ਕੁੱਤੇ ਬਿੱਲੀਆਂ (ਕਹਾਣੀ ) ਜੋਗਿੰਦਰ ਸੰਘਾ ਕੈਲਗਰੀ
ਐਸ ਅਕਤੂਬਰ ਦੇ ਵਿਚਾਲੇ ਜਿਹੇ ਸਨੋਅ ਪੈ ਗਈ ਸੀ ਪਰ ਮਗਰਲੇ ਹਫਤੇ ਇੱਕ ਦੋ ਦਿਨ ਚੰਗੇ ਜਿਹੇ ਲੱਗ ਗਏ, ਧੁੱਪ ਨਿਕਲ ਆਈ ਸੀ। ਇਹਨਾਂ ਦਿਨਾਂ ਚ ਇੱਕ ਦਿਨ ਮੈਂ ਫੁੱਟ ਪਾਥ ( ਜੋ ਸਾਡੇ ਘਰ ਦੇ ਪਿੱਛੇ ਦੀ ਲੰਘਦਾ) ਤੇ ਤੁਰਨ ਨਿਕਲ ਗਿਆ। ਅਗਾਂਹ ਪਾਰਕ ਦੇ ਕੋਲ ਦੋ ਬਜੁਰਗ ( 70-75) ਤੁਰੇ ਆਉਂਦੇ ਸੀ। ਸਤਿ ਸ੍ਰੀ ਅਕਾਲ ਉਪਰੰਤ ਗੱਲਾਂ ਕਰਦੇ ਕਰਦੇ ਥੜੇ ਤੇ ਬਹਿ ਗਏ। ਗੱਲਾਂ ਚੋਂ ਪਤਾ ਲੱਗਾ ਕਿ ਉਹਨਾਂ ਚ ਇੱਕ ਤਾਂ ਅਜੇ ਦੋ ਕੁ ਮਹੀਨੇ ਪਹਿਲਾਂ ਹੀ ਇੰਡੀਆ ਤੋਂ ਪਹਿਲੀ ਵਾਰ ਈ ਐਥੇ ਆਇਆ ਸੀ ਉਹ ਗੱਲ ਘੱਟ ਈ ਕਰਦਾ ਸੀ, ਸ਼ਾਇਦ ਠੰਡ ਆਉਦੀ ਦੇਖ ਕੇ ਡੌਰ ਭੌਰਾ ਹੋਇਆ ਪਿਆ ਸੀ ਕਿ ਆਹ ਕਿਥੋਂ ਪੰਗਾ ਲੈ ਲਿਆ, ਹੁਣ ਸਿਆਲ ਕਿਵੇਂ ਲੰਘੂ!!
ਐਨੇ ਨੂੰ ਦੋ ਤਿੰਨ ਗਰੁੱਪ ਕੁੱਤਿਆਂ ਨੂੰ ਸੈਰ ਕਰਾਉਣ ਆਲਿਆਂ ਦੇ ਕੋਲ ਦੀ ਲੰਘੇ ਤੇ ਦੂਜਾ ਬਜੁਰਗ ਸਾਧੂ ਸਿੰਹੁ ਬੋਲ ਪਿਆ, ” ਯਾਰ ਆਹ ਐਥੇ ਗੋਰੇ ਕਤੀੜਾਂ ਐਨੀਆਂ ਕਿਉਂ ਰੱਖਦੇ ਐ? ਆਪਣੇ ਤਾਂ ਭਲਾ ਰਾਖੀ ਕਰਨ ਨੂੰ ਇੱਕ ਅੱਧਾ ਕੁੱਤਾ ਰੱਖ ਲੈਂਦੇ ਸੀ, ਉਹ ਵੀ ਬਾਹਰਲੇ ਘਰੇ ਜਾਂ ਚੁੱਲੇ ਚੌੰਕੇ ਤੋਂ ਦੂਰ ਪਰ ਐਥੇ ਰਾਖੀ ਕਾਹਦੀ ਤੇ ਕਈ ਤਾਂ ਹੇੜਾਂ ਈ ਲਈ ਫਿਰਦੇ ਐ, ਲੱਗਦਾ ਐ ਇਹਨਾਂ ਗੋਰਿਆਂ ਦੀ ਰੀਸ ਨਾਲ ਆਪਣੇ ਵੀ ਰੱਖੀ ਫਿਰਦੇ ਐ,ਇਹ ਕੀ ਚੱਕਰ ਐ??
ਸਾਧੂ ਸਿੰਹੁ ਗੱਲ ਕਰਕੇ ਮੇਰੇ ਅੱਲੀਂ ਦੇਖਣ ਲੱਗਾ ਕਿ ਮੈਂ ਉਸ ਦੇ ਸੁਆਲਾਂ ਦਾ ਜਵਾਬ ਦੇਵਾਂ ਕਿਉਂਕ ਇਹਨਾਂ ਦਸ ਪੰਦਰਾਂ ਮਿੰਟਾਂ ਵਿਚ ਮੈਂ ਆਪਣੇ ਜੀਵਨ ਪੰਧ ਬਾਰੇ ਦੱਸ ਦਿੱਤਾ ਸੀ ਕਿ ਮੈਂਨੂੰ ਐਥੇ ਆਏ ਨੂੰ ਚਾਲੀ ਸਾਲ ਤੋਂ ਵੀ ਜਿਆਦਾ ਹੋ ਗਏ ਨੇ।
” ਹਾਂ ਜੀ, ਗੱਲ ਇਹ ਹੈ ਕਿ ਕੈਨੇਡਾ, ਅਮਰੀਕਾ ਅਤੇ ਯੌਰਪ ਵਿੱਚ ਵੀ ਗੋਰੇ ਲੋਕ ਕੁੱਤੇ, ਬਿੱਲੀਆਂ ਅਤੇ ਹੋਰ ਵੀ ਕਈ ਤਰਾਂ ਦੇ ਜਾਨਵਰ ਅਤੇ ਪੰਛੀ ਘਰਾਂ ਵਿੱਚ ਪਾਲਤੂ ਜਾਨਵਰ( Pets)ਰੱਖਦੇ ਹਨ । ਕੁਝ ਲੋਕ ਪਾਲਤੂ ਜਾਨਵਰ ਸ਼ੌਂਕ ਨਾਲ ਵੀ ਰੱਖ ਲੈੰਦੇ ਨੇ ਪਰ ਐਥੇ ਪਾਲਤੂ ਜਾਨਵਰ ਰੱਖਣ ਦਾ ਖਾਸ ਕਾਰਨ ਇਕੱਲਾਪਣ ਹੈ ਜਿਸ ਨਾਲ ,ਮਾਨਸਿਕ ਤਣਾਅ, ਡਿਪਰੈਸ਼ਨ, ਚਿੰਤਾ, ਉਦਾਸੀ ਆਦਿ ਵਰਗੇ ਰੋਗ ਚਿੰਬੜਨ ਲੱਗਦੇ ਹਨ। ਐਥੇ ਕਈ ਗੋਰੇ ਇਕੱਲੇ ਰਹਿੰਦੇ ਹਨ,ਕਈ ਵਿਆਹ ਵੀ ਨਹੀਂ ਕਰਾਉਂਦੇ ( ਹੁਣ ਇਹ ਰਿਵਾਜ ਆਪਣੇ ਬੱਚਿਆਂ ਚ ਵੀ ਹੋ ਗਿਆ ਐ) ਆਮ ਵੀ ਗੋਰੇ ਲੋਕਾਂ ਦੇ ਜੁਆਕ ਅਠਾਰਾਂ ਸਾਲ ਦੀ ਉਮਰ ਤੋਂ ਬਾਅਦ ਮਾਂ ਪਿਉ ਨਾਲ ਘੱਟ ਈ ਰਹਿੰਦੇ ਨੇ, ਜੁਆਕਾਂ ਦੇ ਜਾਣ ਨਾਲ ਵੀ ਮੀਆਂ ਬੀਬੀ ਇਕੱਲਾਪਣ ਅਨੁਭਵ ਕਰਨ ਲੱਗਦੇ ਨੇ।ਏਥੇ ਤਲਾਕਾਂ ਦੀ ਔਸਤ ਵੀ ਆਪਣੇ
ਦੇਸ਼ ਨਾਲੋਂ ਜਿਆਦਾ ਹੈ ,ਏਸ ਹਾਲਤ ਵਿੱਚ ਵੀ ਇਕੱਲਾਪਣ ਅਤੇ ਚਿੰਤਾ ( Anxiety) ਵੱਧ ਜਾਂਦੀ ਹੈ। ਤਾਹੀਂ ਏਸ ਇਕੱਲੇਪਣ ਨੂੰ ਦੂਰ ਕਰਨ ਲਈ ਇਹ ਪਾਲਤੂ ਜਾਨਵਰ ਰੱਖਣ ਚ ਯਕੀਨ ਕਰਦੇ ਹਨ। ਇਹ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ, ਘਰ ਦਾ ਮੈਂਬਰ ਸਮਝਦੇ ਹੋਏ ਉਹਨਾਂ ਦੀ ਬਹੁਤ ਦੇਖ ਭਾਲ ਕਰਦੇ ਹਨ। ਗੋਰੇ ਲੋਕ ਤਾਂ ਆਪਣੇ ਪਾਲਤੂ ਜਾਨਵਰਾਂ ਨੂੰ ਸਿਖਲਾਈ ( Training) ਦੇ ਕੇ ਇਨਸਾਨਾਂ ਨਾਲ਼ੋ ਵੀ ਵੱਧ ਸਿਆਣੇ ਬਣਾ ਲੈਂਦੇ ਨੇ””।
” ਤਾਹੀਂ ਮੈਂ ਵੇਖਿਆ ਐ ਕਈ ਤਾਂ ਕੱਤਿਆਂ ਬਿੱਲੀਆਂ ਨੰ ਜੁਆਕਾਂ ਵੰਗੂ ਚੱਕੀ ਫਿਰਦੇ ਐ,ਟੱਟੀ ਪਿਸ਼ਾਬ ਸਾਫ ਕਰਦੇ ਫਿਰਦੇ ਐ “।ਸਾਧੂ ਸਿਹੁੰ ਨੇ ਹੁੰਗਾਰਾ ਭਰਦੇ ਨੇ ਕਿਹਾ।
” ਹਾਂ ਜੀ ,ਆਹ ਦੇਖਿਆ ਜਦੋਂ ਕੋਲ ਦੀ ਲੰਘੇ ਸੀ, ਇਹਨਾਂ ਕੋਲ ਪਲਾਸਟਿਕ ਦੇ ਬੈਗ ਫੜੇ ਹੋਏ ਸੀ, ਜਦੋਂ ਕੱਤਾ ਟੱਟੀ ਕਰਦਾ ਐ,ਇਹ ਓਦੋਂ ਹੀ ਚੱਕ ਕੇ ਬੈਗ ਚ ਪਾ ਲੈਂਦੇ ਐ।ਇਹ ਇੱਥੋਂ ਦੇ ਕਨੂੰਨ ਦੀ ਪਾਲਣਾ ਕਰਦੇ ਹਨ ਅਤੇ ਸਫਾਈ ਦਾ ਖਿਆਲ ਕਰਦੇ ਹੋਏ ਚੰਗੇ ਨਾਗਰਿਕ ਬਣਨ ਦਾ ਸਬੂਤ ਦਿੰਦੇ ਹਨ। ਆਪਣੇ ਆਲਿਆਂ ਨੇ ਕੁੱਤੇ ਦਾ ਕੀਤਾ ਚੱਕਣਾਂ ਤਾਂ ਕੀ ਐ,ਚੱਕਣ ਆਲਾ ਬੈਗ ਵੀ ਨਹੀਂ ਲੈ ਕੇ ਆਉਂਦੇ ਕਿ ਸਾਨੂੰ ਕਿਹੜਾ ਕੋਈ ਵੇਹੰਦਾ ਐ”।
” ਜੁਗਿੰਦਰ ਸਿੰਹਾਂ, ਆਹ ਤੇਰੀ ਇਕੱਲਾਪਣ, ਕਲਾਪੇ ਵਾਲੀ ਗੱਲ ਹੁਣ ਚੇਹਨ ਚ ਬੈਠੀ ਐ ! ਪਿੱਛੇ ਆਪਣੇ ਪੰਜਾਬ ਚ ਤਾਂ ਇਕੱਲਾਪਣ ਜਵਾਂ ਈ ਨਹੀਂ ਹੁੰਦਾ ਸੀ, ਵੱਡੇ ਪਰਿਵਾਰ ਸੀ ਪਰ ਸਰੀ ਬੀ. ਸੀ.( Surrey)ਚ ਮੈਂ ਪੰਜ ਛੇ ਸਾਲ ਲਾ ਆਇਆਂ,।ਪੈਹਲੇ ਚਾਰ ਕ ਸਾਲ ਤਾਂ ਮੈਂ ਬੇਰੀ ਤੋੜਦਾ ਰਿਹਾਂ ,ਓਥੇ ਸੋਹਣਾ ਟੈਮ ਲੰਘ ਜਾਂਦਾ ਸੀ ਨਾਲੇ ਚਾਰ ਛਿੱਲੜ ਬਣ ਜਾਂਦੇ ਸੀ। ਫੇਰ ਹੁਣ ਜਦੋਂ ਦੇ ਗੋਡੇ ਦੁਖਣ ਲੱਗੇ ਐ ਫਾਰਮਾਂ ਚ ਕੰਮ ਨਹੀਂ ਸੀ ਹੁੰਦਾ,ਮੈਂ ਬੇਅਰ ਕਰੀਕ ਪਾਰਕ ਵਿੱਚ ਉਠ ਜਾਂਦਾ ਸੀ ਓਥੇ ਮੇਰੇ ਵਰਗੇ ਹੋਰ ਮਿਲ ਜਾਂਦੇ ਸੀ, ਗੱਲਾਂ ਬਾਤਾਂ, ਦੁੱਖ ਸੁੱਖ ਕਰ ਕੇ ਟੈਮ ਪਾਸ ਹੋ ਜਾਂਦਾ ਸੀ। ਪਰ ਹੁਣ ਸਾਡੀ ਲੜਕੀ/ਪ੍ਰਾਹੁਣੇ ਨੇ ਐਥੇ ਕੈਲਗਰੀ ਚ ਘਰ ਲੈ ਲਿਆ ,ਅਖੇ ਓਥੇ ਬੀ ਸੀ ਚ ਤਾਂ ਅਸੀਂ ਸਾਰੀ ਉਮਰ ਘਰ ਨਹੀਂ ਖਰੀਦ ਸਕਦੇ ਐਨੇ ਮਹਿੰਗੇ ਐ। ਹੁਣ ਜਦੋਂ ਦੇ ਕੈਲਗਰੀ ਚ ਆਏਂ ਆਂ ,ਕੁੜੀ ਪਰੌਹਣਾ ਕੰਮ ਤੇ ਉਠ ਜਾਂਦੇ ਐ, ਮੈਂ ਘਰ ਦੀਆਂ ਬਾਰੀਆਂ ਚੋਂ ਬਾਹਰ ਪਈ ਬਰਫ ਦੇਖੀ ਜਾਨਾ ਆਂ,ਨਾ ਕੋਈ ਜਾਣੇ ਨਾ ਬੁੱਝੇ “।
“ਲੈ ਇਹੋ ਜਿਹੀ ਕਿਹੜੀ ਗੱਲ ਐ ,ਐਥੇ ਕੈਲਗਰੀ ਚ ਵੀ ਬਜ਼ੁਰਗਾਂ ਨੇ ਸੀਨੀਅਰ ਸੁਸਾਇਟੀਆਂ ਬਣਾਈਆਂ ਹੋਈਆਂ ਨੇ, ਤੁਸੀਂ ਓਥੇ ਜਾ ਆਇਆ ਕਰੋ!” ਮੈਂ ਸੁਝਾਅ ਦਿੱਤਾ।
“ਪਰ ਯਾਰ ਇਹੋ ਜਿਹੀ ਬਰਫ ਚ ਜਾਣਾ ਕਿਵੇਂ ਐ ,ਨਵੇਂ ਆਏਂ ਆਂ, ਨਾ ਕੋਈ ਜਾਣ ਪਛਾਣ ਐ?”
“ਕੋਈ ਨਾ ਬੱਸ ਪਾਸ ਲੈ ਲਿਓ,ਸਸਤਾ ਈ ਮਿਲ ਜਾਂਦਾਂ ਐ” ।ਮੈਂ ਸੁਝਾਅ ਦਿੱਤਾ।
“ਜੁਗਿੰਦਰ ਸਿੰਹਾਂ ਬੱਸ ਕਿਹੜਾ ਘਰੋਂ ਚੱਕ ਕੇ ਲੈ ਜੂ,ਗੱਲ ਤਾਂ ਮੌਸਮ ਦੀ ਐ,ਆਹ ਗੋਡੇ ਗੋਡੇ ਬਰਫ ਚ ਤਿਲਕ ਕੇ ਲੱਤ ਤੁੜਾਉਣੀ ਐ,ਗੋਡੇ ਤਾਂ ਅੱਗੇ ਈ ਜਵਾਬ ਦੇਈ ਜਾਂਦੇ ਐ ” ।ਸਾਧੂ ਸਿੰਹੁ ਸੱਚੀਂ ਕੈਲਗਰੀ ਦੀ ਸਨੋਅ ਤੋਂ ਡਰਿਆ ਪਿਆ ਸੀ।
“ਕੋਈ ਨਾ ਸਨੋਅ ਕੁਝ ਨੀ ਕਹਿੰਦੀ, ਇੱਕ ਸਿਆਲ ਚ ਦੂਜਿਆਂ ਵੰਗੂ ਤੁਸੀਂ ਵੀ ਸਨੋਅ ਦੇ ਆਦੀ ਹੋ ਜੋਂ ਗੇ।” ਮੈਂ ਹੌਸਲਾ ਦਿੱਤਾ।
“ਨਾ ਵਈ ਆਪਾਂ ਨੀ ਆਦੀ ਊਦੀ ਹੁੰਦੇ, ਜੁਗਿੰਦਰ ਸਿੰਹਾਂ ਜੇ ਮੇਰਾ ਵੱਸ ਚੱਲੇ, ਮੈਂ ਤਾਂ ਪਿੱਛੇ ਪਿੰਡ ਨੂੰ ਚੜਜਾਂ! ਕੀ ਦੱਸਾਂ ਤੈਨੂੰ ਦੁੱਖ ਕਨੇਡੇ ਦੇ, ਦੇਖਣ ਨੂੰ ਸੋਹਣਾ ਲੱਗਦਾ ਐ ਪਰ ਰਿਸ਼ਤੇ ਤਾਂ ਫਿੱਕੇ ਈ ਲੱਗਦੇ ਐ, ਮੁੰਡੇ ਨੇ ਸੱਦੇ ਸੀ, ਆਪਦੀ ਤੀਵੀਂ ਦੀ ਚੱਕ ਚ ਆ ਕੇ ਮੈਨੂੰ ਤੇ ਆਪਦੀ ਮਾਂ( ਮੇਰੀ ਘਰ ਆਲੀ) ਨੂੰ ਘਰੋਂ ਕੱਢ ਤਾ ਅਖੇ ਥੋਨੂੰ ਰਹਿਣਾ ਬੈਹਿਣਾ ਨੀ ਆਉਂਦਾ। ਹਾਰ ਕੇ ਜਿਹੜੀ ਛੋਟੀ ਕੁੜੀ ਜੋ ਸਾਡੇ ਨਾਲ ਆਈ ਸੀ ਤੇ ਫੇਰ ਅਸੀਂ ਉਹਦਾ ਵਿਆਹ ਇੰਡੀਆ ਕਰ ਕੇ ਆਏ ਸੀ, ਪ੍ਰਾਹੁਣਾ ਵੀ ਆ ਗਿਆ ਸੀ। ਅਸੀਂ ਦੋਨੋਂ ਜੀ ਦੋ ਟੈਚੀ ਚੱਕ ਕੇ ਓਸ ਕੁੜੀ ਕੋਲ ਆ ਗੇ। ਸਾਡੀ ਨੂੰਹ ਨੂੰ ਗੁੱਸਾ ਤਾਂ ਏਸ ਗੱਲ ਦਾ ਸੀ ਕਿ ਕੁੜੀ ਦਾ ਰਿਸ਼ਤਾ ਮੇਰੀ ਰਾਇ ਨਾਲ ਕਿਉਂ ਨੀ ਕੀਤਾ”” ਮੇਰੀ ਘਰ ਆਲੀ ਤੋਂ ਤਾਂ ਇਹ ਦੁੱਖ ਝੱਲ ਈ ਨਾ ਹੋਇਆ ਕਿ ਇੱਕੋ ਇੱਕ ਪੁੱਤ ਸੀ, ਲਾਡਲਾ ਪੁੱਤ ਤੇ ਉਹ ਵੀ ਨਿਮੋਹਾ ਹੋ ਗਿਆ। ਤਿੰਨਾਂ ਮਹੀਨਿਆਂ ਬਾਅਦ ਈ ਚੱਲ ਵਸੀ। ਮੇਰੀ ਕੁੜੀ ਮੈਨੂੰ ਪਿੱਛੇ ਨੀ ਜਾਣ ਦਿੰਦੀ ਅਖੇ ਜੇ ਕੁਝ ਹੋ ਗਿਆ, ਓਥੇ ਕੌਣ ਸਾਂਭੂ।
। ਸਾਧੂ ਸਿਹੁੰ ਪੰਦਰਾਂ ਕੁ ਮਿੰਟਾਂ ਚ ਸਾਰੀ ਕਹਾਣੀ ਸੁਣਾ ਗਿਆ। ਦਿਲ ਭਰ ਆਇਆ ਗੱਲਾਂ ਕਰਦੇ ਦਾ।
“ਕੋਈ ਗੱਲ ਨੀ, ਦਿਲ ਛੋਟਾ ਨਾ ਕਰੋ ਆਹ ਦੇਸ਼ ਬਹੁਤ ਵਧੀਆ ਐ, ਏਥੇ ਬਜੁਰਗਾਂ ਲਈ ਬਹੁਤ ਫਾਇਦੇ ( Benifits) ਨੇ। ਜਦੋਂ ਪੈਨਸ਼ਨ ਵਗੈਰਾ ਲੱਗ ਗਈ ਫੇਰ ਜੀਅ ਲੱਗ ਜੂ ਗਾ”।
“ਜੁਗਿੰਦਰ ਸਿੰਹਾਂ ਪੈਨਸ਼ਨ ਤਾਂ ਪਤਾ ਨੀ ਕਦੋਂ ਲੱਗੂ, ਜੀ ਤਾਂ ਹੁਣ ਨੀ ਲੱਗਦਾ ਪਰ ਇੱਕ ਗੱਲ ਨੀ ਹੋਣੀ ਮੈਥੋ , ਕਿਤੇ ਮੈਨੂੰ ਐਸ ਦੇਸ਼ ਚ ਕੁਤਿੱਆਂ ਬਿੱਲੀਆਂ ਨਾਲ ਨਾ ਰੈਹਣਾ ਪਵੇ ” ।
ਹਾਸੇ ਨਾਲ ਕਹਿ ਕੇ ਸਾਧੂ ਸਿਹੁੰ ਕੱਲ੍ਹ ਨੂੰ ਮਿਲਣ ਦੀ ਤਾਕੀਦ ਕਰ ਗਿਆ।
ਜੋਗਿੰਦਰ ਸੰਘਾ ਕੈਲਗਰੀ 403 836 2500