ਕੈਨੇਡੀਅਨ ਪ੍ਰਧਾਨ ਮੰਤਰੀ ਮਾਣਯੋਗ ਜਸਟਿਨ ਟਰੂਡੋ ਨਾਲ “ਪੰਜਾਬੀ ਅਖ਼ਬਾਰ” ਦੇ ਦਫਤਰ ਪਹੁੰਚਣ ‘ਤੇ ਹੋਈ ਖਾਸ ਗੱਲਬਾਤ
13 ਮਾਰਚ 2024 ਵਾਲੇ ਦਿਨ,ਕੈਨੇਡੀਅਨ ਪ੍ਰਧਾਨ ਮੰਤਰੀ ਮਾਣਯੋਗ ਜਸਟਿਨ ਟਰੂਡੋ ਆਪਣੀ ਕੈਲਗਰੀ ਫੇਰੀ ਦੌਰਾਨ ਵਿਸ਼ੇਸ਼ ਤੌਰ ‘ਤੇ “ਪੰਜਾਬੀ ਅਖ਼ਬਾਰ” ਦੇ ਦਫਤਰ ਆਏ
ਕੈਲਗਰੀ ਸਟੂਡਿਓ ਵਿੱਚ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਹਰਬੰਸ ਬੁੱਟਰ ਅਤੇ ਮਾਨਯੋਗ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ
ਮਾਣਯੋਗ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਪੰਜਾਬੀ ਅਖ਼ਬਾਰ ਦਫਤਰ ਵਿੱਚ ਅੱਜ ਵਿਸ਼ੇਸ਼ ਤੌਰ ‘ਤੇ ਆਉਣ ਲਈ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਕੈਨੇਡਾ ਵਾਸੀਆਂ ਦੇ,ਖਾਸ ਕਰ ਪੰਜਾਬੀ ਅਖ਼ਬਾਰ ਦੇ ਪਾਠਕਾਂ ਦੇ ਕੁੱਝ ਸਵਾਲ ਹਨ,ਜਿਹਨਾਂ ਬਾਰੇ ਅੱਜ ਅਸੀਂ ਤੁਹਾਡੇ ਕੋਲੋਂ ਮੌਜੂਦਾ ਕਨੇਡੀਅਨ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਜਵਾਬ ਲੈਣਾ ਚਾਹੁੰਦੇ ਹਾਂ। ਸਰ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸੁਰੂ ਕਰੀਏ?
ਜਸਟਿਨ ਟਰੂਡੋ: ਜਰੂਰ, ਪੰਜਾਬੀ ਅਖ਼ਬਾਰ ਦੇ ਪਾਠਕਾਂ ਦੇ ਜੋ ਵੀ ਸਵਾਲ ਹਨ ਉਹਨਾਂ ਦਾ ਜਵਾਬ ਜਰੂਰ ਮਿਲੇਗਾ।
ਹਰਬੰਸ ਬੁੱਟਰ : ਟਰੂਡੋ ਸਾਹਿਬ ਪਹਿਲਾ ਸਵਾਲ ਇਹ ਹੈ ਕਿ ਗਰੋਸਰੀ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਲੋਕ ਕਾਫੀ ਚਿੰਤਤ ਹਨ ਕਿਉਂਕਿ ਉਨਾਂ ਦੀਆਂ ਪਹਿਲਾਂ ਤੋਂ ਕੀਤੀਆਂ ਹੋਈਆਂ ਬੱਚਤਾਂ ਵੀ ਖਤਮ ਹੋ ਰਹੀਆਂ ਹਨ ਅਤੇ ਕਰਜ਼ਾ ਵੱਧਦਾ ਜਾ ਰਿਹਾ ਹੈ। ਤੁਸੀਂ ਆਮ ਲੋਕਾਂ ਉੱਪਰ ਪਏ ਇਸ ਬੋਝ ਨੂੰ ਖਤਮ ਕਰਨ ਲਈ ਕੀ ਕਰ ਰਹੇ ਹੋ ?
ਜਸਟਿਨ ਟਰੂਡੋ : ਅਫੋਡੇਬਿਿਲਟੀ ਇਸ ਵਕਤ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਰਾਹਤ ਦੇਣ ਵਾਸਤੇ ਵੱਧ ਤੋਂ ਵੱਧ ਕੰਮ ਕਰੀਏ ਅਤੇ ਇਸ ਵਾਸਤੇ ਅਸੀਂ ਨਿਵੇਸ਼ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਰੋਜ਼ਾਨਾ ਬਜਟ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ । ਇਸ ਦੇ ਨਾਲ ਹੀ ਅਸੀਂ ਘਰਾਂ ਦੇ ਕਿਰਾਏ ਦੇ ਬੋਝ ਨੂੰ ਘੱਟ ਕਰਨ ਵਾਸਤੇ ਹਾਊਸਿੰਗ ਐਕਸੀਲੇਟਰ ਫੰਡ ਰੱਖਿਆ ਹੈ ਜੋ ਕਿ 230 ਮਿਲੀਅਨ ਡਾਲਰ ਦੇ ਕਰੀਬ ਹੈ। ਜਿਸ ਨਾਲ ਅਫੋਰਡੇਬਲ ਘਰਾਂ ਦੀ ਉਸਾਰੀ ਹੋ ਸਕੇ ਅਤੇ ਅਫੋਰਡੇਬਲ ਰੈਂਟਲ ਅਪਾਰਟਮੈਂਟਸ ਮਿਲ ਸਕਣ। ਇਸ ਤੋਂ ਇਲਾਵਾ ਗਰੋਸਰੀ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਵਾਸਤੇ ਅਸੀਂ ਗਰੋਸਰੀ ਸਟੋਰਾਂ ਵਾਲੀਆਂ ਕੰਪਨੀਆਂ ਚ ਮੁਕਾਬਲੇ ਨੂੰ ਪਹਿਲ ਦੇ ਰਹੇ ਹਾਂ ਇਸ ਦੇ ਨਾਲ-ਨਾਲ ਲੋਕਾਂ ਨੂੰ ਗਰੋਸਰੀ ਬੈਨੀਫਿਟ ਵੀ ਦਿੱਤੇ ਜਾ ਰਹੇ ਹਨ। ਚਾਇਲਡ ਕੇਅਰ ਬੈਨੀਫਿਟ ਰਾਹੀਂ ਬੱਚਿਆਂ ਪਰਿਵਾਰ ਸਾਲ ਦਾ 10 ਹਜਾਰ ਡਾਲਰ ਤੱਕ ਬਚਾਅ ਸਕਦੇ ਹਨ। ਬਜ਼ੁਰਗ ਜੋ ਕਿ ਆਪਣੇ ਦੰਦਾਂ ਦਾ ਇਲਾਜ ਕਰਾਉਣ ਤੋਂ ਅਸਮਰੱਥ ਹਨ ਉਹਨਾਂ ਵਾਸਤੇ ਡੈਂਟਲ ਕੇਅਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤੇ ਹੁਣ ਤੱਕ 1।3 ਮਿਲੀਅਨ ਬਜ਼ੁਰਗਾਂ ਵੱਲੋਂ ਇਸ ਪ੍ਰੋਗਰਾਮ ਵਾਸਤੇ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ ਇਹਨਾਂ ਸਭ ਕਦਮਾਂ ਦੇ ਨਾਲ ਆਮ ਲੋਕਾਂ ਉੱਪਰੋਂ ਅਫੋਡੇਬਿਿਲਟੀ ਦੇ ਬੋਝ ਨੂੰ ਘੱਟ ਕੀਤਾ ਜਾ ਰਿਹਾ ਹੈ। ਫਾਰਮਾ ਕੇਅਰ ਪ੍ਰੋਗਰਾਮ ਰਾਹੀਂ ਵੀ ਲੋਕਾਂ ਨੂੰ ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਸ਼ੂਗਰ ਦੀ ਬਿਮਾਰੀ ਬਹੁਤ ਜਿਆਦਾ ਹੈ। ਇਹ ਇਸ ਕਾਰਨ ਸ਼ੂਗਰ ਦੀ ਬਿਮਾਰੀ ਦੀ ਦਵਾਈ ਮੁਫਤ ਦਿੱਤੀ ਜਾਵੇਗੀ ਤਾਂ ਕਿ ਉਸ ਪੈਸੇ ਨੂੰ ਲੋਕ ਆਪਣੀਆਂ ਹੋਰਨਾਂ ਜਰੂਰਤਾਂ ਉੱਪਰ ਖਰਚ ਕਰ ਸਕਣ ਅਤੇ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਣ।
ਹਰਬੰਸ ਬੁੱਟਰ : ਪਹਿਲੀ ਅਪ੍ਰੈਲ ਤੋਂ ਕਾਰਬਨ ਟੈਕਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੁਸੀਂ ਦੱਸੋ ਕਿ ਜਦੋਂ ਤੋਂ ਇਹ ਟੈਕਸ ਲਾਗੂ ਕੀਤਾ ਗਿਆ ਹੈ ਇਸ ਦਾ ਕੀ ਫਾਇਦਾ ਹੋਇਆ ਹੈ
ਜਸਟਿਨ ਟਰੂਡੋ : ਜਦੋਂ ਤੋਂ ਕਾਰਬਨ ਟੈਕਸ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਅਮਿਸ਼ਨ ਜਾਂ ਗੈਸਾਂ ਦੇ ਰਿਸਾਅ ਵਿੱਚ ਵੱਡੀ ਕਮੀ ਆਈ ਹੈ ਸਵੱਛ ਬਿਜਨਸ ਵਿੱਚ ਇਨੋਵੇਸ਼ਨ ਅਤੇ ਨਿਵੇਸ਼ ਵਧਿਆ ਹੈ ਸਭ ਤੋਂ ਵੱਡੀ ਗੱਲ ਹਰੇਕ ਦਸਾਂ ਵਿੱਚੋਂ 8 ਪਰਿਵਾਰ ਵੱਡੇ ਵੱਡੇ ਚੈੱਕ ਪ੍ਰਾਪਤ ਕਰ ਰਹੇ ਹਨ ਜੋ ਕਿ ਉਹ ਕਾਰਬਨ ਟੈਕਸ ਦੇ ਰੂਪ ਵਿੱਚ ਅਦਾ ਕਰਦੇ ਹਨ ਜੇਕਰ ਅਲਬਰਟਾ ਸੂਬੇ ਦੀ ਹੀ ਗੱਲ ਕੀਤੀ ਜਾਵੇ ਤਾਂ ਚਾਰ ਮੈਂਬਰਾਂ ਵਾਲੇ ਪਰਿਵਾਰ ਪੂਰੇ ਸਾਲ ਦੇ ਵਿੱਚ 1800 ਡਾਲਰ ਦੇ ਕੁੱਲ ਚਾਰ ਚੈੱਕ ਪ੍ਰਾਪਤ ਕਰ ਰਹੇ ਹਨ ਇਸ ਲਈ ਜਦੋਂ ਕਾਰਬਨ ਟੈਕਸ ਵਧੇਗਾ ਤਾਂ ਇਹ ਚੈੱਕ ਵੀ ਵੱਡੇ ਹੁੰਦੇ ਜਾਣਗੇ ਇਸ ਨਾਲ ਅਸੀਂ ਵਾਤਾਵਰਨ ਤਬਦੀਲੀ ਨਾਲ ਵੀ ਨਜਿੱਠ ਸਕਾਂਗੇ , ਆਪਣੇ ਅਰਥਚਾਰੇ ਨੂੰ ਮਜਬੂਤ ਕਰ ਸਕਾਂਗੇ ਅਤੇ ਕਾਰਬਨ ਟੈਕਸ ਰਾਹੀਂ ਪ੍ਰਾਪਤ ਕੀਤਾ ਪੈਸਾ ਵਾਪਸ ਲੋਕਾਂ ਦੀ ਜੇਬ ਵਿੱਚ ਪਾ ਸਕਾਂਗੇ
ਹਰਬੰਸ ਬੁੱਟਰ : ਕੀ ਅਸੀਂ ਆਉਣ ਵਾਲੇ ਫੈਡਰਲ ਬਜਟ ਵਿੱਚ ਆਮ ਲੋਕਾਂ ਵਾਸਤੇ ਕੁਝ ਰਾਹਤ ਦੀ ਉਮੀਦ ਕਰ ਸਕਦੇ ਹਾਂ ?
ਜਸਟਿਨ ਟਰੂਡੋ: ਸਾਡਾ ਬਜਟ ਪੂਰੀ ਤਰ੍ਹਾਂ ਲੋਕਾਂ ਦੇ ਉੱਪਰ ਅਧਾਰਿਤ ਹੈ ਇਸ ਬਜਟ ਵਿੱਚ ਖਿਆਲ ਰੱਖਿਆ ਜਾ ਰਿਹਾ ਹੈ ਕਿ ਨੌਜਵਾਨ ਪਰਿਵਾਰ ਆਪਣਾ ਘਰ ਅਫੋਰਡ ਕਰ ਸਕਦੇ। ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਮਿਲਣ ਅਤੇ ਉਹਨਾਂ ਦਾ ਭਵਿੱਖ ਸੁਰੱਖਿਤ ਹੋਵੇ। ਬਜਟ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਪਰ ਸਾਡਾ ਵਿਸ਼ਵਾਸ ਭਾਈਚਾਰਿਆਂ ਵਿੱਚ ਨਿਵੇਸ਼ ਕਰਨ ਵਿੱਚ ਹੈ , ਸਾਡਾ ਵਿਸ਼ਵਾਸ ਹਾਊਸਿੰਗ ਵਿੱਚ ਨਿਵੇਸ਼ ਕਰਨ ਵਿੱਚ ਹੈ। ਅਸੀਂ ਬਜ਼ੁਰਗਾਂਦੇ ਦੰਦਾਂ ਦੀ ਸੰਭਾਲ ਵਿੱਚ ਨਿਵੇਸ਼ ਕਰਨ ਵਿੱਚ ਵਿਸ਼ਵਾਸ ਕਰਦੇ ਹਾਂ ਪਰ ਦੂਜੇ ਪਾਸੇ ਕੰਜਰਵਟਿਵ ਪਾਰਟੀ ਡੈਂਟਲ ਕੇਅਰ ਦੇ ਖਿਲਾਫ ਹੈ ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਅਸੀਂ ਮਿਊਨਸੀਪਲਟੀਆਂ ਨੂੰ ਹਾਊਸਿੰਗ ਦੇ ਨਿਰਮਾਣ ਵਾਸਤੇ ਪੈਸਾ ਦਈਏ ਅਤੇ ਉਹ ਲੋਕਾਂ ਵਿੱਚ ਕੀਤੇ ਜਾ ਰਹੇ ਨਿਵੇਸ਼ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ ਪਰ ਸਾਡਾ ਵਿਸ਼ਵਾਸ ਹੈ ਕਿ ਲੋਕਾਂ ਵਿੱਚ ਨਿਵੇਸ਼ ਕਰਨ ਨਾਲ ਹੀ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਹਰਬੰਸ ਬੁੱਟਰ : ਮੌਜੂਦਾ ਸਮੇਂ ਵਿੱਚ ਚੰਗੀ ਆਮਦਨ ਵਾਲੇ ਪਰਿਵਾਰਾਂ ਵਾਸਤੇ ਵੀ ਘਰ ਖਰੀਦਣਾ ਔਖਾ ਹੋ ਚੁੱਕਾ ਹੈ। ਨੌਜਵਾਨ ਮਹਿਸੂਸ ਕਰ ਰਹੇ ਹਨ ਕਿ ਉਹ ਕਦੇ ਵੀ ਘਰ ਨਹੀਂ ਖਰੀਦ ਸਕਣਗੇ । ਇਸ ਸਮੱਸਿਆ ਦੇ ਹੱਲ ਲਈ ਕੀ ਕਦਮ ਚੁੱਕੇ ਜਾ ਰਹੇ ਹਨ ?
ਜਸਟਿਨ ਟਰੂਡੋ: ਕੈਨੇਡਾ ਇਸ ਤੋਂ ਪਹਿਲਾਂ ਵੀ ਹਾਊਸਿੰਗ ਦੀ ਸਮੱਸਿਆ ਨਾਲ ਜੂਝ ਚੁੱਕਾ ਹੈ ਅਤੇ ਅਸੀਂ ਉਸ ਨੂੰ ਹੱਲ ਕਰ ਚੁੱਕੇ ਹਾਂ ਤੇ ਅਸੀਂ ਇਸ ਸਮੱਸਿਆ ਨੂੰ ਹੁਣ ਵੀ ਹੱਲ ਕਰ ਸਕਦੇ ਹਾਂ। ਸਾਨੂੰ ਪਤਾ ਹੈ ਕਿ ਇਹ ਕਿਸ ਤਰ੍ਹਾਂ ਕਰਨਾ ਹੈ। ਅਸੀਂ ਮਿਊਨਸੀਪੈਲਿਟੀਆਂ ਨਾਲ ਮਿਲ ਕੇ ਇਸ ਪਾਸੇ ਨਿਵੇਸ਼ ਕਰ ਰਹੇ ਹਾਂ। ਜੇਕਰ ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਫੈਡਰਲ ਸਰਕਾਰ ਦੀ ਸੈਂਕੜੇ ਮਿਲੀਅਨ ਡਾਲਰ ਦੀ ਮੱਦਦ ਨਾਲ ਹਾਊਸਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੀਅ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕੰਜ਼ਰਵਟਿਵ ਪਾਰਟੀ ਅਤੇ ਉਹਨਾਂ ਦੇ ਦੋਸਤ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਦੇ ਵਿੱਚ ਨਿਵੇਸ਼ ਕਰੀਏ।
ਹਰਬੰਸ ਬੁੱਟਰ : ਤੁਹਾਡੀ ਸਰਕਾਰ ਦਾ ਟੀਚਾ ਹੈ ਕਿ ਹਰ ਸਾਲ 5 ਲੱਖ ਇਮੀਗਰੈਂਟਸ ਨੂੰ ਕੈਨੇਡਾ ਲੈ ਕੇ ਆਉਣਾ ਹੈ, ਪਰ ਕੀ ਅਸਲ ਵਿੱਚ ਕੈਨੇਡਾ ਜ਼ਮੀਨੀ ਪੱਧਰ ‘ਤੇ ਇਸ ਸਭ ਲਈ ਤਿਆਰ ਹੈ ?
ਜਸਟਿਨ ਟਰੂਡੋ: ਜੀ ਹਾਂ ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ ਹਰ ਸਾਲ 5 ਹਜ਼ਾਰ ਪਰਮਾਨੈਂਟ ਰੈਜੀਡੈਂਟਸ ਨੂੰ ਕੈਨੇਡਾ ਵਿੱਚ ਲੈ ਕੇ ਆਉਣਾ ਕੈਨੇਡਾ ਦੇ ਵਿਕਾਸ ਅਤੇ ਕੈਨੇਡਾ ਦੀ ਆਰਥਿਕਤਾ ਵਾਸਤੇ ਬੇਹਦ ਜਿਆਦਾ ਜ਼ਰੂਰੀ ਹੈ ਪਰ ਇਮੀਗਰੇਸ਼ਨ ਵਿੱਚ ਸਭ ਤੋਂ ਵੱਡੀ ਜੋ ਚੁਣੌਤੀ ਇਸ ਵਕਤ ਅਸੀਂ ਦੇਖ ਰਹੇ ਹਾਂ ਉਹ ਅਸਥਾਈ ਜਾਂ ਕੱਚੇ ਲੋਕਾਂ ਦੀ ਹੈ।
ਜਿੰਨਾਂ ‘ਚ ਰਿਿਫਊਜੀ, ਅੰਤਰਰਾਸ਼ਟਰੀ ਵਿਿਦਆਰਥੀ ਅਤੇ ਕੱਚੇ ਕਾਮੇ ਸ਼ਾਮਿਲ ਹਨ। ਅਸੀਂ ਇਸ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਭਾਵੇਂ ਲੋਕ ਇੱਥੇ ਪੜ੍ਨ ਲਈ ਆਉਣ ਚਾਹੇ ਕੰਮ ਵਾਸਤੇ ਆਉਣ ਪਰ ਉਹਨਾਂ ਨੂੰ ਹਰੇਕ ਤਰ੍ਹਾਂ ਦੀ ਮਦਦ ਮਿਲੇ ਚਾਹੇ ਉਹ ਹੈਲਥ ਕੇਅਰ ਦੀ ਹੋਵੇ ਚਾਹੇ ਹਾਊਸਿੰਗ ਦੀ ਹੋਵੇ ਇਸ ਲਈ ਪਜ ਲੱਖ ਪਰਮਾਨੈਂਟ ਰੈਜੀਡੈਂਟਸ ਦੇ ਕੈਨੇਡਾ ਆਉਣ ਦੇ ਬਾਵਜੂਦ ਪਿਛਲੇ ਸਾਲਾਂ ਵਿੱਚ 20 ਲੱਖ ਦੇ ਕਰੀਬ ਟੈਂਪਰੇਰੀ ਰੈਜੀਡੈਂਟਸ ਕੈਨੇਡਾ ਵਿੱਚ ਆਏ ਹਨ ਅਸੀਂ ਉਸ ਗਿਣਤੀ ਨੂੰ ਘੱਟ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਇਮੀਗਰੇਸ਼ਨ ਸਿਸਟਮ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਅਤੇ ਦੇਸ਼ ਵਿਕਾਸ ਕਰਦਾ ਰਹੇ
ਹਰਬੰਸ ਬੁੱਟਰ : ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਨੌਕਰੀਆਂ ਅਤੇ ਹਾਊਸਿੰਗ ਵਾਸਤੇ ਜਦੋ ਜਹਿਦ ਕਰਨੀ ਪੈ ਰਹੀ ਹੈ ਨਾ ਤੇ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ ਨਾ ਹੀ ਰਹਿਣ ਲਈ ਥਾਂ ਮਿਲ ਰਹੀ ਹੈ ਉਹ ਬੇਹਦ ਜ਼ਿਆਦਾ ਸੰਘਰਸ਼ ਕਰ ਰਹੇ ਹਨ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ ?
ਜਸਟਿਨ ਟਰੂਡੋ: ਪਿਛਲੇ ਸਾਲਾਂ ਦੇ ਦੌਰਾਨ ਇਹ ਸਮੱਸਿਆ ਇਸ ਕਾਰਨ ਆਈ ਕਿ ਵੱਖ ਵੱਖ ਸੂਬਿਆਂ ਵਿੱਚ ਵਿੱਦਿਅਕ ਸੰਸਥਾਵਾਂ ਵੱਲੋਂ ਮੌਜੂਦਾ ਢਾਂਚੇ ਅਤੇ ਸਿਸਟਮ ਨਾਲੋਂ ਕਿਤੇ ਜਿਆਦਾ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਦਾਖ਼ਲਾ ਦੇ ਦਿੱਤਾ ਗਿਆ। ਫੈਡਰਲ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਇਸ ਵਰਤਾਰੇ ਦੀ ਰਫਤਾਰ ਘੱਟ ਕਰਨ ਦੀ ਲੋੜ ਹੈ ਪਰ ਸੂਬਾ ਸਰਕਾਰਾਂ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਹੁਣ ਫੈਡਰਲ ਸਰਕਾਰ ਨੂੰ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਆਮਦ ਨੂੰ ਸੀਮਤ ਕਰਨਾ ਪਿਆ ਹੈ। ਅਸੀਂ ਸੂਬਿਆਂ ਨੂੰ ਆਖਿਆ ਹੈ ਕਿ ਤੁਹਾਨੂੰ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਬਿਹਤਰ ਦੇਖਭਾਲ ਕਰਨ ਦੀ ਜਰੂਰਤ ਹੈ ਕਿਉਂਕਿ ਕਈ ਵਿਿਦਆਰਥੀ ਗੈਰ ਮਿਆਰੀ ਵਿਿਦਅਕ ਸੰਸਥਾਵਾਂ ਵਿੱਚ ਆ ਚੁੱਕੇ ਹਨ ਅਤੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਅਤੇ ਬਾਕੀ ਵਿਿਦਆਰਥੀਆਂ ਨੂੰ ਹਾਊਸਿੰਗ ਆਦਿ ਵਿੱਚ ਮੱਦਦ ਨਹੀਂ ਮਿਲ ਰਹੀ ਹੈ ਇਸ ਲਈ ਅਸੀਂ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਸੀਮਤ ਕਰ ਰਹੇ ਹੈ ਤਾਂਕਿ ਉਹ ਅੰਤਰਰਾਸ਼ਟਰੀ ਵਿਿਦਆਰਥੀ ਜੋ ਇਥੇ ਪੜਨ ਲਈ ਆਏ ਹਨ ਤੇ ਆਪਣੇ ਭਵਿੱਖ ਨੂੰ ਸੁਰੱਖਿਤ ਕਰਨਾ ਚਾਹੁੰਦੇ ਹਨ ਉਹਨਾਂ ਦੀ ਮੱਦਦ ਕੀਤੀ ਜਾ ਸਕੇ ਅਤੇ ਕੋਈ ਵੀ ਉਹਨਾਂ ਦਾ ਨਾਜਾਇਜ਼ ਫਾਇਦਾ ਨਾ ਚੁੱਕ ਸਕੇ ਇਸ ਲਈ ਅਸੀਂ ਕਿਹਾ ਹੈ ਕਿ ਬਸ ਹੁਣ ਬਹੁਤ ਹੋ ਚੁੱਕਾ ਹੈ।
ਹਰਬੰਸ ਬੁੱਟਰ : ਕੈਨੇਡਾ ਤੋਂ ਰਿਵਰਸ ਮਾਈਗ੍ਰੇਸ਼ਨ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਇਸ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈ ?
ਜਸਟਿਨ ਟਰੂਡੋ: ਲੋਕ ਹਮੇਸ਼ਾ ਹੀ ਇਹ ਕਰਦੇ ਰਹਿਣਗੇ ਕਿ ਉਹਨਾਂ ਨੇ ਕਿੱਥੇ ਜਾਣਾ ਹੈ । ਲੋਕ ਕੈਨੇਡਾ ਆਉਂਦੇ ਰਹਿਣਗੇ ਅਤੇ ਉਹ ਇਹ ਫੈਸਲੇ ਵੀ ਕਰਦੇ ਰਹਿਣਗੇ ਕਿ ਉਹਨਾਂ ਨੇ ਕਿਸੇ ਹੋਰ ਦੇਸ਼ ਵਿੱਚ ਜਾ ਕੇ ਕੰਮ ਕਰਨਾ ਹੈ ਜਾਂ ਰਹਿਣਾ ਹੈ ਪਰ ਸਾਡਾ ਬਤੌਰ ਦੇਸ਼ ਸਾਡੀ ਇਹ ਜਿੰਮੇਵਾਰੀ ਹੈ ਕਿ ਜੋ ਲੋਕ ਕੈਨੇਡਾ ਵਿੱਚ ਆਉਣ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਣ ਅਤੇ ਦੇਸ਼ ਵਿੱਚ ਭਾਈਚਾਰੇ ਅਤੇ ਸਦਭਾਵਨਾ ਦਾ ਮਾਹੌਲ ਸਿਰਜਣ। ਇਸੇ ਲਈ ਅਸੀਂ ਹੈਲਥ ਕੇਅਰ ਅਤੇ ਹਾਊਸਿੰਗ ਵਿੱਚ ਨਿਵੇਸ਼ ਕਰ ਰਹੇ ਹਾਂ ਕਿਉਂਕਿ ਕੈਨੇਡਾ ਇਮੀਗਰੇਸ਼ਨ ਕਾਰਨ ਹੀ ਇੱਕ ਸਫਲ ਦੇਸ਼ ਹੈ। ਲੋਕ ਕਈ ਪੀੜੀਆਂ ਤੋਂ ਇਸ ਦੇਸ਼ ਵਿੱਚ ਆ ਰਹੇ ਹਨ ਅਤੇ ਰਹਿ ਰਹੇ ਹਨ ਇਸ ਕਾਰਨ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਕਾਮਯਾਬੀ ਵਾਸਤੇ ਉਨ੍ਹਾਂ ਵਿੱਚ ਨਿਵੇਸ਼ ਕਰੀਏ , ਇਹੀ ਸਭ ਤੋਂ ਵਧੀਆ ਤਰੀਕਾ ਹੈ।
ਹਰਬੰਸ ਬੁੱਟਰ : ਐਨਡੀਪੀ ਨਾਲ ਹੋਏ ਸਪਲਾਈ ਐਂਡ ਕਾਨਫੀਡੈਂਸ ਐਗਰੀਮੈਂਟ ਦਾ ਕਿੰਨਾ ਦਬਾਅ ਮਹਿਸੂਸ ਕਰਦੇ ਹੋ ਕਿਉਂਕਿ ਐਨਡੀਪੀ ਵੱਲੋਂ ਫਾਰਮਾਕੇਅਰ ਦੇ ਮੁੱਦੇ ‘ਤੇ ਪਿਛਲੇ ਦਿਨੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ ?
ਜਸਟਿਨ ਟਰੂਡੋ: ਸਾਡਾ ਵਿਸ਼ਵਾਸ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇ ਜਿਸ ਤਰ੍ਹਾਂ ਅਸੀਂ ਮਿਲ ਕੇ ਬਜ਼ੁਰਗਾਂ ਦੀ ਡੈਂਟਲ ਕੇਅਰ ਵਾਸਤੇ ਕੰਮ ਕਰ ਰਹੇ ਹਾਂ ਜਿਸ ਕਾਰਨ ਲੱਖਾਂ ਬਜ਼ੁਰਗ ਮੁਫਤ ਡੈਂਟਲ ਕੇਅਰ ਵਾਸਤੇ ਰਜਿਸਟਰ ਕਰ ਚੁੱਕੇ ਹਨ ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਅਸੀਂ ਮਿਲ ਕੇ ਕੀਤੀ ਹੈ ਪਰ ਦੂਜੇ ਪਾਸੇ ਕੰਜਰਵਟਿਵ ਪਾਰਲੀਮੈਂਟ ਮੈਂਬਰ ਅਤੇ ਉਨ੍ਹਾਂ ਦੇ ਆਗੂ ਪੀਅਰੇ ਪੋਲੀਵਰ ਵੱਲੋਂ ਬਜ਼ੁਰਗਾਂ ਲਈ ਮੁਫ਼ਤ ਡੈਂਟਲ ਕੇਅਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਲਈ ਅਸੀਂ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਾਂ ਜੋ ਕਿ ਦੇਸ਼ ਵਾਸਤੇ ਬੇਹਦ ਜਰੂਰੀ ਹੈ ਇਸ ਲਈ ਅਸੀਂ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।
ਹਰਬੰਸ ਬੁੱਟਰ : ਇੱਕ ਪਾਸੇ ਜਦੋਂ ਬਹੁਤ ਸਾਰੇ ਮੁੱਦਿਆਂ ਤੇ ਦੂਜੇ ਸੂਬਿਆਂ ਦੀਆਂ ਕੰਜਰਵਟਿਵ ਸਰਕਾਰਾਂ ਫੈਡਰਲ ਸਰਕਾਰ ਨਾਲ ਬਹੁਤ ਸਾਰੇ ਮੁੱਦਿਆਂ ‘ਤੇ ਮਿਲ ਕੇ ਚਲਦੀਆਂ ਹਨ ਤਾਂ ਅਲਬਰਟਾ ਦੀ ਸਰਕਾਰ ਵਾਰ-ਵਾਰ ਉਨ੍ਹਾਂ ਮੁੱਦਿਆਂ ਤੇ ਫੈਡਰਲ ਸਰਕਾਰ ਦਾ ਵਿਰੋਧ ਕਿਉਂ ਕਰਦੀ ਹੈ , ਇਸ ਅਸਹਿਮਤੀ ਦਾ ਕਾਰਨ ਕੀ ਹੈ ?
ਜਸਟਿਨ ਟਰੂਡੋ: ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੇਰੀ ਬੜੀ ਹੀ ਸਾਰਥਕ ਮੀਟਿੰਗ ਹੋਈ ਹੈ ਡੈਨੀਅਲ ਸਮਿੱਥ ਆਪਣੀ ਫੈਡਰਲ ਕੰਜਰਵਟਿਵ ਪਾਰਟੀ ਦੇ ਸਾਥੀਆਂ ਦੇ ਉਲਟ ਚਾਈਲਡ ਕੇਅਰ ਦੇ ਮੁੱਦੇ ਤੇ ਬੜਾ ਹੀ ਸਾਰਥਕ ਰੱਵਈਆ ਅਖ਼ਤਿਆਰ ਕਰ ਰਹੀ ਹੈ , ਇਸ ਤੋਂ ਇਲਾਵਾ ਅਸੀਂ ਮਿਲ ਕੇ ਗੈਸਾਂ ਦੇ ਰਿਸਾਅ ਨੂੰ ਜ਼ੀਰੋ ਤੱਕ ਲੈ ਕੇ ਆਉਣ ਲਈ ਕੰਮ ਕਰ ਰਹੇ ਹਾਂ ਭਾਵੇਂ ਕਿ ਇਸ ਮੁੱਦੇ ‘ ਤੇ ਅਸੀਂ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਪਰ ਅਸੀਂ ਇਸ ਬਾਰੇ ਗੱਲਬਾਤ ਜਾਰੀ ਰੱਖ ਸਕਦੇ ਹਾਂ ਜੋ ਕਿ ਸਾਰਿਆਂ ਵਾਸਤੇ ਹਰੇਕ ਸਥਿਤੀ ਅਨੁਸਾਰ ਅਨੁਕੂਲ ਹੋਵੇ। ਸਮੱਸਿਆਵਾਂ ਉਦੋਂ ਹੀ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਗੱਲ ਨਹੀਂ ਕਰਦੇ ਇਸ ਕਰਕੇ ਮੈਂ ਕਈ ਸਾਲਾਂ ਤੋਂ ਲਗਾਤਾਰ ਇਸ ਕੋਸ਼ਿਸ਼ ਵਿੱਚ ਹਾਂ ਕਿ ਹਰੇਕ ਨਾਲ ਗੱਲਬਾਤ ਰਾਹੀਂ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਅਲਬਰਟਾ ਸੂਬੇ ਵਾਸਤੇ ਵੀ ਅਸੀਂ ਅਜਿਹਾ ਹੀ ਕਰ ਰਹੇ ਹਾਂ।
ਆਖੀਰ ਵਿੱਚ ਅੱਜ ਦੀ ਇਸ ਗੱਲਬਾਤ ਦੇ ਆਖਿਰੀ ਸਮੇਂ ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ, ਆਪਣੇ ਕੀਮਤੀ ਸਮੇਂ ਵਿੱਚੋਂ ਪੰਜਾਬੀ ਅਖ਼ਬਾਰ ਦੇ ਦਫਤਰ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ । ਅਸੀਂ ਤੁਹਾਡੇ ਇਹ ਕੀਮਤੀ ਵਿਚਾਰ ਪੰਜਾਬੀ ਅਖ਼ਬਾਰ ਦੇ ਪਾਠਕਾਂ ਤੱਕ ਇਸ ਪੰਨੇ ਰਾਹੀ ਪਹੁੰਚਾ ਰਹੇ ਹਾਂ । ਧੰਨਵਾਦ ।