ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨਾਲ ਘਰ-ਘਰ ਜਾਕੇ ਲੋਕਾਂ ਨਾਲ ਕੀਤੀ ਮੁਲਾਕਾਤ
ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਲਈ ਖਰੜ ਤੋਂ ਡੋਰ-ਟੂ-ਡੋਰ ਕੈਂਪੇਨ ਦੀ ਕੀਤੀ ਸ਼ੁਰੂਆਤ
...ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ‘ਆਪ’ ਦੇ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨਾਲ ਪਿੰਡ ਖ਼ਾਨਪੁਰ ਵਿਖੇ ਘਰ-ਘਰ ਜਾਕੇ ਲੋਕਾਂ ਨਾਲ ਕੀਤੀ ਮੁਲਾਕਾਤ, ਬਜ਼ੁਰਗਾਂ ਤੋਂ ਲਿਆ ਅਸ਼ੀਰਵਾਦ ।
...ਲੋਕਾਂ ਨੇ ਅਰਵਿੰਦ ਕੇਜਰੀਵਾਲ ਦਾ ਕੀਤਾ ਸਵਾਗਤ, ਉਨ੍ਹਾਂ ਦੀ ਜਿੱਤ ਦੀ ਕੀਤੀ ਕਾਮਨਾ
ਖਰੜ, 12 ਜਨਵਰੀ 2022 (ਪੰਜਾਬੀ ਅਖ਼ਬਾਰ ਬਿਊਰੋ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਘਰ-ਘਰ ਜਾਕੇ ਚੋਣ ਪ੍ਰਚਾਰ ਸ਼ੁਰੂ ਕੀਤਾ। ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਖਰੜ ਤੋਂ ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਨਾਲ ਘਰ-ਘਰ ਜਾਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੰਜਾਬ ਲਈ ਪਾਰਟੀ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ।
ਖਰੜ ਦੇ ਪਿੰਡ ਖ਼ਾਨਪੁਰ ਵਿੱਚ ਲੋਕਾਂ ਨੇ ਥਾਂ-ਥਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਬਜੁਰਗਾਂ ਨੇ ਚੋਣਾਂ ਵਿੱਚ ਜਿੱਤ ਲਈ ਕੇਜਰੀਵਾਲ ਨੂੰ ਅਸ਼ੀਰਵਾਦ ਦਿੰਦੇ ਹੋਏ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੇਜਰੀਵਾਲ ਨੇ ‘ਆਪ’ ਪਾਰਟੀ ਦੀਆਂ ਯੋਜਨਾਵਾਂ ਅਤੇ ਗਰੰਟੀਆਂ ਨਾਲ ਸਬੰਧਤ ਪੈਂਫਲੇਟ ਲੋਕਾਂ ਨੂੰ ਵੰਡੇ ਅਤੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ‘ਤੇ ਸੁਰਜੀਤ ਬਣਾਉਣ, ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਖਰੜ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮੋਲ ਗਗਨ ਮਾਨ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ‘ਡੋਰ-ਟੂ-ਡੋਰ’ ਆਮ ਆਦਮੀ ਪਾਰਟੀ ਦੀਆਂ ਮਨਪਸੰਦ ਸਕੀਮਾਂ ਵਿੱਚੋਂ ਇੱਕ ਹੈ। ਲੋਕਾਂ ਦੀ ਸਹੂਲਤ ਲਈ ਦਿੱਲੀ ਸਰਕਾਰ ਨੇ ‘ਡੋਰ ਸਟੈਪ ਡਿਲੀਵਰੀ ਫਾਰ ਸਰਵਿਸਿਜ਼’ ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾਕੇ ਉਨ੍ਹਾਂ ਦਾ ਕੰਮ ਕਰਕੇ ਦਿੰਦੇ ਹਨ, ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਵਿਧਾਇਕ ਅਤੇ ਮੰਤਰੀ ਸਾਧਾਰਨ ਪਰਿਵਾਰਾਂ ਤੋਂ ਆਉਂਦੇ ਹਨ। ਇਸੇ ਲਈ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖ-ਦਰਦ ਦੀ ਪੂਰੀ ਸਮਝ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਸ਼ੇਸ਼ ਲੋਕ ਜਿਵੇਂ ਕਿ ਮੰਤਰੀ ਅਤੇ ਅਫਸਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਆਮ ਲੋਕਾਂ ਨੂੰ ਵੀ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ‘ਆਪ’ ਦਾ ਮਕਸਦ ਦੇਸ਼ ਦੇ ਹਰ ‘ਆਮ’ ਆਦਮੀ ਨੂੰ ‘ਖਾਸ’ ਬਣਾਉਣਾ ਹੈ।