ਕੈਲਗਰੀ ਦੁਨੀਆ ਦਾ ਸਭ ਤੋਂ ਦੋਸਤਾਨਾ ਸ਼ਹਿਰ ਚੁਣਿਆ ਗਿਆ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਵੈਸੇ ਤਾਂ ਦੁਨੀਆਂ ਵਿੱਚ ਹਰ ਕੋਈ ਆਪਣੇ ਆਪ ਨੂੰ ਵਧੀਆ ਦੋਸਤਾਨਾ ਸੁਭਾਅ ਵਾਲਾ ਹੋਣ ਦਾ ਦਾਅਵਾ ਕਰਦਾ ਹੈ ਪਰ ਅਸਲ ਵਿੱਚ ਜਦੋਂ ਕੋਈ ਹੋਰ ਤੁਹਾਡੇ ਗੁਣਾਂ ਨੂੰ ਦੇਖਕੇ ਤੁਹਾਨੂੰ ਚੰਗਾ ਜਾਂ ਮਾੜਾ ਹੋਣ ਦੀ ਮਾਨਤਾ ਦਿੰਦਾ ਹੈ ਤਾਂ ਉਸ ਨੂੰ ਮਾਨਤਾ ਪ੍ਰਾਪਤ ਹੋਣ ਦਾ ਦਰਜਾ ਮਿਲ ਜਾਂਦਾ ਹੈ। ਅਜਿਹੀ ਹੀ ਖ਼ਬਰ ਕਨੇਡਾ ਦੇ ਸ਼ਹਿਰ ਕੈਲਗਰੀ ਸਬੰਧੀ ਵੀ ਸਾਹਮਣੇ ਆ ਰਹੀ ਹੈ ਕਿ ਕੈਲਗਰੀ ਨੂੰ ਦੁਨੀਆ ਦਾ ਸਭ ਤੋਂ ਦੋਸਤਾਨਾ ਸ਼ਹਿਰ ਚੁਣਿਆ ਗਿਆ ਹੈ ।ਕੌਂਡੇ ਨਾਸਟ 2023 ਰੀਡਰਜ਼ ਚੁਆਇਸ ਐਵਾਰਡਸ ਦੇ ਅਨੁਸਾਰ, ਕੈਲਗਰੀ ਦੁਨੀਆ ਦਾ ਸਭ ਤੋਂ ਦੋਸਤਾਨਾ ਸੁਭਾਅ ਵਾਲਾ ਸ਼ਹਿਰ ਹੈ। ਸਹਿਰਾਂ ਦੇ ਗੁਣਾਂ ਦੀਆਂ ਸਿਫਤਾਂ ਵਾਲੀ ਇਸ ਦੌੜ ਵਿੱਚ ਐਡਮੰਟਨ ਦੂਜੇ ਸਥਾਨ ਉੱਪਰ ਰਿਹਾ। ਕੈਲਗਰੀ ਅਜਿਹਾ ਸਹਿਰ ਹੈ ਜਿੱਥੋਂ ਤੁਸੀਂ ਲਗਭਗ ਹਰ ਥਾਂ ਤੋਂ ਪਹਾੜਾਂ ਨੂੰ ਦੇਖ ਸਕਦੇ ਹੋ, ਅਤੇ ਲੇਕ ਲੁਈਸ ਅਤੇ ਬੈਂਫ ਨੈਸ਼ਨਲ ਪਾਰਕ ਵਰਗੇ ਬਾਹਰੀ ਅਜੂਬਿਆਂ ਦੇ ਸਥਾਨ ਕੁੱਝ ਘੰਟਿਆਂ ਦੀ ਦੂਰੀ ਉੱਪਰ ਹੀ ਹਨ। ਸਾਇਦ ਇਹੋ ਜਿਹੇ ਕਾਰਣਾ ਕਾਰਣ ਹੀ ਇਹਨੀ ਦਿਨੀ ਕਨੇਡਾ ਦੇ ਦੂਸਰੇ ਸਹਿਰਾਂ ਤੋਂ ਲੋਕ ਕੈਲਗਰੀ ਸ਼ਹਿਰ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਮਹਿੰਗਾਈ ਦੇ ਪੱਖ ਤੋਂ ਦੇਖੀਏ ਤਾਂ ਕਨੇਡਾ ਦੇ ਇਸ ਸਹਿਰ ਵਿੱਚ ਹੋਰਨਾਂ ਸਹਿਰਾਂ ਦੇ ਮੁਕਾਬਲੇ ਸੌਖ ਨਾਲ ਘਰ ਖਰੀਦਿਆ ਜਾ ਸਕਦਾ ਹੈ। ਇਸ ਮੁਕਾਬਲੇ ਵਿੱਚ ਕੈਲਗਰੀ ਸ਼ਹਿਰ ਨੇ ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਰਹਿਣ ਵਾਲੇ ਐਡਮਿੰਟਨ ਨੂੰ ਦੋ ਅੰਕਾਂ ਨਾਲ ਪਛਾੜਿਆ ਹੈ । ਇਸ ਸੂਚੀ ਵਿੱਚ ਚਾਰ ਕੈਨੇਡੀਅਨ ਸ਼ਹਿਰਾਂ ਵਿੱਚੋਂ ਵਿਕਟੋਰੀਆ ਅਤੇ ਕਿਊਬਿਕ ਸਿਟੀ ਵੀ ਸ਼ਾਮਲ ਸਨ