ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੀਆਂ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਆਏ ਅਤੇ ਉਨ੍ਹਾਂ ਨੇ ਅਮਰੀਕੀ ਵਿਦੇਸ਼ ਨੀਤੀ, ਅਰਥਵਿਵਸਥਾ, ਸਰਹੱਦੀ ਸੁਰੱਖਿਆ ਅਤੇ ਗਰਭਪਾਤ ਵਰਗੇ ਵਿਸ਼ਿਆਂ ’ਤੇ ਅਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਹਾਂ ਨੇਤਾਵਾਂ ਵਿਚਾਲੇ ਬਹਿਸ ਵ੍ਹਾਈਟ ਹਾਊਸ ਲਈ ਉਨ੍ਹਾਂ ਦੀਆਂ ਦਾਅਵੇਦਾਰੀ ਲਈ ਮਹੱਤਵਪੂਰਨ ਹੋ ਸਕਦੀ ਹੈ। ਬਹਿਸ ਮੰਗਲਵਾਰ ਰਾਤ ਨੂੰ ਦੋਹਾਂ ਨੇਤਾਵਾਂ ਦੇ ਹੱਥ ਮਿਲਾਉਣ ਨਾਲ ਸ਼ੁਰੂ ਹੋਈ ਪਰ ਬਾਅਦ ’ਚ ਤਿੱਖੇ ਹਮਲਿਆਂ ’ਚ ਬਦਲ ਗਈ। ਪੈਨਸਿਲਵੇਨੀਆ ਵਿਚ 90 ਮਿੰਟ ਦੀ ਬਹਿਸ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਅਤੇ ਹੈਰਿਸ ਨੇ ਅਗਲੇ ਚਾਰ ਸਾਲਾਂ ਲਈ ਅਪਣੇ ਵੱਖ-ਵੱਖ ਦ੍ਰਿਸ਼ਟੀਕੋਣ ਪੇਸ਼ ਕੀਤੇ, ਜਿਨ੍ਹਾਂ ਨੂੰ ਉਹ ਰਾਸ਼ਟਰਪਤੀ ਬਣਨ ’ਤੇ ਲਾਗੂ ਕਰਨਾ ਚਾਹੁੰਦੇ ਹਨ।
ਵਿਸ਼ਵ ਦੀ ਮਸ਼ਹੂਰ ਗਾਇਕਾ ਟੇਲਰ ਸਵਿਫਟ ਨੇ ਮੰਗਲਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਕਾਰ ਬਹਿਸ ਖਤਮ ਹੋਣ ਤੋਂ ਬਾਅਦ ਕਮਲਾ ਹੈਰਿਸ ਨੂੰ ਸਮਰਥਨ ਦਿੱਤਾ ਹੈ। ਸਵਿਫ਼ਟ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਇਕ ਦ੍ਰਿੜ ਅਤੇ ਪ੍ਰਤਿਭਾਸ਼ਾਲੀ ਨੇਤਾ ਹਨ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਸਾਨੂੰ ਅਰਾਜਕਤਾ ਦੀ ਬਜਾਏ ਸ਼ਾਂਤੀਪੂਰਵਕ ਅਗਵਾਈ ਦਿੱਤੀ ਜਾਵੇ ਤਾਂ ਅਸੀਂ ਬਹੁਤ ਕੁੱਝ ਹਾਸਿਲ ਕਰ ਸਕਦੇ ਹਾਂ। ਸਵਿਫ਼ਟ ਨੇ ਕਮਲਾ ਹੈਰਿਸ ਦੇ ਸਮਰਥਨ ਵਿੱਚ ਇਕ ਪੋਸਟ ਵੀ ਸਾਂਝੀ ਕੀਤੀ ਹੈ।