ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਓਂਟਾਰੀਓ ਦੇ ਮਿਸੀਸਾਗਾ ਵਿੱਚ ਦਿਨ ਦਿਹਾੜੇ ਕਾਰ ਚੋਰੀ ਕਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਕਾਰ ਚੋਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਇਹ ਵੀਡੀਓ ਜਾਰੀ ਕਰਦਿਆਂ ਦੱਸਿਆ ਹੈ ਕਿ ਮਿਸੀਸਾਗਾ ਦੇ ਇੱਕ ਵਿਅਕਤੀ ਵੱਲੋਂ ਆਪਣੀ ਪੋਰਸ਼ੇ ਕਾਰ ਨੂੰ ਵੇਚਣ ਸਬੰਧੀ ਆਟੋ ਟਰੇਡਰ ਉੱਪਰ ਐਡ ਦਿੱਤੀ ਗਈ ਸੀ। ਇਸ ਉਪਰੰਤ ਇੱਕ ਲੜਕੀ ਜੋ ਵੇਖਣ ਨੂੰ ਏਸ਼ੀਅਨ ਮੂਲ ਦੀ ਲੱਗਦੀ ਹੈ ਇਸ ਵਿਅਕਤੀ ਦੇ ਘਰ ਦੇ ਬਾਹਰ ਆਈ ਤੇ ਡੋਰ ਬੈੱਲ ਕੀਤੀ । ਜਦੋਂ ਇਸ ਵਿਅਕਤੀ ਨੇ ਦਰਵਾਜ਼ਾ ਖੋਲਿਆ ਤਾਂ ਉਕਤ ਲੜਕੀ ਨੇ ਕਿਹਾ ਕਿ ਉਹ ਪੋਰਸ਼ੇ ਕਾਰ ਵੇਖਣ ਆਈ ਹੈ ਤੇ ਉਹ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ। ਫਿਰ ਇਹ ਲੜਕੀ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਡਰਾਈਵਿੰਗ ਸੀਟ ਤੇ ਬੈਠ ਗਈ ਤੇ ਗੱਡੀ ਸਟਾਰਟ ਕਰ ਲਈ ਇਸ ਤੋਂ ਪਹਿਲਾਂ ਕਿ ਗੱਡੀ ਦਾ ਮਾਲਕ ਵੀ ਨਾਲ ਬੈਠ ਸਕਦਾ ਇਸ ਲੜਕੀ ਨੇ ਗੱਡੀ ਨੂੰ ਅੰਦਰੋਂ ਲੋਕ ਕਰ ਲਿਆ ਤੇ ਫਿਰ ਕਾਹਲੀ ਵਿੱਚ ਗੱਡੀ ਰਿਵਰਸ ਕੀਤੀ ਜਿਸ ਕਾਰਨ ਗੱਡੀ ਦਾ ਮਾਲਕ ਗੱਡੀ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਕਈ ਸੱਟਾਂ ਲੱਗੀਆਂ ਤੇ ਲੜਕੀ ਗੱਡੀ ਲੈ ਕੇ ਫਰਾਰ ਹੋ ਗਈ। ਪੁਲਿਸ ਹੁਣ ਇਸ ਲੜਕੀ ਤੋਂ ਇਲਾਵਾ ਮੌਕੇ ਤੇ ਮੌਜੂਦ ਇੱਕ ਹੋਰ ਗੱਡੀ ਚਾਲਕ ਦੀ ਤਲਾਸ਼ ਕਰ ਰਹੀ ਹੈ