ਗਾਇਕ ਜੋੜੀ ਗੁਰਪਾਲ ਪੂਹਲਾ ਤੇ ਰਾਜ ਗੁਲਰਾਜ ਦਾ ਗੀਤ ਸਰਪੰਚੀ ਹੋਇਆ ਰਿਲੀਜ਼
ਬਠਿੰਡਾ , 18 ਅਕਤੂਬਰ ( ਸੱਤਪਾਲ ਮਾਨ ) : – ਬਠਿੰਡਾ ਜਿਲੇ ਦੇ ਪਿੰਡ ਪੂਹਲਾ ਦੇ ਵਸਨੀਕ ਗੁਰਪਾਲ ਪੂਹਲਾ ਨੇ ਗਾਇਕੀ ਵਿੱਚ ਉਦੋਂ ਪੈਰ ਧਰਿਆ ਸੀ , ਜਦੋਂ ਕੈਸਿਟਾਂ ਦਾ ਬੋਲਬਾਲਾ ਆਪਣੇ ਪੂਰੇ ਜੋਬਨ ਤੇ ਹੁੰਦਾ ਸੀ ਅਤੇ ਗਾਇਕ ਵੀ ਉਂਗਲਾ ਦੇ ਪੋਟਿਆਂ ਤੇ ਗਿਣੇ ਜਾਂਦੇ ਸੀ। ਉਨ੍ਹਾਂ ਗਾਇਕਾਂ ਦੀ ਕਤਾਰ ਵਿੱਚ ਇੱਕ ਨਾਉਂ ਹਮੇਸ਼ਾ ਸ਼ਾਮਲ ਰਿਹਾ ਗਾਇਕ ਗੁਰਪਾਲ ਪੂਹਲਾ ਦਾ , ਜਿਸਨੇ ਆਪਣੀ ਦਮਦਾਰ ਆਵਾਜ਼ ਵਿੱਚ ਸਭਤੋਂ ਪਹਿਲੀ ਸੋਲੋ ਗੀਤਾਂ ਦੀ ਕੈਸਿਟ ” ਪੁੱਤ ਸ਼ਰੀਕਾਂ ਦੇ ” ਕੱਢਕੇ ਆਪਣੀ ਗਾਇਕੀ ਦਾ ਸਬੂਤ ਦਿੱਤਾ ਅਤੇ ਉਸਤੋਂ ਬਾਅਦ ਚੱਲ ਸੋ ਚੱਲ ਹੁੰਦਾ ਰਿਹਾ। ਇਸ ਕੈਸਿਟ ਤੋਂ ਬਾਅਦ ਗੁਰਪਾਲ ਪੂਹਲਾ ਦੀਆਂ ਜਿੰਨੀਆਂ ਵੀ ਕੈਸਿਟਾਂ ਆਈਆਂ , ਉਹ ਦੁਗਾਣਿਆ ਦੀਆਂ ਹੀ ਆਉਂਦੀਆਂ ਰਹੀਆਂ ਅਤੇ ਸਰੋਤੇ ਉਨ੍ਹਾਂ ਨੂੰ ਕਬੂਲ ਕਰਦੇ ਰਹੇ। ਫੇਰ ਗੁਰਪਾਲ ਪੂਹਲਾ ਆਪਣੇ ਨਿੱਜੀ ਕਾਰੋਬਾਰ ਦੇ ਰੁਝੇਵਿਆਂ ਕਾਰਨ ਕੁੱਝ ਸਮਾਂ ਗਾਇਕੀ ਤੋਂ ਦੂਰ ਰਿਹਾ ਅਤੇ ਸਮੇਂ ਨੇ ਵੀ ਆਪਣੀ ਕਰਵਟ ਬਦਲਦਿਆਂ ਸਿੰਗਲ ਟਰੈਕ ਦੇ ਯੁੱਗ ਵਿੱਚ ਪ੍ਰਵੇਸ਼ ਕਰ ਲਿਆ। ਗੁਰਪਾਲ ਪੂਹਲਾ ਦੀ ਗਾਇਕੀ ਦੇ ਜਾਣੂ ਪ੍ਰੋਡਿਊਸਰ ਬਲਵਿੰਦਰ ਸਿੰਘ ਉੱਪਲ ਦੀ ਹੱਲਾਸ਼ੇਰੀ ਦੇ ਸਦਕਾ ਹੁਣ ਉਹ ਬੜੀ ਲੰਮੀ ਚੁੱਪ ਤੋਂ ਬਾਅਦ ਦੁਬਾਰਾ ਫੇਰ ਗਾਇਕੀ ਦੇ ਪਿੜ੍ਹ ਵਿੱਚ ਕੁੱਦ ਪਿਆ ਹੈ। ਹੁਣ ਉਸਦਾ ਸਿੰਗਲ ਟਰੈਕ ਗੀਤ ” ਸਰਪੰਚੀ ” ਉਸਦੀ ਗਾਇਕ ਸਾਥਣ ਰਾਜ ਗੁਲਜਾਰ ਨਾਲ ਮਾਰਕੀਟ ਵਿੱਚ ਆਇਆ ਹੈ , ਜਿਸਨੂੰ ਲਿਖਿਆ ਵੀ ਖੁਦ ਗੁਰਪਾਲ ਪੂਹਲਾ ਨੇ ਹੈ ਅਤੇ ਸੰਗੀਤਕ ਧੁੰਨਾਂ ਵਿੱਚ ਪਰੋਇਆ ਹੈ ਦਵਿੰਦਰ ਕੈਂਥ ਨੇ। ਇਸ ਗੀਤ ਨੂੰ ਨਾਮਵਰ ਕੰਪਨੀ ਜੋਬਨ ਕੂਇਨ ਰਿਕਾਰਡਜ਼ ਨੇ ਪੇਸ਼ ਕੀਤਾ ਹੈ ਅਤੇ ਇਸਦਾ ਪੇਸ਼ਕਾਰ ਹੈ ਪ੍ਰੋਡਿਊਸਰ ਬਲਵਿੰਦਰ ਸਿੰਘ ਉੱਪਲ । ਗਾਇਕ ਗੁਰਪਾਲ ਪੂਹਲਾ ਨੇ ਆਪਣੇ ਇਸ ਗੀਤ ਸਬੰਧੀ ਦੱਸਿਆ ਕਿ ਇਹਨੀਂ ਦਿਨੀਂ ਪੰਚਾਇਤੀ ਚੌਣਾਂ ਦੌਰਾਨ ਆਏ ਹੋਰਨਾਂ ਕਲਾਕਾਰਾਂ ਦੇ ਗੀਤਾਂ ਤੋਂ ਇਹ ਵੱਖਰਾ ਗੀਤ ਹੈ , ਜੋ ਪੈਸੇ ਦੇ ਦਬਦਬੇ ਤੇ ਲਈ ਸਰਪੰਚੀ ਤੇ ਇੱਕ ਵੱਖਰਾ ਤੱਦ ਕੱਸਦਾ ਹੈ। ਗਾਇਕ ਨੇ ਆਪਣੇ ਸਹਿਯੋਗੀਆਂ ਪ੍ਰਮਿੰਦਰ ਸਿੱਧੂ , ਹਰਵੀਰ ਸਿੱਧੂ ਤੇ ਡਾ. ਜਗਦੀਪ ਸਿੱਧੂ ਦਾ ਧੰਨਵਾਦ ਕੀਤਾ ਅਤੇ ਪ੍ਰੋਡਿਊਸਰ ਬਲਵਿੰਦਰ ਸਿੰਘ ਉੱਪਲ ਨੇ ਦਾਅਵਾ ਕੀਤਾ ਕਿ ਇਹ ਗੀਤ ਹੁਣ ਦੇ ਮਾਹੌਲ ਤੋਂ ਵੱਖਰਾ ਤੇ ਸੇਧ ਪੂਰਵਕ ਹੋਵੇਗਾ