ਕੈਨੇਡਾ ਦੇ ਸੁਪਰ ਵੀਜ਼ੇ ਤਹਿਤ ਆਏ ਮਾਪੇ ਹੁਣ ਲਗਾਤਾਰ 5 ਸਾਲ ਕਨੇਡਾ ਰਹਿ ਸਕਣਗੇ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) 4 ਜੁਲਾਈ 2022 ਤੋਂ ਨਵੇਂ ਨਿਯਮਾਂ ਅਨੁਸਾਰ ਹਰੇਕ ਸੁਪਰ ਵੀਜ਼ਾ ਧਾਰਕ ਕੈਨੇਡਾ ਵਿੱਚ ਦਾਖਿਲ ਹੋ ਕੇ 5 ਸਾਲਾਂ ਤੱਕ ਠਹਿਰ ਸਕਣਗੇ। ਉਸ ਤੋਂ ਬਾਅਦ ਵੀ 2 ਸਾਲ ਦੀ ਠਹਿਰਨ ਦੀ ਮਿਆਦ ਹੋਰ ਵਧਾਉਣਾ ਹੋਵੇ ਤਾਂ ਵੀ ਸੰਭਵ ਹੈ, ਭਾਵ ਇੱਕ ਵਾਰੀ ਦਾਖਿਲ ਹੋ ਕੇ 7 ਸਾਲ ਮੁੜਨ ਦੀ ਜਰੂਰਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਵੀ ਭਾਵੇਂ ਸੁਪਰ ਵੀਜਾ ਦੀ ਮਿਆਦ ਤਾਂ 10 ਸਾਲ ਹੀ ਸੀ ਪਰ ਉਹ ਆਪਣੀ ਇੱਕ ਇੰਟਰੀ ਨਾਲ ਸਿਰਫ 2 ਸਾਲ ਹੀ ਕਨੇਡਾ ਠਹਿਰ ਸਕਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੰਮੇ ਸਮੇ ਤੋਂ ਕਨੇਡਾ ਦੇ ਕੈਲਗਰੀ ਸਹਿਰ ਵਿਖੇ ਸੁਪਰ ਵੀਜਾ ਦੀਆਂ ਸੇਵਾਵਾਂ ਨਿਭਾ ਰਹੀ ਨਵਦੀਪ ਜਸਵਾਲ ਨੇ ਪੰਜਾਬੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਚੋਣਵੀਂਆਂ ਵਿਦੇਸ਼ੀ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਸੁਪਰ ਵੀਜ਼ਾ ਧਾਰਕਾਂ ਦੀ ਹੈਲਥ ਇੰਸ਼ੋਰੈਂਸ ਕਰਨ ਦੀ ਮਾਨਤਾ ਮਿਲੇਗੀ। ਜਿਸ ਤੋਂ ਬਾਅਦ ਕੈਨੇਡਾ ਦੀ ਕੰਪਨੀ ਤੋਂ ਇੰਸ਼ੋਰੈਂਸ ਲੈਣਾ ਜਰੂਰੀ ਨਹੀਂ ਰਹੇਗਾ। ਮਾਨਤਾ ਵਾਲ਼ੀਆਂ ਇੰਸ਼ੋਰੈਂਸ ਕੰਪਨੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ।ਪਰ ਨਾਲ ਹੀ ਉਹਨਾਂ ਸੁਪਰ ਵੀਜਾ ਲੈਣ ਵਾਲਿਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜਦੋਂ ਉਹਨਾਂ ਨੇ ਲੰਮਾਂ ਸਮਾਂ ਕਨੇਡਾ ਵਿੱਚ ਹੀ ਰਹਿਣਾ ਹੈ ਤਾਂ ਸੁਪਰ ਵੀਜਾ ਇੰਸੋਰੈਂਸ ਵੀ ਕਨੇਡੀਅਨ ਕੰਪਨੀਆਂ ਤੋਂ ਹੀ ਲੈਣੀ ਚਾਹੀਦੀ ਹੈ ਤਾਂ ਕਿ ਲੋੜ ਪੈਣ ਮੌਕੇ ਕਨੇਡੀਅਨ ਕੰਪਨੀ ਹੋਣ ਕਾਰਣ ਕਨੇਡਾ ਵਿੱਚ ਸਬੰਧਿਤ ਸੇਵਾਵਾਂ ਸੌਖਿਆਂ ਹੀ ਪਰਾਪਤ ਕੀਤੀਆ ਜਾ ਸਕਣ।