ਕੈਲਗਰੀ ਵਿਖੇ ਖਾਲਸਾ ਸਾਜਨਾ ਦਿਵਸ ਸਬੰਧੀ ਕੱਢੇ ਗਏ ਨਗਰ ਕੀਰਤਨ ਮੌਕੇ ਇੱਕ ਲੱਖ ਚਾਲੀ ਹਜਾਰ ਦੇ ਕਰੀਬ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਸਾਲ 2023 ਦਾ ਸਾਲਾਨਾ ਨਗਰ ਕੀਰਤਨ 13 ਮਈ ਵਾਲੇ ਦਿਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਰਦਾਸ ਕੀਤੇ ਜਾਣ ਅਤੇ ਕਾਰਜਕਾਰੀ ਮੇਅਰ ਰਾਜ ਧਾਲੀਵਾਲ ਦੇ ਵਧਾਈ ਸੁਨੇਹੇ ਨਾਲ ਸ਼ੁਰੂ ਹੋਇਆ। ਹਜ਼ਾਰਾਂ ਦੀ ਸੰਖਿਆ ਵਿੱਚ ਸੰਗਤ ਫਲੋਟਾਂ ਪਿੱਛੇ ਚੱਲ ਰਹੀ ਸੀ। ਫਲੋਟਾਂ ਵਿੱਚ ਇਸ ਵਾਰ ਸਟੈਂਪੀਡ ਕੈਲਗਰੀ ਵੱਲੋਂ ਸਟੈਂਪੀਡ ਫਲੋਟ ਵੀ ਸ਼ਾਮਿਲ ਕੀਤਾ ਗਿਆ ਸੀ।
ਕੈਲਗਰੀ ਪੁਲਿਸ, ਫਾਇਰ-ਫਾਇਟਰਜ਼, ਆਰਸੀਐਮਪੀ ਅਤੇ ਕੈਨੇਡੀਅਨ ਫੋਰਸਿਜ਼ ਦੇ ਜਵਾਨ ਵੀ ਇਸ ਨਗਰ ਕੀਰਤਨ ਦੀ ਸ਼ੋਭਾ ਦਾ ਹਿੱਸਾ ਬਣੇ। ਪ੍ਰੇਅਰੀ ਵਿੰਡਜ਼ ਪਾਰਕ ਪਹੁੰਚੇ ਨਗਰ ਕੀਰਤਨ ਵਿੱਚ ਸੈਂਕੜੇ ਸਟਾਲਾਂ ਅਤੇ ਸਟੇਜਾਂ ਤੋਂ ਖਾਣ-ਪੀਣ ਦੇ ਲੰਗਰ ਲਗਾਏ ਗਏ ਸਨ। ਵੱਖ ਵੱਖ ਸਟੇਜਾਂ ਤੋਂ ਧਾਰਮਿਕ ਗੀਤ ਸੰਗੀਤ ਚੱਲਦਾ ਰਿਹਾ।
ਅਧਿਕਾਰੀਆਂ ਮੁਤਾਬਕ ਸਵਾ ਲੱਖ ਤੋਂ ਲੈ ਕੇ ਇੱਕ ਲੱਖ ਚਾਲੀ ਹਜ਼ਾਰ ਦੇ ਦਰਮਿਆਨ ਸੰਗਤਾਂ ਦਾ ਇਕੱਠ ਸੀ। ਰੈਡ ਡੀਅਰ ਵਿਚਲੇ ਨਵੇਂ ਬਣੇ ਗੁਰੂ ਘਰ ਵੱਲੋਂ ਵੀ ਆਪਣਾ ਸਟਾਲ ਲਗਾਇਆ ਗਿਆ ਸੀ। ਰੈਡ ਐਫ ਐਮ ਰੇਡੀE ਵੱਲੋਂ ਆਯੋਜਿਤ ਆਪਣੀ ਦਸਵੀਂ ਵਰ੍ਹੇਗੰਢ ਮੌਕੇ ਸਭ ਤੋਂ ਵੱਡਾ ਇਨਾਮ ਇੱਕ ਬੇਹੱਦ ਦਿਲਚਸਪ ਮੁਕਾਬਲੇ ਵਿੱਚ 19 ਸਾਲਾ ਰਿਿਤਕਾ ਜੀੜ੍ਹ ਨੇ ਹਾਸਲ ਕੀਤਾ। ਰੈਡ ਐਫ ਐਮ ਰੇਡੀE ਵੱਲੋਂ 19 ਸਾਲਾ ਰਿਿਤਕਾ ਜੀੜ੍ਹ ਨੂੰ ਦਿਲਚਸਪ ਮੁਕਾਬਲੇ ਵਿੱਚ ਜਿੱਤ ਹਾਸਲ ਕਰਨ ਮਗਰੋਂ ਐਸਯੂਵੀ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ।
ਇਸ ਮਗਰੋਂ ਇੱਕ ਗਰੁੱਪ ਵੱਲੋਂ ਵਿਰੋਧ ਕਰਨ ਦੇ ਚੱਲਦਿਆਂ ਰੈਡ ਐਫ ਐਮ ਦੀ ਸਟੇਜ ਤੋਂ ਗਾਇਕ ਕਲਾਕਾਰਾਂ – ਨਛੱਤਰ ਗਿੱਲ ਅਤੇ ਫਿਰੋਜ਼ ਖਾਨ ਦਾ ਧਾਰਮਿਕ ਗੀਤਾਂ ਦਾ ਪ੍ਰੋਗਰਾਮ ਨਹੀਂ ਹੋ ਸਕਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਿਰਾਸ਼ ਮੁੜਣਾ ਪਿਆ। ਰੈਡ ਐਫ ਐਮ ਰੇਡੀE ਦੇ ਸੀ ਈ E ਕੁਲਵਿੰਦਰ ਸਿੰਘ ਸੰਘੇੜਾ ਅਨੁਸਾਰ ਉਹਨਾਂ ਨੂੰ ਇਸ ਘਟਨਾ ਦਾ ਅਫਸੋਸ ਹੈ ਕਿਉਂਕਿ ਉਪਰੋਕਤ ਕਲਾਕਾਰਾਂ ਨੇ ਸਿਰਫ ਧਾਰਮਿਕ ਗੀਤ ਹੀ ਗਾਉਣੇ ਸਨ।
ਵੱਖੋ ਵੱਖ ਮੀਡੀਆ ਅਦਾਰਿਆਂ ਵੱਲੋਂ ਆਪੋ ਆਪਣੇ ਬੂਥ ਲਗਾਏ ਗਏ ਸਨ । ਪਰਾਈਮ ਏਸੀਆ ਟੈਲੀਵੀਯਨ ਵੱਲੋਂ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ ਜਿਸ ਨਾਲ ਦੁਨੀਆ ਭਰ ਦੀ ਸਿੱਖ ਸੰਗਤ ਕੈਲਗਰੀ ਦੇ ਨਗਰ ਕੀਰਤਨ ਨਾਲ ਜੁੜੀ ਰਹੀ।
ਹਾਕੀ ਕਲੱਬ ਵਾਲੇ ਗੁਰਲਾਲ ਮਾਣੂੰਕੇ ਹੋਰਾਂ ਦੀ ਟੀਮ ਵੱਲੋਂ ਸਾਫ ਸਫਾਈ ਮੁਹਿੰਮ ਦਾ ਕਾਰਜ ਪਿਛਲੇ ਸਾਲਾਂ ਦੀ ਤਰਾਂ ਜੋਸ਼ੋ ਖ਼ਰੋਸ ਨਾਲ ਨਿਭਾਇਆ ਗਿਆ।
ਅਲਬਰਟਾ ਵਿੱਚ ਵੋਟਾਂ ਹੋਣ ਕਾਰਣ ਦੋਵੇਂ ਰਾਜਨੀਤਕ ਪਾਰਟੀਆਂ ਦੀਆਂ ਮੁਖੀ ਲੀਡਰ ਬੀਬੀਆਂ ਵੀ ਪੰਜਾਬੀ ਸੂਟ ਪਾਕੇ ਆਪੋ ਆਪਣੀਆਂ ਵੋਟਾਂ ਪੱਕੀਆਂ ਕਰਦੀਆਂ ਹੋਈਆਂ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦੇ ਰਹੀਆਂ ਸਨ। ਪ੍ਰੇਅਰੀਵਿੰਡਜ਼ ਪਾਰਕ ਵਿੱਚ ਵੇਟਲਿਫਟਿੰਗ ਹੋ ਰਹੀ ਸੀ ਅਤੇ ਇੱਕ ਹੋਰ ਸਟਾਲ ਉੱਪਰ ਜਿੱਥੇ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ ਉੱਥੇ ਨਾਲ ਹੀ ਹਰਿਆਲੀ ਦੇ ਪ੍ਰਤੀਕ ਪੌਦੇ ਵੀ ਵੰਡੇ ਗਏ।
🙏🏻 ਕੈਲਗਰੀ ਵਿੱਚ ਨਗਰ ਕੀਰਤਨ ਦਾ ਆਯੋਜਨ ਬਹੁਤ ਸ਼ਾਨਦਾਰ ਸੀ। ਇਕ ਲੱਖ ਚਾਲੀ ਹਜ਼ਾਰ ਸਿੱਖ ਸੰਗਤਾਂ ਦਾ ਇਕੱਠ ਅਤੇ ਵਿਭਿੰਨ ਸਾਂਸਕਤਿਕ ਪ੍ਰਦਰਸ਼ਨ ਸਾਡੇ ਪੰਜਾਬੀ ਵਿਰਸੇ ਅਤੇ ਏਕਤਾ ਦੀ ਸੁੰਦਰ ਮਿਸਾਲ ਹਨ। ਹਰ ਸਟਾਲ ਅਤੇ ਪ੍ਰੋਗਰਾਮ ਨੇ ਇਸ ਆਯੋਜਨ ਨੂੰ ਹੋਰ ਵੀ ਖਾਸ ਬਣਾਇਆ। 🌟 #ਕੈਲਗਰੀਨਗਰਕੀਰਤਨ #ਪੰਜਾਬੀਵਿਰਸਾ