ਕਹਿਣੀ ਤੇ ਕਰਨੀ

ਸ਼ਹਿਰ ਦੇ ਆਲੀਸ਼ਾਨ ਬੈਂਕੁਏਟ ਹਾਲ ਵਿਚ “ਅਨਾਜ ਦੀ ਮਹੱਤਤਾ” ਵਿਸ਼ੇ ਤੇ ਹੋ ਰਹੇ ਸੈਮੀਨਾਰ ਦਾ ਆਖਰੀ ਲੈਕਚਰ ਚੱਲ ਰਿਹਾ ਸੀ ਜਿਸ ਵਿਚ ਅੱਜ ਦੇ ਪ੍ਰੋਗਰਾਮ ਦੇ ਮੁਖ ਮਹਿਮਾਨ ਜੋ ਸੈਂਟਰ ਸਰਕਾਰ ਵਿਚ ਫੂਡ ਪ੍ਰੋਸੈਸਿੰਗ ਮੰਤਰੀ ਸੀ, ਸੈਂਟਰ ਤੇ ਆਪਣੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਚੁੱਕੇ ਗਏ ਕਦਮ ਤੇ ਦੋ ਮਹੀਨੇ ਬਾਅਦ ਚੋਣਾਂ ਹੋਣ ਕਰਕੇ ਵੱਡੇ ਵੱਡੇ ਵਾਅਦੇ ਕਰ ਰਹੇ ਸਨ । ਮੰਤਰੀ ਦੀ ਆਪਣੇ ਅਹੁਦੇ ਲਈ ਨਾਕਾਬਲੀਅਤ ਤੇ ਕੁਰਸੀ ਦੀ ਭੁੱਖ ਕਿਸੇ ਤੋਂ ਲੁਕੀ ਨਹੀਂ ਸੀ । ਮੇਰੇ ਇਲਾਵਾ ਹੋਰ ਕਈ ਬੁੱਧੀਜੀਵੀ ਤੇ ਸਰਕਾਰੀ ਅਫਸਰ ਪ੍ਰੋਗਰਾਮ ਦਾ ਹਿੱਸਾ ਸਨ lਪ੍ਰੋਗਰਾਮ ਤੋਂ ਬਾਅਦ ਸਾਰੇ ਰਾਤ ਦੇ ਖਾਣੇ ਵੱਲ ਚਲੇ ਗਏ । ਖਾਣੇ ਵਿਚ ਕੋਈ ਉੱਨੀ ਵੀਹ ਅਲੱਗ ਅਲੱਗ ਪ੍ਰਕਾਰ ਦੇ ਵਿਅੰਜਨ ਪਰੋਸੇ ਗਏ ਸਨ । ਲੋਕਾਂ ਨੇ ਖਾਣੇ ਦੀਆਂ ਪਲੇਟਾਂ ਭਰ ਲਈਆਂ ਤੇ ਖਾਣਾ ਸ਼ੁਰੂ ਕੀਤਾ । ਭੋਜਨ ਤੋਂ ਬਾਅਦ ਹਾਲ ਵਿਚ ਮੇਜਾਂ ਤੇ ਪਈਆਂ ਲਗਭਗ ਸਾਰੀਆਂ ਜੂਠੀਆਂ ਪਲੇਟਾਂ ਵਿਚ ਕਿੰਨਾ ਸਾਰਾ ਭੋਜਨ ਛੱਡਿਆ ਹੋਇਆ ਸੀ । ਇਹ ਦੇਖ ਕੇ ਮਨ ਨੂੰ ਬਹੁਤ ਗਹਿਰਾ ਦੁੱਖ ਹੋਇਆ ਕੇ ਅਸੀਂ ਅਸਲ ਵਿਚ ਕਹਿਣੀ ਕਰਨੀ ਦੇ ਪੱਕੇ ਨਹੀਂ ਰਹੇ ।ਅਸੀਂ ਸਾਰੇ ਦੋਗਲੇ ਬੰਦੇ ਹਾਂ, ਸਮਾਜ ਨੂੰ ਦਿਖਾਉਣ ਲਈ ਹੋਰ ਤੇ ਅੰਦਰੋਂ ਕੁਛ ਹੋਰ। ਬਿਲਕੁਲ ਖੋਖਲੇ, ਸਾਡਾ ਕੋਈ ਆਪਣਾ ਕਿਰਦਾਰ ਨਹੀਂ, ਦੀਨ ਧਰਮ ਨਹੀਂ, ਬੱਸ ਪੈਸੇ ਤੇ ਸੋਹਰਤ ਦੀ ਦੌੜ ਵਿਚ ਅੰਨੇ ਵਾਹ ਦੌੜ ਰਹੇ ਹਾਂ । ਅਨਾਜ ਜਿਸ ਨੂੰ ਉਗਾਉਣ ਲਈ ਕਿਸਾਨ ਤੇ ਮਜਦੂਰ ਆਪਣਾ ਖੂਨ ਪਸੀਨਾ ਇਕ ਕਰ ਦੇਂਦੇ ਹਨ ਤੇ ਫਿਰ ਵੀ ਦੋ ਟਾਈਮ ਦੀ ਰੋਟੀ ਤੋਂ ਮੋਹਤਾਜ਼ ਹੁੰਦੇ ਹਨ ਤੇ ਅਸੀਂ ਉਸੇ ਅਨਾਜ ਦੀ ਬੇਕਦਰੀ ਤੇ ਬਰਬਾਦੀ ਕਰ ਰਹੇ ਹਾਂ।ਲੋਕ ਵਾਪਿਸ ਆਪਣੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ । ਮੈਂ ਵੀ ਵਾਪਿਸ ਜਾਣ ਲਈ ਬਾਹਰ ਨਿਕਲਿਆ ਤੇ ਮੇਰਾ ਧਿਆਨ ਹਾਲ ਦੇ ਬਾਹਰ ਕੂੜੇਦਾਨ ਵਿਚ ਸੁਟਿਆ ਹੋਇਆ ਭੋਜਨ ਕੱਢ ਕੇ ਖਾਂਦੇ ਛੋਟੀ ਉਮਰ ਦੇ ਬਿਲਕੁਲ ਹੱਡੀਆਂ ਦੀ ਮੁੱਠ ਦੋ ਬੱਚਿਆਂ ਤੇ ਪਈ ਜਿੰਨਾ ਨੂੰ ਸ਼ਾਇਦ ਪਤਾ ਸੀ ਕੇ ਅੱਜ ਇਥੇ ਕੋਈ ਪ੍ਰੋਗਰਾਮ ਹੈ ਤੇ ਉਹਨਾਂ ਨੂੰ ਅੱਜ ਰਾਤ ਨੂੰ ਭੁੱਖੇ ਢਿੱਡ ਨਹੀਂ ਸੌਣਾ ਪੈਣਾ ।ਇਹ ਵਰਤਾਰੇ ਨੇ ਮੇਰੀ ਤੇ ਅੰਦਰ ਮੌਜੂਦ ਬੁੱਧੀਜੀਵੀਆਂ ਤੇ ਸਮਝਦਾਰ ਕਹਾਉਂਦੇ ਸਮਾਜ ਦੇ ਉਸ ਵਰਗ ਦੀ ਸੋਚ ਬਾਰੇ ਰਹਿੰਦੀ ਖੁੰਹਦੀ ਕਸਰ ਪੂਰੀ ਕਰ ਦਿੱਤੀ ਤੇ ਸਾਡਾ ਤੇ ਸਾਡੇ ਸਿਸਟਮ ਦਾ ਮੂੰਹ ਚਿੜਾ ਰਹੇ ਸਨ।

ਲਿਖਤ- ਗੈਰੀ ਢਿਲੋਂ ਕੈਲਗਰੀ


Exit mobile version