ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਲਹਿੰਦੇ ਪੰਜਾਬ ਤੋਂ ਕਈ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਲਾਹੌਰ ਤੋਂ ਡਾ. ਨਾਬੀਲਾ
ਰਹਿਮਾਨ ਤੇ ਪੰਜਾਬ ਤੋਂ ਸ਼ਾਮ ਸਿੰਘ ‘ਅੰਗਸੰਗ’ ਤੇ ਪ੍ਰਿੰ. ਬਰਿੰਦਰ ਕੌਰ ਨੇ ਵਿਚਾਰਾਂ ਦੀ
ਸਾਂਝ ਪਾਈ
ਲਹਿੰਦੇ ਪੰਜਾਬ ਤੋਂ ਕਈ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਰੰਗਾਰੰਗ ‘ਸਾਵਣ ਕਵੀ ਦਰਬਾਰ’ ਵੀ ਹੋਇਆ
ਬਰੈਂਪਟਨ, (ਪੰਜਾਬੀ ਅਖਬਾਰ ਬਿਊਰੋ) 21 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ
ਸਮਾਗ਼ਮ ਵਿਚ ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲ ਤੇ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ
ਸਟੱਡੀਜ਼ ਦੀ ਡਾਇਰੈੱਕਟਰ ਡਾ. ਨਾਬੀਲਾ ਰਹਿਮਾਨ, ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਨਿਊਜ਼ ਐਡੀਟਰ ਸ਼ਾਮ
ਸਿੰਘ ‘ਅੰਗਸੰਗ’ ਅਤੇ ਟੀ.ਪੀ.ਡੀ. ਕਾਲਜ ਰਾਮਪੁਰਾ ਫੂਲ ਦੀ ਸਾਬਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਨੇ ਆਪਣੇ
ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਮਾਗ਼ਮ ਦੇ ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਤਿੰਨਾਂ ਮਹਿਮਾਨਾਂ
ਨਾਲ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ
ਸੁਸ਼ੋਭਿਤ ਸਨ।


ਡਾ. ਸੁਖਦੇਵ ਸਿੰਘ ਝੰਡ ਵੱਲੋਂ ਤਿੰਨਾਂ ਅਹਿਮ ਮਹਿਮਾਨਾਂ ਦੀ ਸਰੋਤਿਆਂ ਨਾਲ ਸੰਖੇਪ ਜਾਣ-ਪਛਾਣ ਕਰਾਉਣ ਅਤੇ
ਸਾਰਿਆਂ ਨੂੰ ‘ਜੀ ਆਇਆਂ’ ਕਹਿਣ ਉਪਰੰਤ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਨੇ ਸਭ ਤੋਂ ਪਹਿਲਾਂ ਪ੍ਰਿੰਸੀਪਲ
ਬਰਿੰਦਰ ਕੌਰ ਨੂੰ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਬਾਰੇ ਕਿਹਾ ਜਿਨ੍ਹਾਂ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ
ਰਾਮਪੁਰਾ ਫੂਲ ਕਾਲਜ ਦੀ ਪ੍ਰਿੰਸੀਪਲ ਹੁੰਦਿਆਂ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਸਾ ਕਾਲਜ ਦੀ
ਪ੍ਰਿੰਸੀਪਲ ਦੀ ਵੀ ਅਹਿਮ ਜ਼ਿੰਮੇਂਵਾਰੀ ਨਿਭਾਈ। ਕਾਲਜ ਵਿਚ ਪੜ੍ਹਦੇ ਸਮੇਂ ਉਹ ਹਾਕੀ ਦੇ ਖਿਡਾਰੀ ਰਹੇ ਹਨ ਅਤੇ
ਕੁਝ ਸਮਾਂ ਉਨ੍ਹਾਂ ਜਲੰਧਰ ਦੂਰ-ਦਰਸ਼ਨ ਤੋਂ ਪੰਜਾਬੀ ਦੀਆਂ ਖ਼ਬਰਾਂ ਵੀ ਪੜ੍ਹੀਆਂ। ਭਾਰਤ ਦੀ ‘ਐਜੂਕੇਸ਼ਨ ਪਾਲਿਸੀ’
ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਿੱਤਾ-ਮੁਖੀ ਹੋਣੀ ਚਾਹੀਦੀ ਹੈ ਅਤੇ ‘ਪਲੱਸ-ਟੂ’ ਦੀ ਪੜ੍ਹਾਈ ਵਿਚ ‘ਸਕਿੱਲ-
ਵਿਸ਼ੇ’ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੜਕੀਆਂ ਦੀ ਸੋਸ਼ਲ ਸੁਰੱਖਿਆ ਬਾਰੇ ਵੀ ਆਪਣੇ ਵਿਚਾਰ
ਪ੍ਰਗਟਾਏ।

ਸ਼ਾਮ ਸਿੰਘ ‘ਅੰਗਸੰਗ’


ਦੂਸਰੇ ਮਹਿਮਾਨ ਸ਼ਾਮ ਸਿੰਘ ‘ਅੰਗਸੰਗ’ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਬਲਾਚੌਰ ਦੇ ਨੇੜੇ ਪਿੰਡ
ਠਠਿਆਲਾ ਢਾਹਾਂ ਦੇ ਜੰਮਪਲ ਹਨ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਤੋਂ ਬੀ.ਏ., ਲਾਇਲਪੁਰ ਖਾਲਸਾ
ਕਾਲਜ ਜਲੰਧਰ ਤੋਂ ਐੱਮ.ਏ. (ਪੰਜਾਬੀ) ਤੇ ਗੁਰਮਤਿ ਕਾਲਜ ਪਟਿਆਲਾ ਤੋਂ ਰਿਲੀਜੀਅਸ ਸਟੱਡੀਜ਼ ਵਿਚ
ਐੱਮ.ਏ. ਕਰਨ ਉਪਰੰਤ ਉਨ੍ਹਾਂ 1974 ਤੋਂ 1978 ਤੱਕ ਲੁਧਿਆਣੇ ਦੇ ਗੁਜਰਾਂਵਾਲਾ ਗੁਰੂ ਨਾਨਕ ਵਿਚ
ਪੜ੍ਹਾਇਆ। ਅਗਸਤ 1978 ਵਿਚ ‘ਪੰਜਾਬੀ ਟ੍ਰਿਬਿਊਨ’ ਦੇ ਆਰੰਭ ਹੋਣ ‘ਤੇ ਇਸ ਦੇ ਬਾਨੀ ਸੰਪਾਦਕ ਬਰਜਿੰਦਰ
ਹਮਦਰਦ ਉਨ੍ਹਾਂ ਨੂੰ ਚੰਡੀਗੜ੍ਹ ਲੈ ਗਏ। ਪੱਤਰਕਾਰੀ ਵਿਚ ਆਉਣ ਤੋਂ ਬਾਅਦ ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਵਿਚ
ਆਪਣਾ ਕਾਲਮ ‘ਅੰਗਸੰਗ’ 1986 ਵਿਚ ਸ਼ੁਰੂ ਕੀਤਾ ਜੋ 2010 ਤੱਕ ਲਗਾਤਾਰ ਚੱਲਿਆ। ਕਿਸੇ ਅਖ਼ਬਾਰ ਵਿਚ

ਸੱਭ ਤੋਂ ਲੰਮਾਂ ਸਮਾ ਚੱਲਣ ਵਾਲਾ ਇਹ ਪਹਿਲਾ ਕਾਲਮ ਸੀ ਜਿਸ ਦਾ ਸਿਰਲੇਖ ਉਨ੍ਹਾਂ ਦੇ ਨਾਂ ਨਾਲ ਤਖ਼ੱਲਸ ਵਾਂਗ
ਜੁੜ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਦੋ ਕਾਵਿ-ਪੁਸਤਕਾਂ ‘ਰੂਹ ਦੇ ਬੋਲ’ ਤੇ ‘ਮੱਥੇ ਅੰਦਰ ਜਗਦਾ ਦੀਵਾ’ ਅਤੇ ਦੋ
ਵਾਰਤਕ ਪੁਸਤਕਾਂ ‘ਸ਼ਬਦਾਂ ਦੇ ਅੰਗਸੰਗ’ ਤੇ ‘ਵਕਤ ਦੇ ਸਫ਼ੇ ‘ਤੇ’ ਆਈਆਂ। ਕੁਝ ਸਾਲ ਪਹਿਲਾਂ ਇੰਗਲੈਂਡ ਦੀ
‘ਪੰਜਾਬੀ ਸੱਥ’ ਵੱਲੋਂ ਛਾਪੀ ਗਈ ਉਨ੍ਹਾਂ ਦੀ ਰੇਖ਼ਾ-ਚਿੱਤਰਾਂ ਦੀ ਪੁਸਤਕ ‘ਤੁਰ ਗਏ ਯਾਰ ਨਿਰਾਲੇ’ ਦੀਆਂ 4500
ਕਾਪੀਆਂ ਇਸ ਵੱਕਾਰੀ ਸੰਸਥਾ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਭੇਜੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਵੱਲੋਂ
ਪੱਤਰਕਾਰੀ ਦੇ ਕਈ ‘ਦਿਲਚਸਪ ਕਿੱਸੇ’ ਅਤੇ ਕਵਿਤਾਵਾਂ ਵੀ ਸਾਂਝੀਆਂ ਕੀਤੀ ਗਈਆਂ। ਪੱਤਰਕਾਰ ਕੰਵਲਜੀਤ
ਕੋਰਪਾਲ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਹਰੇਕ ਅਦਾਰੇ ਵਿਚ ਕੰਮ ਕਰਦਿਆਂ
ਉੱਥੇ ਬੋਲਣ ਤੇ ਵਿਚਰਨ ਦੀ ਆਜ਼ਾਦੀ ਦੀ ਆਪਣੀ ਸੀਮਾ ਹੁੰਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਨਾਲ ਕਈ
ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

ਲਾਹੌਰ ਤੋਂ ਸ਼ਿਰਕਤ ਕਰਨ ਵਾਲੇ ਮੁਅੱਜ਼ਜ਼ ਮਹਿਮਾਨ ਡਾ. ਨਾਬੀਲਾ ਰਹਿਮਾਨ ਵੱਲੋਂ ਆਪਣੀ ਗੱਲ ‘ਔਰਤ ਦੀ
ਆਜ਼ਾਦੀ’ ਤੋਂ ਆਰੰਭ ਕਰਦਿਆਂ ਹੋਇਆਂ ਮੁਆਸ਼ਰੇ ਵਿਚ ਗੱਲ ਕਰਨ ਦੀ ਖੁੱਲ੍ਹ, ਡਰ, ਖ਼ੌਫ਼, ਹਯਾ, ਇੱਜ਼ਤ ਤੇ
ਆਬਰੂ ਨਾਲ ਜੋੜ ਕੇ ਆਪਣੇ ਵਿਚਾਰ ਬਾਖ਼ੂਬੀ ਪੇਸ਼ ਕੀਤੇ ਗਏ। ਪਾਕਿਸਤਾਨ ਦੀ ਮੌਜੂਦਾ ‘ਐਜੂਕੇਸ਼ਨ ਪਾਲਿਸੀ’
ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਕਿੱਡੀ ਵੱਡੀ ਤ੍ਰਾਸਦੀ ਹੈ ਕਿ 14-14 ਸਾਲ ਪੜ੍ਹ ਕੇ ਵੀ ਸਾਡੇ ‘ਪੜ੍ਹਾਕੂਆਂ’
ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਆਪਣੇ ਸੰਬੋਧਨ ਵਿਚ ਉਨ੍ਹਾਂ ‘ਸਕਿੱਲਡ ਐਜੂਕੇਸ਼ਨ’ ਦੇਣ ਉੱਪਰ ਜ਼ੋਰ
ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ‘ਗੁਰੂ ਨਾਨਕ ਚੇਅਰ’ ਬਾਖ਼ੂਬੀ ਕੰਮ ਕਰ ਰਹੀ ਹੈ
ਅਤੇ ਇਸ ਵਿਚ ਪੀਐੱਚ.ਡੀ. ਪੱਧਰ ਦੀ ਖੋਜ ਚੱਲ ਰਹੀ ਹੈ। ਬਾਬਾ ਨਾਨਕ ਦਾ ਸ਼ਾਹਕਾਰ ‘ਜਪੁਜੀ ਸਾਹਿਬ’
ਐੱਮ.ਏ. ਪੰਜਾਬੀ ਦੇ ਸਿਲੇਬਸ ਵਿਚ ਸ਼ਾਮਲ ਹੈ। ਯੂਨੀਵਰਸਿਟੀ ਦੇ ‘ਪੰਜਾਬੀ ਐਂਡ ਕਲਚਰਲ ਸਟੱਡੀਜ਼’
ਡਿਪਾਰਟਮੈਂਟ ਵਿਚ ਪੰਜਾਬੀ ਬੋਲੀ ਤੇ ਸੱਭਿਆਚਾਰ ਬਾਰੇ ਬਹੁਤ ਵਧੀਆ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ
ਦਾ ਪਿਛੋਕੜ ਪਾਕਿਸਤਾਨ ਦੇ ਝੰਗ ਜ਼ਿਲੇ ਦਾ ਹੈ ਅਤੇ ਉਨ੍ਹਾਂ ਕੁਝ ਸਮਾਂ ‘ਝੰਗ ਯੂਨੀਵਰਸਿਟੀ’ ਦੇ ਵਾਈਸ-ਚਾਂਸਲਰ
ਦੇ ਉੱਚ ਅਹੁਦੇ ‘ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਝਾਂਗੀ ਬੋਲੀ ਵਿਚ ਵੀ ਕੁਝ ਸਤਰਾਂ ਸੁਣਾਈਆਂ ਜਿਨ੍ਹਾਂ ਨੂੰ ਸਰੋਤਿਆਂ
ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸਰੋਤਿਆਂ ਵੱਲੋਂ ਆਏ ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਲਹਿੰਦੇ ਪੰਜਾਬ
ਵਿਚ ਪੰਜਾਬੀ ਦੀ ਅਜੋਕੀ ਸਥਿਤੀ ਅਤੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੇ ਜਾਣ ਬਾਰੇ ਵੀ ਜਾਣਕਾਰੀ
ਸਾਂਝੀ ਕੀਤੀ।
ਸਮਾਗ਼ਮ ਦੇ ਦੂਸਰੇ ਭਾਗ ‘ਸਾਵਣ ਕਵੀ ਦਰਬਾਰ’ ਦਾ ਸੰਚਾਲਨ ਡਾ. ਸੁਰਿੰਦਰਜੀਤ ਕੌਰ ਵੱਲੋਂ ਕੀਤਾ ਗਿਆ। ਇਸ
ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਡਾ. ਨਾਬੀਲਾ ਰਹਿਮਾਨ, ਪ੍ਰੋ. ਆਸ਼ਿਕ ਰਹੀਲ, ਡਾ. ਪਰਗਟ ਸਿੰਘ ਬੱਗਾ, ਡਾ.
ਜਗਮੋਹਨ ਸਿੰਘ ਸੰਘਾ ਅਤੇ ਹਜ਼ਰਤ ਸ਼ਾਮ ਸੰਧੂ ਸ਼ਾਮਲ ਸਨ। ਕਵੀ-ਦਰਬਾਰ ਦਾ ਆਰੰਭ ਮੰਚ-ਸੰਚਾਲਕ ਵੱਲੋਂ
ਪੰਜਾਬੀ ਸੱਭਿਆਚਾਰ ਵਿਚ ਸਾਵਣ ਮਹੀਨੇ ਦੀ ਮਹੱਤਤਾ ਬਿਆਨ ਕਰਨ ਤੋਂ ਬਾਅਦ ਇਕਬਾਲ ਬਰਾੜ ਵੱਲੋਂ
ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗਏ ਸਾਵਣ ਨਾਲ ਸਬੰਧਿਤ ਹਿੰਦੀ ਫ਼ਿਲਮਾਂ ਦੇ ਕਈ ਗੀਤਾਂ ਤੇ ਪੰਜਾਬੀ
ਲੋਕ-ਗੀਤਾਂ ਦੇ ਮੁਖੜਿਆਂ ਨਾਲ ਕੀਤੀ ਗਈ। ਉਪਰੰਤ, ਮੰਚ-ਸੰਚਾਲਕ ਵੱਲੋਂ ਕਾਵਿਕ ਅੰਦਾਜ਼ ‘ਚ ਵਾਰੀ-ਵਾਰੀ
ਮਲਵਿੰਦਰ ਸ਼ਾਇਰ, ਹਰਜਿੰਦਰ ਸਿੰਘ ਭਸੀਨ, ਸਮੀਉਲਾਹ ਖ਼ਾਨ, ਰੋਬੀਨਾ ਨਸੀਮ, ਮਕਸੂਦ ਚੌਧਰੀ, ਪ੍ਰੋ. ਆਸ਼ਿਕ
ਰਹੀਲ, ਹਜ਼ਰਤ ਸ਼ਾਮ ਸੰਧੂ, ਡਾ. ਦਰਸ਼ਨ ਦੀਪ ਅਰੋੜਾ, ਜੱਸੀ ਭੁੱਲਰ ਢਪਾਲੀ, ਡਾ. ਬਰਿੰਦਰ ਕੌਰ, ਸ਼ਾਮ ਸਿੰਘ

‘ਅੰਗਸੰਗ’, ਡਾ. ਪਰਗਟ ਸਿੰਘ ਬੱਗਾ, ਡਾ. ਜਗਮੋਹਨ ਸੰਘਾ, ਡਾ. ਨਾਬੀਲਾ ਰਹਿਮਾਨ, ਰਮਿੰਦਰ ਵਾਲੀਆ,
ਹਰਜੀਤ ਬਮਰਾਹ, ਜਨਾਬ ਰਸ਼ੀਦ ਨਦੀਮ, ਹਰਦਿਆਲ ਝੀਤਾ, ਗੁਰਬਚਨ ਸਿੰਘ ਚਿੰਤਕ, ਦੀਪ ਕੁਲਦੀਪ,
ਹਰਮੇਸ਼ ਜੀਂਦੋਵਾਲ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਸਤਪਾਲ ਸਿੰਘ ਕੋਮਲ,
ਮੈਡਮ ਜ਼ਾਹਿਦਾ ਰਹੀਲ, ਅਹਿਮਦ ਫ਼ੈਸਲ ਸਦੀਕ, ਕਰਨ ਅਜਾਇਬ ਸੰਘਾ, ਕੰਵਲਜੀਤ ਕੰਵਲ ਅਤੇ ਖ਼ਾਲਿਦ
ਵਿਰਕ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਕਈਆਂ ਨੇ ਸਾਵਣ ਬਾਰੇ ਤੇ
ਕਈਆਂ ਨੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਆਪਣੀ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।


ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿਚ ਸਮੂਹ
ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਦਰਸ਼ਨ
ਸਿੰਘ ਦਰਸ਼ਨ, ਇੰਜੀ. ਈਸ਼ਰ ਸਿੰਘ, ਡਾ. ਕ੍ਰਿਸ਼ਨ ਚੰਦ, ਡਾ. ਸੋਹਣ ਸਿੰਘ ਪਰਮਾਰ, ਪੱਤਰਕਾਰ ਹਰਕੰਵਲ ਸਿੰਘ
ਕੋਰਪਾਲ, ਹਰਜੀਤ ਬਾਜਵਾ, ਗੁਰਦਿਆਲ ਸਿੰਘ ਬੱਲ, ਪਰਮਪਾਲ ਸੰਧੂ, ਪ੍ਰੀਤਮ ਧੰਜਲ, ਗੁਰਜੀਤ ਸਿੰਘ,
ਜਸਵਿੰਦਰ ਸਿੰਘ, ਰਤਨ ਲਾਲ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ ਭੰਗੂ, ਲਾਲਜੀਤ ਸਿੰਘ ਸਿੱਧੂ, ਓਂਕਾਰ ਸਿੰਘ
ਸੋਢੀ, ਹਜ਼ਾਰਾ ਸਿੰਘ, ਗੁਰੰਜਲ ਕੌਰ, ਚਰਨਜੀਤ ਕੌਰ, ਦਮਨਜੀਤ ਕੌਰ, ਮੁਹੰਮਦ ਉਸਮਾਨ ਖ਼ਾਨ, ਮੁਹੰਮਦ
ਸਲੀਮ, ਮੁਹੰਮਦ ਉਮੈਦ ਵਿਰਕ, ਫ਼ੈਸਲ ਇਲਿਆਸ, ਸਲੀਮ ਜਾਵੇਦ ਤੇ ਕਈ ਹੋਰ ਸ਼ਾਮਲ ਸਨ।

Exit mobile version