ਕੈਲਗਰੀ ਵਿਖੇ ਸਤੰਬਰ ਮਹੀਨੇ ਹੋਈ ਝੜਪ ਵਿੱਚ 21 ਵਿਅਕਤੀਆਂ ਨੂੰ 47 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਨਾਰਥ ਈਸਟ ਵਿੱਚ ਸਤੰਬਰ ਦੇ ਪਹਿਲੇ ਹਫਤੇ ਹੋਈ ਹਿੰਸਕ ਝੜਪ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਵਿਅਕਤੀਆਂ ਨੂੰ ਹੁਣ ਚਾਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ 2 ਸਤੰਬਰ 2023 ਵਾਲੇ ਦਿਨ ਸਨੀਵਾਰ ਨੂੰ,ਫਾਲਕੋਨਰਿਜ ਦਾ ਏਰੀਆ ਇੱਕ ਹਿੰਸਕ ਵਾਰਦਾਤ ਦੀ ਮਾਰ ਹੇਠ ਉਦੋਂ ਆਇਆ ਜਦੋਂ ਦੋ ਗਰੁੱਪਾਂ ਦਾ ਆਪਸੀ ਟਕਰਾਅ ਹੋ ਗਿਆ ਸੀ। ਉਸ ਦਿਨ ਸ਼ਾਮ ਕਰੀਬ 5 ਵਜੇ , ਮੈਕਨਾਈਟ ਬੁਲੇਵਾਰਡ ਅਤੇ ਫਾਲਕਨਰਿਜ ਕ੍ਰੇਸੈਂਟ ਵਿਖੇ ਇੱਕ ਘਟਨਾ ਦੀਆਂ ਰਿਪੋਰਟਾਂ ਮਿਲਣ ਉਪਰੰਤ ਪੁਲਿਸ ਉੱਥੇ ਪੁੱਜੀ ਤਾਂ, ਇਸ ਟਕਰਾਅ ਵਿੱਚ ਤਕਰੀਬਨ 150 ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਬਹੁਤਿਆਂ ਕੋਲ ਹਥਿਆਰ ਸਨ।ਘਟਨਾ ਵਾਪਰਣ ਉਪਰੰਤ ਇੱਕ ਪ੍ਰੈਸ ਕਾਨਫਰੰਸ ਵਿੱਚ, ਕੈਲਗਰੀ ਪੁਲਿਸ ਸਰਵਿਸ ਦੇ ਮੁਖੀ ਮਾਰਕ ਨਿਊਫੀਲਡ ਨੇ ਕਿਹਾ ਸੀ ਕਿ ਇਹ ਘਟਨਾ ” ਸਾਡੇ ਸ਼ਹਿਰ ਵਿੱਚ ਵਾਪਰਨ ਵਾਲੀ ਸਭ ਤੋਂ ਵੱਡੀ ਹਿੰਸਕ ਘਟਨਾ” ਹੈ । ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਅਤੇ ਘਟਨਾ ਤੋਂ ਬਾਅਦ ਗਠਿਤ ਜਾਂਚ ਟਾਸਕ ਫੋਰਸ ਦੇ ਯਤਨਾਂ ਦੇ ਜ਼ਰੀਏ, 21 ਵਿਅਕਤੀਆਂ ਨੂੰ ਹੁਣ ਤੱਕ 47 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਾਂਚਕਰਤਾਵਾਂ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ 10 ਹੋਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਨੂੰ 9 ਜਨਵਰੀ 2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੈਲਗਰੀ ਪੁਲਿਸ ਨੇ ਹਾਲੇ ਵੀ ਆਮ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਕੈਲਗਰੀ ਪੁਲਿਸ ਦੀ ਵੈੱਬਸਾਈਟ ‘ਤੇ ਅਜੇ ਵੀ ਇਹਨਾਂ ਹਿੰਸਕ ਘਟਨਾ ਵਿੱਚ ਸਾਮਿਲ ਵਿਅਕਤੀਆਂ ਦੀਆਂ 25 ਤਸਵੀਰਾਂ ਹਨ ਜਿਨ੍ਹਾਂ ਦੀ ਪਛਾਣ ਕਰਨ ਦੀ ਲੋੜ ਹੈ।

Exit mobile version