ਕਲਮੀ ਸੱਥ

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸ਼ਾਮ ਨੇ ਸ਼ਾਇਰੀ ਦੇ ਪ੍ਰਸੰਸਕਾਂ ਨੂੰ ਮੋਹ ਲਿਆ

ਹਰ ਇਕ ਸ਼ਾਇਰ ਅਤੇ ਹਰ ਗ਼ਜ਼ਲ ਇਕ ਤੋਂ ਵੱਧ ਇਕ ਸੀ-ਪ੍ਰੋ. ਬਾਵਾ ਸਿੰਘ

ਸਰੀ,19 ਸਤੰਬਰ (ਹਰਦਮ ਮਾਨ) – ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਆਪਣੀ ਸਾਲਾਨਾ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ ਜਿਸ ਵਿਚ ਸ਼ਾਮਲ ਹੋਏ ਸੰਜੀਦਾ ਸ਼ਾਇਰੀ ਦੇ ਸੈਂਕੜੇ ਕਦਰਦਾਨਾਂ ਨੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ ਮਾਣਿਆ ਅਤੇ ਹਰ ਇਕ ਸ਼ਾਇਰ ਨੂੰ ਤਾੜੀਆਂ ਦੀ ਭਰਪੂਰ ਦਾਦ ਨਾਲ ਨਿਵਾਜਿਆ। ਇਸ ਸ਼ਾਮ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਪ੍ਰੋ. ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ) ਤੇ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ।

ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਵਾਂਟਲਿਨ ਫਸਟ ਨੇਸ਼ਨ ਦੀ ਨਾਮਵਰ ਸ਼ਖ਼ਸੀਅਤ ਫਰਨ ਗੈਬਰੀਅਲ ਵੱਲੋਂ ਆਪਣੀ ਭਾਸ਼ਾ ਵਿਚ ਗਾਏ ਗੀਤ ਨਾਲ ਹੋਈ। ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜਰ ਮਹਿਮਾਨਾਂ, ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਈ ਪੰਜਾਬੀ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਨੂੰ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਰਾਜਵੰਤ ਰਾਜ ਨੇ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਰਿੰਦਰ ਭਾਗੀ ਨੂੰ ਆਪਣਾ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ। ਨਰਿੰਦਰ ਭਾਗੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੀਆਂ ਦੋ ਉਰਦੂ ਗ਼ਜ਼ਲਾਂ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਦੀ ਨੀਂਹ ਰੱਖ ਦਿੱਤੀ।

ਉਪਰੰਤ ਪ੍ਰੀਤ ਮਨਪ੍ਰੀਤ ਨੇ ‘ਲਾਹ ਵੀ ਦੇ ਹੁਣ ਚੁੱਪ ਦੇ ਪਰਦੇ ਬੋਲ ਜਰਾ ਕੁਝ ਚਾਨਣ ਕਰਦੇ, ਕਿੰਨੇ ਖਾਲੀ ਹੋ ਚੱਲੇ ਹਾਂ ਖਾਲੀ ਥਾਵਾਂ ਭਰਦੇ ਭਰਦੇ’ ਜਿਹੇ ਗੰਭੀਰ ਸ਼ਿਅਰਾਂ ਨਾਲ ਸਰੋਤਿਆਂ ਦੀ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿੱਤਰੀ ਸੁਖਜੀਤ “ਤੂੰ ਵੀ ਝੋਲੇ ਭਰ ਦਿੱਤੀ ਹੈ ਤੂੰ ਵੀ ਹਿੱਸਾ ਪਾ ਦਿੱਤੈ, ਮੇਰੇ ਕੋਲ ਤਾਂ ਪਹਿਲਾਂ ਹੀ ਪਰ ਆਪਣੇ ਦਰਦ ਬਥੇਰੇ ਸੀ’ ਲੈ ਕੇ ਔਰਤ ਵੇਦਨਾ ਦੀ ਸ਼ਾਇਰੀ ਦੇ ਰੂਬਰੂ ਹੋਈ। ਦਵਿੰਦਰ ਗੌਤਮ ਆਪਣੀਆਂ ਗ਼ਜ਼ਲਾਂ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡ ਗਿਆ ਜਦ ਉਸ ਨੇ ਕਿਹਾ ‘ਕੋਈ ਵੀ ਉਜਰ ਨਾ ਇਹ ਤਾਂ ਜਨਾਬ ਹੋ ਜਾਂਦਾ, ਤੁਹਾਨੂੰ ਦੇਖ ਕੇ ਆਪੇ ਅਦਾਬ ਹੋ ਜਾਂਦਾ’, ਰਾਜਵੰਤ ਰਾਜ ‘ਘਟਾਵਾਂ ਨੇ ਕਰੀ ਸਾਜ਼ਿਸ਼ ਤੇ ਭੋਲੇ ਮੋਰ ਨੱਚੇ ਨੇ, ਰਹੀ ਖਾਮੋਸ਼ ਹੀ ਝਾਂਜਰ ਇਕੱਲੇ ਬੋਰ ਨੱਚੇ ਨੇ’ ਜਿਹੇ ਖੂਬਸੂਰਤ ਸ਼ਿਅਰਾਂ ਨਾਲ ਸਰੋਤਿਆਂ ਦੀ ਖੂਬ ਦਾਦ ਖੱਟ ਗਿਆ।

ਫਿਰ ਦਵਿੰਦਰ ਗੌਤਮ ਨੇ ਸਟੇਜ ਸੰਚਾਲਨ ਸਾਂਭਦਿਆਂ ਸ਼ਬਦਾਂ ਦੇ ਜਾਦੂਗਰ ਇੰਦਰਜੀਤ ਧਾਮੀ ਨੂੰ ਪੇਸ਼ ਕੀਤਾ ਅਤੇ ਇੰਦਰਜੀਤ ਧਾਮੀ ਨੇ ‘ਇਹ ਕਲਪਨਾ ਵਿੱਚ ਖੁਤਖੁਤੀ ਸਾਡੇ ਜਗਾਉਂਦਾ ਕੌਣ ਹੈ, ਸੋਚੋ ਕਿ ਸਾਡੀ ਹੋਸ਼ ਨਾ ਯਾਰੀ ਪਵਾਉਂਦਾ ਕੌਣ ਹੈ’ ਰਾਹੀਂ ਸਰੋਤਿਆਂ ਦੀ ਕਲਪਨਾ ਨੂੰ ਹਲੂਣਿਆ। ਹਰਦਮ ਮਾਨ ਨੇ ਆਪਣੇ ਅੰਦਾਜ਼ ਵਿਚ ਹਾਜਰੀ ਲੁਆਈ ‘ਚੜ੍ਹਦੀ ਉਮਰੇ ਕੋਮਲ ਕਲੀਆਂ ਠੰਡੇ ਹੌਕੇ ਭਰ ਰਹੀਆਂ, ਮਹਿਕਾਂ ਦੇ ਵਣਜਾਰੇ ਫਿਰਦੇ ਬਾਗ ‘ਚ ਚਾਰ ਚੁਫੇਰੇ ਨੇ’। ਦਸ਼ਮੇਸ਼ ਗਿੱਲ ਫਿਰੋਜ਼ ਉਰਦੂ ਅਤੇ ਪੰਜਾਬੀ ਰੰਗ ਲੈ ਕੇ ਹਾਜਰ ਹੋਇਆ ‘ਛਾਂ ਦੀ ਚਾਦਰ ਸਿਰ ਤੋਂ ਮੇਰੇ ਧੁੱਪ ਨੇ ਫਿਰ ਲਾਹ ਲਈ, ਰੁੱਖ ਦੀ ਛਾਵੇਂ ਅਜੇ ਥੋੜ੍ਹਾ ਜਿਹਾ ਬੈਠਾ ਹਾਂ ਮੈਂ’।

ਦਸ਼ਮੇਸ਼ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਗੁਰਮੀਤ ਸਿੱਧੂ ਨੂੰ ਦਾਅਵਤ ਦਿੱਤੀ। ਗੁਰਮੀਤ ਸਿੱਧੂ ਨੇ ਸੱਤਿਅਮ, ਸ਼ਿਵਮ, ਸੁੰਦਰਮ ਨੂੰ ਇਉਂ ਪੇਸ਼ ਕੀਤਾ ‘ਸੱਚ, ਸੁਹੱਪਣ, ਸ਼ਿਵ ਤਿੰਨਾਂ ਲਈ ਇਕ ਸ਼ਬਦ ਹੈ ਕੀ, ਦੁਨੀਆ ਪੜ੍ਹਦੀ ਰਹੀ ਕਿਤਾਬਾਂ ਮੈਂ ਲਿਖ ਦਿੱਤਾ ਧੀ’। ਬਲਦੇਵ ਸੀਹਰਾ ਸਿਸਟਮ ਨੂੰ ਸੰਬੋਧਨ ਹੋਇਆ “ਇਹ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈ, ਹੁੰਦਾ ਇਲਾਜ ਹੋਰ ਦਾ ਬੀਮਾਰ ਹੋਰ ਹੈ’। ਫਿਰ ਕ੍ਰਿਸ਼ਨ ਭਨੋਟ ਆਪਣੇ ਉਸਤਾਦੀ ਅੰਦਾਜ਼ ਵਿਚ ਪੇਸ਼ ਹੋਏ ਅਤੇ ਕਾਮਨਾ ਕੀਤੀ ‘ਮਿਲ ਕੇ ਦੁਆ ਕਰੋ ਹੁਣ ਕੋਈ ਕਦੇ ਨਾ ਵਿਛੜੇ, ਰਾਵੀ, ਚਨਾਬ, ਜੇਹਲਮ, ਸਤਲੁਜ ਵਾਗੂੰ’। ਅਖੀਰ ਵਿਚ ਪੇਸ਼ ਹੋਏ ਨਾਮਵਰ ਸ਼ਾਇਰ ਜਸਵਿੰਦਰ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਮਨਾਂ ਵਿਚਲੇ ਝੀਲ ਦੇ ਪਾਣੀਆਂ ਨੂੰ ਹਿਲਾਇਆ ਅਤੇ ਕਲਪਨਾ ਦੇ ਪੰਖੇਰੂਆਂ ਨੂੰ ਨਵੀਂ ਉਡਾਨ ਦਿੱਤੀ ‘ਝੀਲ ‘ਤੇ ਫੇਰ ਪਰਿੰਦਿਆਂ ਨੂੰ ਬੁਲਾਇਆ ਜਾਏ, ਪਹਿਲਾਂ ਠਹਿਰੇ ਹੋਏ ਪਾਣੀ ਨੂੰ ਹਿਲਾਇਆ ਜਾਏ। ਤਾਂ ਜੋ ਇਹ ਜਾਣ ਸਕਣ ਕਾਲ-ਕਥਾ ਜੰਗਲ ਦੀ, ਤਾਜ਼ੇ ਪੱਤਿਆਂ ਨੂੰ ਜੜਾਂ ਨਾਲ ਮਿਲਾਇਆ ਜਾਏ’।

ਸਮੁੱਚੀ ਸ਼ਾਇਰੀ ਦਾ ਆਨੰਦ ਮਾਣਨ ਤੋਂ ਬਾਅਦ ਆਪਣੀ ਖੁਸ਼ ਰੂਹ ਦਾ ਬਿਆਨ ਕਰਦਿਆਂ ਪ੍ਰਧਾਨਗੀ ਕਰ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਤਰਾਂ ਪੰਜਾਬੀਆਂ ਨੇ ਕੈਨੇਡਾ ਦੀ ਰਾਜਨੀਤੀ ਵਿੱਚ, ਆਰਥਿਕਤਾ ਵਿੱਚ ਅਤੇ ਕਾਰੋਬਾਰਾਂ ਵਿੱਚ ਝੰਡੇ ਗੱਡੇ ਹੋਏ ਹਨ ਉਸੇ ਤਰ੍ਹਾਂ ਹੁਣ ਸਾਹਿਤ ਦੇ ਵਿੱਚ ਵੀ ਤੁਸੀਂ ਆਪਣੇ ਝੰਡੇ ਗੱਡ ਰਹੇ ਹੋ। ਉਨ੍ਹਾਂ ਕਿਹਾ ਕਿ ਦੁੱਖ ਤੇ ਪੀੜ ਨਾਲ ਭਰੇ ਮਨ ਨੂੰ ਹਲਕਾ ਫੁਲਕਾ ਕਰਨ ਲਈ, ਹਲਕੇ ਫੁਲਕੇ ਮਨ ਨੂੰ ਗੰਭੀਰ ਕਰਨ ਲਈ ਅਤੇ ਗੰਭੀਰ ਮਨਾਂ ਨੂੰ ਚਿੰਤਕ ਜਾਂ ਚਿੰਤਨਸ਼ੀਲ ਬਣਾਉਣ ਲਈ ਸੂਖ਼ਮ ਕਲਾਵਾਂ ਦਾ ਬਹੁਤ ਵੱਡਾ ਰੋਲ ਹੈ। ਸੁਰ-ਸੰਗੀਤ, ਗੀਤ, ਗ਼ਜ਼ਲ, ਕਵਿਤਾ, ਨਜ਼ਮ, ਚਿੱਤਰਕਾਰੀ ਦੀ ਮਨੁੱਖੀ ਸਭਿਅਤਾ ਨੂੰ ਦੇਣ ਸਾਇੰਸ ਤੋਂ ਕਿਤੇ ਜ਼ਿਆਦਾ ਹੈ। ਸਾਡੀ ਸੋਚ, ਭਾਵਨਾਵਾਂ, ਸੰਵੇਦਨਾ ਨੂੰ ਜਗਾਉਣਾ ਚਮਕਾਉਣਾ ਸਾਡੀਆਂ ਸੂਖ਼ਮ ਕਲਾਵਾਂ ਦੇ ਹਿੱਸੇ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿਚ ਪੇਸ਼ ਹੋਇਆ ਹਰ ਇਕ ਸ਼ਾਇਰ ਇਕ ਤੋਂ ਵੱਧ ਇਕ ਸੀ ਅਤੇ ਹਰ ਗ਼ਜ਼ਲ ਇਕ ਤੋਂ ਵੱਧ ਇਕ ਸੀ।

ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਤੋਂ ਆਈ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ ਨੇ ਸਮੁੱਚੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੱਤ ਸਮੁੰਦਰ ਪਾਰ ਆਪਣੀ ਜਨਮ ਭੂਮੀ ਤੋਂ, ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਆ ਕੇ ਤੁਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਏਨੇ ਵਧੀਆ ਉਪਰਾਲੇ ਕਰ ਰਹੇ ਹੋ ਜਿਸ ‘ਤੇ ਸਾਨੂੰ ਮਾਣ ਹੈ। ਸ਼ਾਇਰੀ ਦੇ ਵੱਖ-ਵੱਖ ਰੰਗਾਂ ਨੂੰ ਮਾਣ ਕੇ ਉਹ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆ ਭਵਿੱਖ ਦੇ ਪ੍ਰੋਗਰਾਮਾਂ ਵਿਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਰ ਕੀਤੀ। ਇਸ ਮੌਕੇ ਮੰਚ ਵੱਲੋਂ ਪ੍ਰੋਗਰਾਮ ਦੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰੋ. ਬਾਵਾ ਸਿੰਘ ਤੇ ਸਤਿੰਦਰ ਕੌਰ ਕਾਹਲੋਂ ਨੂੰ ਸਤਿਕਾਰ ਦਿੱਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button
Translate »