ਖੋਤੇ ਨੂੰ ਲੂਣ —
ਲੂਣ ਕਦੀ ਖੋਤੇ ਨੂੰ ਜੇ, ਕੰਨ ਫੜ ਦੇਣ ਲੱਗੋਂ,
ਸ਼ਿਕਾਇਤਾਂ ਵਾਲ਼ਾ ਗੀਤ ਉਹ, ਹੀਂਗ ਹੀਂਗ ਗਾਂਵਦਾ।
ਕਦਰ ਨਾ ਪਾਵੇ ਕਦੀ, ਕੀਤੀ ਹੋਈ ਨੇਕੀ ਦੀ ਉਹ,
ਮਾਰ ਮਾਰ ਟੀਟਣੇ, ਉਹ ਦੂਰ ਭੱਜ ਜਾਂਵਦਾ।
ਘੇਰ ਘੇਰ ਸਿੱਧਾ ਉਹਨੂੰ, ਤੋਰਨ ਦੀ ਕਰੋ ਕੋਸ਼ਿਸ਼,
ਮੰਨੇ ਨਾ ਉਹ ਕਹਿਣਾ, ਢੀਠ ਦੁਲੱਤੀਆਂ ਲਗਾਂਵਦਾ।
ਬਹਾਨੇ ਤੇ ਬਹਾਨਾ ਵਿੰਗੇ, ਟੇਢੇ ਢੰਗ ਲੱਭ ਕੇ ਤੇ,
ਭਾਰ ਢੋਣ ਕੋਲੋਂ ਕੰਨੀ, ਰੋਜ਼ ਕਤਰਾਂਵਦਾ।
ਮੋੜੋ ਜਿੰਨਾ ਮਰਜ਼ੀ, ਵਰਜਿਤ ਥਾਵਾਂ ਕੋਲੋਂ,
ਮੁੜ ਘਿੜ ਫੇਰ, ਖੋਤਾ ਬੋਹੜ ਥੱਲੇ ਆਂਵਦਾ।
ਆਪ ਭਾਵੇਂ ਪੈਂਡਾ, ਹਰ ਰੋਜ਼ ਕਰੇ ਵੀਹ ਕੋਹ ਦਾ,
ਪਰ ਮਾਲਕ ਦੀ ਗੇੜੀ, ਤੀਹ ਕੋਹ ਦੀ ਲਵਾਂਵਦਾ।
ਏਸੇ ਤਰ੍ਹਾਂ ਖ਼ਰ ਦੇ, ਦਿਮਾਗ ਵਾਲ਼ਾ ਬੰਦਾ ਵੀ ਤਾਂ,
ਅਕਲ ਦੀ ਗੱਲ ਬਹੁਤ, ਘੱਟ ਪੱਲੇ ਪਾਂਵਦਾ।
ਕੋਸ਼ਿਸ਼ਾਂ ਲੱਖ ਭਾਵੇਂ, ਕਰੋ ਸਮਝਾਉਣ ਦੀਆਂ,
‘ਮੈਂ ਨਾ ਮਾਨੂੰ’ ਵਾਲ਼ੀ ਰਟ, ਨਿੱਤ ਹੀ ਲਗਾਂਵਦਾ।
ਵਾਹ ਐਸੇ ਜੀਵਾਂ ਨਾਲ਼, ਪਾਉਣਾ ਬੜਾ ਮਹਿੰਗਾ ਪੈਂਦਾ,
ਸ਼ਰੀਫ਼ ਬੰਦਾ ਆਪਣੀ ਹੀ, ਪੱਗ ਹੈ ਲਹਾਂਵਦਾ।
ਬਚਾਈਂ ਰੱਬਾ ਐਸੀਆਂ, ਰੂਹਾਂ ਕੋਲੋਂ ਮੈਨੂੰ ਵੀ ਤੂੰ,
ਵਾਸਤਾ ਮੈਂ ਤੈਨੂੰ ਅਪਣੀ, ਜਾਨ ਦਾ ਹਾਂ ਪਾਂਵਦਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ