ਤੜ੍ਹਕੇ ਖੇਤਾਂ ਵੱਲ ਪਾਣੀ ਕਲ੍ਹ ਕਲ੍ਹ ਕਰਦਾ,
ਖੜਕਣ ਘੁੰਗਰੂ ਅਤੇ ਬਲਦਾਂ ਦੀਆਂ ਟੱਲੀਆਂ।
ਝੋਨੇ ਝੰਬਣੇ, ਕਪਾਹਾਂ ਚੂਗਣਾਂ, ਮਟਰ ਤੋੜਨੇ, ਸਰੋਂ ਗਾਹੁਣੀ,
ਵਿਸਾਖੀ ਤੇ ਨਿਸਰਨ, ਕਣਕਾਂ ਦੀਆਂ ਬੱਲੀਆਂ।
ਮੀਂਹ ਹਨੇਰੀ ਝੱਖਣ ਵੱਗਣ, ਤੇ ਫ਼ਸਲਾਂ ਸਾਂਭੋ,
ਉੱਠੋ ਕਰੋ ਸਾਰੇ ਟਰੈੱਕਟਰ ਨਾਲ ਕੰਮ, ਲੋਏ ਲੋਏ ।
ਸਮਾਂ ਬੀਤਿਆ ਛੱਲਾਂ ਕਪਟਾਂ ਨਾਲ, ਕੰਪਨੀਆਂ ਰਾਹ ਮੱਲੇ,
ਸਾਰੇ ਖੇਤੀ ਤੋਂ ਕੰਨੀ ਕਤਰਾਂਉਂਦੇ, ਕੱੁਝ ਹੋਰ, ਕੰਮੋਂ ਮੂੰਹ ਮੋੜ ਖਲੋਏ।
ਆਪਣੇ ਤੌਰ-ਤਰੀਕੇ ਛੱਡ ਕੇ, ਪੈਲੇਸਾਂ’ਚ ਵਿਆਹ ਕਰਨੇ
ਜਰੂਰੀ ਹੋ ਗਏ, ਭਾਵੇਂ ਖੁੱਲੀ ਥਾਂ ਲਈ ਵੀਹ ਖੇਤ ਹੋਣ,
ਟੌਹਰ ਤੇ ਨੱਕ ਨਮੂਜ ਦੇ ਲਈ, ਲੋੜੋਂ ਵੱਧ ਪੈਸੇ ਵਿਆਹ ਤੇ ਚੁੱਕ ਕੇ,
ਅਮੀਰਾਂ ਦੀ ਰੀਸੇ ਖਰਚੇ ਕਰਨੇ, ਸਾਦੇ ਰਿਵਾਜ ਨਾ ਪੋਹਣ।
ਫਿਰ ਵਿਦੇਸ਼ੀ ਜਾਣ ਲਈ, ਵਿਰਲੇ-ਵਿਰਲੇ ਘਰੀਂ ,
ਉੱਠੀਆਂ ਅਵਾਜਾਂ ਪੈਸੇ ਲਾਈਏ, ਰੋਜ਼ੀ-ਰੋਟੀ ਕਮਾਉਣ ਦੇ ਲਈ।
ਐਸਾ ਵਾ-ਵਰੋਲ੍ਹਾ ਉੱਠਿਆ, ਬੈਂਕਾਂ ਤੋਂ ਕਰਜ਼ੇ ਲੈ,
ਹਰ ਘਰੋਂ ਵਿਦੇਸ਼ੀਂ ਪਹੁੰਚੇ, ਆਪਣਾ ਭਵਿੱਖ ਬਣਾਉਣ ਦੇ ਲਈ।
ਵਿਹੜਿਆ ਚੋਂ ਹਾਸਿਆ ਦੇ ਛਣਕਾਟੇ ਮੁੱਕ ਗਏ,
ਵਿਛੋੜੇ ਦੀਆਂ ਤੱਤੀਆਂ ਹਵਾਵਾਂ ਨੇ, ਤੱਤੇ ਚਾਅ ਕਰਤੇ।
ਨਾ ਹੁਣ ਚਾਅ ਰਹੇ ਘਰੀਂ, ਨਾ ਮੋਹ ਰਹੇ,
ਐਸੇ ਜਖ਼ਮ ਤੰਗੀਆ-ਤੁਰਸ਼ੀਆਂ ਦੇ ਕਰਤੇ।
ਸਰਕਾਰਾਂ ਬੁਰਕੀਆਂ’ਚ ਪੈਸੇ ਦੇਹ, ਜਮੀਨਾਂ ਹੱੜਪ ਲਈਆਂ,
ਭੋਲੇ ਚਾਲਾਂ ਨਾ ਸਮਝਣ, ਬੁੱਧੂ ਬਣਾ ਦਿੱਤਾ।
ਮਰਦਾ ਅੱਕ ਚੱਬੇ, ਦੁਸ਼ਵਾਰੀਆਂ ਤੇ ਮਜਬੂਰੀਆਂ ਦੇ,
ਹਵੇਲੀਆਂ, ਪੈਲੇਸਾਂ ਲਈ, ਉਹਨਾਂ ਨੂੰ ਖੇਤਾਂ ਦਾ ਝੁੰਡ ਵਿਕਾ ਦਿੱਤਾ।
ਜ਼ਮਾਨਾ ਬਦਲਿਆ, ਰਿਸ਼ਤੇ ਬਦਲ ਗਏ ਬੰਦੇ ਦੇ,
ਅੱਗੇ ਵਧਿਆ ਸਾਰਾ, ਲਾਣਾ-ਘਰਾਣਾ ਬਦਲਿਆ।
ਭਵਿੱਖ ਬਣਾਉ ਵਿਦੇਸ਼ੀਂ ਜਾ ਤਰੱਕੀਆਂ ਕਰੋ,
ਉੱਥੇ ਕਾਇਦੇ- ਕਾਨੂੰਨ’ਚ ਰਹਿਣਾ ਆਪਣਾ ਲਾਣਾ ਬਾਣਾ ਬਦਲਿਆ।
ਇੱਕ ਨਵਾਂ ਹੀ ਢੰਗ ਲੱਭਿਆ ਸਾਇੰਸ ਨੇ,
ਹੱਸਦੀ-ਰਸਦੀ ਜਵਾਨੀ ਨੂੰ ਰਾਹੋਂ, ਭਟਕਾਅ ਦਿੱਤਾ।
ਕਦੇ ਰੱਬੀ ਰਜ਼ਾ’ਚ ਰਹਿ, ਬੰਦਾ ਸੀ ਅੱਗੇ ਵੱਧਦਾ,
ਹੁਣ ਤਾਂ ਸਾਇੰਸ ਨੇ ਹੱਦ ਕਰਤੀ, ਕੁੜੀ ਨੂੰ ਮੁੰਡਾ ਬਣਾ ਦਿੱਤਾ।
ਰੱਬ ਦੀ ਹੋਂਦ ਤੋਂ ਮੁਨਕਰ ਹੋ, ਮਨ ਨੂੰ ਹਵਾ ਦੇ ਕੇ,
ਜੋ ਵੀ ਹੈ, ਉਸ ਨੂੰ ਨਾ-ਮੰਜ਼ੂਰ ਕਰ ਕੁੜੀ ਮੁੰਡੇ ਦਾ ਠੱਪਾ ਲੁਆ ਦਿੱਤਾ।
ਕਹਿੰਦਾ ਜੀਅ ਕਰੇ ਕੁੜੀ ਬਣਾ, ਜੀਅ ਕਰੇ ਮੁੰਡਾ ਬਣਾ,
ਆਪਣੀ ਮਰਜ਼ੀ ਹੈ, ਮਨ ਜੋ ਕਹਿੰਦਾ ਉਹੋ ਹੁੰਦਾ ਪਿਆ।
ਉ! ਬੰਦਿਆਂ ਜੇ ਰੱਬ ਨੇ ਸਹੂਲਤਾਂ ਦਾ ਮੁੱਘ ਕੀਤਾ,
ਫ਼ਰਜ਼ ਨਿਭਾਅ, ਅੱਗੇ ਵਧ ਕੇ ਰਜ਼ਾ’ਚ ਰਹਿਣਾ ਸਿੱਖ।
ਕਿਸਮਤ ਕੋਈ ਨਹੀਂ ਬਦਲ ਸਕਦਾ, ਜੋ ਮਰਜ਼ੀ ਹੋਵੇ,
ਯਤਨ ਲੱਖ ਕਰਕੇ ਬਦਲ ਤੂੰ ਆਪਣਾ ਭਵਿੱਖ।
ਉਹ ਜੋ ਚਾਹੁੰਦਾ, ਹਮੇਸ਼ਾ ਉਹ ਹੀ ਹੁੰਦਾ, ਕੋਸ਼ਿਸ਼ ਤੂੰ ਕਰ,
ਪਰਮਾਤਮਾ ਦੇ ਹੁਕਮ ਬਿਨਾਂ, ਕਦੇ ਕੁੱਝ ਵਾਪਰੇ ਨਾ।
ਕੋਣ ਕਹਿੰਦਾ ਮੇਰਾ ਸਭ, ਪਲਾਂ’ਚ ਖਤਮ ਹੋਵੇ,
ਜੇ ਰੱਬ ਦੀ ਚਾਬੀ ਕੋਲ ਹੋਵੇ, ਬੰਦਾ ਕਦੇ ਘਾਬਰੇ ਨਾ।
ਜਿੰਨੀ ਮਰਜ਼ੀ ਤਰੱਕੀ ਕਰ ਲਏ ਸਾਇੰਸ,
ਘੜਾ ਰੱਬ ਦਾ, ਕੋਈ ਨਹੀਂ ਲੱਭ ਸਕਦਾ।
ਹੋਣਾ ਉਹੋ, ਜੋ ਉਹ ਕਰਮਾਂ ਮੁਤਾਬਿਕ ਚਾਹਵੇ,
ਉਦਾਂ ਬੰਦਾ ਹਮੇਸ਼ਾ ਖੁਸ਼ੀਆਂ, ਕੋਲ ਨਾ ਰੱਖ ਸਕਦਾ।
ਉਸ ਨੇ ਸੋਚ ਕੇ ਕੁੜੀ, ਤੇ ਮੁੰਡਾ ਬਣਾਇਆ,
ਅੰਦਰਲੇ ਗੁਣ ਪਛਾਣ, ਖੁਸ਼ ਰਹਿ, ਜੀਉ ਕੇ ਵਿਖਾ।
ਮਾਨਵਤਾ ਦੇ ਰੰਗ ਭਰ, ਜਿੰਦਗੀ ਦੇ ਹਰ ਮੋੜ ਤੇ,
ਹਰਜਿੰਦਰ ਬਦੇਸ਼ਾ ਬਣ ਕੇ ਵਿਖਾ , ਲੋਕਾਂ ਤੋਂ ਵੱਖਰਾ ਕਰਕੇ ਦਿਖਾ।