ਕੇਂਦਰੀ ਯੂਨੀਵਰਸਿਟੀ ਨੇ ਕੀਤਾ ਗੁਰਦਿਆਲ ਸਿੰਘ ਨੂੰ ਚੇਤੇ

ਕੇਂਦਰੀ ਯੂਨੀਵਰਸਿਟੀ ਨੇ ਕੀਤਾ ਗੁਰਦਿਆਲ ਸਿੰਘ ਨੂੰ ਚੇਤੇ

– ਨਿੰਦਰ ਘੁਗਿਆਣਵੀ
ਵਰੇ 2025 ਦਾ ਆਰੰਭ ਤੇ ਲੰਘੀ 10 ਜਨਵਰੀ ਨੂੰ ਪੰਜਾਬ ਦੇ ਸਿਰਮੌਰ ਨਾਵਲਕਾਰ, “ਪਦਮਸ਼੍ਰੀ” ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦਾ ਜਨਮ ਦਿਨ ਸੀ। ਗਿਆਨਪੀਠ, ਭਾਰਤੀ ਸਾਹਿਤ ਅਕਾਦਮੀ ਤੇ “ਪਦਮਸ੍ਰੀ” ਜਿਹੇ ਵੱਡੇ ਸਨਮਾਨਾਂ ਨਾਲ ਨਿਵਾਜੇ ਗਏ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਨੂੰ ਇਸ ਦਿਨ ਵੱਖ ਵੱਖ ਸਾਹਿਤਕ ਮੰਚਾਂ ਉਤੇ ਬੜੀ ਸ਼ਿੱਦਤ ਨਾਲ ਚੇਤੇ ਕੀਤਾ ਗਿਆ। ਉਨਾਂ ਦੇ ਜੱਦੀ ਸ਼ਹਿਰ ਜੈਤੋ ਮੰਡੀ ਵਿਚ ਵੀ ਇਕ ਸਮਾਰੋਹ ਹੋਇਆ, ਜਿਸ ਵਿਚ ਸਥਾਨਕ ਲੋਕ ਵੀ ਸ਼ਿਰਕਤ ਕਰਦੇ ਦਿਸੇ। ਪ੍ਰੋ ਗੁਰਦਿਆਲ ਸਿੰਘ ਨੇ ਆਪਣੀ ਸਾਰੀ ਉਮਰ ਇਸੇ ਮੰਡੀ ਵਿਚ ਕੱਟੀ। ਉਨਾਂ ਦੇ ਜਿਊਂਦੇ ਜੀਅ ਪੰਜਾਬ ਸਰਕਾਰ ਨੇ ‘ਗੁਰਦਿਆਲ ਸਿੰਘ ਗਲਪ ਭਵਨ’ ਵੀ ਬਣਾਇਆ ਤੇ ਉਨਾਂ ਦੇ ਘਰ ਨੂੰ ਜਾਂਦੇ ਰਾਹ ਦਾ ਨਾਂ ‘ਗੁਰਦਿਆਲ ਸਿੰਘ ਮਾਰਗ’ ਰੱਖਿਆ।

ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ (ਘੁੱਦਾ) ਵਿਖੇ ਉਥੋਂ ਦੇ ਪੰਜਾਬੀ ਵਿਭਾਗ ਵੱਲੋਂ ਵਾਈਸ ਚਾਂਸਲਰ ਡਾ ਰਾਘਵੇਂਦਰ ਪ੍ਰਸ਼ਾਦਿ ਤਿਵਾੜੀ ਦੀ ਅਗਵਾਈ ਹੇਠ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਯਾਦ ‘ਚ ਸੰਖੇਪ ਪਰ ਪ੍ਰਭਾਵੀ ਸਾਹਿਤਕ ਸਮਾਰੋਹ ਕਰਵਾਇਆ ਗਿਆ। ਵਿਭਾਗ ਦੀ ਮੁਖੀ ਪ੍ਰੋ ਰਮਨਪ੍ਰੀਤ ਕੌਰ ਨੇ ਸਵਾਗਤੀ ਸ਼ਬਦਾਂ ਰਾਹੀਂ ਪ੍ਰੋਫੈਸਰ ਸਹਿਬ ਦੀ ਨਿਰੰਤਰ ਸਾਹਿਤਕ ਘਾਲਣਾ ਬਾਬਤ ਵਿਦਿਅਰਥੀਆਂ ਤੇ ਖੋਜਾਰਥੀਆਂ ਨੂੰ ਬਾਰੀਕੀ ਨਾਲ ਜਾਣੂੰ ਕਰਵਾਇਆ। ਪ੍ਰੋਫੈਸਰ ਰਮਨਪ੍ਰੀਤ ਨੇ ਆਖਿਆ ਕਿ ਗੁਰਦਿਆਲ ਸਿੰਘ ਆਪਣੀ ਲੋਕਾਈ ਦੇ ਲਿਖਾਰੀ ਸਨ। ਉਨਾਂ ਦੀ ਹਰ ਲਿਖਤ ਵਿਚ ਸਮਾਜ ਦਾ ਦਰਦ ਡੂੰਘਾ ਛੁਪਿਆ ਹੁੰਦਾ ਸੀ। ਉਹ ਸਮਾਜ ਦੇ ਅੜੇ ਥੁੜੇ ਲੋਕਾਂ ਦੀ ਗੱਲ ਆਪਣੀਆਂ ਲਿਖਤਾਂ ਵਿਚ ਕਰਦੇ ਰਹੇ। ਪ੍ਰੋਫੈਸਰ ਸਾਹਿਬ ਦੇ ਸਾਹਿਤਕ ਵਾਰਿਸ ਅਬੋਹਰ ਤੋਂ ਆਏ ਪ੍ਰੋ ਤਰਸੇਮ ਸ਼ਰਮਾ ਇਸ ਮੌਕੇ ਉਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਪ੍ਰੋਫੈਸਰ ਸਾਹਿਬ ਨਾਲ 1991 ਤੋਂ ਲੈਕੇ ਉਨਾਂ ਦੇ ਆਖਰੀ ਵੇਲੇ ਤਕ ਬਿਤਾਏ ਆਪਣੇ ਯਾਦਗਾਰੀ ਸਮੇਂ ਨੂੰ ਹੁੱਭ ਕੇ ਯਾਦ ਕੀਤਾ। ਪ੍ਰੋ ਤਰਸੇਮ ਜੀ ਨੇ ਦੱਸਿਆ ਕਿ ਗੁਰਦਿਆਲ ਸਿੰਘ ਦੀ ਲਿਖਣ ਪ੍ਰਕਿਰਿਆ ਕਿਸ ਤਰਾਂ ਸ਼ੁਰੂ ਹੁੰਦੀ ਸੀ, ਉਹ ਇਕ ਇਕ ਰਚਨਾ ਨੂੰ ਵਾਰ ਵਾਰ ਸੋਧਦੇ ਥਕਦੇ ਅਕਦੇ ਨਹੀਂ ਸਨ। ਤਰਸੇਮ ਸ਼ਰਮਾ ਨੇ ਪ੍ਰੋ ਗੁਰਦਿਆਲ ਸਿੰਘ ਦੇ ਹਲੀਮੀ ਭਰੇ ਸੁਭਾਅ, ਮਿਲਵਰਤਨ, ਸਮਰਪਿਤ ਭਾਵਨਾ, ਆਪਣੇ ਸਮਕਾਲੀਆਂ ਪ੍ਰਤੀ ਉਨਾਂ ਦਾ ਆਦਰ ਭਰਿਆ ਵਿਵਹਾਰ ਆਦਿ ਪੱਖਾਂ ਬਾਰੇ ਵੀ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਜਾਣੂੰ ਕਰਵਾਇਆ।ਮੰਚ ਸੰਚਾਲਨ ਡਾ ਅਮਨਦੀਪ ਬਰਾੜ ਨੇ ਕੀਤਾ। ਪ੍ਰੋਫੈਸਰ ਤਰਸੇਮ ਜੀ ਨੂੰ ਸਨਮਾਨਿਤ ਕਰਨ ਦੀ ਰਸਮ ਵਿਭਾਗ ਦੇ ਸਮੂਹ ਪ੍ਰੋਫੈਸਰ ਸਹਿਬਾਨ ਨੇ ਅਦਾ ਕੀਤੀ। ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ ਵਾਈਸ ਚਾਂਸਲਰ ਡਾ ਤਿਵਾੜੀ ਨੇ ਆਖਿਆ ਕਿ ਉਨਾਂ ਦੀ ਯੂਨੀਵਰਸਿਟੀ ਪੰਜਾਬ ਦੇ ਪ੍ਰਮੁੱਖ ਲੇਖਕਾਂ, ਕਲਾਕਾਰਾਂ ਤੇ ਵਿਦਵਾਨਾਂ ਦੀ ਯਾਦ ਵਿਚ ਪ੍ਰੋਗਰਾਮ ਕਰਵਾਉਣ ਨੂੰ ਪਹਿਲ ਦੇਵੇਗੀ।