ਕੁੱਤੇ ਵਾਂਗ ‘ਹਲ਼ਕੇ’ ਅਤੇ ਜਿੰਨ ਵਾਂਗ ‘ਮਾਣਸ-ਬੂ – ਮਾਣਸ-ਬੂ’ ਕਰਦੇ ਰਿਸ਼ਤਿਆਂ ਤੋਂ ਸਾਵਧਾਨ ਕਰਦਾ ਨਾਵਲ “ਗੰਧਲ਼ੇ ਰਿਸ਼ਤੇ”

(ਪੁਸਤਕ ਸਮੀਖਿਆ)

ਕੁੱਤੇ ਵਾਂਗ ‘ਹਲ਼ਕੇ’ ਅਤੇ ਜਿੰਨ ਵਾਂਗ ‘ਮਾਣਸ-ਬੂ – ਮਾਣਸ-ਬੂ’ ਕਰਦੇ ਰਿਸ਼ਤਿਆਂ ਤੋਂ ਸਾਵਧਾਨ ਕਰਦਾ ਨਾਵਲ “ਗੰਧਲ਼ੇ ਰਿਸ਼ਤੇ”

ਹਰ ਹਮਦਰਦ ਲੇਖਕ ਲੋਕਾਂ ਲਈ ਇੱਕ ਚੌਂਕੀਦਾਰ ਵਾਂਗ ਹੁੰਦਾ ਹੈ, ਜੋ ‘ਜਾਗਦੇ ਰਹੋ’ ਦਾ ਹੋਕਾ ਦੇ ਕੇ ਸੁੱਤੇ ਲੋਕਾਂ ਨੂੰ ਖ਼ਤਰੇ ਤੋਂ ਸੁਚੇਤ ਕਰਦਾ ਹੈ। ਲੇਖਕ ਕੋਲ਼ ਕੋਈ ਭੰਗੀਆਂ ਵਾਲ਼ੀ ਤੋਪ ਤਾਂ ਹੁੰਦੀ ਨਹੀਂ, ਜੋ ਉਸ ਨੇ ਚਲਾ ਕੇ ਬੁਰਾਈ ਨੂੰ ਮਾਰ ਘੱਤਣਾਂ ਹੁੰਦਾ ਹੈ। ਪਰ ਕਲਮ ਦੇ ਨਸ਼ਤਰ ਨਾਲ਼ ਕਿਸੇ ਨੂੰ ਜਾਗਰੂਕ ਕਰ ਕੇ ਜਾਗਰਿਤੀ ਲਿਆ ਦੇਣਾ ਵੀ ਇੱਕ ਕਰਾਂਤੀ ਹੀ ਹੁੰਦੀ ਹੈ, ਜੋ ਬੁਰਾਈ ਦੀ ਜੜ੍ਹ ਪੁੱਟਣ ਦੇ ਸਮਰੱਥ ਹੁੰਦੀ ਹੈ। ਕਮਲ ਗਿੱਲ ਦਾ ਨਾਵਲ “ਗੰਧਲ਼ੇ ਰਿਸ਼ਤੇ” ਪੜ੍ਹਦਿਆਂ ਮੈਨੂੰ ਦੋ ਮਹਾਨ ਲੇਖਕ ਔਰਤਾਂ ਜੌਸੇਫ਼ਾਈਨ ਡੌਜ ਅਤੇ ਜੇਨ ਐਡਮ ਦੀ ਯਾਦ ਆਉਂਦੀ ਹੈ, ਕਿ ਕਿਵੇਂ ਉਹਨਾਂ ਨੇ ਔਰਤਾਂ ਦੇ ਹੱਕਾਂ ਦੀ ਖਾਤਰ ਆਪਣੀ ਕਲਮ ਦੀ ਜੰਗ ਲੜੀ। ਜਿੱਥੇ ਅਸੀਂ “ਆਪਣਾ ਮਾਰੂ – ਛਾਵੇਂ ਸਿੱਟੂ” ਦੀ ਰਟ ਲਾਉਂਦੇ ਸਾਹ ਨਹੀਂ ਲੈਂਦੇ, Eਥੇ ਕਮਲ ਗਿੱਲ ਦਾ ਹਥਲਾ ਨਾਵਲ ‘ਆਪਣਿਆਂ’ ਤੋਂ ਹੀ ‘ਬਚਣ’ ਦੀ ਇੱਕ ਸਿੱਖਿਅਤ ਚੇਤਾਵਨੀ ਦਿੰਦਾ ਹੈ। ਇਸ ਨਾਵਲ ਤੋਂ ਇਹ ਸਬਕ ਅਤੇ ਸੇਧ ਵੀ ਮਿਲ਼ਦੀ ਹੈ, ਕਿ ਸਭ ਤੋਂ ਵੱਧ ਤੁਹਾਡੇ ਆਪਣੇ ਹੀ ‘ਹਲ਼ਕਦੇ’ ਹਨ, ਜੋ ਤੁਹਾਨੂੰ ਦੰਦ ਮਾਰਨ ਲੱਗੇ ‘ਸੀ’ ਤੱਕ ਨਹੀਂ ਕਰਦੇ। ਇਹ ਤਾਂ ਮੈਂ ਨਹੀਂ ਕਹਿ ਸਕਦਾ ਕਿ “ਗੰਧਲ਼ੇ ਰਿਸ਼ਤੇ” ਨਾਵਲ ਕਲਪਿਤ ਹੈ, ਜਾਂ ਕਿਸੇ ਸੱਚਾਈ ਉੱਪਰ ਅਧਾਰਿਤ ਹੈ? ਪਰ ਜੋ ਵੀ ਹੈ, ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲ਼ਾ ਬ੍ਰਿਤਾਂਤ ਅਤੇ ਅਖਾਉੇਤੀ ਰਿਸ਼ਤਿਆਂ ਉੱਪਰ ‘ਕਲੰਕ’ ਬਣ ਕੇ ਲੱਗੇ ਰਿਸ਼ਤੇਦਾਰਾਂ ਉੱਪਰ ਉਂਗਲ਼ ਧਰਦਾ ਹੈ। ਬੰਦਾ Eਦੋਂ ਘੋਰ ਨਿਰਾਸ਼ ਅਤੇ ਕਰੋਧੀ ਵੀ ਹੋ ਜਾਂਦਾ ਹੈ, ਜਦ ‘ਆਪਣੇ’ ਵਿਸ਼ਵਾਸ ਵਾਲ਼ੇ ਰਿਸ਼ਤੇਦਾਰ ਹੀ ਤੁਹਾਡੀਆਂ ਨਾਬਾਲਿਗ ਬਾਲੜੀਆਂ ਦੀ ਇੱਜ਼ਤ-ਆਬਰੂ ‘ਤੇ ਹਮਲਾਵਰ ਬਣ, ਚੀਰ-ਹਰਣ ਲਈ ਉਤਾਰੂ ਹੋ ਜਾਂਦੇ ਹਨ।

ਇਸ ਨਾਵਲ ਦੀ ਕਹਾਣੀ ਇੱਕ ਬੁੱਧੀਜੀਵੀ, ਪਰ ਨਿਰਾਸ਼ ਅਤੇ ਬਦਕਿਸਮਤ ਔਰਤ ਕੈਲਾਸ਼ ਜੀ ਦੇ ਆਲ਼ੇ-ਦੁਆਲ਼ੇ ਘੁੰਮਦੀ ਹੈ, ਜਿਸ ਨੂੰ ਅੱਲ੍ਹੜ ਵਰੇਸ ਵੇਲ਼ੇ ਦੁਸ਼ਟ ਲਾਲੇ ਤੋਂ ਲੈ ਕੇ ਬਾਲ ਵਰੇਸ ਤੋਂ ਜੁਆਨੀ ਦੀ ਸਰਦਲ ਉੱਪਰ ਪੈਰ ਰੱਖਦੀ ਨੂੰ ਉਸ ਦੇ ਆਪਣੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਵੀ ਨਹੀਂ ਬਖ਼ਸ਼ਦੇ, ਸਗੋਂ ਆਦਮਖੋਰਾਂ ਵਾਂਗ ਸਰੀਰ ਨੋਚਣ ਪੈਂਦੇ ਨੇ। ਕਮਲ ਗਿੱਲ ਦੀ ਲਿਖਣ ਅਤੇ ਪਾਰਖੂ ਕਲਾ ਕਮਾਲ ਦੀ ਹੈ। ਉਸ ਦਾ ਬ੍ਰਿਤਾਂਤਕ ਅੰਦਾਜ਼ ਬੜਾ ਸ਼ਾਨਦਾਰ ਹੈ ਅਤੇ ਉਸ ਨੂੰ ਆਪਣੀ ਗੱਲ ਕਹਿਣ ਦਾ ਬਾਖ਼ੂਬੀ ਵੱਲ ਹੈ। ਔਰਤ ਦਾ ਦੁੱਖ ਅਤੇ ਪੀੜ ਸੁਣ ਕੇ ਉਹ ਔਰਤ ਹੋਣ ਦੇ ਨਾਤੇ ਵੀ ਔਰਤ ਵੱਲ ਉਲਾਰ ਨਹੀਂ ਹੁੰਦੀ, ਸਗੋਂ ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖਦੀ ਹੈ। ਉਹ ਕਦੇ-ਕਦੇ ਗੰਭੀਰ ਵੀ ਹੁੰਦੀ ਹੈ ਅਤੇ ਮਜ਼ਾਕੀਆ ਬ੍ਰਿਤਾਂਤ ਵੀ ਸਿਰਜ਼ਦੀ ਹੈ, ਜੋ ਨਾਵਲ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ। ਪਰ ਮੈਂ ਇਹ ਸੋਚ ਕੇ ਪ੍ਰੇਸ਼ਾਨ ਹੁੰਦਾ ਹਾਂ ਕਿ ਜਦ ਕਮਲ ਨੇ ਇਹ ਨਾਵਲ ਲਿਿਖਆ ਹੋਵੇਗਾ, ਤਾਂ ਉਹ ਮਾਨਸਿਕ ਤੌਰ ਉੱਪਰ ਖ਼ੁਦ ਕਿਹੜੀਆਂ ਗੁੰਝਲ਼ਦਾਰ ਪ੍ਰਸਥਿਤੀਆਂ ਵਿੱਚ ਦੀ ਵਿਚਰੀ ਹੋਵੇਗੀ[[[?
ਔਰਤਾਂ ਦੀ ਸ਼ੈਲੀ ਦੀਆਂ ਕਿਤਾਬਾਂ ਇੱਕ ਭਾਵਨਾਤਮਿਕ ਪ੍ਰਤੀਬਿੰਬ ਵਿੱਚ ਮੁੱਖ ਪਾਤਰ ਦੀ ਪਾਲਣਾ ਕਰਦੀਆਂ ਹਨ, ਜਦੋਂ ਉਹ ਆਪਣੀ ਜਿ਼ੰਦਗੀ ਵਿੱਚ ਮੁਸ਼ਕਿਲਾਂ ਨਾਲ਼ ਦੋ ਹੱਥ ਕਰ ਰਹੀ ਹੁੰਦੀ ਹੈ। ਪਾਠਕ ਉਸ ਦੇ ਤਜ਼ਰਬਿਆਂ ਦੀ ਪਾਲਣਾ ਕਰਦਾ ਹੈ, ਕਿਉਂਕਿ ਉਸ ਦੀ ਜਿ਼ੰਦਗੀ ਵਿੱਚ ਤਬਦੀਲੀਆਂ ਅਤੇ ਵਿਅਕਤੀਗਤ ਵਿਕਾਸ ਹੁੰਦਾ ਹੈ। ਉਹ ਉਸ ਨੂੰ ਲੋਕਾਂ ਅਤੇ ਰਿਸ਼ਤਿਆਂ ਦੇ ਨਾਲ਼ ਉਸ ਦੇ ਵਿਵਹਾਰ ਵਿੱਚ ਦੇਖਦੇ ਹਨ, ਜਿਵੇਂ ਕਿ ਉਹ ਜੀਵਨ ਦੇ ਸੰਘਰਸ਼ਾਂ ਤੋਂ ਬਦਲਦੀ ਹੈ। ਇਸੇ ਤਰ੍ਹਾਂ ਕਮਲ ਗਿੱਲ ਨੂੰ ਮੈਂ ਇੱਕ ਸੁੱਚਜੀ, ਕਿਿਰਆਸ਼ੀਲ ਜਰਨਲਿਸਟ ਅਤੇ ਸਫ਼ਲ ਅਖ਼ਬਾਰ ਸੰਪਾਦਕਾ ਵਜੋਂ ਦੇਖਿਆ ਅਤੇ ਜਾਣਿਆਂ ਹੈ। ਪਰ ਮੈਂ ਕਦੇ ਇਹ ਗੱਲ ਨਹੀਂ ਸੀ ਸੋਚੀ, ਕਿ ਉਹ ਇੱਕ ਵਿਿਸ਼ਸ਼ਟ ਨਾਵਲਕਾਰਾ ਵੀ ਹੋਵੇਗੀ। ਇਹ ਸੱਚ ਮੈਨੂੰ ਆਚੰਭੇ ਭਰੀ ਖ਼ੁਸ਼ੀ ਦਿੰਦਾ ਹੈ। ਮੈਂ ਉਸ ਦੀਆਂ ਕਈ ਕਹਾਣੀਆਂ ਵੱਖੋ-ਵੱਖ ਅਖ਼ਬਾਰਾਂ ਵਿੱਚ ਪੜ੍ਹੀਆਂ ਸਨ। ਪਰ ਉਸ ਦਾ ਇਹ ਨਾਵਲ ਪੜ੍ਹ ਕੇ, ਉਸ ਦੀ ਪਤਾਲ਼ ਦੀਆਂ ਗਹਿਰਾਈਆਂ ਮਾਪਦੀ ਸਿਰਜਣ ਸ਼ਕਤੀ ਅਤੇ ਪ੍ਰਾਪਤੀ ਮੇਰੀ ਖ਼ੁਸ਼ੀ ਨੂੰ ਹੋਰ ਵੀ ਦੂਣ-ਸਵਾਇਆ ਕਰ ਗਈ।
ਇਸ ਸਾਰੇ ਨਾਵਲ ਵਿੱਚ ਕੈਲਾਸ਼ ਮੈਡਮ ਆਪਣੀ ਪੂਰੀ ਜਿ਼ੰਦਗੀ ਵਿੱਚ ਬੇਹੱਦ ਸੰਘਰਸ਼ ਕਰਦੀ ਹੈ। ਕਈ ਜਗਾਹ ‘ਤੇ ਇੰਜ ਵੀ ਜਾਪਦਾ ਹੈ ਕਿ ਉਹ ਹੁਣ ਇਸ ‘ਖਲਜੱਗਣ’ ਨੂੰ ਝੱਲਣ ਦੀ ‘ਆਦੀ’ ਹੋ ਗਈ ਹੈ ਅਤੇ ਉਸ ਨੂੰ ਕੋਈ ਅਗਲਾ ‘ਖ਼ਤਰਾ’ ਡਰਾਉਂਦਾ ਨਹੀਂ। ਅਖੀਰ ਉਹ ‘ਵੰਨ ਮੈਨ ਆਰਮੀ’ ਬਣ ਕੇ ਸਮਾਜ ਵਿੱਚ ਵਿਚਰਦੀ ਹੈ। ਜਦ ਕਿਸੇ ਨੂੰ ਬਹੁਤਾ ਹੀ ਸਤਾਇਆ ਗਿਆ ਹੋਵੇ, ਅਤੇ ਪੈਰ-ਪੈਰ ਉੱਪਰ ਠੋ੍ਹਕਰਾਂ ਵੱਜੀਆਂ ਹੋਣ, ਤਾਂ ਜ਼ਖ਼ਮ ਵੀ ਬਹੁਤੇ ਨਹੀਂ ਚਸਕਦੇ। ਜਦੋਂ ਤੁਹਾਨੂੰ ਸਮਾਜ ਜਾਂ ਸਮਾਜ ਦੇ ਅਖਾਉਤੀ ਠੇਕੇਦਾਰ ‘ਕੂੜਾ-ਕਬਾੜਾ’ ਜਾਂ ‘ਪੈਰ ਦੀ ਜੁੱਤੀ’ ਅਤੇ ‘ਵਰਤਣ ਵਾਲ਼ੀ ਚੀਜ਼’ ਮੰਨ ਕੇ ਤੁਹਾਨੂੰ ‘ਟਿੱਚ’ ਸਮਝਣ, ਫਿ਼ਰ ਤੁਹਾਡੀ ਜ਼ਮੀਰ ਜੁਆਲਾ-ਮੁਖੀ ਬਣ ਤੁਰਦੀ ਹੈ ਅਤੇ ਸਾਹਮਣੇ ਵਾਲ਼ੇ ਨੂੰ ਸਾੜ ਕੇ ਰਾਖ਼ ਕਰਨ ਲਈ ਕਰਵਟ ਲੈਂਦੀ ਹੈ। ਜਦ ਅੰਨ ਅਤੇ ਅਕਲ ਦੇ ਵੈਰੀ ਆਪਣੀ ਹਾਉਮੈਂ ਨੂੰ ਪੱਠੇ ਪਾਉਣ, ਜਾਂ ਸ਼ੇਖੀ ਮਾਰਨ ਦੀ ਬਿਰਤੀ ਨਾਲ਼ ਬਿਨਾ ਕਾਰਨ ਬਦਨਾਮੀ ‘ਤੇ ਉਤਾਰੂ ਹੋ ਜਾਣ, ਫਿ਼ਰ ਜ਼ਮੀਰ ਵੱਲੋਂ ਲਿਆ ਗਿਆ ਫ਼ੈਸਲਾ ਤੁਹਾਨੂੰ ਜੀਣ ਦਾ ਵੱਲ ਅਤੇ ਜ਼ਮਾਨੇ ਦੇ ਢਿੱਡ ‘ਚ ਟੱਕਰ ਮਾਰਨ ਦੀ ਜਾਂਚ ਸਿਖਾਉਂਦਾ ਹੈ। ਨਾਲ਼ ਦੀ ਨਾਲ਼ ਇਹ ਵੀ ਚਾਨਣ ਕਰਦਾ ਹੈ, ਕਿ ਜਦ ਖਾਂਦੇ ਦੀ ਦਾਹੜੀ ਹਿੱਲਣ ਲੱਗ ਜਾਵੇ, ਤਾਂ ਸਾਹਮਣੇ ਵਾਲ਼ੇ ਦੀ ਟੀਰੀ ਅੱਖ ਵਿੱਚ ਸੇਹ ਦਾ ਤੱਕਲ਼ਾ ਕਿਵੇਂ ਗੱਡਣਾ ਹੈ। ਕਮਲ ਗਿੱਲ ਲਿਖਣ ਸਮੇਂ ਸੁੱਤੀ ਪਈ ਵੀ ਸੱਪ ਵਾਂਗ ਅੱਖਾਂ ਖੋਲ੍ਹ ਕੇ ਰੱਖਦੀ ਹੈ।
ਕੁੱਲ ਮਿਲ਼ਾ ਕੇ ਕਮਲ ਗਿੱਲ ਦਾ ਨਾਵਲ “ਗੰਧਲ਼ੇ ਰਿਸ਼ਤੇ” ਇੱਕ ਬਿਹਤਰੀਨ ਅਤੇ ਔਰਤ ਦੀ ਪੀੜ ਦਾ ਅਹਿਸਾਸ ਕਰ ਕੇ, ਉਸ ਨਾਲ਼ ਦੁੱਖ ਵੰਡਾਉਣ ਵਾਲ਼ਾ ਉੱਤਮ ਨਾਵਲ ਹੈ। ਮੈਂ ਕਮਲ ਗਿੱਲ ਨੂੰ ਇਸ ਦਿਲਚਸਪ ਅਤੇ ਸਿੱਖਿਆਦਾਇਕ ਨਾਵਲ ਸਿਰਜਣ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ। ਇਹ ਨਾਵਲ ਹਰ ਮਾਂ, ਬਾਪ ਅਤੇ ਧੀ-ਭੈਣ ਨੂੰ ਪੜ੍ਹਨਾ ਚਾਹੀਦਾ ਹੈ। ਮੈਨੂੰ ਪੂਰੀ ਆਸ ਹੈ ਕਿ “ਗੰਧਲ਼ੇ ਰਿਸ਼ਤੇ” ਨਾਵਲ ਪੜ੍ਹ ਕੇ ਅੱਖਾਂ ਮੀਟ ਕੇ ‘ਨੇੜਲੇ’ ਰਿਸ਼ਤੇਦਾਰਾਂ ਉੱਪਰ ਵਿਸ਼ਵਾਸ ਕਰਨ ਵਾਲ਼ੇ ਮਾਪੇ ਆਪਣੀਆਂ ਬਾਲੜੀਆਂ ਨਾਲ਼ ਹੋਣ ਵਾਲ਼ੇ ਸ਼ੋਸ਼ਣ ਪ੍ਰਤੀ ਜਾਗਰੂਕ ਹੋਣਗੇ। ਮੈਂ ਪੁਰਜ਼ੋਰ ਅਪੀਲ ਕਰਾਂਗਾ ਕਿ ਇਹ ਨਾਵਲ ਹਰ ਘਰ ਵਿੱਚ ਮੌਜੂਦ ਹੋਣਾ ਚਾਹੀਦਾ ਹੈ, ਤਾਂ ਕਿ ਲੋਕ ਪੜ੍ਹ ਕੇ ਸਾਵਧਾਨ ਹੋ ਸਕਣ ਅਤੇ ਘਾਹ ਦੇ ਸੱਪਾਂ ਤੋਂ ਬੱਚਿਆਂ ਦੇ ਹੁੰਦੇ ਸ਼ੋਸ਼ਣ ਨੂੰ ਠੱਲ੍ਹ ਪਾਈ ਜਾ ਸਕੇ। ਕਮਲ ਗਿੱਲ ਤੋਂ ਮੈਨੂੰ ਇਸ ਤੋਂ ਵੀ ਵੱਧ ਸਿੱਖਿਆਦਾਇਕ ਅਤੇ ਗੁਣਾਂ ਦੀ ਗੁਥਲੀ ਵਰਗੇ ਹੋਰ ਨਾਵਲਾਂ ਦੀ ਆਸ ਰਹੇਗੀ।

Exit mobile version