ਕੈਲਗਰੀ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਗੋਲੀਆਂ ਚੱਲੀਆਂ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਦੈ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸੈਡਲਰਿੱਜ ਵਿੱਚ ਇੱਕ ਗੋਲੀ ਚੱਲਣ ਦੀ ਵਾਰਦਾਤ ਦੌਰਾਨ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਕੈਲਗਰੀ ਪੁਲਿਸ ਨੂੰ ਸਵੇਰੇ 5:45 ਉੱਪਰ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਮਿਲੀ। ਸੈਡਲਲੇਕ ਗਰੀਨ ਨਾਰਥ ਈਸਟ ਕੈਲਗਰੀ ਵਿਖੇ 100 ਬਲਾਕ ਉੱਪਰ ਪੁੱਜੀ ਪੁਲਿਸ ਨੂੰ ਇੱਕ ਆਦਮੀ ਅਤੇ ਇੱਕ ਔਰਤ ਗੰਭੀਰ ਜਖ਼ਮੀ ਹਾਲਾਤ ਵਿੱਚ ਮਿਲੇ ਜਿਹਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈਜਾਇਆ ਗਿਆ।
ਪੁਲਿਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਆਦਮੀ ਅਤੇ ਔਰਤ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲ ਰਹੇ ਸਨ ਅਤੇ ਇੱਕ ਵਾਹਨ ਵਿੱਚ ਦਾਖਲ ਹੋ ਰਹੇ ਸਨ ਕਿ ਇੱਕ ਸ਼ੱਕੀ ਹਮਲਾਵਰ ਦੇ ਰੂਪ ਵਿੱਚ ਪੀੜਤਾਂ ਕੋਲ ਆਇਆ ਅਤੇ ਉਸਨੇ ਕਈ ਗੋਲੀਆਂ ਚਲਾਈਆਂ। ਸ਼ੱਕੀ ਹਮਲਾਵਰ ਫਿਰ ਇੱਕ ਗੂੜ੍ਹੇ ਰੰਗ ਦੀ ਐਸ ਯੂ ਵੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਕਰ ਰਹੀ ਪੁਲਿਸ ਕੋਲ ਮੌਕੇ ਉੱਪਰ ਖਲੋਤੇ ਪਿੱਕਅੱਪ ਟਰੱਕ ਦੀ ਵਿੰਡੋ ਵਿੱਚ ਦੋ ਗੋਲੀਆਂ ਦੇ ਨਿਸ਼ਾਨ ਹਨ। ਆਂਢ-ਗੁਆਂਢ ਦੇ ਵਸਨੀਕਾਂ ਅਨੁਸਾਰ ਉਹਨਾਂ ਨੂੰ ਛੇ ਸੱਤ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ । ਪੁਲਿਸ ਨੇ ਇਸ ਘਟਨਾ ਸਬੰਧੀ ਹਾਲੇ ਹੋਰ ਵੇਰਵੇ ਦੇਣ ਤੋਂ ਨਾਂਹ ਕੀਤੀ ਹੈ ਉਹਨਾਂ ਕਿਹਾ ਕਿ ਹਾਲੇ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਵਿਅਕਤੀਆਂ ਨੂੰ ਅੱਗੇ ਆਉਣ ਲਈ ਬੇਨਤੀ ਕਰਦੇ ਹਾਂ ਜਿਨ੍ਹਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋ ਸਕਦੀ ਹੈ ਜੋ ਜਾਂਚ ਵਿੱਚ ਮੱਦਦ ਕਰ ਸਕਦੀ ਹੈ। ਜਿਵੇਂ ਕਿ ਸ਼ੱਕੀ ਵਿਵਹਾਰ ਜਾਂ ਵਾਹਨ ਦੇਖਣਾ, ਤਾਂ ਕਿਰਪਾ ਕਰਕੇ ਪੁਲਿਸ ਨਾਲ ਸੰਪਰਕ ਕਰੋ। ਤੁਹਾਡੇ ਵੱਲੋਂ ਦਿੱਤੀ ਗਈ ਛੋਟੀ ਜਿਹੀ ਜਾਣਕਾਰੀ ਵੀ ਜਾਂਚ ‘ਤੇ ਬਹੁਤ ਪ੍ਰਭਾਵ ਪਾ ਸਕਦੀ ਹੈ।ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਤਾਂ 403-266-1234 ‘ਤੇ ਕਾਲ ਕਰਕੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
