ਕੰਮੀਆਂ ਦੇ ਵਿਹੜੇ ਦੇ ਸੂਰਜ ਵਰਗਾ ਗਾਇਕ-ਜੱਸੀ ਜਸਪਾਲ
ਮਿਹਨਤਕਸ਼ ਇਨਸਾਨਾਂ ਦੇ ਮੰਜ਼ਿਲਾਂ ਕਦਮਾਂ ‘ਚ ਹੁੰਦੀਆਂ ਹਨ,ਪਰ ਜੇ ਉਹ ਮਿਹਨਤਕਸ਼ ਗ਼ੁਰਬਤ ਦਾ ਝੰਬਿਆ ਹੋਵੇ ਤਾਂ ਮੰਜ਼ਿਲ ਹੋਰ ਵੀ ਕਰੜੀ ਮਿਹਨਤ ਭਾਲਦੀ ਹੈ। ਅਜਿਹੇ ਹੀ ਗ਼ੁਰਬਤ ਭੰਨੇ ਪਰਿਵਾਰ ਚੋਂ ਕੰਮੀਆਂ ਦੇ ਵਿਹੜੇ ਦੇ ਸੂਰਜ ਵਰਗਾ ਸੁਰੀਲੀ ਅਤੇ ਬੁਲੰਦ ਆਵਾਜ਼ ਦਾ ਮਾਲਕ ਹੈ ਗਾਇਕ ਜੱਸੀ ਜਸਪਾਲ ।
ਮਾਲਵੇ ਦੀ ਧਰਤੀ ਜ਼ਿਲ੍ਹਾ ਸੰਗਰੂਰ ਦੀ ਉੱਤਰ ਪੂਰਬੀ ਬੱਖੀ ਵਿੱਚ ਵਸੇ ਪਿੰਡ ਮੂਲਾਬੱਧਾ ਨੇੜੇ ਅਮਰਗੜ੍ਹ ਦਾ ਜੰਮਪਲ ਜੱਸੀ ਜਸਪਾਲ ਅਖਾੜਿਆਂ ਵਿੱਚ ਵੱਸਦੇ ਉੱਚੀ ਹੇਕ ਵਾਲੇ ਗੀਤਾਂ ਨੂੰ ਸੁਣ ਗਾਇਕੀ ਦਾ ਮੁਰੀਦ ਹੋ ਗਿਆ। ਪਿਤਾ ਸ੍ਰ ਨਰਾਤਾ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਬਚਨ ਕੌਰ ਦਾ ਲਾਡਲਾ ਪਤਾ ਨਹੀਂ ਕਦੋਂ ਸੰਗੀਤਕ ਧੁਨਾਂ ਨਾਲ ਗੁਣਗੁਣਾਉਣਾ ਸਿੱਖ ਗਿਆ ਅਤੇ ਉਹਦਾ ਬਚਪਨ ਦਾ ਰੋਣਾਂ ਵੀ ਸੁਰ ਲੈਅ ਬੱਧ ਹੋਣਾ ਸੁਭਾਵਿਕ ਹੋ ਨਿਕਲਿਆ।
ਆਪਣੀ ਜ਼ਿੰਦਗੀ ਦੀਆਂ ਅਣਗਿਣਤ ਪੱਤਝੜ ਅਤੇ ਹੁਸੀਨ ਬਹਾਰਾਂ ਦਾ ਆਨੰਦ ਮਾਣ ਚੁੱਕੇ ਜੱਸੀ ਜਸਪਾਲ ਨੇ ਆਪਣੀ ਪੜਾਈ ਦੀ ਜ਼ਿੰਮੇਵਾਰੀ ਦੇ ਅਹਿਸਾਸਾਂ ਦਾ ਕਦਰਦਾਨ ਬਣਕੇ ਗਾਇਕੀ ਨੂੰ ਜ਼ਿੰਦਗੀ ਦਾ ਹੀ ਹਿੱਸਾ ਬਣਾਉਣ ਦੀ ਮਨ ਧਾਰ ਲਈ। ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਖੇ ਬੀ ਏ ਕਰਦਿਆਂ ਪ੍ਰੋਫੈਸਰਾਂ ਦੀ ਪਾਰਖੂ ਅੱਖ ਤੋਂ ਬਚ ਨਹੀਂ ਸਕਿਆ ਅਤੇ ਉਸਨੂੰ ਸੰਗੀਤਕ ਵਿੱਦਿਆ ਅਤੇ ਧੁਨੀਆਂ ਦਾ ਗਿਆਨ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਸਨੇ ਹਿੰਮਤ ਨੂੰ ਯਾਰ ਬਣਾ ,ਹਿੰਮਤ ਨੂੰ ਪੱਲੇ ਬੰਨ ਕੇ ਕਰੜੀ ਮਿਹਨਤ ਨਾਲ ਰਿਆਜ਼ ਸ਼ੁਰੂ ਕਰ ਦਿੱਤਾ ਅਤੇ ਗਾਇਕੀ ਦੇ ਤਿਲਕਣੇ ਪਿੜ ਵਿੱਚ ਸਾਬਿਤ ਕਦਮੀ ਖਲੋਣ ਲਈ ਔਖੇਲੇ ਰਾਹ ਦਾ ਪਾਂਧੀ ਬਣ ਗਿਆ।ਜਸਪਾਲ ਸਿੰਘ ਉਰਫ ਜੱਸੀ ਜਸਪਾਲ ਨੇ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ‘ਚ ਕਈ ਗੋਲਡ ਮੈਡਲ ਜਿੱਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਗੀਤ ਦੀ ਮਾਸਟਰ ਡਿਗਰੀ ਪ੍ਰਾਪਤ ਇਹ ਗਾਇਕ ਕੈਸਟ ਕਲਚਰ ਯੁੱਗ ਦਾ ਇੰਟਰਨੈਸ਼ਨਲ ਗਾਇਕ ਬਣਿਆ।
ਉਹਦੀ ਬੁਲੰਦ ਅਤੇ ਦਿਲ ਟੁੰਬਵੀਂ ਆਵਾਜ਼ ਕੰਨਾਂ ਵਿੱਚ ਸੰਗੀਤਕ ਰਸ ਘੋਲਦੀ ਹੈ ਅਤੇ ਇਨਸਾਨੀ ਮਨ ਨੂੰ ਝੂਮਣ ਲਈ ਮਜਬੂਰ ਕਰ ਦਿੰਦੀ ਹੈ। ਜਦੋਂ ਉਹ “ਕਾਹਨੂੰ ਆਈਂਏ ਗਰੀਬ”ਤੇ ਜਵਾਨੀਏ,ਨੀ ਫਿਕਰਾਂ ਚ ਮੁੱਕ ਜਾਏਂ ਗੀ” ਗੀਤ ਨੂੰ ਆਪਣੀ ਦਿਲਕਸ਼ ਆਵਾਜ਼ ਵਿੱਚ ਗਾਉਂਦਾ ਹੈ ਤਾਂ ਖੇਤਾਂ ਵਿੱਚ ਜੇਠ ਹਾੜ੍ਹ ਦੀਆਂ ਸਿਖਰ ਦੁਪਹਿਰਾਂ ਕੰਮ ਕਰਦੀ ਜਵਾਨੀ,ਕਿਰਤੀ, ਸੜਕਾਂ ‘ਤੇ ਰੋੜੀ ਕੁੱਟਦੀਆਂ ਬੇਵੱਸ ਔਰਤਾਂ,ਚੌਂਕਾਂ ਵਿੱਚ ਦਿਹਾੜੀ ਲਈ ਗਾਹਕ ਉਡੀਕਦੇ ਅਤੇ ਬਿਨ ਕੰਮ ਮਿਲੇ ਰੋਟੀ ਵਾਲਾ ਡੱਬਾ ਲੈ ਨਿੰਮੋਝੂਣੇ ਘਰ ਵਾਪਸ ਮੁੜਦੇ ਗਰੀਬ ਮਜ਼ਦੂਰ ਦੀ ਮਾਨਸਿਕਤਾ,ਪਿਓ ਦੇ ਘਰ ਵਿੱਚ ਜਵਾਨ ਬੈਠੀ ਮੰਦਹਾਲੀ ਦੀ ਬੇਵਸੀ ਹਾਲਤ ਵਿੱਚ ਸ਼ਗਨਾਂ ਦੀ ਮਹਿੰਦੀ ਉਡੀਕਦੀ ਧੀ ਅਤੇ ਗਰੀਬੀ ਦੀ ਹਾਲਤ ਵਿੱਚ ਟਾਕੀਆਂ ਲੱਗੇ ਕੱਪੜਿਆਂ ਨਾਲ ਆਪਣੇ ਚਾਅ ਮਾਰ ਕੇ ਗੁਰਬੱਤ ਹੰਢਾਉਂਦੀ ਮਜ਼ਦੂਰੀ ਕਰਦੀ ਪਤਨੀ ਦੀ ਤ੍ਰਾਸਦੀ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਸੰਤ ਰਾਮ ਉਦਾਸੀ ਦੇ ਸੁਪਨਿਆਂ ਦੀ ਸੋਚ ਦਾ ਪਾਂਧੀ ਬਣ ਕੰਮੀਆਂ, ਕਿਰਤੀਆਂ ਦੇ ਵਿਹੜੇ ਦਾ ਸੂਰਜ ਬਣਿਆ ਜਾਪਦਾ ਹੈ।
ਗਾਇਕੀ ਦੇ ਖੇਤਰ ਵਿੱਚ ਮਾਸਟਰ ਰਾਜਿੰਦਰ ਸਿੰਘ ਦਰਦੀ ਨੇ ਜੱਸੀ ਜਸਪਾਲ ਨੂੰ ਉਂਗਲ ਫੜ੍ਹ ਕੇ ਤੋਰਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਯਸ਼ਪਾਲ ਨੇ ਉਸਨੂੰ ਗਾਇਕੀ ਦੇ ਅੰਬਰ ਦਾ ਤਾਰਾ ਬਣਾਉਣ ਲਈ ਸਖ਼ਤ ਮਿਹਨਤ ਅਤੇ ਰਿਆਜ਼ ਕਰਵਾਇਆ।ਸੰਗੀਤ ਦੀ ਬਾਰੀਕੀਆਂ ਤੋਂ ਜਾਣੂੰ ਹੋਣ ਲਈ ਉਸਨੇ ਸੰਗੀਤਕਾਰ ਸੁਰਿੰਦਰ ਬਚਨ ਨੂੰ ਆਪਣਾ ਰਸਮੀ ਗੁਰੂ ਧਾਰਨ ਕੀਤਾ ਅਤੇ ਬਕਾਇਦਾ ਗਾਇਕੀ ਨੂੰ ਆਪਣਾ ਸਮਰਪਿਤ ਕਰ ਦਿੱਤਾ।
ਆਪਣੀ ਪਤਨੀ ਅਤੇ ਬੱਚਿਆਂ ਨਾਲ ਪਟਿਆਲਾ ਵਿਖੇ ਰਹਿ ਰਹੇ ਇਸ ਗਾਇਕ ਨੇ ਜਦੋਂ “ਕਹਿਣਾ ਸੌਖਾ ਤੇ ਭੁਲਾਉਣਾ ਬੜਾ ਔਖਾ,ਪਹਿਲਾ ਪਹਿਲਾ ਪਿਆਰ ਸੋਹਣੀਏ” ਗੀਤ ਗਾਇਆ ਤਾਂ ਕੈਸਿਟ ਕਲਚਰ ਵਿਚ ਗੂੰਜ ਨਾਲ ਸਥਾਪਤੀ ਦਾ ਰਾਹ ਪੱਧਰਾ ਕਰ ਗਿਆ।ਬੱਸ ਫਿਰ ਕੀ ਸੀ ਜੱਸੀ ਜੱਸੀ ਹੋ ਗਈ।ਬਾਲੀ ਸੱਗੂ ਦੇ ਸੰਗੀਤ ਚ “ਪੰਜਾਬੀਆਂ ਦੀ ਹੋ ਗਈ ਬੱਲੇ ਬਈ ਬੱਲੇ” ਗੀਤ ਨੇ ਦੇਸ਼ ਵਿਦੇਸ਼ ਧੁੰਮਾਂ ਮਚਾ ਦਿੱਤੀਆਂ ਅਤੇ ਜੱਸੀ ਜਸਪਾਲ ਦਾ ਗਾਇਕੀ ਦੀ ਮੋਹਤਬਰ ਅਵਾਜ਼ਾਂ ਵਿੱਚ ਸ਼ਾਮਲ ਹੋਣ ਲਈ ਕੋਈ ਵੀ ਰੋਕ ਅੜਿੱਕਾ ਨਹੀਂ ਬਣ ਸਕੀ।
‘ਪੰਜਾਬੀਆਂ ਦੀ ਚੱਲੇ ਗਲਾਸੀ’ ਨਾਲ ਉਹਦਾ ਗਾਇਕੀ ਦੇ ਪਿੜ ਵਿੱਚ ਕੱਦ ਹੋਰ ਵੀ ਉੱਚੇਰਾ ਹੋ ਗਿਆ।ਉਹਦੀ ਗਾਇਕੀ ਦੀਆਂ ਗਹਿਰਾਈਆਂ,ਚੰਗੀ ਪਕੜ ਅਤੇ ਸੁਰਬੱਧ ਆਵਾਜ਼ ਨੂੰ ਪਛਾਣ ਕੇ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੂਜਾ ਨੇ ਉਹਦੀ “ਨਾਭੇ ਵਾਲੀ ਜੇਲ ਵਰਗੇ ਵੈਰੀ ਮਾਪਿਆਂ ਨੇ ਗੇਟ ਲਵਾਤੇ” ਕੈਸਟ ਆਪਣੇ ਸੰਗੀਤ ਵਿੱਚ ਰਿਕਾਰਡ ਕੀਤੀ,ਜਿਸ ਨਾਲ ਜੱਸੀ ‘ਤੇ ਪ੍ਰਪੱਕ ਗਾਇਕੀ ਦੀ ਮੋਹਰ ਲੱਗ ਗਈ।
ਉਸਨੇ ਪੰਜਾਬ ਦੀਆਂ ਨਾਮਵਰ ਕਲਮਾਂ ਸਾਜਨ ਰਾਏਕੋਟੀ, ਧਰਮ ਕੰਮੇਆਣਾ, ਸ਼ਮਸ਼ੇਰ ਸੰਧੂ, ਦਵਿੰਦਰ ਬੈਨੀਪਾਲ ਕੇਨੈਡਾ,ਭੱਟੀ ਭੜੀ ਵਾਲਾ, ਦਵਿੰਦਰ ਖੰਨੇ ਵਾਲਾ ਆਦਿ ਦੇ ਗੀਤਾਂ ਨਾਲ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਦਾ ਜਾਦੂ ਬਿਖੇਰਿਆ।
ਮਾਰ ਦੁਨੀਆਂ ਦੇ ਗੋਲੀ ਇਹਨੇ ਸੜੀ ਜਾਣੈ, ਆਉਂਦੇ ਜੋ ਦਰ ਤੇਰੇ ਤੇ, ਤੇਰੇ ਨਿੱਕੇ ਜਿਹੇ ਇਸ਼ਾਰੇ ਉੱਤੇ ਜਾਨ ਦੇ ਦੇਈਏ ਐਨੇ ਸਸਤੇ ਵੀ ਨਹੀਂ,ਲੰਗਰ, ਗਰੀਬ ਤੇ ਜਵਾਨੀਏ,ਕੁੜੀ ਹੱਸਦੀ ਹੱਸਦੀ, ਜੋੜੀਆਂ ਆਦਿ ਉਹਦੇ ਕੁਝ ਸੁਪਰ ਡੁਪਰ ਹਿੱਟ ਗੀਤ ਹਨ।
ਇਕੱਲੇ ਪੰਜਾਬ ਹੀ ਨਹੀਂ,ਪੂਰੇ ਭਾਰਤ ਤੋਂ ਇਲਾਵਾ ਕੇਨੈਡਾ, ਅਮਰੀਕਾ,ਯੂ ਕੇ, ਆਸਟ੍ਰੇਲੀਆ ਆਦਿ ਮੁਲਕਾਂ ਵਿੱਚ ਵੀ ਆਪਣੀ ਗਾਇਕੀ ਦਾ ਜੱਸੀ ਜਸਪਾਲ ਨੇ ਝੰਡਾ ਬਰਦਾਰ ਕੀਤਾ ਹੈ। ਸਾਡੀਆਂ ਇਹੋ ਦੁਆਵਾਂ ਨੇ ਕਿ ਇਹ ਆਵਾਜ਼ ਇਸੇ ਤਰ੍ਹਾਂ ਗਾਇਕੀ ਦੇ ਅੰਬਰ ਵਿੱਚ ਨਿਰੰਤਰ ਗੂੰਜਦੀ ਰਹੇ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ ਸੰਗਰੂਰ
9779708257