , ਸੀਪੀ ਬੰਬੇ ਕਲਕੱਤੇ ਪਈਆਂ ਅਤੇ ਬਲਵੰਤ ਸਿੰਘ ਪਮਾਲ ਨੂੰ 6-6 ਮਹੀਨੇ ਪਹਿਲਾਂ ਸੱਦਣ ਵਾਲਿਆਂ ਦੇ ਤੰਤੇ ਲੱਗਣ ਲੱਗੇ ।
ਪਮਾਲ ਦੇ ਜੱਥੇ ਦੀ ਕਵੀਸ਼ਰ ਦੀ ਐਸੀ ਤੂਤੀ ਬੋਲੀ ਜਿੱਥੇ ਵੱਡੇ ਮੇਲਿਆਂ ਵਿੱਚ ਉਡੀਕਾਂ ਹੋਣ ਲੱਗੀਆਂ ਉੱਥੇ ਉੱਨਾਂ ਦੀ ਕਵੀਸ਼ਰੀ ਦੇ ਆਸ਼ਕ ਪਮਾਲ ਦੇ ਜੱਥੇ ਤੋਂ ਤਰੀਕਾਂ ਲੈ ਕੇ ਧਾਰਮਿਕ ਸਮਾਗਮ,ਵਿਆਹ , ਮੰਗਣੇਂ ਦੇ ਦਿਨ ਰੱਖਦੇ ਸਨ । ਬਿਨਾਂ ਸਪੀਕਰਾਂ ਤੋ ਵੀ ਪਮਾਲ ਦਾ ਜੱਥਾ ਘੰਟਿਆਂ ਬੱਧੀ ਸਰੋਤਿਆਂ ਨੂੰ ਪ੍ਰਸਿੱਧ ਕਿੱਸੇ , ਧਾਰਮਿਕ ਪ੍ਰਸੰਗਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ,ਅਜ਼ਾਦੀ ਦੇ ਆਸ਼ਕਾਂ ਸ਼ਹੀਦ ਭਗਤ ਸਿੰਘ , ਕਰਤਾਰ ਸਿੰਘ ਸਰਾਭਾ ਗਦਰੀ ਬਾਬਿਆਂ ਦੇ ਜੁਝਾਰੂ ਵਰਨਣ ਨੂੰ ਆਪਣੀ ਰਸ ਮਈ ਕਵੀਸ਼ਰੀ ਰਚਨਾਵਾਂ ਸਰੋਤਿਆਂ ਦੇ ਹਿਰਦਿਆਂ ਵਿੱਚ ਵਾਸਾ ਕਰਦੇ
ਪਿੰਗਲ ਦੇ ਗਿਆਤਾ ਹੋਣ ਕਰਕੇ ਬਲਵੰਤ ਸਿੰਘ ਪਮਾਲ ਨੇ ਆਪਣੀ ਕਾਵਿ ਕਲਾ ਵਿੱਚ ਬਹੁਤ ਨਵੀਨਤਾ ਲਿਆਂਦੀ ।ਦੋਹਰੇ , ਦੁਤਾਰੇ , ਝੋਕ,ਦਵੱਈਏ ,ਪਾਉੜੀ, ਕਾਫ਼ੀ , ਸਾਕੇ, ਕੋਰੜੇ, ਦੁੱਖ ਹਰਨ ਛੰਦ , ਮਨੋਹਰ ਛੰਦ ,ਕਲੀਆਂ , ਵਾਰਾਂ ,ਸਵਾਇਆ ਛੰਦ ਅਤੇ ਹੋਰ ਬਹੁਤ ਵੰਨਗੀਆਂ ਦੀ ਰਚਨਾ ਕੀਤੀ . ਪੰਜਾਬ ਦੇ ਕਿੱਸੇ ਦਹੂਦ ਬਾਦਸ਼ਾਹ, ਕੌਲਾਂ ਭਗਤਣੀ , ਰਾਜਾ ਰਸਾਲੂ, ਪੂਰਨ ਭਗਤ ,ਸੋਹਣੀ ਮਹੀਂਵਾਲ , ਸੱਸੀ ਪੁਨੂੰ,ਮਿਰਜ਼ਾ ਸਾਹਿਬਾਂ ਅਤੇ ਹੋਰ ਅਥਾਹ ਸਮੱਗਰੀ ਬਲਵੰਤ ਸਿੰਘ ਪਮਾਲ ਦੀਆਂ ਸ਼ਾਹਕਾਰ ਰਚਨਾਵਾਂ ਮੂੰਹ ਬੋਲਦੀਆਂ ਹਨ । ਮੈਂਨੂੰ ਇਸ ਗੱਲਾਂ ਮਾਣ ਹੈ ਕਿ ਕਵੀਸ਼ਰ ਬਲਵੰਤ ਸਿੰਘ ਪਮਾਲ ਦੇ ਜੱਥੇ ਨੂੰ ਪੰਜਾਬ ਵੱਡੇ ਵੱਡੇ ਧਾਰਮਿਕ, ਸਭਿਆਚਾਰਕ, ਮੇਲਿਆਂ ਦੇ ਹਜ਼ਾਰਾਂ ਲੋਕਾਂ ਇੱਕਠ ਵਿੱਚ ਸਰੋਤਿਆਂ ਤੋਂ ਮਾਣ , ਦੁਲਾਰ ਪਿਆਰ ਮਾਣਦਿਆਂ ਸੁਣਨ ਦੇਖਣ ਦਾ ਮਾਣ ਹਾਸਲ ਹੈ ਅਤੇ ਪਮਾਲ ਜੀ ਦੀ ਤਹਿਰੀਰ , ਤਕਰੀਰ ਤੇ ਤਹਿਜ਼ੀਬ, ਬੋਲਾਂ ਵਿੱਚ ਗੱੜਕ ਖੱੜਕ ਅੱਜ ਵੀ ਮੈਨੂੰ ਉਤਸ਼ਾਹਤ ਕਰਦੀ ਹੈ । ਮੇਰੇ ਪਿਤਾ ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਨਾਲ , ਕਵੀਸ਼ਰੀ ਸਮਰਾਟ ਬਲਵੰਤ ਸਿੰਘ ਪਮਾਲ ਦੀ ਵਿਚਾਰਾਂ , ਪਿਆਰਾਂ , ਸਤਿਕਾਰਾਂ ਦੀ ਪਵਿੱਤਰਤਾ ਵਾਲੀ ਸਾਂਝ ਰਹੀ ।
ਬੋਹੜ ਦੀ ਥਾਂ ਬੋਹੜ ਲੱਗੇ ਮੇਰੇ ਛੋਟੇ ਵੀਰ ਅਤੇ ਮਹਾਨ ਪੰਥਕ ਢਾਡੀ ਸਰਦਾਰ ਰਛਪਾਲ ਸਿੰਘ ਪਮਾਲ ਨੇ ਆਪਣੇ ਪਿਤਾ ਕਵੀਸ਼ਰ ਬਲਵੰਤ ਸਿੰਘ ਪਮਾਲ ਦੀ ਗੁਰਜ ਨੂੰ ਆਪਣੀ ਸਿੱਖ ਇਤਿਹਾਸ ਪ੍ਰਤੀ ਲੱਗਨ , ਮਿਹਨਤ,ਸੰਜੀਦਗੀ ਅਤੇ ਜ਼ਿੰਦਾਦਿਲੀ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਬਹੁਤ ਆਦਰ ਯੋਗ ਸਥਾਨ ਬਣਾਇਆ ਅਤੇ ਦੁਨੀਆਂ ਭਰ ਦੀਆਂ ਸਿੰਘ ਸਭਾਵਾਂ ਤੋਂ ਰਛਪਾਲ ਸਿੰਘ ਪਮਾਲ ਦੇ ਜੱਥੇ ਨੂੰ ਭਰਵਾਂ ਮਾਣ ਸਤਿਕਾਰ ਪਿਆਰ ਸੱਦੇ ਪੱਤਰ ਮਿਲਦੇ ਹਨ । ਇਹ ਸੱਭ ਕਵੀਸ਼ਰੀ ਦੇ ਧਰੂ ਤਾਰੇ ਸਰਦਾਰ ਬਲਵੰਤ ਸਿੰਘ ਪਮਾਲ ਦੀ ਘਾਲਣਾ ਨੂੰ ਪ੍ਰਣਾਮ ਹੀ ਹੈ ,
13 ਦਸੰਬਰ 1988 ਮੋਗਾ ਜ਼ਿਲ੍ਹਾ ਦੇ ਪੰਡ ਖੋਸਾ ਪਾਂਡੋ ਵਿੱਚ ਨਗਰ ਕੀਰਤਨ ਦੀਆਂ ਸੇਵਾਵਾਂ ਨਿਭਾਉਣ ਤੋ ਬਾਅਦ ਕਵੀਸ਼ਰੀ ਜੱਗਤ ਦਾ ਇੱਕ ਮਾਣ ਮੱਤਾ ਸਪੂਤ ਲਗਾਤਾਰ 35 ਵਰ੍ਹੇ ਆਪਣੇ ਸਾਥੀਆਂ ਨਾਲ ਸਾਥ ਨਿਭਾ ਕੇ ਪ੍ਰੀਵਾਰ ਅਤੇ ਕਵੀਸ਼ਰੀ ਪ੍ਰੇਮੀਆਂ ਨੂੰ ਆਖ਼ਰੀ ਫਤਿਹ ਬੁਲਾ ਕੇ ਅਕਾਲ ਪੁਰਖ ਦੀ ਗੋਦ ਵੁੱਚ ਸਮਾ ਗਏ । ਕਵੀਸ਼ਰ ਬਲਵੰਤ ਸਿੰਘ ਪਮਾਲ ਦੀ ਸਿੱਖ ਇਤਿਹਾਸ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵੱਡਮੁਲੀ ਦੇਣ ਨੂੰ ਹਮੇਸ਼ਾ ਸਨਿਹਰੀ ਅੱਖਰਾਂ ਵਿੱਚ ਲਿਖਿਆ ਤੇ ਯਾਦ ਕੀਤਾ ਜਾਵੇਗਾ
ਲੇਖਕ -( ਸਤਿੰਦਰ ਪਾਲ ਸਿੰਘ ਸਿੱਧਵਾਂ )