ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ –ਜਸਟਿਨ ਟਰੂਡੋ



ਕੰਸਰਵੇਟਿਵਾਂ ਦਾ ਇੱਕੋ ਇਕ ਪ੍ਰੋਗਰਾਮ ਹੈ ਕਿ ਲੋਕ ਸਹੂਲਤਾਂ ਵਿਚ ਕਟੌਤੀ ਕੀਤੀ ਜਾਵੇ

ਸਰੀ, 12 ਸਤੰਬਰ (ਹਰਦਮ ਮਾਨ)-‘ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ
ਨਾਲੋਂ ਤੇਜ਼ੀ ਨਾਲ ਵਧਣ ਲਈ ਸੁਰੱਖਿਅਤ ਹੈ। ਕੈਨੇਡਾ ਦਾ ਬੱਜਟ ਘਾਟਾ ਜੀ-7 ਦੇਸ਼ਾਂ
ਵਿੱਚੋਂ ਸਭ ਤੋਂ ਘੱਟ ਹੈ, ਦੁਨੀਆ ਭਰ ਦੇ ਦੇਸ਼ ਅਤੇ ਕੰਪਨੀਆਂ ਕੈਨੇਡਾ ਵਿੱਚ ਨਿਵੇਸ਼
ਕਰ ਰਹੀਆਂ ਹਨ’। ਇਹ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੀ ਸ਼ਾਮ
ਬੇਅਰ ਕਰੀਕ ਪਾਰਕ ਸਰੀ ਵਿਖੇ ਲਿਬਰਲ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਕੀਤੀ ਬਾਰਬੀਕਿਊ
ਪਾਰਟੀ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੈਨੇਡਾ ਪਿਛਲੇ ਸਾਲ ਜੀ-20 ਵਿੱਚ ਪ੍ਰਤੀ ਵਿਅਕਤੀ ਵਿਦੇਸ਼ੀ ਸਿੱਧੇ ਨਿਵੇਸ਼ ਵਿੱਚ ਨੰਬਰ ਇੱਕ ਦੇਸ਼ ਰਿਹਾ ਅਤੇ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ। ਕੈਨੇਡਾ ਧਰਤੀ ‘ਤੇ ਮਹਾਨ ਦੁਰਲੱਭ ਸਥਾਨਾਂ ਵਿੱਚੋਂ ਇੱਕ ਹੈ। ਦੁਨੀਆਂ ਨੂੰ ਕੈਨੇਡਾ ਅਤੇ ਕੈਨੇਡੀਅਨਾਂ ‘ਤੇ ਭਰੋਸਾ ਹੈ। ਕੈਨੇਡਾ ਸਰਕਾਰ ਨੂੰ ਵੀ ਕੈਨੇਡਾ ਅਤੇ ਕੈਨੇਡੀਅਨਾਂ ਵਿਸ਼ਵਾਸ ਹੈ।

ਉਨ੍ਹਾਂ ਲਿਬਰਲ ਸਰਕਾਰ ਵੱਲੋਂ ਹੈਲਥਕੇਅਰ ਅਤੇ ਚਾਈਲਡ ਕੇਅਰ ਵਿੱਚ ਨਿਵੇਸ਼ ਕਰਨ,
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਅਤੇ ਬਜ਼ੁਰਗਾਂ, ਵਿਦਿਆਰਥੀਆਂ ਅਤੇ
ਮਿਉਂਸਪੈਲਟੀਆਂ ਨੂੰ ਦਿੱਤੀ ਸਹਾਇਤਾ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸਕੂਲਾਂ ਵਿੱਚ
ਫੂਡ ਪ੍ਰੋਗਰਾਮ ਸ਼ੁਰੂ ਕਰਨ ਅਤੇ ਭਵਿੱਖ ਲਈ ਚੰਗੀਆਂ ਨੌਕਰੀਆਂ ਬਣਾਉਣ ਲਈ ਨਿਵੇਸ਼ ਕਰਨ
ਲਈ ਅੱਗੇ ਵਧ ਰਹੇ ਹਾਂ। ਆਪਣੇ ਵਿਰੋਧੀ ਕੰਸਰਵੇਟਿਵਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ
ਦਾ ਇੱਕੋ ਇਕ ਪ੍ਰੋਗਰਾਮ ਹੈ ਕਿ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ‘ਤੇ ਕੱਟ
ਲਾਉਣਾ ਅਤੇ ਉਹ ਇਸ ਤਰ੍ਹਾਂ ਦਾ ਵਿਕਾਸ ਕਰਨ ਬਾਰੇ ਸੋਚਦੇ ਹਨ। ਪਰ ਲੋਕ ਜਾਣਦੇ ਹਨ ਕਿ
ਭਾਈਚਾਰਾ ਅਤੇ ਇੱਕ ਦੂਜੇ ਲਈ ਇੱਕ ਦੂਜੇ ਲਈ ਖੜ੍ਹਾ ਹੋਣਾ ਹੀ ਵਿਕਾਸ ਪੈਦਾ ਕਰਦਾ ਹੈ
ਹੈ। ਇਸ ਲਈ ਹਮੇਸ਼ਾ ਉਹ ਸਰਕਾਰ ਰਹੇਗੀ ਜੋ ਭਾਈਚਾਰਿਆਂ ਲਈ, ਮੌਲਿਕ ਅਧਿਕਾਰਾਂ ਲਈ
ਖੜ੍ਹੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਰਹਾਂਗੇ ਕਿ ਹਰ
ਕੋਈ ਕੈਨੇਡਾ ਵਿਚ ਸੁਰੱਖਿਅਤ ਢੰਗ ਨਾਲ ਰਹਿਣ ਲਈ ਅਤੇ ਆਪਣੇ ਬੱਚਿਆਂ ਅਤੇ
ਪੋਤੇ-ਪੋਤੀਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਆਜ਼ਾਦ ਹੋਵੇ।

ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ
ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਅਜੇ ਐਮ.ਪੀ. ਵੀ ਨਹੀਂ ਬਣੇ ਸਨ। ਉਹ
ਬਹੁਤ ਮਿਹਨਤੀ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਹਰ ਕੈਨੇਡੀਅਨ ਦੀ ਪਹੁੰਚ ਵਿਚ ਹਨ।
ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਏ ਆਪਣੇ ਤਮਾਮ ਸਮਰੱਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ
ਤੁਹਾਡੇ ਭਰਪੂਰ ਸਹਿਯੋਗ ਨਾਲ ਹੀ ਅਸੀਂ ਜਸਟਿਨ ਟਰੂਡੋ ਦੀ ਅਗਵਾਈ ਵਿਚ ਇਕ ਵਾਰ ਫੇਰ
ਸਰਕਾਰ ਬਣਾਉਣ ਵਿਚ ਸਫਲ ਹੋਵਾਂਗੇ।

Exit mobile version