ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਪੁਲਿਸ ਨੇ ਪਿਛਲੇ ਹਫ਼ਤੇ ਕ੍ਰੈਨਸਟਨ ਦੇ ਕਮਿਊਨਿਟੀ ਵਿੱਚ ਇੱਕ ਘਰ ਤੋਂ $32,000 ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਬੀਤੇ ਮਹੀਨੇ 28 ਅਕਤੂਬਰ ਨੂੰ ਪੁਲਿਸ ਅਧਿਕਾਰੀਆਂ ਨੇ ਕੈਲਗਰੀ ਦੇ ਕਰਾਮੰਡ ਗ੍ਰੀਨ ਸਾਊਥ ਈਸਟ 100 ਬਲਾਕ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਤਾਂ 2020 ਮਾਡਲ ਇੱਕ ਚਿੱਟੇ ਰੰਗ ਦੀ ਗ੍ਰੈਂਡ ਚੈਰੋਕੀ ਜੀਪ ਅਤੇ ਇੱਕ ਹੋਰ ਚਿੱਟੇ ਰੰਗ ਦੀ 2011 ਜੀ ਐਮ ਸੀ ਸੀਏਰਾ ਗੱਡੀ ਪੁਲਿਸ ਦੇ ਹੱਥ ਲੱਗੀ । ਪੁਲਿਸ ਦਾ ਕਹਿਣਾ ਹੈ ਕਿ ਜੀਪ ਵਿੱਚ ਇੱਕ ਛੁਪਾਕੇ ਬਣਾਇਆ ਹੋਇਆ ਬੌਕਸ ਸੀ ਜਿਸ ਵਿੱਚ ਨਕਦੀ, ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਸੀ।
ਇਸ ਤਲਾਸ਼ੀ ਦੌਰਾਨ 590 ਗ੍ਰਾਮ ਮਾਰਵਾਨਾ,490 ਗ੍ਰਾਮ ਸਾਈਲੋਸਾਈਬਿਨ,87 ਗ੍ਰਾਮ ਕੋਕੀਨ;61 ਗ੍ਰਾਮ ਮੈਥ,77 ਆਕਸੀਕੋਡੋਨ ਗੋਲੀਆਂ;ਅੱਠ ਐਕਸਟਸੀ ਗੋਲੀਆਂ, ਇੱਕ ਲੋਡ ਕੀਤਾ 9 ਐਮ ਐਮ ਨੋਰਿੰਕੋ ਪਿਸਤੌਲ, $19,825 ਡਾਲਰ ਨਕਦ ਅਤੇ, ਜੰਗਲੀ ਏਰੀਆ ਵਿੱਚ ਸੁਰੱਖਿਆ ਲਈ ਵਰਤੀ ਜਾਂਦੀ ਬੀਅਰ ਸਪਰੇਅ ਦੇ ਦੋ ਕੈਨ ਜ਼ਬਤ ਕੀਤੇ ਗਏ ਸਮਾਨ ਵਿੱਚ ਸ਼ਾਮਲ ਹਨ: ਪੁਲਿਸ ਅਨੁਸਾਰ ਜ਼ਬਤ ਕੀਤੀ ਗਈਆਂ ਵਸਤੂਆਂ ਕੁੱਲ ਕੀਮਤ 50,000 ਡਾਲਰ ਤੋਂ ਵੱਧ ਹੈ।ਇਸ ਸਬੰਧੀ ਕੈਲਗਰੀ ਦੇ 27 ਸਾਲਾ ਰੌਬਰਟ ਮੌਰੀਸ ਸਟੋਨ ਉੱਪਰ ਇਕ ਦਰਜਨ ਤੋਂ ਵੱਧ ਡਰੱਗਜ਼ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।