ਪ੍ਰਸਿੱਧ ਪੰਜਾਬੀ ਕਵੀ ਸ.ਕੇਸਰ ਸਿੰਘ ਨੀਰ ਦਾ ਦਿਹਾਂਤ


ਪ੍ਰਸਿੱਧ ਪੰਜਾਬੀ ਗਜ਼ਲਗੋ ਅਤੇ ਸਾਹਿਤਕਾਰ ਸ. ਕੇਸਰ ਸਿੰਘ ਨੀਰ ਅੱਜ ਸਵੇਰੇ 2 ਵਜੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। । ਉਹ 92 ਵਰ੍ਹਿਆਂ ਦੇ ਸਨ।1933 ਨੂੰ ਜਨਮੇ ਕੇਸਰ ਸਿੰਘ ਲੁਧਿਆਣੇ ਜਿਲੇ ਦੇ ਪਿੰਡ ਛਜਾਵਾਲ ਦੇ ਸਨ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਐਮ.ਏ.ਬੀ. ਐਡ.ਕਰਕੇ ਉਹ ਅਧਿਆਪਕ ਲੱਗ ਗਏ। ਉਹ ਅਧਿਆਪਕ ਸੰਘਰਸ਼ ਵਿਚ ਵੀ ਸਰਗਰਮ ਰਹੇ ਅਤੇ ਕਈ ਕਈ ਮਹੀਨੇ ਦੀ ਜੇਲ ਯਾਤਰਾ ਵੀ ਕੀਤੀ। ਪੰਜਾਬ ਰਹਿੰਦੇ ਹੋਏ ਉਹ ਸਾਹਿਤ ਸਭਾ ਜਗਰਾਓਂ ਦੇ ਮੋਢੀ ਮੈਂਬਰ ਵੀ ਰਹੇ। ਕੇਂਦਰੀ ਪੰਜਾਬੀ
ਲੇਖਕ ਸਭਾ ਵਿਚ ਵੀ ਕਾਫੀ ਯੋਗਦਾਨ ਰਿਹਾ। ਵੀਹਵੀਂ ਸਦੀ ਦੇ ਆਖਰੀ ਦਹਾਕੇ ਉਹ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ। ਇੱਥੇ ਵੀ
ਸਾਹਿਤਿਕ ਗਤੀਵਿਧੀਆਂ ਵਿਚ ਸਰਗਰਮ ਰਹੇ। ਅਰਪਨ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਵੀ ਰਹੇ।ਉਹ ਪ੍ਰਿੰ.ਤਖਤ ਸਿੰਘ ਜੀ ਦੇ ਗ਼ਜ਼ਲ ਸਕੂਲ ਦੇ ਪ੍ਰਸਿੱਧ ਗਜ਼ਲਗੋ ਸਨ।ਉਨ੍ਹਾਂ ਨੇ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।

ਜਿਨਾਂ ਵਿਚੋਂ ਕਾਵਿ ਸੰਗ੍ਰਹਿ ਕਸਕਾਂ (1960),ਗਮ ਨਹੀਂ (1981), ਗ਼ਜ਼ਲ ਸੰਗ੍ਰਹਿ ਕਿਰਣਾਂ ਦੇ ਬੋਲ(1989) ਅਣਵਗੇ ਅੱਥਰੂ (1996),ਕਾਵਿ ਸੰਗ੍ਰਹਿ ਆਰ ਦੀਆਂ ਤੇ ਪਾਰ ਦੀਆਂ(2010) ਅਤੇ ਮਹਿਕਾਂ ਦੀ ਪੀੜ ਗ਼ਜ਼ਲ ਸੰਗ੍ਰਹਿ ਪ੍ਰਮੁੱਖ ਹਨ। ਬਾਲ ਪੁਸਤਕਾਂ ਗਾਉਂਦੇ ਬਾਲ, ਝਿਲਮਿਲ ਝਿਲਮਿਲ ਤਾਰੇ, ਫੁੱਲ ਰੰਗ ਬਿਰੰਗੇ, ਮਿੱਠੀਆਂ ਮੁਸਕਾਨਾਂ ਰਾਹੀਂ ਬਾਲ ਸਾਹਿਤ ਵਿਚ ਵੀ ਆਪਣਾ ਯੋਗਦਾਨ ਪਾਇਆ ਹੈ।

ਆਪ ਜੀ ਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਵਲੋਂ ਵੱਖ ਵੱਖ ਸਮੇ ਸਨਮਾਨਿਆ ਵੀ ਗਿਆ ਸੀ। ਜਿਨ੍ਹਾਂ ਵਿਚੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਦੇ ਕੇ ਆਪ ਜੀ ਦੀ ਸਾਹਿਤਿਕ ਦੇਣ ਨੂੰ ਮਾਣ ਦਿੱਤਾ।

OLYMPUS DIGITAL CAMERA

ਅਜੇ ਪਿਛਲੇ ਸਾਲ ਹੀ ਅਰਪਨ ਲਿਖਾਰੀ ਸਭਾ ਕੈਲਗਰੀ ਵਲੋਂ ਨਵੀ ਪਿਰਤ ਪਾਉਂਦਿਆ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਪਿੱਛੇ 4 ਬੇਟੀਆਂ ਅਤੇ 2 ਬੇਟੇ ਛੱਡ ਗਏ ਹਨ । ਵੱਖ ਵੱਖ ਸਾਹਿਤਿਕ ਅਦਾਰੇ ਅਤੇ ਲੇਖਕ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਸਾਂਝਾ ਕਰ ਰਹੇ ਹਨ।

Exit mobile version