ਕੀ ਪੰਜਾਬੀ ਹੱਡ ਹਰਾਮੀ ਹੋ ਗਏ ਹਨ….?
![](https://b1912578.smushcdn.com/1912578/wp-content/uploads/2025/02/image-1.jpeg?lossy=1&strip=1&webp=1)
ਪੰਜਾਬੀ ਕੌਮ ਦੇਸ਼ ਭਰ ਵਿੱਚ ਆਪਣੀ ਦਲੇਰੀ, ਮਿਹਨਤ, ਅਤੇ ਸੇਵਾ-ਭਾਵ ਲਈ ਮਸ਼ਹੂਰ ਹੈ। ਗੁਰੂ ਨਾਨਕ ਦੇਵ ਜੀ ਦੇ “ਕਿਰਤ ਕਰੋ” ਦੇ ਸਿੱਧਾਂਤ ਨੇ ਸਾਡੀ ਕੌਮ ਨੂੰ ਮਿਹਨਤ ਦੀ ਰਾਹ ਦਿਖਾਈ ਸੀ। ਪਰ, ਅੱਜ ਇਸ ਸਿੱਧਾਂਤ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਖਿਰ ਕੀ ਅਸਲ ਸੱਚਾਈ ਹੈ? ਕੀ ਸਾਡੇ ਪੰਜਾਬੀ ਲੋਕ ਮਿਹਨਤ ਕਰਨ ਤੋਂ ਪਿੱਛੇ ਹਟ ਗਏ ਹਨ? ਜਾਂ ਸਿਰਫ ਫੁਕਰ ਗਰਦੀ ਅਤੇ ਹੋਰਾਂ ਦੀ ਨਿੰਦਾ ਹੀ ਸਾਡਾ ਨਵਾਂ ਰਵੱਈਆ ਬਣ ਗਿਆ ਹੈ? ਇਹ ਸਵਾਲ ਸਾਡੇ ਚਰਿੱਤਰ ਅਤੇ ਆਤਮ-ਮਨਥਨ ਦੀ ਲੋੜ ਨੂੰ ਦੱਸਦੇ ਹਨ। ਅੱਜ ਪੰਜਾਬ ਦੇ ਹਰ ਕੋਨੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸਾਡੀ ਜ਼ਮੀਨ ਤੇ ਰਹਿਣ ਵਾਲੇ ਪਰਵਾਸੀ ਲੋਕ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਭਰ ਰਹੇ ਹਨ। ਜੇਕਰ ਕੋਈ ਪਰਵਾਸੀ ਰੇੜੀ ਲਗਾ ਕੇ ਸਬਜ਼ੀ ਵੇਚ ਰਿਹਾ ਹੈ ਜਾਂ ਖੇਤਾਂ ਵਿੱਚ ਮਿਹਨਤ ਕਰ ਰਿਹਾ ਹੈ, ਤਾਂ ਉਹ ਸੱਚਮੁੱਚ ਗੁਰੂਆਂ ਦੇ ਉਪਦੇਸ਼ ‘ਕਿਰਤ ਕਰੋ’ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਰਿਹਾ ਹੈ। ਇਸਦੇ ਉਲਟ, ਸਾਡੀ ਕੌਮ ਦੇ ਬਹੁਤ ਸਾਰੇ ਲੋਕ ਮਿਹਨਤ ਕਰਨ ਦੀ ਬਜਾਏ ਪਰਵਾਸੀਆਂ ਨੂੰ ਦੋਸ਼ ਦੇ ਰਹੇ ਹਨ ਕਿ ਇਹਨਾਂ ਨੇ ਸਾਡੇ ਰੋਜਗਾਰ ਖੋਹ ਲਏ ਹਨ । ਇਹ ਦੋਸ਼ ਦੇਣਾ ਕਿੰਨਾ ਸਹੀ ਹੈ?
ਪਰਵਾਸੀ ਵਿਅਕਤੀ ਸਾਡੇ ਸੂਬੇ ਵਿੱਚ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਮਿਹਨਤ ਕਰ ਰਿਹਾ ਹੈ। ਉਹ ਸਾਨੂੰ ਕੋਈ ਦਬਾਅ ਨਹੀਂ ਪਾ ਰਿਹਾ ਕਿ ਅਸੀਂ ਉਸ ਤੋਂ ਕੁਝ ਖਰੀਦ ਲਈਏ ਜਾਂ ਅਸੀਂ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਕਹੀਏ। ਇਹ ਅਸਲ ਵਿੱਚ ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਅਸੀਂ ਉਹਨਾਂ ਤੋਂ ਕੰਮ ਲੈਣ ਲਈ ਮਜਬੂਰ ਹਾਂ ਕਿਉਂਕਿ ਉਹ ਮਿਹਨਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਹਨ। ਜੇ ਅਸੀਂ ਸੋਚੀਏ, ਤਾਂ ਸਾਡੇ ਆਪਣੇ ਹੀਂ ਲੋਕ ਕਿਉਂ ਮਿਹਨਤ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ? ਕੀ ਇਸਦੀ ਵਜ੍ਹਾ ਸਿਰਫ਼ ਸਾਡਾ ਹੱਡ ਹਰਾਮੀ ਹੋਣਾ ਹੈ? ਅੱਜ ਸਾਡੇ ਨੌਜਵਾਨ ਮੋਟਰਸਾਇਕਲਾਂ, ਬੁਲਟਾਂ, ਫੈਸ਼ਨ ਅਤੇ ਬਣਾਵਟੀ ਸਿਹਤਮੰਦ ਜ਼ਿੰਦਗੀ ਦੀ ਨਕਲੀ ਸ਼ਾਨ ਵਿੱਚ ਫਸੇ ਹੋਏ ਹਨ। ਜਿੱਥੇ ਪਹਿਲਾਂ ਖੇਤਾਂ ਵਿੱਚ ਮਿਹਨਤ ਕਰਨਾ ਸਨਮਾਨ ਦੀ ਗੱਲ ਮੰਨੀ ਜਾਂਦੀ ਸੀ, ਉੱਥੇ ਅੱਜ ਇਹ ਕਮਜ਼ੋਰੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਇਸੇ ਕਾਰਨ, ਅੱਜ ਖੇਤਾਂ ਵਿੱਚ ਕੰਮ ਕਰਨ ਲਈ ਯੂਪੀ ਅਤੇ ਬਿਹਾਰ ਦੀ ਮਜ਼ਦੂਰ ਲੇਬਰ ਨੂੰ ਸੱਦਣਾ ਪੈਂਦਾ ਹੈ। ਇਹ ਸਾਫ ਦੱਸਦਾ ਹੈ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਮਿਹਨਤ ਤੋਂ ਪਿੱਛੇ ਹਟ ਗਏ ਹਨ।
ਮੌਜੂਦਾ ਹਾਲਾਤਾਂ ਦੀ ਸੱਚਾਈ ਇਹ ਹੈ ਕਿ ਅੱਜ ਪੰਜਾਬ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਪਰ ਇਹ ਵੀ ਸਮਝਣ ਯੋਗ ਹੈ ਕਿ ਇਹ ਬੇਰੁਜ਼ਗਾਰੀ ਸਿਰਫ ਸਰਕਾਰ ਦੀਆਂ ਨੀਤੀਆਂ ਦੀ ਨਤੀਜਾ ਨਹੀਂ ਹੈ। ਕਈ ਲੋਕ ਆਪਣੀ ਬੇਰੁਜ਼ਗਾਰੀ ਦਾ ਦੋਸ਼ ਪਰਵਾਸੀ ਮਜ਼ਦੂਰਾਂ ਨੂੰ ਦੇਣ ਲੱਗੇ ਹਨ। ਅਗਰ ਸੱਚ-ਮੁੱਚ ਸੂਬੇ ਵਿੱਚ ਰੋਜਗਾਰ ਦੀ ਕਮੀ ਹੈ ਤਾਂ ਪ੍ਰਵਾਸੀ ਕਿਉਂ ਨਿਰੰਤਰ ਸੁਬੇ ਵਿੱਚ ਆ ਕੇ ਵੱਸ ਰਹੇ ਹਨ? ਸੱਚਾਈ ਇਹ ਹੈ ਕਿ ਜੇਕਰ ਸਾਡੇ ਨੌਜਵਾਨ ਖੁਦ ਮਿਹਨਤ ਕਰਨ ਲੱਗਣ, ਤਾਂ ਉਹਨਾਂ ਨੂੰ ਕੰਮ ਦੀ ਕੋਈ ਕਮੀ ਨਹੀਂ ਹੋਵੇਗੀ। ਮਸਲਾ ਇਹ ਹੈ ਕਿ ਅਸੀਂ ਮਿਹਨਤ ਵਾਲੇ ਕੰਮ ਨੂੰ ਆਪਣੀ ਸ਼ਾਨ ਨੂੰ ਹੇਠਾਂ ਲਿਆਉਣ ਵਾਲੀ ਗੱਲ ਮੰਨ ਲਿਆ ਹੈ। ਜਦੋਂ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਅਤੇ ਕਾਰੋਬਾਰ ਕਰਦੇ ਹਨ, ਉਹ ਮਿਹਨਤ ਕਰਕੇ ਆਪਣਾ ਨਾਮ ਕਮਾਉਂਦੇ ਹਨ। ਕਈ ਪ੍ਰਵਾਸੀ ਪੰਜਾਬੀ ਉਦਯੋਗਪਤੀ ਬਣੇ ਹਨ ਅਤੇ ਵਿਦੇਸ਼ਾਂ ਵਿੱਚ ਸਾਡੇ ਸਮਾਜ ਦੀ ਨੁਮਾਇੰਦਗੀ ਕਰਦੇ ਹਨ। ਪਰ ਇਹ ਕਮਾਲ ਉਹ ਮਿਹਨਤ ਨਾਲ ਹੀ ਕਰਦੇ ਹਨ। ਫਿਰ ਇੱਥੇ ਪੰਜਾਬ ਵਿੱਚ ਇਹ ਮਿਹਨਤ ਕਿਉਂ ਨਹੀਂ ਕੀਤੀ ਜਾ ਰਹੀ? ਸੱਚ ਪੁੱਛੋ ਤਾਂ ਇਹ ਸਵਾਲ ਸਾਡੀ ਕੌਮ ਦੀ ਸੋਚ ਅਤੇ ਸੱਭਿਆਚਾਰਕ ਬਦਲਾਅ ਵੱਲ ਇਸ਼ਾਰਾ ਕਰਦਾ ਹੈ।
ਸਾਡੀ ਕੌਮ ਨੂੰ ਸਮਝਣਾ ਹੋਵੇਗਾ ਕਿ ਸਖ਼ਤ ਮਿਹਨਤ ਜੀਵਨ ਦੀ ਅਸਲ ਸਫਲਤਾ ਹੈ। ਇਸ ਸਵਾਲ ਨੂੰ ਹੱਲ ਕਰਨ ਲਈ ਸਾਡੇ ਵਲੋਂ ਨੌਜਵਾਨਾਂ ਨੂੰ ਜ਼ਿਮਮ੍ਹੇਦਾਰ ਬਣਾਉਣ ਅਤੇ ਮਿਹਨਤ ਦੀ ਮਹੱਤਤਾ ਸਿੱਖਾਉਣ ਦੀ ਜ਼ਰੂਰਤ ਹੈ। ਖੇਤੀਬਾੜੀ ਵਿੱਚ ਮਿਹਨਤ ਵਾਲੇ ਕੰਮਾਂ ਨੂੰ ਦੁਬਾਰਾ ਅਪਨਾਉਣਾ ਹੋਵੇਗਾ ਅਤੇ ਕਿਰਤ ਕਰਨ ਨੂੰ ਫਾਲਤੂ ਸਮਝਣ ਵਾਲੀ ਸੋਚ ਦਾ ਖਾਤਮਾ ਕਰਨਾ ਪਵੇਗਾ। ਜੇ ਸਾਡੇ ਨੌਜਵਾਨ ਸਿਰਫ ਚਿੱਟੇ ਕੱਪੜੇ ਪਹਿਨਣ ਅਤੇ ਫੁਕਰਪੰਥੀ ਕਰਨ ਤੋਂ ਹਟ ਕੇ ਹੱਥੀ ਕੰਮ ਕਰਨਾ ਸ਼ੁਰੂ ਕਰਨ, ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸੂਬੇ ਨੂੰ ਕਿਸੇ ਪਰਵਾਸੀ ਮਜ਼ਦੂਰ ਦੀ ਲੋੜ ਨਹੀਂ ਰਹੇਗੀ। ਸਾਡੀ ਕੌਮ ਦੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਕਿਸੇ ਨੂੰ ਦੋਸ਼ ਦੇਣ ਨਾਲ ਕੋਈ ਫਾਇਦਾ ਨਹੀਂ। ਜੇਕਰ ਪਰਵਾਸੀ ਵਿਅਕਤੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ, ਤਾਂ ਇਹ ਸਾਡੇ ਲਈ ਚੇਤਾਵਨੀ ਹੈ ਕਿ ਅਸੀਂ ਵੀ ਮਿਹਨਤ ਦਾ ਇਹ ਰਾਹ ਫੜੀਏ। ਸਾਡਾ ਸੱਚਾ ਸਨਮਾਨ ਮਿਹਨਤ ਅਤੇ ਸਚਾਈ ਵਿੱਚ ਹੈ, ਨਾ ਕਿ ਕਿਸੇ ਹੋਰ ‘ਤੇ ਦੋਸ਼ ਲਗਾਉਣ ਵਿੱਚ ਹੈ। ਸਾਡੇ ਪੰਜਾਬੀ ਜਮਾਂਦਰੂ ਹੱਡ ਹਰਾਮੀ ਨਹੀਂ ਸਨ। ਪੰਜਾਬੀ ਦਲੇਰ, ਮਿਹਨਤੀ ਅਤੇ ਸੱਚ ਦੇ ਰਾਹੀ ਸਨ। ਪਰ, ਅੱਜ ਦੀਆਂ ਸੋਚਾਂ ਅਤੇ ਆਲਸ ਨੇ ਸਾਨੂੰ ਹੱਡ ਹਰਾਮੀ ਦੇ ਦੋਸ਼ ਤੱਕ ਪਹੁੰਚਾ ਦਿੱਤਾ ਹੈ। ਇਸ ਨੂੰ ਸਹੀ ਕਰਨ ਲਈ ਮਿਹਨਤ ਦੀ ਸਿਰਜਣਾ ਦੁਬਾਰਾ ਕਰਨੀ ਹੋਵੇਗੀ। ਸਿਰਫ ਤਦ ਹੀ ਅਸੀਂ ਆਪਣੇ ਗੁਰੂਆਂ ਦੇ ਸੱਚੇ ਸਿਧਾਂਤਾਂ ਦੇ ਰਾਖੇ ਬਣ ਸਕਾਂਗੇ।
![](https://b1912578.smushcdn.com/1912578/wp-content/uploads/2025/02/image-1.jpeg?lossy=1&strip=1&webp=1)
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ