ਫਿਲਮੀ ਸੱਥ

ਕਾਲਜ ਦੀਆਂ ਯਾਦਾਂ ਨਾਲ ਜੁੜੀ ਫ਼ਿਲਮ ‘ਰੋਡੇ ਕਾਲਜ-1’

ਪਿਛਲੇ ਦਿਨੀਂ ਲੰਘੀ 29 ਅਗਸਤ ਨੂੰ ਓ.ਟੀ.ਟੀ. ਐਪ ‘ਚੌਪਾਲ’ ਉੱਪਰ ਪੰਜਾਬੀ ਫਿਲਮ ‘ਰੋਡੇ ਕਾਲਜ-1’ ਰੀਲੀਜ਼ ਹੋਈ ਹੈ, ਜੋ ਕਿ ਕਾਫ਼ੀ ਚਰਚਾ ਵਿੱਚ ਹੈ। ਹੋਰਨਾਂ ਫ਼ਿਲਮਾਂ ਤੋਂ ਕੁਝ ਵੱਖਰੀ ਕਹਾਣੀ ਵਾਲੀ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਹੈਪੀ ਰੋਡੇ ਹਨ ਅਤੇ ਇਸਦੀ ਸਟਾਰ ਕਾਸਟ ਵਿੱਚ ਮਾਨਵ ਵਿੱਜ ਅਤੇ ਯੋਗਰਾਜ ਸਿੰਘ ਤੋਂ ਇਲਾਵਾ ਥੀਏਟਰ ਨਾਲ ਜੁੜੇ ਵਿਸ਼ਾਲ ਬਰਾੜ, ਧਨਵੀਰ ਸਿੰਘ, ਮਨਪ੍ਰੀਤ ਡੌਲੀ, ਅਰਵਿੰਦਰ ਕੌਰ, ਰਾਹੁਲ ਜੇਟਲੀ, ਬਲਵਿੰਦਰ ਧਾਲੀਵਾਲ, ਕਵੀ ਸਿੰਘ ਅਤੇ ਰਾਜ ਜੋਧਾ ਵਰਗੇ ਪ੍ਰਤਿਭਾਵਾਨ ਨਵੇਂ ਚਿਹਰੇ ਵੀ ਸ਼ਾਮਲ ਹਨ। ਇਨ੍ਹਾਂ ਸਭਨਾਂ ਨੇ ਇਸ ਬਿਹਤਰੀਨ ਪਲੇਟਫ਼ਾਰਮ ਤੇ ਆਪਣੇ ਵੱਲੋਂ ਪੂਰੀ ਕਮਾਲ ਕੀਤੀ ਹੋਈ ਹੈ।

ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦੇ ਪੰਜਾਬ ਦੇ ਪੁਰਾਣੇ ਪੌਲੀਟੈਕਨਿਕ ਕਾਲਜਾਂ ਵਿੱਚੋਂ ਇੱਕ ਸਰਕਾਰੀ ਪੌਲੀਟੈਕਨਿਕ ਕਾਲਜ ਰੋਡੇ, ਸਰਕਾਰੀ ਗੁਰੂ ਨਾਨਕ ਆਰਟਸ ਕਾਲਜ ਰੋਡੇ ਇਸ ਫ਼ਿਲਮ ਦੇ ਕੇਂਦਰ ਬਿੰਦੂ ਹਨ। ਫ਼ਿਲਮ ਦੀ ਕਹਾਣੀ ਵੀ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਹੈ ਅਤੇ ਬਹੁਤੀ ਸ਼ੂਟਿੰਗ ਵੀ ਇਹਨਾਂ ਕਾਲਜਾਂ ਵਿੱਚ ਹੀ ਹੋਈ ਹੈ। ਇੱਕ ਦੂਜੇ ਦੇ ਗੁਆਂਢੀ ਇਹ ਦੋਵੇਂ ਵਿੱਦਿਅਕ ਅਦਾਰੇ ਪੰਜਾਬ ਦੇ ਮੰਨੇ ਪ੍ਰਮੰਨੇ ਵਿੱਦਿਅਕ ਅਦਾਰੇ ਵੀ ਹਨ। ਜਿੱਥੋਂ ਪੜ੍ਹ ਕੇ ਜਾਣ ਵਾਲੇ ਵਿਦਿਆਰਥੀ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਜਾਂ ਫਿਰ ਰਿਟਾਇਰ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਸਰਕਾਰੀ ਪੌਲੀਟੈਕਨਿਕ ਕਾਲਜ ਦਾ ਮੈਂ ਵੀ ਇੱਕ ਸਾਬਕਾ ਵਿਦਿਆਰਥੀ ਹਾਂ, ਸੋ ਸੁਭਾਵਿਕ ਜਿਹੀ ਗੱਲ ਹੈ ਕਿ ਫ਼ਿਲਮ ਵੇਖਕੇ ਕਾਲਜ ਦੇ ਬੀਤੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਇਸ ਫ਼ਿਲਮ ਵਿੱਚ ਮਾਨਵ ਵਿੱਜ ਵੱਲੋਂ ਬੋਲਿਆ ਗਿਆ ਇੱਕ ਡਾਇਲਾਗ ਹੈ, ‘ਕਾਲਜ ਦੇ ਦਿਨ ਜ਼ਿੰਦਗੀ ਦੇ ਸਭ ਤੋਂ ਖ਼ੂਬਸੂਰਤ ਦਿਨ ਹੁੰਦੇ ਹਨ, ਜੋ ਕਦੇ ਨਹੀਂ ਭੁੱਲਦੇ’। ਸੱਚਮੁੱਚ ਹੀ ਮੇਰੇ ਵਾਂਗ ਇਨ੍ਹਾਂ ਕਾਲਜਾਂ ਦਾ ਕੋਈ ਵੀ ਪੁਰਾਣਾ ਵਿਦਿਆਰਥੀ ਇਹ ਫ਼ਿਲਮ ਵੇਖੇਗਾ ਤਾਂ ਕਾਲਜ ਦੀਆਂ ਯਾਦਾਂ ਦਿਲ ਨੂੰ ਧੂਹ ਜਿਹੀ ਪਾਉਣਗੀਆਂ।

ਫ਼ਿਲਮ ਦੀ ਕਹਾਣੀ ਕਿਸੇ ਸਮੇਂ ਇੱਥੇ ਸਿਖਰਾਂ ਤੇ ਰਹੀਆਂ ਵਿਦਿਆਰਥੀ ਗੁੱਟਬੰਦੀਆਂ ਉੱਤੇ ਪੈਣ ਵਾਲੇ ਰਾਜਨੀਤਿਕ ਪ੍ਰਭਾਵਾਂ ਦੇ ਚੱਲਦੇ ਵਿਦਿਆਰਥੀ ਜੀਵਨ ‘ਤੇ ਪੈਣ ਵਾਲੇ ਪ੍ਰਭਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਵਿਦਿਆਰਥੀ ਰਾਜਨੀਤੀ ਤੇ ਬਣਾਈ ਗਈ ਇਹ ਫ਼ਿਲਮ ਉਸ ਸਮੇਂ ਦੇ ਹਾਲਾਤਾਂ ਨੂੰ ਹੂਬਹੂ ਪੇਸ਼ ਕਰਦੀ ਹੈ ਅਤੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀਆਂ ਕਿਤੇ ਗੁਆਚੀਆਂ ਭਾਵਨਾਤਮਕ ਯਾਦਾਂ ਨੂੰ ਵੀ ਮੁੜ ਕਿਤੋਂ ਲੱਭ ਲਿਆਉਂਦੀ ਹੈ। ਵਿਦਿਆਰਥੀ ਰਾਜਨੀਤੀ ਦੇ ਹੋਰਨਾਂ ਕਈ ਪੱਖਾਂ ਤੋਂ ਜਾਣੂੰ ਕਰਵਾਉਂਦੇ ਹੋਏ ਇਹ ਬੜੇ ਖ਼ੂਬਸੂਰਤ ਤਰੀਕੇ ਨਾਲ ਵਿਖਾਇਆ ਗਿਆ ਹੈ ਕਿ ਕਿਵੇਂ ਰਾਜਨੀਤਕ ਲੋਕ ਆਪਣੇ ਫ਼ਾਇਦਿਆਂ ਲਈ ਵਿਦਿਆਰਥੀ ਆਗੂਆਂ ਨੂੰ ਵਰਤਦੇ ਹਨ। ਜਵਾਨੀ ਦੇ ਜੋਸ਼ ਅਤੇ ਸੱਤਾਧਾਰੀ ਲੋਕਾਂ ਦੀ ਹੱਲਾ-ਸ਼ੇਰੀ ਨਾਲ ਕਿਵੇਂ ਵਿਦਿਆਰਥੀ ਆਪਣੇ ਅਸਲ ਰਾਹ ਤੋਂ ਭਟਕ ਜਾਂਦੇ ਹਨ। ਪਰ ਜਦੋਂ ਥੋੜ੍ਹੀ ਸੋਝੀ ਆਉਂਦੀ ਹੈ ਤਾਂ ਸੋਚਦੇ ਹਨ ਕਿ ਜਵਾਨੀ ਦੇ ਇਸ ਜੋਸ਼ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਹੋਰਨਾਂ ਯੋਧਿਆਂ ਵਾਂਗ ਸਹੀ ਪਾਸੇ ਵਰਤਿਆ ਜਾਂਦਾ ਤਾਂ ਸ਼ਾਇਦ ਵਿਦਿਆਰਥੀ ਵਰਗ ਦੀਆਂ ਹੋਰਨਾਂ ਸਮੱਸਿਆਵਾਂ ਦਾ ਕੋਈ ਸਾਰਥਕ ਹੱਲ ਵੀ ਹੁੰਦਾ। ਫਿਰ ਜਦੋਂ ਇਹੀ ਵਿਦਿਆਰਥੀ ਸੱਤਾਧਾਰੀ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦੀ ਜੁਰਅਤ ਕਰਦੇ ਹਨ ਤਾਂ ਕਿਵੇਂ ਉਨ੍ਹਾਂ ਨੂੰ ਮਾੜੇ ਸਿਸਟਮ ਦੀ ਭੇਟ ਚੜ੍ਹਾਇਆ ਜਾਂਦਾ ਹੈ। ਅੱਸੀ ਨੱਬੇ ਦੇ ਦਹਾਕੇ ਦੇ ਪੰਜਾਬ ਦੀ ਜਵਾਨੀ ਦਾ ਉਸਤੋਂ ਵੀਹ ਬਾਈ ਸਾਲ ਬਾਅਦ ਦੇ ਪੰਜਾਬ ਦੀ ਜਵਾਨੀ ਨਾਲ ਸੰਬੰਧ ਬੜੇ ਸੋਹਣੇ ਤਰੀਕੇ ਨਾਲ ਜੋੜਿਆ ਗਿਆ ਹੈ। ਇਸ ਤਰ੍ਹਾਂ ਇਹ ਜਵਾਨੀ ਦੀਆਂ ਦੋ ਪੀੜ੍ਹੀਆਂ ਦੀ ਕਹਾਣੀ ਹੈ। ਕਾਲਜੀਏਟ ਵਿਦਿਆਰਥੀਆਂ ਦੀ ਆਏ ਦਿਨ ਬੱਸ ਕੰਪਨੀਆਂ ਨਾਲ ਬਹਿਸਬਾਜ਼ੀ ਅਕਸਰ ਲੜਾਈ ਵਿੱਚ ਬਦਲ ਜਾਂਦੀ ਸੀ। ਕਈ ਵਾਰ ਨੌਬਤ ਇੱਥੋਂ ਤੱਕ ਵੀ ਆ ਜਾਂਦੀ ਸੀ ਕਿ ਰੋਸ ਵਿੱਚ ਆਏ ਵਿਦਿਆਰਥੀਆਂ ਵੱਲੋਂ ਬੱਸਾਂ ਦੀ ਭੰਨ-ਤੋੜ ਅਤੇ ਬੱਸ ਆਪ੍ਰੇਟਰਾਂ ਨਾਲ ਹੱਥੋਪਾਈ ਵੀ ਹੋ ਜਾਂਦੀ ਸੀ। ਇਹ ਵੀ ਕਾਲਜ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਸੀ।

ਰੋਡੇ ਕਾਲਜ ਦਾ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਇਹ ਫ਼ਿਲਮ ਦੀ ਕਹਾਣੀ ਅਤੇ ਕਾਲਜ ਵਿੱਚ ਹੋਈ ਸ਼ੂਟਿੰਗ ਨੇ ਮੈਨੂੰ ਥੋੜ੍ਹਾ ਭਾਵੁਕ ਵੀ ਕੀਤਾ ਹੈ, ਕਿਉਂਕਿ ਕਾਲਜ ਦੇ ਵਿੱਛੜੇ ਉਹ ਸਾਥੀ ਵੀ ਚੇਤੇ ਆਏ ਹਨ ਜੋ ਅੱਜ ਦੂਰ ਵਿਦੇਸ਼ਾਂ ਵਿੱਚ ਬੈਠੇ ਹਨ। ਰੱਬ ਅੱਗੇ ਦੁਆ ਕਰਦਾ ਹਾਂ ਕਿ ਵਿੱਦਿਆ ਦੇ ਇਹ ਚਾਨਣ ਮੁਨਾਰੇ ਹਮੇਸ਼ਾ ਵੱਸਦੇ ਰਹਿਣ, ਇਨ੍ਹਾਂ ਵਿੱਚ ਸਦਾ ਰੌਣਕਾਂ ਲੱਗੀਆਂ ਰਹਿਣ। ਨਵੇਂ ਵਿਦਿਆਰਥੀ ਆਉਂਦੇ ਰਹਿਣ ਅਤੇ ਕੁਝ ਸਿੱਖਦੇ ਜਾਣ। ਵਿਦਿਆਰਥੀਆਂ ਨੂੰ ਵੀ ਪੇਸ਼ ਆਉਂਦੀਆਂ ਸਾਰੀਆਂ ਸਮੱਸਿਆਵਾਂ ਦਾ ਕੋਈ ਪੱਕਾ ਹੱਲ ਹੋਵੇ। ਕਾਲਜ ਦੇ ਉਸ ਬੀਤੇ ਵਕਤ ਦੀਆਂ ਯਾਦਾਂ ਤਾਜ਼ੀਆਂ ਕਰਵਾਉਣ ਲਈ ਫ਼ਿਲਮ ‘ਰੋਡੇ ਕਾਲਜ’ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਇਸਤੋਂ ਅੱਗੇ ਆਉਣ ਵਾਲੇ ਇਸਦੇ ਦੂਜੇ ਭਾਗ ਦੀ ਵੀ ਬੇਸਬਰੀ ਨਾਲ ਉਡੀਕ ਹੈ।

ਲਖਵਿੰਦਰ ਜੌਹਲ ‘ਧੱਲੇਕੇ’

ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰ:- 9815959476
ਈਮੇਲ-[email protected] 

Show More

Related Articles

Leave a Reply

Your email address will not be published. Required fields are marked *

Back to top button
Translate »