ਖਾਲੀ ਣਾਣੇ ਨੂੰ ਪਰਿਭਾਸ਼ਿਤ ਕਰਦੀ ਪੁਸਤਕ “ਣ”
ਮੈਂ ਨੱਕਾਸ਼ ਚਿੱਤੇਵਾਣੀ ਦੇ ਕਾਵਿ ਸੰਗ੍ਰਹਿ “ਅੰਡਰ ਐਸਟੀਮੇਟ ਅਤੇ ‘ਝੀਥ” ਪੜ੍ਹ ਕੇ ਬਹੁਤ ਪ੍ਰਭਾਵਤ ਹੋਇਆ ਸਾਂ,ਹੁਣ ਨੱਕਾਸ਼ ਦੀ ਨਵ-ਪ੍ਰਕਾਸ਼ਿਤ ਪੁਸਤਕ “ਣ” ਨੂੰ ਪੜ੍ਹਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਰ ਨੇ ਆਪਣੀ ਸ਼ਾਇਰੀ ਦੇ ਪੱਧਰ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਸ ਭਾਵਪੂਰਤ ਪੁਸਤਕ ਵਿਚ ਨਿਵੇਕਲੀ ਕਵਿਤਾ ਦੇ ਰੂਪ ਵਿਚ ਬ੍ਰਹਿਮੰਡ,ਕੁਦਰਤ,ਵਰਣ,ਵਰਨਮਾਲਾ ਅਤੇ ਹਾਸ਼ੀਏ ‘ਤੇ ਧੱਕੇ ਗਏ ਮਨੁੱਖ ਦਾ ਕਾਵਿਕ ਬਿਰਤਾਂਤ ਹੈ । ਕਵਿਤਾ ਪਾਠ ਕਰਦਿਆਂ ਕਵਿਤਾ ਰੂਹ ਨੂੰ ਹੈਰਾਨ ਵੀ ਕਰਦੀ ਹੈ ਅਤੇ ਝੰਜੋੜਦੀ ਵੀ । ਜਦੋਂ ਕਵਿਤਾ ਸਵਾਲ ਕਰਦੀ ਹੈ ਤਾਂ ਲਾਜਵਾਬ ਹੋਣਾ ਸੁਭਾਵਿਕ ਹੈ ।ਨੱਕਾਸ਼ ਹਰ ਪੱਖ ਤੋਂ ਗਿਆਨ ਨਾਲ ਭਰਪੂਰ ਹੈ ਹੈ,ਉਸਦੀ ਕਵਿਤਾ ਹੀ ਇਸ ਗੱਲ ਦਾ ਪ੍ਰਮਾਣ ਹੈ ।
ਐਸੀ ਕਵਿਤਾ ਹੋਣਾ ਲੋਚਦਾ ਏ ਨੱਕਾਸ਼:-
ਉਹ ਕਵਿਤਾ ਜੋ ਗਗਨ ਤੋਂ ਲੱਥੀ
ਗੁਰੂਆਂ ਕੰਠ ਲਗਾਈ
ਮਰਦਾਨੇ ਦੀ ਮਧੁਰ ਤਾਲ ‘ਤੇ
ਬਾਬੇ ਨਾਨਕ ਗਾਈ
……………….
ਉਹ ਕਵਿਤਾ ਜੋ ਦੀਨ ਦੁਖੀ ਦੀ
ਬਾਂਹ ਕਦੇ ਨਾ ਛੱਡੇ
ਉਹ ਕਵਿਤਾ ਜੋ ਬਾਬਰ ਮੂਹਰੇ
ਹਿੱਕ ਤਾਣੇ ਲਲਕਾਰੇ
“ਣ” ਨਾਲ ਖਲੋਤਾ ਅਤੇ ਇਸਦੀ ਅਥਾਹ ਤਾਕਤ ਬਾਰੇ ਇੰਜ ਲਿਖਦਾ ਏ:-
ਣਾਣੇ ਨੂੰ ਖਾਲੀ ਨਾ ਆਖੋ ਣਾਣਾ ਸਭ ਕੁਝ ਭਰ ਦਿੰਦਾ ਏ
ਨਿੱਕੀ ਜਿਹੀ ਮਿਸਾਲ ਮੈਂ ਦੇਵਾਂ
ਖਾ ਨੂੰ ਖਾਣਾ ਕਰ ਦਿੰਦਾ ਏ
ਣਾਣੇ ਰਾਹੀਂ ਦੱਬੇ ਕੁਚਲੇ ਲੋਕਾਂ ਨਾਲ ਵਧੀਕੀ ਅਤੇ ਬੇਇਨਸਾਫੀ ਦੀ ਬਾਤ ਪਾਉਂਦਾ ਕਹਿੰਦਾ ਹੈ:-
ਕਾਣੀ ਵੰਡ ਅੰਗੂਠੇ ਮੰਗੇ
ਨਿਸ਼ਠਾ ਮੰਗੀ ਸਿਰ ਵਢਵਾਏ
ਕਾਣੀ ਵੰਡ ਨੇ ਹੱਕ ਨਾ ਦਿੱਤੇ
ਧੌਣਾਂ ਮੰਗੀਆਂ ਹੱਥ ਕਟਵਾਏ
ਪੋ੍: ਮੋਹਣ ਸਿੰਘ ਦੀ ਇਕ ਕਵਿਤਾ ਹੈ, ਦੋ ਧੜਿਆਂ ਵਿੱਚ ਖਲਕਤ ਵੰਡੀ,ਇਕ ਲੋਕਾਂ ਦਾ ਇਕ ਜੋਕਾਂ ਦਾ ।ਨੱਕਾਸ਼ ਕਾਵਿਕ ਮਾਧਿਅਮ ਰਾਹੀਂ ਹਮੇਸ਼ਾਂ ਲੋਕਾਂ ਨਾਲ ਖੜ੍ਹਦਾ ਹੈ ਅਤੇ ਖੂਨ ਚੂਸਣ ਵਾਲ਼ੀਆਂ ਜੋਕਾਂ ਦੀ ਨਿਸ਼ਾਨਦੇਹੀ ਕਰਦਾ ਹੈ,ਇਹੀ ਨੱਕਾਸ਼ ਦੀ ਕਵਿਤਾ ਦਾ ਹਾਸਿਲ ਹੈ ।
ਇਸ ਦਿਲਚਸਪ ਪੁਸਤਕ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ,ਪਰ ਏਥੇ ਇਸ਼ਾਰੇ ਮਾਤਰ ਹੀ ਵਿਸ਼ਲੇਸ਼ਣ ਵਾਜਿਬ ਪ੍ਰਤੀਤ ਜਾਪਦਾ ਹੈ। ਅੰਤ ਵਿਚ ਛੋਟੇ ਵੀਰ ਨੱਕਾਸ਼ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਚੰਗੀਆਂ ਪੁਸਤਕਾਂ ਪੜ੍ਹਣ ਵਾਲਿਆਂ ਨੂੰ ਇਹ ਪੁਸਤਕ ਪੜ੍ਹਣ ਦੀ ਸਿਫਾ਼ਰਸ ਕਰਦਾ ਹਾਂ । ਮੇਰਾ ਦਾਅਵਾ ਹੈ ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਜਨ ਮਾਣ ਮਹਿਸੂਸ ਕਰਨਗੇ
-ਰੂਪ ਦਬੁਰਜੀ