ਕੈਨੇਡਾ ਪੜ੍ਹਨ ਆਏ ਵਿਦਿਆਰਥੀ ਦਾ ਐਡਮਿੰਟਨ ਵਿੱਚ ਕਤਲ ਹੋਇਆ

ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਇੱਕ 22 ਸਾਲਾ ਦਸਤਾਰਧਾਰੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਨੂੰ ਬੀਤੇ ਬੁੱਧਵਾਰ 4 ਸਤੰਬਰ 2024 ਵਾਲੇ ਦਿਨ ਇੱਕ ਪਾਰਕੇਡ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ।

ਪਤਾ ਲੱਗਾ ਹੈ ਕਿ ਕਤਲ ਹੋਣ ਵਾਲਾ ਨੌਜਵਾਨ ਕਰੀਬ ਅੱਠ ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵੱਜੋਂ ਕੈਨੇਡਾ ਪੁੱਜਾ ਸੀ। ਪੁਲਿਸ ਨੇ ਇਸ ਮਾਮਲੇ ‘ਚ 40 ਸਾਲਾ ਈਗਰ ਵਿਸਕਰ ‘ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ‘ਤੇ ਹੀ ਖੜ੍ਹਾ ਰਿਹਾ। ਕਥਿੱਤ ਕਾਤਲ ਨੇ ਜਸ਼ਨਦੀਪ ਸਿੰਘ ਨੂੰ ਮਾਰਨ ਲਈ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ। ਮੌਕੇ ਉੱਪਰ ਪੁੱਜੀ ਪੁਲਿਸ ਦੇ ਬਿਆਨਾ ਅਨੁਸਾਰ ਜਸ਼ਨਦੀਪ ਸਿੰਘ ਮਾਨ ਦੇ ਸਰੀਰ ਉੱਪਰ ਤੇਜਧਾਰ ਹਥਿਆਰ ਦੇ ਇੰਨੇ ਜਿਆਦਾ ਜ਼ਖ਼ਮ ਸਨ ਕਿ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਮਰਨ ਵਾਲਾ ਅਤੇ ਮਾਰਨ ਵਾਲਾ ਇੱਕ ਦੂਸਰੇ ਤੋਂ ਅਣਜਾਣ ਸਨ ਇਸ ਲਈ ਇਸ ਘਟਨਾ ਨੂੰ ਨਫਰਤੀ ਵਰਤਾਰੇ ਵੱਜੋਂ ਦੇਖਿਆ ਜਾ ਰਿਹਾ ਹੈ। ਐਡਮਿੰਟਨ ਪੁਲਿਸ ਅਤੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੀ ਜਾਂਚ ਇੱਕ ਨਫਰਤੀ ਅਪਰਾਧ ਵੱਜੋਂ ਕੀਤੀ ਜਾਵੇ। ।ਜ਼ਿਕਰਯੋਗ ਹੈ ਕਿ ਇਸ ਵਕਤ ਕੈਨੇਡਾ ਵਿੱਚ ਸਿੱਖਾਂ ਪ੍ਰਤੀ ਸੋਸ਼ਲ ਮੀਡੀਏ ‘ਤੇ ਬਹੁਤ ਨਫ਼ਰਤ ਫੈਲਾਈ ਜਾ ਰਹੀ ਹੈ। ਸੋ ਸਭ ਨੂੰ ਬੇਹੱਦ ਸਾਵਧਾਨੀ ਨਾਲ ਰਹਿਣ ਦੀ ਲੋੜ ਹੈ।ਮ੍ਰਿਤਕ ਨੌਜਵਾਨ ਦਾ ਸਬੰਧ ਪਿੰਡ ਬਡਲਾ ਜ਼ਿਲ੍ਹਾ ਮਲੇਰਕੋਟਲਾ ਨਾਲ ਦੱਸਿਆ ਜਾ ਰਿਹਾ ਹੈ।