ਕੈਨੇਡਾ ਵਿੱਚ ਪੰਜਾਬੀਆਂ ਤੇ ਪੰਜਾਬੀ ਭਾਸ਼ਾ ਦਾ ਮੁੱਢਲਾ ਦੌਰ
ਕੈਨੇਡਾ ਵਿੱਚ ਪੰਜਾਬੀਆਂ ਤੇ ਪੰਜਾਬੀ ਭਾਸ਼ਾ ਦਾ ਮੁੱਢਲਾ ਦੌਰ : ਇਤਿਹਾਸਕ ਪਰਿਪੇਖ ‘ਚ
ਡਾ. ਸੁਖਦੇਵ ਸਿੰਘ ਝੰਡ
ਭੂਮਿਕਾ
ਕੈਨੇਡਾ ਵਿੱਚ ਪੰਜਾਬੀ ਸੱਭ ਤੋਂ ਪਹਿਲਾਂ 1897 ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਆਏ। ਉਹ ਬ੍ਰਿਟਿਸ਼ ਆਰਮੀ ਦੇ ‘ਭਾਰਤੀ ਸਿੱਖ ਫ਼ੌਜੀ’ ਸਨ ਅਤੇ ਉਹ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ ‘ਡਾਇਮੰਡ ਜੁਬਲੀ’ ਦੇ ਮਨਾਉਣ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਉਸ ਨੂੰ ਸਲਾਮੀ ਦੇਣ ਲਈ ਇਸ ਦੇ ਸ਼ਹਿਰ ਵੈਨਕੂਵਰ ਆਏ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਵੈਨਕੂਵਰ ਸ਼ਹਿਰ ਤੇ ਉਸ ਦਾ ਸਮੁੱਚਾ ਮਾਹੌਲ ਏਨਾ ਚੰਗਾ ਲੱਗਾ ਕਿ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਬ੍ਰਿਟਿਸ਼ ਆਰਮੀ ਤੋਂ ਅਸਤੀਫ਼ੇ ਦਿੱਤੇ ਅਤੇ ਉਸ ਸਮੇਂ ਵੈਨਕੂਵਰ ਵਿੱਚ ਬਣਾਈ ਜਾ ਰਹੀ ‘ਕੈਨੇਡੀਅਨ ਪੈਸਿਫਿਕ ਰੇਲਵੇ’ ਦੇ ਟਰੈਕ ਵਿਛਾਉਣ, ਲੰਬਰ ਮਿੱਲਾਂ ਅਤੇ ਖਾਨਾਂ ਵਿੱਚ ਕੰਮ ਕਰਨ ਲੱਗ ਪਏ। ਇਨ੍ਹਾਂ ਵਿੱਚੋਂ ਸੱਭ ਤੋਂ ਪਹਿਲਾਂ ਕੈਨੇਡਾ ਵਿੱਚ ਸੈੱਟਲ ਹੋਣ ਵਾਲਿਆਂ ਵਿੱਚ ਫ਼ੌਜੀ ‘ਰਸਾਲਦਾਰ ਮੇਜਰ ਕੇਸਰ ਸਿੰਘ’ ਦਾ ਕੈਨੇਡਾ ਦੇ ਇਤਿਹਾਸ ਵਿੱਚ ਹਵਾਲਾ ਮਿਲਦਾ ਹੈ। ਜ਼ਾਹਿਰ ਹੈ ਕਿ ਉਸ ਦੇ ਨਾਲ ਇੱਥੇ ਸੈੱਟ ਹੋਣ ਵਾਲਿਆਂ ਵਿੱਚ ਉਸ ਦੇ ਹੋਰ ਸਾਥੀ ਵੀ ਹੋਣਗੇ ਪਰ ਉਨ੍ਹਾਂ ਦੇ ਨਾਵਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ‘ਸਟੈਟਿਸਟਿਕਸ ਕੈਨੇਡਾ’ ਅਨੁਸਾਰ 1906 ਤੱਕ ਕੈਨੇਡਾ ਵਿੱਚ 1500 ਸਿੱਖ ਮੌਜੂਦ ਸਨ। 1907 ਵਿੱਚ ਬੁੱਕਮ ਸਿੰਘ 14 ਸਾਲ ਦੀ ਉਮਰ ਵਿੱਚ ਪੰਜਾਬ ਤੋਂ ਬ੍ਰਿਟਿਸ਼ ਕੋਲੰਬੀਆ ਆਇਆ। ਉਹ 1915 ਵਿੱਚ ਕੈਨੇਡੀਅਨ ਆਰਮੀ ਵਿੱਚ ਭਰਤੀ ਹੋਇਆ ਅਤੇ ਇੰਗਲੈਂਡ ਵੱਲੋਂ ਪਹਿਲੀ ਵਿਸ਼ਵ ਜੰਗ ਵਿੱਚ ਲੜਦਿਆਂ ਗੰਭੀਰ ਜ਼ਖ਼ਮੀ ਹੋਇਆ। ਕੁੱਝ ਮਹੀਨੇ ਮਿਲਟਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਰਹਿਣ ਪਿੱਛੋਂ ਕੈਨੇਡਾ ਵਿੱਚ 1916 ਵਿੱਚ ਟੀ.ਬੀ. ਨਾਲ ਜੂਝਦਿਆਂ ਉਸ ਨੇ ਇੱਥੋਂ ਦੇ ਕਿਚਨਰ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਕਿਚਨਰ ਵਿੱਚ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ।
ਇਹ ਪੰਜਾਬੀ ਆਪਣੇ ਨਾਲ ਪੰਜਾਬੀ ਬੋਲੀ ਤੇ ਆਪਣਾ ਸੱਭਿਆਚਾਰ ਵੀ ਨਾਲ ਲੈ ਕੇ ਆਏ। ਇਸ ਤਰ੍ਹਾਂ ਇੱਥੇ ਕੈਨੇਡਾ ਵਿੱਚ ਪੰਜਾਬੀ ਮਾਂ-ਬੋਲੀ ਦਾ ਮੁੱਢ ਬੱਝਿਆ। ਮੁੱਢਲੇ ਦੌਰ ਵਿੱਚ ਇਨ੍ਹਾਂ ਪੰਜਾਬੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਤੇ ਬੱਚੇ ਇੱਥੇ ਲਿਆਉਣ ਦੀ ਆਗਿਆ ਨਹੀਂ ਸੀ ਅਤੇ ਕਈ ਸਾਲ ਉਹ ਇੱਥੇ ਇਕੱਲੇ-ਇਕੱਲੇ ਹੀ ਵਿੱਚਰੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਗਈ ਤਾਂ ਉਸ ਦੇ ਮਿਰਤਕ ਸਰੀਰ ਦਾ ਸਸਕਾਰ ਕਰਨ ਦੀ ਆਗਿਆ ਵੀ ਕੈਨੇਡਾ ਸਰਕਾਰ ਦੇ ਪ੍ਰਤੀਨਿਧ ਵੈਨਕੂਵਰ ਦੇ ‘ਮੁੱਖ-ਪ੍ਰਬੰਧਕ’ ਵੱਲੋਂ ਨਹੀਂ ਸੀ ਦਿੱਤੀ ਗਈ ਅਤੇ ਉਸ ਦਾ ਸਸਕਾਰ ਉਸ ਦੇ ਸਾਥੀਆਂ ਵੱਲੋਂ ਜੰਗਲ ਵਿੱਚ ਇਕ ਦਰਿਆ ਦੇ ਕੰਢੇ ਚੋਰੀ-ਛਿਪੇ ਕੀਤਾ ਗਿਆ ਸੀ ਤਾਂ ਜੋ ਸਸਕਾਰ ਤੋਂ ਬਾਅਦ ਸਿਵੇ ਦੀ ਬਚੀ-ਖੁਚੀ ਸਵਾਹ ਤੇ ਹੱਡੀਆਂ, ਆਦਿ ਨੂੰ ਵਗਦੇ ਪਾਣੀ ਵਿੱਚ ਰੋੜ੍ਹਿਆ ਜਾ ਸਕੇ। 1907-08 ਦੌਰਾਨ ਚੀਨੀ ਤੇ ਜਾਪਾਨੀ ਕਾਮੇ ਪੰਜਾਬੀ ਸਿੱਖਾਂ ਨਾਲ ਇਸ ਗੱਲੋਂ ਖ਼ਾਰ ਖਾਣ ਲੱਗ ਪਏ ਕਿ ਉਨ੍ਹਾਂ ਨੇ ਇੱਥੇ ਆ ਕੇ ਉਨ੍ਹਾਂ ਦੀਆਂ ਨੌਕਰੀਆਂ ਹਥਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਹਾਂ ਧਿਰਾਂ ਵਿੱਚਕਾਰ ਕਈ ਝੜਪਾਂ ਹੋਈਆਂ ਅਤੇ 1908 ਵਿੱਚ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਕੈਨੇਡਾ ਛੱਡ ਜਾਣ ਦਾ ਹੁਕਮ ਹੋਇਆ। 1911 ਤੱਕ ਪੰਜਾਬੀਆਂ ਦੀ ਗਿਣਤੀ 5000 ਤੱਕ ਪਹੁੰਚ ਗਈ ਜੋ ਅੱਗੋਂ ਕਈ ਕਾਰਨਾਂ ਕਰਕੇ ਕਦੇ ਵੱਧਦੀ ਤੇ ਕਦੇ ਘੱਟਦੀ ਰਹੀ। ਫਿਰ 1914 ਵਿੱਚ ‘ਕਾਮਾਗਾਟਾ ਮਾਰੂ ਕਾਂਡ’ ਵਾਪਰਿਆ ਅਤੇ ਇਸ ਜਹਾਜ਼ ਵਿੱਚਲੇ 376 ਪੰਜਾਬੀਆਂ ਨੂੰ ਦੋ ਮਹੀਨੇ ਵੈਨਕੂਵਰ ਦੇ ਪਾਣੀਆਂ ਵਿੱਚ ਰਹਿਣ ਤੋਂ ਬਾਅਦ ਭਾਰਤ ਵਾਪਸ ਪਰਤਣਾ ਪਿਆ ਜਿੱਥੇ ਕਲਕੱਤੇ ਦੇ ‘ਬੱਜਬੱਜ ਘਾਟ’ ‘ਤੇ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਦਾ ‘ਸੁਆਗ਼ਤ’ ਗੋਲ਼ੀਆਂ ਨਾਲ ਕੀਤਾ ਗਿਆ।
ਸੱਠਵਿਆਂ ਤੇ ਸੱਤਰਵਿਆਂ ‘ਚ ਪੰਜਾਬੀ
ਸੱਠਵਿਆਂ ਤੇ ਸੱਤਰਵਿਆਂ ਦੌਰਾਨ ਕੈਨੇਡਾ ਵਿੱਚ ਪੰਜਾਬੀ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਅਤੇ ਉਹ ਵੈਨਕੂਵਰ ਤੋਂ ਇਲਾਵਾ ਟੋਰਾਂਟੋ ਤੋਂ ਵਿੰਨਸਰ ਪੱਟੀ ਵਿੱਚ ਸੈੱਟਲ ਹੁੰਦੇ ਗਏ। ਜੂਨ 1984 ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੰਪਲੈੱਕਸ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ ਗਏ ‘ਬਲੂ ਸਟਾਰ ਆਪਰੇਸ਼ਨ’ ਤੋਂ ਬਾਅਦ ਪੰਜਾਬ ਦੇ ਹਾਲਾਤ ਹੋਰ ਵੀ ਵਿਗੜਦੇ ਗਏ ਅਤੇ ਪੰਜਾਬ ਪੋਲੀਸ ਵੱਲੋਂ 1986 ਤੋਂ 1990 ਦੌਰਾਨ ਸਿੱਖ ਨੌਜੁਆਨਾਂ ਵਿਰੁੱਧ ਕੀਤੇ ਗਏ ਪੋਲੀਸ ਮੁਕਾਬਲਿਆਂ ਤੋਂ ਬਚਣ ਲਈ ਕਈ ਨੌਜੁਆਨ ‘ਰਫ਼ਿਊਜੀਆਂ’ ਵਜੋਂ ਕੈਨੇਡਾ ਆਏ। ਉਸ ਤੋਂ ਬਾਅਦ ‘ਪੁਆਇੰਟ ਸਿਸਟਮ’ ‘ਤੇ ਇਮੀਗ੍ਰੇਸ਼ਨ ਲੈ ਕੇ ਬਹੁਤ ਸਾਰੇ ਪੜ੍ਹੇ-ਲਿਖੇ ਨੌਜੁਆਨ ਕੈਨੇਡਾ ਆਏ ਤੇ ਫਿਰ ਕੈਨੇਡਾ ਸਰਕਾਰ ਵੱਲੋਂ ‘ਸਟੂਡੈਂਟ ਵੀਜ਼ਾ’ ਖੋਲ੍ਹਣ ‘ਤੇ ‘ਪੰਜਾਬੀ ਪਾੜ੍ਹਿਆਂ’ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ। ‘ਸਟੈਟਿਸਟਿਕਸ ਕੈਨੇਡਾ’ ਅਨੁਸਾਰ 2011 ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ 4,54,965 ਸੀ ਜੋ ਕੈਨੇਡਾ ਦੀ ਆਬਾਦੀ ਦਾ 1.38% ਸੀ। 2021 ਵਿੱਚ ਇਹ ਵੱਧ ਕੇ 7,71,790 ਹੋ ਗਈ ਜੋ ਕੈਨੇਡਾ ਦੀ ਆਬਾਦੀ ਦਾ 2.12% ਬਣਦੀ ਹੈ।
ਪੰਜਾਬੀ ਪੜ੍ਹਨ/ਪੜ੍ਹਾਉਣ ਦੇ ਮੁੱਢਲੇ ਯਤਨ ਗੁਰਦੁਆਰਿਆਂ ‘ਚ ਹੋਏ
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਜਦੋਂ ਪੰਜਾਬੀ ਕੈਨੇਡਾ ਅਤੇ ਅਮਰੀਕਾ ਵਿੱਚ ਆਏ ਤਾਂ ਉਨ੍ਹਾਂ ਇੱਥੇ ਗੁਰਦੁਆਰੇ ਬਣਾਏ ਜੋ ਉਨ੍ਹਾਂ ਦੇ ਧਾਰਮਿਕ ਅਕੀਦਿਆਂ ਨੂੰ ਪੂਰੇ ਕਰਨ ਦੇ ਨਾਲ ਨਾਲ ‘ਕਮਿਊਨਿਟੀ ਸੈਂਟਰਾਂ’ ਦਾ ਵੀ ਕੰਮ ਕਰਦੇ ਸਨ। ਇੱਥੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਸੀ ਅਤੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਯਤਨ ਕੀਤੇ ਜਾਂਦੇ ਸਨ। ਅਜਿਹਾ ਗੁਰਦੁਆਰਾ ਸਭ ਤੋਂ ਪਹਿਲਾਂ ਵੈਨਕੂਵਰ ਵਿੱਚ 1905 ਵਿੱਚ ਬਣਿਆ। ਫਿਰ ਦੂਸਰਾ ਗੁਰਦੁਆਰਾ 1908 ਵਿੱਚ ਵੈਨਕੂਵਰ ਦੇ ਨੇੜੇ ‘ਕਿਟਸਿਲਾਨੋ’ ਵਿੱਚ ਬਣਾਇਆ ਗਿਆ। ਤੀਸਰਾ ਗੁਰਦੁਆਰਾ ਐਬਟਸਫੋਰਡ ਵਿੱਚ 1911 ਵਿੱਚ ਬਣਿਆ ‘ਗੁਰ ਸਿੱਖ ਟੈਂਪਲ’ ਹੈ ਜਿਸ ਨੂੰ 2002 ਵਿੱਚ ‘ਨੈਸ਼ਨਲ ਹਿਸਟੌਰਿਕ ਸਾਈਟ ਆਫ਼ ਕੈਨੇਡਾ’ ਦਾ ਦਰਜਾ ਦਿੱਤਾ ਗਿਆ। ਇਨ੍ਹਾਂ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਯਤਨ ਆਰੰਭੇ ਗਏ, ਕਿਉਂਕਿ ਮਾਪਿਆਂ ਲਈ ਉਨ੍ਹਾਂ ਨੂੰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ ਜੋੜੀ ਰੱਖਣਾ ਜ਼ਰੂਰੀ ਸੀ। ਇਹ ਪ੍ਰਥਾ ਅੱਗੋਂ ਵੀ ਬਰਕਰਾਰ ਰਹੀ ਅਤੇ ਵੈਨਕੂਵਰ, ਟੋਰਾਂਟੋ ਏਰੀਆ, ਵਿੰਨਸਰ ਆਦਿ ਥਾਵਾਂ ‘ਤੇ ਜਿੱਥੇ ਵੀ ਪੰਜਾਬੀ ਗਏ, ਉਨ੍ਹਾਂ ਆਪਣੇ ਇਹ ਉਪਰਾਲੇ ਜਾਰੀ ਰੱਖੇ।
ਇਸ ਤਰ੍ਹਾਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਸ਼ੁਰੂ ਕਰਨ ਅਤੇ ਇਸ ਨੂੰ ਅੱਗੋਂ ਪ੍ਰਫੁੱਲਤ ਕਰਨ ਵਿੱਚ ਗੁਰਦੁਆਰਿਆਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਇਹ ਹੁਣ ਵੀ ਜਾਰੀ ਹੈ। ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਵਿਸ਼ੇਸ਼ ਕਲਾਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਕਲਾਸਾਂ ਆਮ ਤੌਰ ‘ਤੇ ਛੁੱਟੀ ਵਾਲੇ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਹੁੰਦੀਆਂ ਹਨ। ਕਈ ਗੁਰਦੁਆਰਾ ਸਾਹਿਬਾਨ ਦੇ ਨਾਲ ਖਾਲਸਾ ਸਕੂਲ ਵੀ ਜੁੜੇ ਹੋਏ ਹਨ ਜੋ ਗੁਰਦੁਆਰਾ ਮੈਨੇਜਮੈਂਟਾਂ ਵੱਲੋਂ ਚਲਾਏ ਜਾਂਦੇ ਹਨ। ਇਨ੍ਹਾਂ ਸਕੂਲਾਂ ਅਤੇ ਕਈ ਪਬਲਿਕ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰਾਇਮਰੀ ਪੱਧਰ ਦੀਆਂ ਕਲਾਸਾਂ ਤੱਕ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ। ਕਈ ਸਕੂਲਾਂ ਵਿੱਚ ਇਸ ਤੋਂ ਅੱਗੋਂ ਵੀ ਪੰਜਾਬੀ ਨੂੰ ‘ਆਪਸ਼ਨਲ ਸਬਜੈੱਕਟ’ ਵਜੋਂ ਕਰੈਡਿਟ ਕੋਰਸ ਦੇ ਤੌਰ ‘ਤੇ ਪੜ੍ਹਾਉਣ ਦੀ ਵੀ ਵਿਵਸਥਾ ਹੈ। .
ਬੀ.ਸੀ. ਵਿੱਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ
‘ਪਲੀ’ ਦਾ ਯੋਗਦਾਨ
ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਪੰਜਾਬੀ ਸਭ ਤੋਂ ਪਹਿਲਾਂ ਬੀ.ਸੀ. ਵਿੱਚ ਆਏ ਅਤੇ ਇੱਥੋਂ ਉਹ ਕੈਨੇਡਾ ਦੇ ਹੋਰ ਸੂਬਿਆਂ ਵਿੱਚ ਫੈਲੇ। ਨਤੀਜੇ ਵਜੋਂ, ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਮੁੱਢ ਵੀ ਇੱਥੋਂ ਹੀ ਬੱਝਿਆ। ਇਸ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੀਆਂ ਕਈ ਵਿਦਿਅਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਆਪਣਾ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਵੈਨਕੂਵਰ ਦੀ ‘ਪਲੀ’ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਦਾ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਇਹ ਪਿਛਲੇ ਤਿੰਨ ਦਹਾਕਿਆਂ ਤੋਂ ਪੂਰੀ ਸਰਗਰਮੀ ਨਾਲ ਕਰਮਸ਼ੀਲ ਹੈ ਅਤੇ ਇਸ ਨੇ ਬੀ.ਸੀ. ਵਿੱਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਪੜ੍ਹਾਉਣ ਲਈ ਭਾਰੀ ਜੱਦੋਜਹਿਦ ਕੀਤੀ ਹੈ। ਬੀ.ਸੀ. ਵਿੱਚ ਅੰਗਰੇਜ਼ੀ ਤੇ ਫ਼ਰੈਂਚ ਤੋਂ ਬਾਅਦ ਪੰਜਾਬੀ ਨੂੰ ਸੂਬੇ ਦੀ ਤੀਸਰੀ ਭਾਸ਼ਾ ਵਜੋਂ ਐਲਾਨ ਕਰਵਾਉਣ ਪਿੱਛੇ ਇਸ ਸੰਸਥਾ ‘ਪਲੀ’ ਦਾ ਵੱਡਾ ਯੋਗਦਾਨ ਹੈ। ਸਕੂਲ ਪੱਧਰ ਤੋਂ ਅੱਗੇ ਕਾਲਜਾਂ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਵਿੱਚ ਮਾਸਟਰ ਪੱਧਰ ਤੱਕ ਪੰਜਾਬੀ ਪੜ੍ਹਾਏ ਜਾਣ ਪਿੱਛੇ ਇਸ ਸੰਸਥਾ ਦੀ ਮਿਹਨਤ ਹੀ ਰੰਗ ਲਿਆਈ ਹੈ। ਹੁਣ ਵੀ ਇਹ ਸੰਸਥਾ ਬੀ ਸੀ ਵਿੱਚ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਸੰਸਥਾ ਦੇ ਮੌਜੂਦਾ ਪ੍ਰਧਾਨ ਬਲਵੰਤ ਸੰਘੇੜਾ ਆਪਣੇ ਸਾਥੀਆਂ ਨਾਲ ਇਸ ਮਹੱਤਵਪੂਰਵਕ ਕਾਰਜ ਵਿੱਚ ਜੁੱਟੇ ਹੋਏ ਹਨ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਮੁੱਢਲੀ ਸਟੇਜ ਵਿੱਚ ਆਪਣੀ ਮਾਂ-ਬੋਲੀ ਨਾਲ ਜੁੜੇ ਪੰਜਾਬੀ ਬੱਚਿਆਂ ਲਈ ਪੰਜਾਬੀ ਭਾਸ਼ਾ ਅੱਗੇ ਜਾ ਕੇ ਬੜੀ ਲਾਹੇਵੰਦ ਸਾਬਤ ਹੁੰਦੀ ਹੈ। ਇਹ ਨਾ ਕੇਵਲ ਉਨ੍ਹਾਂ ਦੇ ਸੰਚਾਰ-ਸਕਿੱਲਾਂ ਵਿੱਚ ਹੀ ਵਾਧਾ ਕਰਦੀ ਹੈ ਅਤੇ ਦੋਭਾਸ਼ੀਆਂ ਵਜੋਂ ਨੌਕਰੀਆਂ ਮਿਲਣ ਵਿੱਚ ਸਹਾਈ ਹੁੰਦੀ ਹੈ, ਸਗੋਂ ਇਹ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਵੀ ਜੋੜਦੀ ਹੈ।
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦਾ ਯੋਗਦਾਨ
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਨੇ 2010-11 ਵਿੱਚ ਕਈ ‘ਪੰਜਾਬੀ ਓਰਲ ਹਿਸਟਰੀ ਪ੍ਰੋਗਰਾਮ’ ਸ਼ੁਰੂ ਕੀਤੇ ਜਿਨ੍ਹਾਂ ਰਾਹੀਂ ਬੀ.ਸੀ. ਵਿੱਚ ਪੰਜਾਬੀ ਭਾਸ਼ਾ ਦੇ ਲਈ ਕੰਮ ਹੋਣਾ ਆਰੰਭ ਹੋਇਆ। 2012-13 ਵਿੱਚ ਯੂਨੀਵਰਸਿਟੀ ਵਿੱਚ ਪੰਜਾਬੀ ਕਲਾਸ ਬਾ-ਕਾਇਦਾ ਸ਼ੁਰੂ ਕਰ ਦਿੱਤੀ ਗਈ। 7 ਜੁਲਾਈ 2021 ਨੂੰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦਾ ਵਿਸ਼ਾ ਸੀ, “Shared Language Culture : Documenting and Creating Punjabi Language History in BC”। ਇਸ ਵਿੱਚ ਬੀ.ਸੀ. ਵਿੱਚ ਪੰਜਾਬੀ ਭਾਸ਼ਾ ਵਿੱਚ ਹੋ ਰਹੇ ਕੰਮ ਨੂੰ ‘ਕਲਮਬੰਦ’ ਕਰਨ (ਡਾਕੂਮੈਂਟੇਸ਼ਨ) ਅਤੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੇ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਲਿਆਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਏਸੇ ਹੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੀ ਮੁਖੀ ਡਾ. ਐਨੀ ਮਰਫ਼ੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਪ੍ਰਾਜੈੱਕਟ “ਯੂਬੀਸੀ ਪੰਜਾਬੀ ਓਰਲ ਹਿਸਟਰੀ ਪ੍ਰਾਜੈੱਕਟ” ਸ਼ੁਰੂ ਕੀਤਾ ਗਿਆ ਜਿਸ ਵਿੱਚ ਇਸ ਯੂਨੀਵਰਸਿਟੀ ਦੇ ਅੰਡਰ ਗਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਰਵਲੀਨ ਕੌਰ, ਗੁਰਮਨ ਧਾਲੀਵਾਲ, ਨੂਰ ਸੰਧਾਵਾਲਿਆ, ਆਦਿ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰਾਜੈਕਟ ਅਧੀਨ ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਲੋਕਾਂ ਕੋਲੋਂ ਪੁਰਾਣੇ ਪੰਜਾਬੀ ਕੈਨੇਡੀਅਨਾਂ ਬਾਰੇ ਪ੍ਰਚੱਲਤ ਗੱਲਾਂ-ਬਾਤਾਂ ਤੇ ਮੌਖਿਕ ਕਹਾਣੀਆਂ ਦੀ ਰੀਕਾਰਡਿੰਗ ਕਰਨੀ ਸੀ ਜਿਨ੍ਹਾਂ ਨੇ ਕੈਨੇਡਾ ਵਿੱਚ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਰੀਕਾਰਡਿੰਗ ਦੇ ਆਧਾਰ ‘ਤੇ ਅੱਗੋਂ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਈ ‘ਸਟੋਰੀ ਬੁੱਕਸ’ (ਕਹਾਣੀਆਂ ਦੀਆਂ ਕਿਤਾਬਾਂ) ਤਿਆਰ ਕੀਤੀਆਂ ਗਈਆਂ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਕਈ ਛੋਟੀਆਂ-ਛੋਟੀਆਂ ਫ਼ਿਲਮਾਂ ਵੀ ਬਣਾਈਆਂ ਗਈਆਂ। ਇਹ ਸਭ ਕਹਿਣ ਤੋਂ ਮੇਰਾ ਭਾਵ ਹੈ ਕਿ ਬੀ.ਸੀ. ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਧੀਆ ਉਪਰਾਲੇ ਹੋਏ ਤੇ ਇਹ ਲਗਾਤਾਰ ਹੋ ਰਹੇ ਹਨ ਅਤੇ ਇਨ੍ਹਾਂ ਵਿੱਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਕੈਨੇਡਾ ਦੀ ਹੋਰ ਯੂਨੀਵਰਸਿਟੀਆਂ ਨੂੰ ਵੀ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਹੈ।
ਟੋਰਾਂਟੋ ਏਰੀਏ ਵਿੱਚ ਪੰਜਾਬੀ ਭਾਸ਼ਾ
ਟੋਰਾਂਟੋ ਏਰੀਏ ਵਿੱਚ ਪੰਜਾਬੀ 1960’ਵਿਆਂ ਦੇ ਅਖ਼ੀਰ ਵਿੱਚ ਤੇ 1970’ਵਿਆਂ ਦੇ ਸ਼ੁਰੂ ਵਿੱਚ ਆਏ। ਇੱਥੇ ਆ ਕੇ ਵੀ ਉਨ੍ਹਾਂ ਵੱਲੋਂ ਸੱਭ ਤੋਂ ਪਹਿਲਾਂ ਗੁਰਦੁਆਰੇ ਸਥਾਪਿਤ ਕੀਤੇ ਗਏ ਅਤੇ ਆਪਣੇ ਬੱਚਿਆਂ ਨੂੰ ਉੱਥੇ ਪੰਜਾਬੀ ਪੜ੍ਹਾਉਣੀ ਆਰੰਭ ਕੀਤੀ। ਹੁਣ ਇਹ ਬਰੈਂਪਟਨ ਦੇ ਪ੍ਰਾਈਵੇਟ ਖਾਲਸਾ ਸਕੂਲਾਂ ਤੋਂ ਇਲਾਵਾ ਕਈ ਪਬਲਿਕ ਸਕੂਲਾਂ ਵਿੱਚ ਵੀ ਪੜ੍ਹਾਈ ਜਾ ਰਹੀ ਹੈ। ਬਰੈਂਪਟਨ ਵਿੱਚ ਵਿੱਚਰ ਰਹੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੀ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਰਹੀਆਂ ਹਨ। ਇਨ੍ਹਾਂ ਵਿੱਚ ‘ਕਲਮਾਂ ਦਾ ਕਾਫ਼ਲਾ’, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’, ‘ਕਲਮ ਫ਼ਾਂਊਂਡੇਸ਼ਨ’ ਵਰਗੀਆਂ ਸਾਹਿਤਕ ਸੰਸਥਾਵਾਂ ਬੜਾ ਵਧੀਆ ਕੰਮ ਕਰ ਰਹੀਆਂ ਹਨ। ਕਈ ਪੰਜਾਬੀ ਸੰਸਥਾਵਾਂ ਵੱਲੋਂ ਬੱਚਿਆਂ ਲਈ ਪੰਜਾਬੀ ਦੀ ਸੁੰਦਰ ਲਿਖਾਈ ਅਤੇ ਭਾਸ਼ਨਾਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ‘ਪੰਜਾਬੀਆਂ ਦੇ ਗੜ੍ਹ’ ਬਰੈਂਪਟਨ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ 2009 ਵਿੱਚ ਕਰਵਾਈ ਗਈ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿੱਚ ਵਿਕਸਿਤ ਕਰਨ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ ਗਿਆ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਰ ਸਾਲ ਜੂਨ-ਜੁਲਾਈ ਮਹੀਨੇ ਇੱਥੇ ਦੋ-ਤਿੰਨ ਜਾਂ ਇਸ ਤੋਂ ਵਧੇਰੇ ਕਾਨਫ਼ਰੰਸਾਂ ਹੋ ਜਾਂਦੀਆਂ ਹਨ। ਹਰੇਕ ਕਾਨਫ਼ਰੰਸ ਵਿੱਚ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ। ਪਰ ਇਹ ਸਭ ਏਨਾ ਹੀ ਕਾਫ਼ੀ ਨਹੀਂ ਹੈ। ਇਸ ਨੂੰ ਅਮਲੀ ਰੂਪ ਵਿੱਚ ਅੱਗੋਂ ਬਹੁਤ ਕੁੱਝ ਕਰਨਾ ਬਾਕੀ ਹੈ ਜਿਸ ਦੇ ਲਈ ਇਕੱਠੇ ਹੋ ਕੇ ਸਮੂਹਿਕ ਯਤਨਾਂ ਦੀ ਲੋੜ ਹੈ।
ਸਾਰ-ਅੰਸ਼
ਕੈਨੇਡਾ ਵਿੱਚ ਪੰਜਾਬੀਆਂ ਤੇ ਪੰਜਾਬੀ ਬੋਲੀ ਦੀ ਆਮਦ 1897 ਵਿੱਚ ਵੈਨਕੂਵਰ ਤੋਂ ਹੋਈ ਜਦੋਂ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ ‘ਡਾਇਮੰਡ ਜੁਬਲੀ’ ਮਨਾਉਣ ਲਈ ਬ੍ਰਿਟਿਸ਼ ਆਰਮੀ ਦੇ ਸਿੱਖ ਫ਼ੌਜੀਆਂ ਦਾ ਇੱਕ ਦਸਤਾ ਮਹਾਰਾਣੀ ਨੂੰ ਸਲਾਮੀ ਦੇਣ ਲਈ ਇੰਗਲੈਂਡ ਤੋਂ ਆਇਆ ਅਤੇ ਉਨ੍ਹਾਂ ਨੇ ਫਿਰ ਇੱਥੇ ਹੀ ਆਬਾਦ ਹੋਣ ਦਾ ਫ਼ੈਸਲਾ ਕਰ ਲਿਆ। ਨੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਆਏ ਪੰਜਾਬੀਆਂ ਧਾਰਮਿਕ ਅਕੀਦੇ ਪੂਰੇ ਕਰਨ ਲਈ ਪੰਜਾਬੀਆਂ ਗੁਰਦੁਆਰੇ ਬਣਾਏ ਜਿੱਥੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਸਿਖਾਉਣ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇਹ ਕੈਨੇਡਾ ਵਿੱਚ ਪੰਜਾਬੀ ਦਾ ਮੁੱਢਲਾ ਦੌਰ ਸੀ ਜਿਸ ਵਿੱਚੋਂ ਗੁਜ਼ਰ ਕੇ ਹੌਲੀ-ਹੌਲੀ ਇਸ ਦਾ ਵਿਕਾਸ ਹੋਇਆ ਅਤੇ ਅੱਜ ਇਹ ਕੈਨੇਡਾ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਅੰਗਰੇਜ਼ੀ ਤੇ ਫ਼ਰੈਂਚ ਤੋਂ ਬਾਅਦ ਇਸ ਦਾ ਬੀ.ਸੀ. ਵਿੱਚ ਤੀਸਰਾ ਤੇ ਕੈਨੇਡਾ ਦੇ ਕਈ ਹੋਰ ਸੂਬਿਆਂ ਵਿੱਚ ਚੌਥਾ ਸਥਾਨ ਹੈ।
ਕੈਨੇਡਾ ਵਿੱਚ ਇਸ ਦੇ ਵਿਕਾਸ ਲਈ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਬੀ.ਸੀ. ਦੀ ਸੰਸਥਾ ‘ਪਲੀ’ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਦਾ ਭਰਪੂਰ ਯੋਗਦਾਨ ਹੈ। ਟੋਰਾਂਟੋ ਏਰੀਏ ਵਿੱਚ ਪੰਜਾਬੀ ਪਿਛਲੀ ਸਦੀ ਦੇ ਸੱਠਵਿਆਂ ਤੇ ਸੱਤਰਵਿਆਂ ਵਿੱਚ ਆਏ ਅਤੇ ਇੱਥੇ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਫੈਲਾਉਣ ਦੇ ਯਤਨ ਕੀਤੇ। ਬਰੈਂਪਟਨ ਵਿੱਚ ਕਈ ਸਾਹਿਤਕ, ਸਮਾਜਿਕ ਤੇ ਸੱਭਿਆਚਾਰ ਸੰਸਥਾਵਾਂ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦੇ ਵਿਕਾਸ ਲਈ ਹੁਣ ਤੀਕ ਕਈ ਵਿਸ਼ਵ ਪੰਜਾਬੀ ਕਾਨਫ਼ਰੰਸਾ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ।
ਅਖੀਰ ਵਿੱਚ ਮੈਂ ਏਹੀ ਕਹਿਣਾ ਚਾਹਾਂਗਾ ਕਿ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਅੱਗੋਂ ਹੋਰ ਸਾਰਥਿਕ ਯਤਨਾਂ ਦੀ ਲੋੜ ਹੈ।
ਹਵਾਲੇ
1. ਸਟੈਟਿਸਟਿਕਸ ਕੈਨੇਡਾ -1906
2. ਸਟੈਟਿਸਟਿਕਸ ਕੈਨੇਡਾ -1911
3. ਸਟੈਟਿਸਟਿਕਸ ਕੈਨੇਡਾ -2011
4. Balwant Sangeda, “PLEA Jashan Report, October 28, 2023 Repot”, Kwantlen Polytechnic University, Surrey.
5. Ravleen Kaur, “Shared Language and Culture : Documenting and Creating Punjabi History in BC”, Department of History, University of British Columbia, Vancouver.
6. Anny Murphy, “UBC Oral History Project”, University of British Columbia, Vancouver.
7. “Punjabi Studies Oral History Research Project and Program Development, 2019-2021”, University of British Columbia, Vancouver.