ਕੈਲਗਰੀ ਪੁਲਿਸ ਹੁਣ ਛੱਲੇ ਮੁੰਦੀਆਂ ਮੋੜਨ ਲੱਗੀ ਹੈ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਸਾਡੇ ਸਮਾਜ ਵਿੱਚ ਛੱਲੇ ਮੁੰਦੀਆ ਆਪਣੇ ਪਿਆਰਿਆਂ ਦੀ ਨਿਸ਼ਾਨੀ ਹੁੰਦੇ ਹਨ ਪਰ ਜਦੋਂ ਛੱਲੇ ਮੁੰਦੀਆਂ ਦੀ ਮੋੜ ਮੁੜਾਈ ਵਾਲਾ ਸਮਾਂ ਆ ਜਾਵੇ ਤਾਂ ਇਸ ਨੂੰ ਬਦਸ਼ਗਨੀ ਕਿਹਾ ਜਾਂਦਾ ਹੈ ਪਰ ਕੈਲਗਰੀ ਵਿੱਚ ਛੱਲੇ ਮੁੰਦੀਆਂ ਦੀ ਮੋੜ ਮੁੜਾਈ ਨੂੰ ਇਹਨੀ ਦਿਨੀ ਸ਼ੁਭਸ਼ਗਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਘਰਾਂ ਦੇ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋਇਆ ਜਿਹਨਾਂ ਵਿੱਚ ਸੋਨੇ ਚਾਂਦੀ ਦੀਆਂ ਛੱਲੇ ਮੁੰਦੀਆਂ ਵੀ ਸਾਮਿਲ ਹਨ।
ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਕੁੱਝ ਚੋਰਾਂ ਨੂੰ ਫੜ੍ਹਕੇ ਉਹਨਾਂ ਕੋਲੋਂ ਉਪਰਕਤ ਸਮਾਨ ਬਰਾਮਦ ਵੀ ਕਰ ਲਿਆ ਹੈ ਪਰ ਹੁਣ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਚੋਰੀ ਕੀਤੇ ਸਮਾਨ ਵਿੱਚੋਂ ਚੋਰੋਂ ਕੋਲੋਂ ਬਰਾਮਦ ਹੋਈਆਂ ਇਹ ਛੱਲੇ ਮੁੰਦੀਆ ਕਿਸ ਦੀਆਂ ਹਨ। ਇਸ ਲਈ ਹੁਣ ਕੈਲਗਰੀ ਪੁਲਿਸ ਨੇ ਉਪਰੋਕਤ ਗਹਿਿਣਆਂ ਦੀਆਂ ਇਹ ਤਸਵੀਰਾਂ ਜਾਰੀ ਕੀਤੀਆਂ ਹਨ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਇੱਕ ਵਸਤੂ ਤੁਹਾਡੀ ਹੈ, ਤਾਂ ਕੈਲਗਰੀ ਪੁਲਿਸ ਨੂੰ ਆਪਣੀ ਪਛਾਣ ਦੱਸਕੇ ਲੈ ਜਾ ਸਕਦੇ ਹੋ । ਪੁਲਿਸ ਦਾ ਕਹਿਣਾ ਹੈ ਕਿ ਕੁੱਲ ਸੱਤ ਬਰੇਕ ਐਂਡ ਐਂਟਰ ਦੌਰਾਨ ਇਹ ਚੋਰੀਆਂ 11 ਅਗਸਤ ਤੋਂ 15 ਸਤੰਬਰ ਦਰਮਿਆਨ ਹੋਈਆਂ ਹਨ ਅਤੇ ਚੋਰੀ ਹੋਏ ਇਹਨਾਂ 54 ਗਹਿਿਣਆਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਗਹਿਿਣਆਂ ਉੱਪਰ ਆਪਣਾ ਦਾਅਵਾ ਕਰਨ ਵਾਲਾ 403-266-1234 ਫੋਨ ਨੰਬਰ ਉੱਪਰ ਕਾਲ ਕਰਕੇ ਕੈਲਗਰੀ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।