ਜਗਦੇਵ ਸਿੱਧੂ 403 351 1136
ਕਣਕੀਂ ਕੂੰਜੀਂ ਮਿਹਣਾ, ਜੇ ਰਹਿ ਜਾਣ ਵਿਸਾਖ।
ਭਲਾ ਠੰਢੇ ਵਤਨਾਂ ਦੀਆਂ ਕੂੰਜਾਂ ਤਾਂ ਗਰਮੀ ਨਹੀਂ ਸਹਾਰਦੀਆਂ ਤੇ ਵਤਨਾਂ ਨੂੰ ਮੁੜ ਲੰਮੀ ਉਡਾਰੀ ਮਾਰ ਜਾਂਦੀਆਂ ਹਨ, ਕਣਕਾਂ ਨੇ ਵੀ ਗਰਮੀ ਸ਼ੁਰੂ ਹੁੰਦਿਆਂ ਪੱਕਣਾ ਹੀ ਹੁੰਦਾ ਹੈ, ਪਰ ਸ਼ੇਖਰ ਨੂੰ ਕੀ ਅਹੁੜਿਆ ਕਿ ਉਹ ਵੀ ਚੜ੍ਹਦੇ ਵਿਸਾਖ ਆਪਣੀਆਂ ਪਾਲ਼ੀਆਂ ਕਣਕਾਂ ਨੂੰ ਪਕਦੀਆਂ ਛੱਡ ਕੇ ਲੰਮੀ ਉਡਾਰੀ ਮਾਰ ਕੇ ਕੂੰਜਾਂ ਦੇ ਦੇਸ ਆ ਉੱਤਰਿਆ। ਪੰਜਾਬ ਤੋਂ ਕੈਨੇਡਾ ਵਿਚ।
ਕੂੰਜਾਂ ਵੇਖਣਾ ਕੁਦਰਤ ਦਾ ਇੱਕ ਅਲੋਕਾਰ ਨਜ਼ਾਰਾ ਹੈ। ਇਹ ਬਰਫਾਨੀ ਠੰਢੇ ਇਲਾਕਿਆਂ ਵਿਚ ਰਹਿੰਦੀਆਂ ਹਨ, ਚਾਹੇ ਸਾਇਬੇਰੀਆ ਹੋਵੇ, ਮੰਗੋਲੀਆ ਜਾਂ ਕੈਨੇਡਾ ਦਾ ਟੁੰਡਰਾ ਇਲਾਕਾ। ਜਦੋਂ ਇਨ੍ਹਾਂ ਦੇ ਰੈਣ-ਬਸੇਰੇ ਵਿਚ ਨਿਰੀ ਬਰਫ਼ ਦਾ ਰਾਜ ਹੁੰਦਾ ਹੈ ਤੇ ਪਾਰਾ ਬਹੁਤ ਮਨਫ਼ੀ ਚਲਾ ਜਾਂਦਾ ਹੈ, ਸੂਰਜ ਦਿਖਾਈ ਨਹੀਂ ਦਿੰਦਾ ਤਾਂ ਇਹ ਹਜ਼ਾਰਾਂ ਮੀਲਾਂ ਦੀ ਲੰਮੀ ਉਡਾਰੀ ਮਾਰ ਕੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਉਤਰਦੀਆਂ ਹਨ। ਪੰਜਾਬ ਦੀਆਂ ਸਰਦੀਆਂ ਦਾ ਪੌਣਪਾਣੀ ਇਨ੍ਹਾਂ ਦੇ ਖਾਸ ਕਰ ਕੇ ਰਾਸ ਆਉਂਦਾ ਹੈ। ਓਥੇ ਜਦੋਂ ਕੱਤੇ ਦੇ ਮਹੀਨੇ ਠਾਰੀ ਉਤਰਦੀ ਹੈ ਤਾਂ ਕੂੰਜਾਂ ਦੀਆਂ ਡਾਰਾਂ ਅੱਧ ਅਸਮਾਨ ਵਿਚ ਇਉਂ ਦਿਸਦੀਆਂ ਹਨ ਜਿਵੇ ਦੋ ਉਲਟ ਦਿਸਹੱਦਿਆਂ ਤੋਂ ਦੋ ਲਕੀਰਾਂ ਨੇੜੇ ਹੁੰਦੀਆਂ-ਹੁੰਦੀਆਂ ਇਕ ਬਿੰਦੂ ਤੇ ਆ ਸਿਮਟਦੀਆਂ ਹੋਣ, ਇਨ੍ਹਾਂ ਦੀ ਹੂਕ ਜਿਵੇਂ ਬ੍ਰਹਿਮੰਡ `ਚੋਂ ਗੂੰਜਿਆ ਬ੍ਰਹਮਨਾਦ ਹੋਵੇ, ਇਨ੍ਹਾਂ ਦੇ ਮਜ਼ਬੂਤ ਖੰਭਾਂ ਦੀ ਹਰਕਤ ਜਿਵੇਂ ਆਕਾਸ਼ਗੰਗਾ ਦੀਆਂ ਤਰੰਗਾਂ ਹੋਣ, ਇਨ੍ਹਾਂ ਦੀ ਉਡਾਰੀ ਦਾ ਅਲੌਕਿਕ ਨਜ਼ਾਰਾ ਜਿਵੇਂ ਨੀਲੇ ਅਸਮਾਨੀਂ ਕੋਈ ਕਵਿਤਾ ਤੈਰ ਰਹੀ ਹੋਵੇ।
ਕੱਤਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ।।
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ।।
ਸ਼ੇਖਰ ਜਦੋਂ ਕੋਠੇ ਤੇ ਚੜ੍ਹ ਕੇ ਉਡਦੀਆਂ ਕੂੰਜਾਂ ਨੂੰ ਟਿਕਟਿਕੀ ਲਾ ਕੇ ਵੇਖਦਾ ਤਾਂ ਕਿਸੇ ਰੂਹਾਨੀ ਆਨੰਦ ਵਿਚ ਲੈਅ-ਮਗਨ ਹੋ ਜਾਂਦਾ। ਕਿਵੇਂ ਦੋ ਉਡਾਰੀਆਂ ਪੂਰਨ ਲੈਅ ਵਿਚ ਖਿਸਕਦੀਆਂ-ਖਿਸਕਦੀਆਂ ਲਿਟਵੀਂ `ਵੀ` (ਅੰਗ੍ਰੇਜ਼ੀ ਦਾ ਅੱਖਰ) ਦੀ ਸ਼ਕਲ ਅਖਤਿਆਰ ਕਰਦੀਆਂ ਇੱਕ ਦੂਜੀ ਵਿਚ ਸਮਾਵੇਸ਼ ਕਰ ਕੇ ਇੱਕ ਉਡਾਰੀ ਬਣ ਜਾਂਦੀਆਂ। ਮਜਾਲ ਐ ਕੋਈ ਕੂੰਜ ਇਧਰ ਉਧਰ ਹੋ ਕੇ ਸੰਤੁਲਨ ਵਿਗਾੜੇ। ਕਦੇ-ਕਦਾਈਂ ਕੋਈ ਕੂੰਜ ਪਿੱਛੇ ਰਹਿ ਜਾਂਦੀ ਤੇ ਕੁਰਲਾਹਟ ਕਰਦੀ ਸਖੀਆਂ ਸਹੇਲੀਆਂ ਨੂੰ ਭਾਲ਼ਦੀ ਦਿਸਦੀ। ਇਸ ਦੀ ਤੁਲਨਾ ਕਿਸੇ ਇਕੱਲੀ ਵਿਆਹੁਤਾ ਮੁਟਿਆਰ ਦੇ ਵਿਯੋਗ ਨਾਲ ਕੀਤੀ ਗਈ ਹੈ –
ਨੀਂ ਮੈਂ ਕੂੰਜ ਵਿੱਛੜ ਗਈ ਡਾਰੋਂ ਤੇ ਸੱਜਣਾਂ ਨੂੰ ਲੱਭਦੀ ਫਿਰਾਂ।
ਕੋਈ ਧੀ ਜਦੋਂ ਵਿਆਹ ਸਮੇ ਬਾਬਲ ਤੋਂ ਵਿਦਾ ਹੁੰਦੀ ਹੈ ਤਾਂ ਉਸ ਦੇ ਅੰਦਰੋਂ ਹੂਕ ਉਠਦੀ ਹੈ – ਸਾਡੀ ਲੰਮੀ ਉਡਾਰੀ ਵੇ ਬਾਬਲ ਅਸਾਂ ਉੱਡ ਜਾਣਾ। ਜਿਵੇਂ ਕੂੰਜਾਂ ਕੱਤੇ ਤੋਂ ਚੇਤ ਉਤਰਦੇ ਤੱਕ ਪੰਜਾਬ ਦੀ ਧਰਤੀ ਤੇ ਦਾਣਾ-ਪਾਣੀ ਚੁਗਣ ਆਉਂਦੀਆਂ ਹਨ, ਲਗਦਾ ਹੈ ਧੀਆਂ ਵੀ ਬਾਬਲ ਦੇ ਘਰ ਜਿਵੇਂ ਪ੍ਰਾਹੁਣੀਆਂ ਹੀ ਹੁੰਦੀਆਂ ਹਨ, ਇੱਕ ਦਿਨ ਤਾਂ ਪਰਾਏ ਘਰ ਜਾਣਾ ਹੀ ਪੈਂਦਾ ਹੈ –
ਬੂਰ ਪਿਆ ਕਣਕਾਂ ਨੂੰ ਮਾਏ ਵਿਚ ਬਾਗੀਂ ਅੰਬੀਆਂ ਪੱਕੀਆਂ।
ਅੱਗ ਦੇ ਭਾਂਬੜ ਵਰਗੀਆਂ ਧੀਆਂ ਤੂੰ ਸਾਂਭ ਸਾਂਭ ਕੇ ਰੱਖੀਆਂ।
ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸਾਂ ਸਿਦਕਾਂ ਨਾਲ ਨਿਭਾਈਆਂ।
ਕੂੰਜਾਂ ਵਾਂਗ ਪ੍ਰਾਹੁਣੀਆਂ ਧੀਆਂ ਤੇਰੇ ਵਿਹੜੇ ਖੇਡਣ ਆਈਆਂ।
ਸ਼ੇਖਰ ਨੂੰ ਲਗਦਾ ਕਿ ਗੱਲ ਤਾਂ ਦਾਣੇ-ਪਾਣੀ ਦੀ ਹੀ ਹੈ। ਜਦੋਂ ਅੱਤ ਦੇ ਠੰਢੇ ਇਲਾਕਿਆਂ ਵਿਚ ਬਰਫ਼ ਦੀ ਬਹੁਤਾਤ ਅਤੇ ਸੂਰਜ ਦੀ ਗੈਰਹਾਜ਼ਰੀ ਸਦਕਾ ਚੋਗਾ ਲਗਭਗ ਅਲੋਪ ਹੋ ਜਾਂਦਾ ਹੈ ਤਾਂ ਕੂੰਜਾਂ ਆਪਣੇ ਨਿੱਕੇ ਚੂਚਿਆਂ ਨੂੰ ਛੱਡ ਕੇ ਚੋਗੇ ਦੀ ਭਾਲ਼ ਵਿਚ ਲੰਮੀ ਉਡਾਰੀ ਮਾਰਦੀਆਂ ਹਨ। ਸ਼ੇਖਰ ਹੈਰਾਨ ਹੁੰਦਾ ਕਿ ਪਿੱਛੇ ਇਨ੍ਹਾਂ ਦੇ ਬੱਚਿਆਂ ਦਾ ਕੀ ਬਣੂੰ –
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ।।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨ ਕਰਿਆ।
ਸ਼ੇਖਰ ਆਪਣੇ ਨਾਲ ਦੇ ਪਿੰਡ ਦੀ ਗਹਿਣੇ ਲਈ ਜ਼ਮੀਨ ਤੇ ਉਦੋਂ ਬਾਹਲ਼ੇ ਗੇੜੇ ਮਾਰਨ ਲਗਦਾ ਜਦੋਂ ਓਥੇ ਕੂੰਜਾਂ ਦੇ ਝੁੰਡ ਉੱਤਰਦੇ। ਦਰਅਸਲ ਇਹ ਥਾਂ ਕੂੰਜਾਂ ਲਈ ਢੁਕਵੀਂ ਸੀ। ਇੱਕ ਤਾਂ ਇਹ ਜ਼ਮੀਨ ਲਾਗਲੇ ਪਿੰਡਾਂ ਦੀ ਵਸੋਂ ਤੋਂ ਖਾਸੀ ਦੂਰ ਸੀ, ਸੋ ਕੁੱਤੇ-ਬਿੱਲੀ ਦਾ ਡਰ ਘੱਟ ਸੀ। ਦੂਜਾ ਇਹ ਖੇਤ ਨਹਿਰ ਅਤੇ ਸੂਏ ਦੇ ਸੰਨ੍ਹ ਵਿਚ ਪੈਂਦੇ ਸਨ। ਦੋਵਾਂ ਪਟੜੀਆਂ ਤੇ ਟਾਹਲੀਆਂ ਦੇ ਵੱਡੇ ਸੰਘਣੇ ਦਰਖਤ ਸਨ, ਜੰਡ, ਕਰੀਰ, ਵਣ, ਰਹੂੜੇ ਸਨ, ਮਲ਼੍ਹਿਆਂ ਦੀਆਂ ਝਾੜੀਆਂ ਤੇ ਧਾਮਣ ਵਰਗੇ ਲੰਮੇ ਘਾਹ ਸਨ। ਓਦੋਂ ਇਨ੍ਹਾਂ ਮਾਰੂ (ਬਰਾਨੀ ) ਪਰ ਪੱਧਰੀਆਂ ਤੇ ਉਪਜਾਊ ਜ਼ਮੀਨਾਂ ਵਿਚ ਛੋਲੇ, ਤਾਰਾਮੀਰਾ ਤੇ ਸਰ੍ਹੋਂ ਦੀ ਤਕੜੀ ਫਸਲ ਹੁੰਦੀ ਸੀ। ਕਹਿੰਦੇ ਸਨ ਜ਼ਮੀਨ ਝੋਟੇ ਦੇ ਸਿਰ ਵਰਗੀ ਹੈ। (ਹੁਣ ਤਾਂ ਮੋਘਾ ਪੈਂਦਾ ਹੈ, ਲਹਿਰਾਂ-ਬਹਿਰਾਂ ਹਨ)। ਸੋ ਕੂੰਜਾਂ ਦੇ ਲੁਕਣ, ਉੱਡ ਕੇ ਦਰਖਤਾਂ ਉਪਰ ਚੜ੍ਹਨ, ਰਹਿਣ ਅਤੇ ਖਾਣ-ਪੀਣ ਵਾਸਤੇ ਇਹ ਵਧੀਆ ਰਿਹਾਇਸ਼ੀ ਖੇਤਰ ਸੀ। ਸ਼ੇਖਰ ਚੌੜ-ਚੌੜ ਵਿਚ ਇਨ੍ਹਾਂ ਕੂੰਜਾਂ ਮਗਰ ਫਿਰਦਾ ਰਹਿੰਦਾ ਪਰ ਛੇੜਦਾ ਨਾ। ਉਸਦਾ ਬਾਪ ਕਹਿੰਦਾ – ਇਹ ਤਾਂ ਵਿਚਾਰੀਆਂ ਧੀਆਂ-ਧਿਆਣੀਆਂ ਚਾਰ ਦਿਨਾਂ ਦੀਆਂ ਪ੍ਰਾਹੁਣੀਆਂ ਬੜੀ ਦੂਰੋਂ ਆਈਆਂ ਨੇ ਤੇ ਉੱਡ ਜਾਣਗੀਆਂ। ਫੇਰ ਜਦੋਂ ਵਿਸਾਖ ਚੜ੍ਹਨ ਤੋਂ ਪਹਿਲਾਂ ਹੀ ਕੂੰਜਾਂ ਦੀਆਂ ਡਾਰਾਂ ਮੁੜਦੀਆਂ ਅਸਮਾਨ ਤੇ ਦਿਸਦੀਆਂ ਤਾਂ ਉਹ ਉਦਰੇਵਾਂ ਕਰਦਾ। ਉਸ ਦਾ ਜੀਅ ਕਰਦਾ ਕਿ ਉਨ੍ਹਾਂ ਦੇ ਨਾਲ ਹੀ ਉੱਡ ਜਾਵੇ। ਇੱਕ ਨਿਆਣੇ ਦੇ ਮਨ ਵਿਚ ਇਹੋ ਜਿਹੇ ਖਿਆਲ ਸੁਪਨੇ ਦਾ ਰੂਪ ਧਾਰ ਲੈਂਦੇ ਹਨ ਤੇ ਕਿਤੇ ਨਾ ਕਿਤੇ ਜ਼ਹਿਨ ਵਿਚ ਮਨ੍ਹੇ ਵਾਂਗ ਗੱਡੇ ਜਾਂਦੇ ਹਨ, ਜਿਹੜੇ ਮੁਨਾਸਬ ਸਮਾਂ ਆਉਣ ਤੇ ਸ਼ਾਇਦ ਪੂਰੇ ਹੋਣੇ ਹੁੰਦੇ ਹਨ, ਠੀਕ ਜਿਵੇਂ ਮੀਂਹ ਪੈਣ ਤੇ ਚੀਚ ਵਹੁਟੀਆਂ ਟਿੱਬਿਆਂ ਤੇ ਰੀਂਗਦੀਆਂ ਹਨ, ਜਿਵੇਂ ਰੂੜੀਆਂ ਤੇ ਵੀ ਖੁੰਬਾਂ ਉੱਠ ਖੜ੍ਹਦੀਆਂ ਹਨ। ਖ਼ੈਰ ਉਹ ਦਿਨ ਵੀ ਆ ਗਿਆ ਜਦੋਂ ਉਸ ਦੇ ਨੌਕਰੀ ਤੋਂ ਸੇਵਾ-ਮੁਕਤ ਹੋਣ ਮਗਰੋਂ ਕੈਨੇਡਾ ਰਹਿੰਦੇ ਧੀ-ਪੁੱਤ ਕੋਲ ਜਾਣ ਦਾ ਸਬੱਬ ਬਣ ਗਿਆ। ਸਬੱਬ ਕੀ, ਬੱਸ ਦੇਵਨੇਤ ਨੂੰ ਚੜ੍ਹਦੇ ਵਿਸਾਖ ਉਸ ਨੇ ਦਿੱਲੀ ਏਅਰਪੋਰਟ ਤੋਂ ਲੰਮੀ ਉਡਾਰੀ ਭਰੀ ਤੇ ਮਲਕੜੇ ਜਿਹੇ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਉੱਤਰਿਆ – ਕੂੰਜਾਂ ਦੇ ਦੇਸ, ਸੁਪਨਿਆਂ ਦੇ ਦੇਸ।
ਜਿਹੜੇ ਨਜ਼ਾਰੇ ਉਹ ਓਧਰ ਵੇਖਦਾ ਸੀ ਉਹ ਬਦਲਵੀਂ ਜਾਂ ਉਸੇ ਸ਼ਕਲ ਵਿਚ ਏਧਰ ਵੀ ਵੇਖਣ ਨੂੰ ਮਿਲੇ। ਉਹ ਮਨ ਹੀ ਮਨ ਖ਼ੁਸ਼ ਵੀ ਹੁੰਦਾ, ਅਚੰਭਿਤ ਵੀ, ਵਿਚਾਰ-ਮਗਨ ਵੀ ਤੇ ਓਦਰਦਾ ਵੀ। ਏਥੇ ਓਹੀ ਕੂੰਜਾਂ ਦੇ ਝੁੰਡ, ਓਹੀ ਅਸਮਾਨੀ ਉਡਦੀਆਂ ਡਾਰਾਂ ਰੋਜ਼ ਸ਼ਾਮ ਨੂੰ ਦਿਸਦੀਆਂ। ਓਹੀ ਗੋਲੇ ਕਬੂਤਰ। ਓਹੀ ਚਿੱਟੇ, ਚਿਤਕਬਰੇ, ਬੱਗੇ ਤੇ ਲਾਲ ਭਾਹ ਮਾਰਦੇ ਸੁਹਣੇ ਕਬੂਤਰ। ਸ਼ੇਖਰ ਵੇਖਦਾ ਤੇ ਯਾਦ ਕਰਦਾ ਕਿ ਜਦੋਂ ਨਿੱਕਾ ਹੁੰਦਾ ਛੇ ਕੋਹ ਦੂਰ ਨਾਨਕੇ ਪਿੰਡ ਤੁੰਗਵਾਲੀ ਜਾਂਦਾ ਸੀ ਤਾਂ ਚੁਬਾਰੇ ਤੇ ਲੱਗੀ ਛਤਰੀ ਤੇ ਬੈਠੇ ਬਿਲਕੁਲ ਇਹੋ ਜਿਹੇ ਕਬੂਤਰ ਵੇਖਦਾ ਸੀ। ਉਸ ਦੇ ਨਾਨੇ ਦੇ ਇਕਲੌਤੇ ਲਾਡਲੇ ਪੁੱਤਰ ਜਾਣੀ ਮਾਮੇ ਨੂੰ ਕਬੂਤਰਬਾਜ਼ੀ ਦਾ ਸ਼ੌਕ ਸੀ। ਮਾਮੇ ਦੀ ਰੀਸ ਨਾਲ ਸ਼ੇਖਰ ਆਪ ਕਬੂਤਰਾਂ ਨੂੰ ਮੱਖਣੀ ਲਾ ਕੇ ਬਦਾਮ ਖੁਆਉਂਦਾ ਹੁੰਦਾ ਸੀ। ਕਹਿੰਦੇ ਸਨ ਇਸ ਖ਼ੁਰਾਕ ਨਾਲ ਖੰਭਾਂ ਦੇ ਪੱਠੇ ਮਜ਼ਬੂਤ ਹੁੰਦੇ ਹਨ, ਗਰਮੀ ਘੱਟ ਲਗਦੀ ਹੈ, ਥਕੇਵਾਂ ਨਹੀਂ ਹੁੰਦਾ, ਉਡਾਰੀ ਉੱਚੀ ਹੁੰਦੀ ਹੈ, ਉਡਦਿਆਂ ਨੂੰ ਭੁੱਖ- ਤੇਹ ਵੀ ਨਹੀਂ ਲਗਦੀ। ਇਨ੍ਹਾਂ ਕਬੂਤਰਾਂ ਨੂੰ ਉਡਾਉਣ ਦੀਆਂ ਸ਼ਰਤਾਂ ਲਗਦੀਆਂ। ਦਸਦੇ ਹਨ ਕਿ ਇਨ੍ਹਾਂ ਦੇ ਗਲ਼ ਵਿਚ ਰੁੱਕੇ ਬੰਨ੍ਹ ਕੇ ਦੂਰ ਸਹੀ ਟਿਕਾਣੇ ਤੇ ਪੁਚਾਏ ਜਾਂਦੇ ਸਨ। ਇਉਂ ਇਹ ਸੁਨੇਹੇ ਭੇਜਣ ਵਾਲੇ ਦੂਤ ਵਜੋਂ ਵਰਤੇ ਜਾਂਦੇ ਰਹੇ ਹਨ – ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ। ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ। ਪਰ ਏਧਰ ਤਾਂ ਇਹ ਕਬੂਤਰ ਸ਼ਰੇਆਮ ਖੁੱਲ੍ਹੇ ਫਿਰਦੇ ਹਨ, ਨਾ ਕੋਈ ਛੇੜੇ ਨਾ ਬਦਾਮ ਖੁਆਵੇ।
ਏਧਰ ਸ਼ੇਖਰ ਨੇ ਇੱਕ ਹੋਰ ਖ਼ੁਸ਼ਨੁਮਾ ਵਰਤਾਰਾ ਵੇਖਿਆ। ਦੇਸੀ ਚਿੜੀਆਂ, ਜਿਨ੍ਹਾਂ ਨੂੰ ਕਦੇ ਉਹ ਟੋਕਰਾ ਲਾ ਕੇ ਤੇ ਦਾਣਿਆਂ ਦਾ ਚੋਗਾ ਪਾ ਕੇ ਫੜਦਾ ਹੁੰਦਾ ਸੀ ਤੇ ਜਿਹੜੀਆਂ ਕਈ ਚਿਰਾਂ ਤੋਂ ਅਲੋਪ ਹੋ ਗਈਆਂ ਸਨ, ਉਹ ਏਧਰ ਵਾਧੂ ਹਨ। ਕਿਸੇ ਹਿੰਦੀ ਕਵੀ ਦੇ ਵਿਹੜੇ ਦਾ ਸ਼ਿੰਗਾਰ ਹੁੰਦੀਆਂ ਸਨ – ਮੇਰੇ ਮਟ ਮੈਲੇ ਆਂਗਨ ਮੇਂ ਫੁਦਕ ਰਹੀ ਗੌਰਈਆ। ਜਦੋਂ ਵੱਡੇ ਤੜਕੇ ਇਨ੍ਹਾਂ ਚਿੜੀਆਂ ਦੀ ਚਹਿਚਿਹਾਟ ਕੰਨੀਂ ਪੈਂਦੀ ਤਾਂ ਹਾਲ਼ੀ ਹਰਨਾਲੀ ਲੈ ਕੇ ਖੇਤਾਂ ਨੂੰ ਤੁਰ ਪੈਂਦੇ, ਸੁਆਣੀਆਂ ਦੁੱਧ `ਚ ਮਧਾਣੀ ਪਾਉਂਦੀਆਂ, ਚੁੱਲ੍ਹੇ-ਚੌਂਕੇ ਦਾ ਆਹਰ ਕਰਦੀਆਂ, ਰਾਹੀ ਵਾਟ ਨਿਬੇੜਨ ਲਈ ਰਾਹ ਪੈਂਦੇ। ਸ਼ਾਇਰ ਨੂੰ ਕਵਿਤਾ ਫੁਰਦੀ –
ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ, ਪਈਆਂ ਚਾਟੀਆਂ ਵਿਚ ਮਧਾਣੀਆਂ ਨੀ।
ਗੁਰਬਾਣੀ ਦੀਆਂ ਇਹ ਸਤਰਾਂ ਵੀ ਇਹੋ ਬਿਆਨ ਕਰਦੀਆਂ ਹਨ –
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।।
ਅਚਰਜ ਰੂਪ ਸੰਤਨ ਰਚੈ ਨਾਨਕ ਨਾਮਹਿ ਰੰਗ।। (ਅੰਗ 319।।
ਸ਼ੇਖਰ ਨੂੰ ਜਦੋਂ ਵੀ ਆਪਣੇ ਖੇਤ, ਫਸਲਾਂ ਛੱਡਣ ਦਾ ਵਿਗੋਚਾ ਲਗਦਾ ਤਾਂ ਲੰਮੀ ਸੈਰ ਕਰਨ ਨਿਕਲ ਜਾਂਦਾ। ਜੋ ਕੁਛ ਆਲ਼ੇ-ਦੁਆਲ਼ੇ ਵੇਖਦਾ ਉਸ ਨਾਲ ਮਨ ਬਹਿਲ ਜਾਂਦਾ, ਧਰਵਾਸ ਮਿਲਦਾ। ਪੀਲ਼ੇ ਫੁੱਲਾਂ ਵਾਲੀ ਬੂਟੀ `ਡੈਂਡੀਲਾਇਨ` ਉਸ ਨੂੰ ਭਗਤਲ਼ ਲਗਦੀ। ਓਹੀ ਭਗਤਲ਼ ਜਿਹੜੀ ਬਰਾਨੀ ਖੇਤਾਂ ਵਿਚ ਛੋਲਿਆਂ ਦੀ ਫਸਲ ਵਿਚ ਨਦੀਨ ਦੇ ਰੂਪ ਵਿਚ ਆਮ ਹੁੰਦੀ ਸੀ ਤੇ ਉਸ ਨੂੰ ਦਾਤੀ ਨਾਲ ਪੱਟ ਕੇ ਘਰ ਲਿਆ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਇਸ ਤੋਂ ਬਿਨਾ ਲਵੇ-ਲੌਣੇ ਪੀਲ਼ੇ ਤੇ ਚਿੱਟੇ ਚਾਰੇ (ਸੇਂਜੀ) ਦੀ ਬੇਸ਼ੁਮਾਰ ਹੋਂਦ ਸੀ। ਓਧਰ ਤਾਂ ਬਰਸੀਮ ਅਤੇ ਜਵੀ ਦੀ ਖੇਤੀ ਸਦਕਾ ਸੇਂਜੀ ਦਾ ਬੀਜ ਨਾਸ਼ ਹੋ ਚੁੱਕਿਆ ਹੈ। ਉਹ ਵੇਖ ਕੇ ਯਾਦਾਂ ਵਿਚ ਗੁਆਚ ਜਾਂਦਾ। ਖੜ੍ਹੇ ਨਰਮੇ ਜਾਂ ਕਪਾਹ ਵਿਚ ਪਾਣੀ ਲਾ ਕੇ ਨਾਲ ਦੀ ਨਾਲ ਚਾਰੇ ਦੇ ਬੀ ਦਾ ਸਿੱਟਾ ਦੇਈ ਜਾਂਦੇ, ਪੈਰਾਂ ਨਾਲ ਪਾਣੀ ਨੂੰ ਗੰਧਾਲੀ ਜਾਂਦੇ ਤੇ ਚਾਰਾ ਉੱਗ ਆਉਂਦਾ ਸੀ। ਵੱਡਾ ਹੋਣ ਤੇ ਖੜ੍ਹੀਆਂ ਛਟੀਆਂ ਵਿਚ ਹੀ ਵੱਢ ਕੇ ਕੁਤਰਾ ਕਰ ਕੇ ਪਸ਼ੂਆਂ ਨੂੰ ਪਾ ਦਿੰਦੇ। ਇੱਕ ਵਾਰੀ ਚਾਰਾ ਵੱਢਦਿਆਂ ਛਟੀ ਨਾਲ ਖਹਿ ਕੇ ਦਾਤੀ ਉਸ ਦੀ ਉਂਗਲ ਤੇ ਵੱਜੀ ਸੀ, ਯਾਦ ਕਰ ਕੇ ਉਸ ਨੂੰ ਹੁਣ ਵੀ ਧੁੜਧੁੜੀ ਆ ਗਈ। ਪਰ ਜਿਸ ਵਰਤਾਰੇ ਨੇ ਸ਼ੇਖਰ ਨੂੰ ਪ੍ਰੇਸ਼ਾਨ ਕੀਤਾ ਉਹ ਸੀ ਸਿਆਲ਼ ਆਉਂਦਿਆਂ ਸਾਰ ਦਰਖਤਾਂ ਦਾ ਰੁੰਡ-ਮਰੁੰਡ ਹੋ ਜਾਣਾ। ਉਹ ਸੋਚਦਾ ਨਿਰ-ਪੱਤਰੇ ਰੁੱਖ ਸਤੰਬਰ ਤੋਂ ਅਪ੍ਰੈਲ ਦੇ ਸ਼ੁਰੂ ਤੱਕ ਇਵੇਂ ਘੋਨੀ ਜੂਨ ਭੋਗਣਗੇ। ਜਦੋਂ ਤਾਜ਼ਾ ਬਰਫ (ਸਨੋਅ) ਪਈ ਇਉਂ ਲੱਗਿਆ ਜਿਵੇਂ ਰੂੰ ਦੇ ਫੰਬੇ ਡਿਗਦੇ ਹੋਣ। ਪੋਲੀ-ਪੋਲੀ ਬਰਫ ਤੇ ਤੁਰਦਿਆਂ ਇਹੋ ਸੋਚ ਭਾਰੂ ਸੀ ਕਿ ਇਹ ਓਹੀ ਪਾਣੀ ਹੈ ਜਿਸ ਦੀ ਬੂੰਦ-ਬੂੰਦ ਨੂੰ ਤਰਸਦੇ ਹੁੰਦੇ ਸਾਂ। ਯਾਦ ਆਉਂਦਾ ਕਿਵੇਂ ਨਹਿਰ ਦੀ ਬੰਦੀ ਹੁੰਦੀ ਸੀ, ਫਸਲਾਂ ਕੁਮਲਾ ਜਾਂਦੀਆਂ ਸਨ। ਜਦ ਸੂਏ ਵਿਚ ਪਾਣੀ ਦੀ ਛੱਲ ਆਉਣੀ ਤਾਂ ਸਾਰੇ ਪਿੰਡ ਨੂੰ ਚਾਅ ਚੜ੍ਹ ਜਾਣਾ। ਪਾਣੀ ਦੀ ਵਾਰੀ ਪਿੱਛੇ ਝੜਪਾਂ ਹੋ ਜਾਣੀਆਂ। ਏਥੇ ਪਾਣੀ ਪੈਰਾਂ ਹੇਠ ਵਿਛਿਆ ਪਿਐ। ਬਰਫ ਤੇ ਕਿਰਚ-ਕਿਰਚ ਕਰ ਕੇ ਤੁਰਨ ਵੇਲੇ ਕੱਕਾ ਰੇਤਾ ਚੇਤੇ ਆ ਜਾਣਾ। ਯਾਦ ਆ ਜਾਂਦੀਆਂ ਕਲਿਆਣਾਂ ਦੇ ਟਿੱਬਿਆਂ ਤੋਂ ਉੱਠੀਆਂ ਕਾਲ਼ੀਆਂ-ਬੋਲ਼ੀਆਂ ਹਨੇਰੀਆਂ। ਮੂੰਹ-ਸਿਰ ਰੇਤੇ ਨਾਲ ਭਰ ਜਾਣਾ। ਏਥੇ ਤਾਂ ਵਰ੍ਹਦੀ ਬਰਫ ਵਿਚ ਵੀ ਤੁਰਨ ਦਾ ਆਪਣਾ ਹੀ ਨਜ਼ਾਰਾ ਹੈ। ਰੇਤ ਦੇ ਟਿੱਬਿਆਂ ਤੇ ਘਰ ਬਣਾਉਂਦੇ, ਰੇਤ ਕਿਰ ਜਾਣੀ, ਘਰ ਢਹਿ ਜਾਣੇ। ਏਥੇ ਤਾਂ ਬਰਫ ਦੇ ਘਰ (ਇਗਲੂ) ਵੀ ਬਣ ਜਾਂਦੇ ਨੇ, ਆਦਮੀ ਵੀ, ਹੋਰ ਸ਼ਕਲਾਂ ਵੀ, ਤੇ ਉਹ ਛੇਤੀ ਛੇਤੀ ਪੰਘਰਦੇ ਵੀ ਨਹੀਂ। ਨਿਆਣਿਆਂ ਲਈ ਕਿੱਥੇ ਰੇਤੇ ਦੀਆਂ ਖੇਡਾਂ ਤੇ ਕਿੱਥੇ ਬਰਫ ਦੀਆਂ। ਜੇ ਕਿਤੇ ਕੂੰਜਾਂ ਆਪਣੇ ਦੇਸ ਬਾਰੇ ਇਹ ਦੱਸ ਸਕਦੀਆਂ ਤਾਂ ਕਦੇ ਸੱਚ ਨਹੀਂ ਸੀ ਆਉਣਾ। ਇੱਕ ਦਿਨ ਸ਼ੇਖਰ ਜੰਮੀ ਝੀਲ ਉਪਰ ਤੁਰਿਆ ਜਾਵੇ ਤੇ ਕਹੀ ਜਾਵੇ -ਆਹ ਜਾਂਦੈ ਜੱਟ ਪਾਣੀ ਨੂੰ ਗਾਹੁੰਦਾ। ਇਸ ਮੌਕੇ ਕੂੰਜਾਂ ਤਾਂ ਕਿਸੇ ਦੂਰ ਦੇਸ ਜਾ ਵੜੀਆਂ ਹੋਣਗੀਆਂ।
ਹਾਂ ਸੱਚ, ਜਿਹੜੀਆਂ ਕੂੰਜਾਂ ਕੈਲਗਰੀ ਵਾਸ ਕਰਦੀਆਂ ਹਨ, ਇਹ ਤਾਂ ਉਹ ਨਹੀਂ ਹਨ ਜਿਹੜੀਆਂ ਸ਼ੇਖਰ ਦੇ ਖੇਤਾਂ ਵਿਚ ਜਾਂਦੀਆਂ ਹੁੰਦੀਆਂ ਸਨ। ਉਹ ਤਾਂ ਕਹਿੰਦੇ ਸਾਇਬੇਰੀਆ, ਮੰਗੋਲੀਆ ਤੋਂ ਆਉਂਦੀਆਂ ਸਨ। ਇਹ ਵੀ ਮੌਕਾ-ਮੇਲ ਹੀ ਹੈ ਕਿ ਸਾਇਬੇਰੀਆ ਦਾ ਕੈਨੇਡਾ ਨਾਲ ਧੁਰ ਤੋਂ ਬੜਾ ਗਹਿਰਾ ਤੇ ਬੁਨਿਆਦੀ ਸੰਬੰਧ ਹੈ। ਇਹ ਮੰਨ ਲਿਆ ਗਿਆ ਹੈ ਅਤੇ ਪੁਰਾਤੱਤਵੀ ਖੋਜਾਂ, ਵਿਗਿਆਨਕ ਪਰਖਾਂ ਦੁਆਰਾ ਸਿੱਧ ਹੋ ਚੁੱਕਿਆ ਹੈ ਕਿ ਕੈਨੇਡਾ ਦੀ ਧਰਤੀ ਤੇ ਰਹਿਣ ਵਾਲੇ ਮੂਲਨਿਵਾਸੀਆਂ ਦੇ ਪੁਰਖੇ ਹਜ਼ਾਰਾਂ ਸਾਲ ਪਹਿਲਾਂ ਸਾਇਬੇਰੀਆ ਤੋਂ ਬੈਰਿੰਗ ਸਟ੍ਰੇਟ ਦੇ ਰਸਤੇ ਆਏ ਸਨ। ਇਨ੍ਹਾਂ ਦੇ ਕੁੱਝ ਨੈਣ-ਨਕਸ਼, ਰਸਮੋ ਰਿਵਾਜ, ਖੁਰਾਕ, ਰਹਿਣ-ਸਹਿਣ ਦੇ ਢੰਗ ਅਤੇ ਇੱਥੋਂ ਤੱਕ ਕਿ ਡੀ. ਐਨ. ਏ. ਉਨ੍ਹਾਂ ਲੋਕਾਂ ਨਾਲ ਕਾਫ਼ੀ ਹੱਦ ਤੱਕ ਮਿਲਦੇ ਹਨ। ਯੂਰਪੀਨ ਆਬਾਦਕਾਰਾਂ ਨੇ ਇਸ ਤੱਥ ਨੂੰ ਝੁਠਲਾਉਣ ਅਤੇ ਇਨ੍ਹਾਂ ਲੋਕਾਂ ਦਾ ਸੰਬੰਧ ਯੂਰਪੀਨ ਲੋਕਾਂ ਨਾਲ ਜੋੜਨ ਦੀ ਅਸਫਲ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਇਸ ਧਰਤੀ ਉਪਰ ਜਾਇਜ਼ ਕਾਬਜ਼ਕਾਰ ਸਿੱਧ ਹੋ ਸਕਣ। ਇੱਥੋਂ ਤੱਕ ਕਿ ਬਰੀਗਮ ਯੂਨੀਵਰਸਿਟੀ ਦੇ ਇੱਕ ਖੋਜਕਾਰ ਪ੍ਰੋਫੈਸਰ ਨੇ ਜਦੋਂ ਇਨ੍ਹਾਂ ਮੂਲਨਿਵਾਸੀਆਂ ਦੇ ਡੀ. ਐਨ ਏ. ਨੂੰ ਸਾਇਬੇਰੀਅਨ ਲੋਕਾਂ ਦੇ ਡੀ. ਐਨ. ਏ. ਨਾਲ ਮਿਲਦਾ ਸਿੱਧ ਕੀਤਾ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਲਗਦੇ ਹੱਥ ਦੂਜੇ ਖੋਜਕਾਰਾਂ ਤੇ ਪ੍ਰੋਫੈਸਰਾਂ ਨੂੰ ਅਜਿਹੇ ਨਤੀਜੇ ਕੱਢਣ ਤੋਂ ਸਖਤ ਮਨਾਹੀ ਕਰ ਦਿੱਤੀ ਸੀ। ਸ਼ੇਖਰ ਨੇ ਇਨ੍ਹਾਂ ਲੋਕਾਂ ਬਾਰੇ ਜਾਨਣਾ ਸ਼ੁਰੂ ਕੀਤਾ ਤਾਂ ਉਸ ਨੂੰ ਕਈ ਪੱਖਾਂ ਤੋਂ ਸਾਂਝ ਪੈਂਦੀ ਲੱਗੀ। ਉਸ ਨੇ ਜਾਣਿਆਂ ਕਿ ਜਿਵੇਂ ਅਸੀਂ ਓਧਰ ਧੂਫ-ਬੱਤੀ ਕਰਦੇ ਹਾਂ, ਇਹ ਵੀ ਸਵੀਟ ਗਰਾਸ ਦੀ ਧੂਫ ਦਿੰਦੇ ਹਨ। ਜਿਵੇਂ ਸਾਡੇ ਦੇਸੀ ਜੜੀ-ਬੂਟੀਆਂ ਨਾਲ ਇਲਾਜ ਕਰਨ ਵਾਲੇ ਵੈਦ ਹਕੀਮ ਹੁੰਦੇ ਹਨ, ਇਨ੍ਹਾਂ ਦੇ ਵੀ ਪਿਤਾ-ਪੁਰਖੀ ਮੈਡੀਸਨ ਪਰਸਨ (ਆਦਮੀ ਚਾਹੇ ਔਰਤ) ਹੁੰਦੇ ਹਨ ਜਿਨ੍ਹਾਂ ਨੂੰ ਜੜੀ ਬੂਟੀਆਂ ਦਾ ਗਿਆਨ ਦਵਾਈਆਂ ਦੀ ਪੋਟਲ਼ੀ ਸਮੇਤ ਪੀੜ੍ਹੀਓ-ਪੀੜ੍ਹੀ ਮਿਲਦਾ ਰਿਹਾ ਹੈ। ਜਿਵੇਂ ਓਧਰ ਹਿੰਦੂ ਰਸਮਾਂ ਮੁਤਾਬਕ ਵਡੇਰੇ ਦੀ ਮੌਤ ਮਗਰੋਂ ਔਲਾਦ ਦਾ ਸਿਰ ਮੁੰਨਿਆਂ ਜਾਂਦਾ ਹੈ, ਇਨ੍ਹਾਂ ਦੇ ਵੀ ਇਹੋ ਰਿਵਾਜ ਹੈ। ਜਿਵੇਂ ਸਾਡੇ ਵਡੇਰੇ ਬਾਤਾਂ ਸੁਣਾ ਕੇ ਅਗਲੀ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜੀ ਰਖਦੇ ਸਨ, ਇਵੇਂ ਇਨ੍ਹਾਂ ਦੇ ਵਡੇਰੇ (ਐਲਡਰ) ਵੀ ਆਪਣੀਆਂ ਰਵਾਇਤੀ ਕਹਾਣੀਆਂ ਸੁਣਾਉਂਦੇ ਪੀੜ੍ਹੀ ਦਰ ਪੀੜ੍ਹੀ ਸਭਿਆਚਾਰ ਨੂੰ ਜਿਉਂਦਾ ਰਖਦੇ ਹਨ। ਜਿਵੇਂ ਓਧਰ ਹੁੱਕੇ-ਪਾਣੀ ਦੀ ਸਾਂਝ ਮੰਨੀ ਜਾਂਦੀ ਸੀ, ਉਵੇਂ ਇਹ ਵੀ ਕਰਦੇ ਹਨ ਜਿਸ ਨੂੰ ਪਾਈਪ ਦੀ ਸਾਂਝ ਕਹਿੰਦੇ ਹਨ। ਹੋਰ ਵੀ ਬਹੁਤ ਕੁੱਝ ਮਿਲਦਾ ਜੁਲਦਾ ਹੈ।
ਵਾਹ ਕੁਦਰਤ ਦੇ ਰੰਗ। ਸਾਇਬੇਰੀਆ ਦੇ ਲੋਕ ਕੈਨੇਡਾ ਦੀ ਧਰਤੀ ਤੇ, ਸਾਇਬੇਰੀਆ ਦੀਆਂ ਕੂੰਜਾਂ ਪੰਜਾਬ ਦੇ ਖੇਤਾਂ ਵਿਚ ਤੇ ਪੰਜਾਬ ਦਾ ਸ਼ੇਖਰ ਕੂੰਜਾਂ ਮਗਰ ਫਿਰਦਾ-ਫਿਰਦਾ ਕੂੰਜਾਂ ਦੇ ਦੇਸ ਕੈਨੇਡਾ ਵਿਚ। ਇਹ ਤਿਕੋਨ ਸਾਰੇ ਬਿੰਦੂਆਂ ਨੂੰ ਇਉਂ ਮਿਲਾਉਂਦੀ ਹੈ ਜਿਵੇਂ ਕੂੰਜਾਂ ਦੀਆਂ ਦੋ ਡਾਰਾਂ ਇੱਕੋ ਮੂਹਰਲੇ ਬਿੰਦੂ ਤੇ ਆ ਮਿਲਦੀਆਂ ਹਨ। ਹੁਣ ਤਾਂ ਸ਼ੇਖਰ ਕੁਦਰਤ ਦੇ ਰੰਗਾਂ ਤੋਂ ਵਾਰੇ ਵਾਰੇ ਜਾਂਦਾ ਹੈ।
ਜਦੋਂ ਉਹ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਪੰਜਾਬ ਅੰਦਰ ਨਕਸਲੀ ਲਹਿਰ ਜ਼ੋਰਾਂ ਤੇ ਸੀ। ਉਹ ਵੀ ਇਸ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕਿਆ। ਉਸ ਦੀਆਂ ਤੱਤੀਆਂ ਲਿਖਤਾਂ ਤਤਕਾਲੀ ਰਿਸਾਲੇ `ਹੇਮ ਜਯੋਤੀ` ਵਿਚ ਸ਼ੇਖਰ ਦੇ ਨਾਂ ਹੇਠ ਛਪਦੀਆਂ ਰਹੀਆਂ। ਕੂੰਜਾਂ ਦੇ ਦੇਸ ਆ ਕੇ ਹੁਣ ਉਸ ਦੀਆਂ ਲਿਖਤਾਂ ਇੱਥੋਂ ਦੇ `ਪੰਜਾਬੀ ਅਖ਼ਬਾਰ` ਵਿਚ ਉਸ ਦੇ ਅਸਲੀ ਨਾਂ ਹੇਠ ਛਪ ਰਹੀਆਂ ਹਨ। ਕੂੰਜਾਂ ਦਾ ਭਲਾ ਕਿਹੜਾ ਕੋਈ ਪੱਕਾ ਟਿਕਾਣਾ ਹੈ ਪਰ ਉਡਾਰੀ ਲਈ ਅਸਮਾਨ ਖੁੱਲ੍ਹਾ ਪਿਆ ਹੈ। ਇਵੇਂ ਲਿਖਣ-ਪੜ੍ਹਨ ਲਈ ਸੋਚ ਦੀ ਉਡਾਰੀ ਵਾਸਤੇ ਸਾਰਾ ਬ੍ਰਹਿਮੰਡ ਪਿਆ ਹੈ, ਨਾਂ ਭਾਵੇਂ ਕੋਈ ਵੀ ਹੋਵੇ, ਸ਼ੇਖਰ ਜਾਂ —–।