ਕਲਮੀ ਸੱਥ

ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ

ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ
ਉਜਾਗਰ ਸਿੰਘ
ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ
ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ ਕਰਦੀਆਂ ਹੋਈਆਂ ਪਾਠਕਾਂ ਦੇ ਮਨਾਂ ਨੂੰ ਰੁਸ਼ਨਾ
ਜਾਂਦੀਆਂ ਹਨ। ਮਨ ਬਾਗੋ ਬਾਗ ਹੋ ਜਾਂਦਾ ਹੈ। ਗ਼ਜ਼ਲਾਂ ਪੜ੍ਹਦਿਆਂ ਪਾਠਕ ਵਿਸਮਾਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ। ਗੁਰਭਜਨ ਗਿੱਲ
ਦੀਆਂ ਗ਼ਜ਼ਲਾਂ ਇਨਸਾਨੀ ਮਨਾ ‘ਤੇ ਅਜਿਹਾ ਜਾਦੂਮਈ ਪ੍ਰਭਾਵ ਛੱਡਦੀਆਂ ਹਨ ਕਿ ਉਨ੍ਹਾਂ ਨੂੰ ਸਰਸ਼ਾਰ ਕਰ ਦਿੰਦੀਆਂ ਹਨ। ਗ਼ਜ਼ਲਾਂ
ਪਾਠਕਾਂ ਨੂੰ ਸਾਹਿਤਕ ਚਾਨਣ ਦੀਆਂ ਤਰੰਗਾਂ ਦੇ ਵਹਿਣ ਵਿੱਚ ਗੋਤੇ ਮਾਰਨ ਲਈ ਮਜ਼ਬੂਰ ਕਰ ਦਿੰਦੀਆਂ ਹਨ। ਗੁਰਭਜਨ ਗਿੱਲ ਪੰਜਾਬੀ
ਦਾ ਬਹੁ-ਪੱਖੀ, ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਸਰਬਾਂਗੀ ਸਾਹਿਤਕਾਰ ਹੈ। ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਰੁਬਾਈਆਂ
ਇਸ਼ਕ-ਮੁਸ਼ਕ ਦੇ ਰੁਮਾਂਸਵਾਦੀ ਦ੍ਰਿਸ਼ਟੀਕੋਣ ਤੋਂ ਕੋਹਾਂ ਦੂਰ ਹੁੰਦੀਆਂ ਹਨ। ਪ੍ਰੰਤੂ ਸਾਫ਼ ਸੁਥਰੀ ਮੁਹੱਬਤ ਦੀ ਅਜਿਹੀ ਬਾਤ ਪਾਉਂਦੀਆਂ ਹਨ,
ਜਿਹੜੀ ਪਾਠਕਾਂ ਨੂੰ ਸਮਾਜਿਕ ਸਥਿਤੀਆਂ ਨਾਲ ਨਿਪਟਣ ਲਈ ਪ੍ਰੇਰਤ ਕਰਦੀ ਹੈ। ਉਹ ਸਮਾਜਿਕ, ਕਲਾਤਮਿਕ, ਸੰਗੀਤਿਕ ਅਤੇ
ਸੁਹਜ ਸੁਆਦ ਦੀ ਪਿਉਂਦ ਵਾਲਾ ਸਾਹਿਤ ਰਚਦਾ ਹੈ, ਜਿਹੜਾ ਮਾਨਵਤਾ ਦੀ ਦੁਖਦੀ ਰਗ ‘ਤੇ ਹੱਥ ਧਰਦਾ ਹੋਇਆ ਗੁੱਝੇ ਤੀਰ ਮਾਰਕੇ
ਇਨਸਾਨੀ ਮਾਨਸਿਕਤਾ ਨੂੰ ਝੰਜੋੜਦਾ ਹੈ। ਆਮ ਤੌਰ ‘ਤੇ ਗ਼ਜ਼ਲ ਨੂੰ ਇਸਤਰੀ Çਲੰਗ ਕਿਹਾ ਜਾਂਦਾ ਹੈ ਕਿਉਂਕਿ ਹੁਣ ਤੱਕ ਗ਼ਜ਼ਲ
ਇਸਤਰੀ ਤੇ ਰੁਮਾਂਸਵਾਦ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਪ੍ਰੰਤੂ ਗੁਰਭਜਨ ਗਿੱਲ ਨੇ ਇਸ ਸੰਕਲਪ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ।
ਉਸ ਦੀਆਂ ਗ਼ਜ਼ਲਾਂ ਵਿੱਚ ਇਸ਼ਕ ਤੇ ਬ੍ਰਿਹਾ ਦਾ ਰੋਣਾ ਧੋਣਾ ਨਹੀਂ, ਜਿਵੇਂ ਆਮ ਤੌਰ ‘ਤੇ ਵੇਖਿਆ ਜਾਂਦਾ ਹੈ। ਉਸ ਨੇ ਗ਼ਜ਼ਲ ਨੂੰ ਲੋਕਾਈ ਦੇ
ਦਰਦ ਦਾ ਪ੍ਰਗਟਾਵਾ ਕਰਨ ਤੇ ਦਰਦ ਦੂਰ ਕਰਨ ਵਾਲੀ ਸਾਬਤ ਕਰ ਦਿੱਤਾ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ
ਪ੍ਰਤੀਨਿਧਤਾ ਕਰਦੀਆਂ ਹਨ। ਲੋਕਾਈ ਦੀ ਚੰਗਿਆਈ ਅਤੇ ਇਨਸਾਨੀਅਤ ਦੀ ਰਹਿਨੁਮਾਈ ਉਸ ਦੀਆਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਹੁੰਦਾ
ਹੈ। ਗ਼ਜ਼ਲਾਂ ਪ੍ਰਦੂਸ਼ਣ ਰਹਿਤ ਵਾਤਵਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ: ‘ਧਰਤ ਹਵਾ ਤੇ ਗੰਧਲੇ ਪਾਣੀ, ਇਸ ਤੋਂ ਵੱਧ ਧਰੋਹ ਨਾ ਹੋਵੇ’।
ਮਨੁੱਖੀ ਜੀਵਨ ਨੂੰ ਸੁਖਮਈ ਤੇ ਇਨਸਾਨੀਅਤ ਦੀ ਸਿਹਤ ਲਈ ਸਾਰਥਿਕ ਬਣਾਉਣ ਲਈ ਹਵਾ, ਪਾਣੀ ਅਤੇ ਰੁੱਖਾਂ ਦੀ ਅਤਿਅੰਤ ਜ਼ਰੂਰਤ
ਮਹਿਸੂਸ ਕਰਦਿਆਂ ਗ਼ਜ਼ਲਕਾਰ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਨ੍ਹਾਂ ਤਿੰਨਾ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਦਾ ਅਹਿਸਾਸ
ਕਰਵਾਇਆ ਹੈ। ਇਨ੍ਹਾਂ ਤਿੰਨਾ ਨੂੰ ਗੁਰਬਾਣੀ ਵਿੱਚ ਮਹੱਤਤਾ ਦਿੱਤੀ ਗਈ ਹੈ। ਰੁੱਖਾਂ ਦੀ ਕਟਾਈ ਸੰਬੰਧੀ ਦੋਹਰੇ ਮਾਪ ਦੰਡਾਂ ਬਾਰੇ ਲਿਖਦਾ
ਹੈ:
ਤੇਰੇ ਹੱਥ ਕੁਹਾੜਾ, ਆਰੀ, ਹੁਣ ਤਾਂ ਪੁਛਣਾ ਬਣਦਾ ਹੈ,
ਤੂੰ ਤਾਂ ਸਾਨੂੰ ਇਹ ਕਹਿੰਦਾ ਸੀ, ਲੜਨਾ ਹੈ, ਗੁਲਜ਼ਾਰ ਲਈ।

ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪੰਜਾਬੀ ਸਭਿਆਚਾਰ ਵਿੱਚੋਂ ਸ਼ਬਦਾਵਲੀ ਵਰਤਦਾ ਹੈ ਤਾਂ ਜੋ ਪੰਜਾਬੀ ਆਪਣੇ ਵਿਰਸੇ ਨਾਲ
ਜੁੜੇ ਰਹਿਣ। ਗ਼ਜ਼ਲਾਂ ਦਿਹਾਤੀ ਸਭਿਆਚਾਰ ਦੀ ਸਾਦਗੀ, ਸ਼ਹਿਰੀ ਸਭਿਆਚਾਰ ਦੀ ਚੁਸਤੀ-ਚਲਾਕੀ, ਪਿੰਡਾਂ ਦੀਆਂ ਬੋਹੜਾਂ/ਪਿਪਲਾਂ

ਦੀ ਛਾਂ ਹੇਠਲੀਆਂ ਸੱਥਾਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਵਰਣਨ ਕਰਦੀਆਂ ਹਨ। ਦੋ ਸ਼ਿਅਰ ਦਿਹਾਤੀ ਤੇ ਸ਼ਹਿਰੀ ਲੋਕਾਂ ਦੀ
ਸਥਿਤੀ ਦਾ ਪ੍ਰਗਟਾਵਾ ਕਰਦੇ ਹਨ:
ਸਾਡੇ ਪਿੰਡ ਦੇ ਚਿਹਰੇ ‘ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
ਪਿੰਡਾਂ ਪੱਲੇ ਕੁਝ ਨਹੀਂ ਬਚਿਆ, ਫਿਰ ਵੀ ਜੱਫੀਆਂ ਪਾਉਂਦੇ, ਗਾਉਂਦੇ,
ਖਾਂਦਾ ਪੀਂਦਾ ਨਿੱਘਰ ਚੱਲਿਆ, ਤੇਰਾ ਸ਼ਹਿਰ ਉਦਾਸ ਕਿਉਂ ਹੈ?

ਧਾਰਮਿਕ ਤੇ ਨਸਲੀ ਭੇਦਭਾਵ ਮਾਨਵਤਾ ਦੀ ਸਦਭਾਵਨਾ ਨੂੰ ਠੇਸ ਪਹੁੰਚਾਉਦੇ ਹਨ, ਗੁਰਭਜਨ ਗਿੱਲ ਨੇ ਲੋਕਾਂ ਨੂੰ ਆਪਣੀਆਂ ਗ਼ਜ਼ਲਾਂ
ਰਾਹੀਂ ਕੱਟੜਤਾ ਤੋਂ ਲੋਕਾਈ ਨੂੰ ਪ੍ਰਹੇਜ਼ ਕਰਨ ਦੀ ਨਸੀਅਤ ਦਿੱਤੀ ਹੈ। ਸੰਕੀਰਣ ਸੋਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਠੇਸ
ਪਹੁੰਚਾਉਂਦੀ ਹੈ। ਉਸ ਦੀਆਂ ਗ਼ਜ਼ਲਾਂ ਸੰਕੀਰਣ ਸੋਚ ਤੋਂ ਖਹਿੜਾ ਛੁਡਾਉਣ ਦੀ ਗਵਾਹੀ ਭਰਦੀਆਂ ਹਨ। ਵਹਿਮਾ-ਭਰਮਾ, ਪਖੰਡਾਂ,
ਅਡੰਬਰਾਂ, ਧੋਖ਼ੇ-ਫ਼ਰੇਬਾਂ, ਚੁਸਤੀਆਂ-ਚਲਾਕੀਆਂ ਅਤੇ ਵਿਸ਼ਵਾਸਘਾਤਾਂ ਨੂੰ ਆੜੇ ਹੱਥੀਂ ਲੈਂਦੀਆਂ ਹੋਈਆਂ ਇਨ੍ਹਾਂ ਦੇ ਵਿਰੁੱਧ ਲਾਮਬੰਦ ਹੋਣ
ਦੀ ਸਲਾਹ ਦਿੰਦੀਆਂ ਹਨ। ਧਰਮ ਦੀ ਥਾਂ ਧਾਰਮਿਕ ਪੁਜ਼ਾਰੀਆਂ ਨੇ ਸਾਂਭ ਲਈ ਹੈ, ਪੁਜ਼ਾਰੀ ਧਰਮ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਦੀ ਥਾਂ
ਆਪਣੇ ਨਿੱਜੀ ਹਿੱਤਾਂ ਦੀ ਗੱਲ ਕਰਦੇ ਹਨ। ਧਰਮ ਵਿੱਚ ਪੁਜ਼ਾਰੀਵਾਦ ਭਾਰੂ ਹੋ ਗਿਆ ਹੈ, ਜਦੋਂ ਕਿ ਧਰਮ ਮੁੱਖ ਹੋਣਾ ਚਾਹੀਦਾ ਹੈ।
ਗ਼ਜ਼ਲਕਾਰ ਦੀਆਂ ਗ਼ਜ਼ਲਾਂ ਅਜਿਹੀਆਂ ਕੁਰੀਤੀਆਂ ਦਾ ਡੱਟ ਕੇ ਵਿਰੋਧ ਕਰਦੀਆਂ ਹਨ। ਸਰਕਾਰਾਂ ਅਤੇ ਦਰਬਾਰਾਂ ਦੀਆਂ
ਕਾਰਗੁਜ਼ਾਰੀਆਂ ‘ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਸਿਆਸਤਦਾਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਭਰਿਸ਼ਟਾਚਾਰ ਵਰਗੀਆਂ
ਅਲਾਮਤਾਂ ਨੂੰ ਬੜਾਵਾ ਦੇ ਰਹੇ ਹਨ। ਲੋਕ ਭਲਾਈ ਦੀ ਥਾਂ ਵੋਟਾਂ ਵਟੋਰਨਾ ਸਿਆਸਤਦਾਨਾ ਦਾ ਮੁੱਖ ਕੰਮ ਬਣ ਗਿਆ। ਇਸ ਸੰਬੰਧੀ ਕੁਝ
ਸ਼ਿਅਰ ਇਸ ਪ੍ਰਕਾਰ ਹਨ:
ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਵਿੱਚ ਤਵਾਇਫ਼ ਜਹੀ,
ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ।
ਸੁਣੋ ਸਿਆਸਤਦਾਨਾਂ ਨੂੰ ਤਾਂ ਇੰਜ ਕਿਉਂ ਲੱਗਦਾ ਰਹਿੰਦਾ ਹੈ,
ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ।
ਇਹ ਦਰਬਾਰੀ, ਅਖ਼ਬਾਰੀ ਜੋ, ਭਰਮਾ ਦਾ ਜਾਲ ਵਿਛਾਉਂਦੇ ਨੇ,
ਇਨ੍ਹਾਂ ਤੋਂ ਮੁਕਤੀ ਸੌਖੀ ਨਹੀਂ, ਕਦ ਤੀਕ ਭੁਲੇਖੇ ਖਾਉਗੇ।
ਆਈਆਂ ਚੋਣਾਂ, ਘਰ ਘਰ ਰੋਣਾ, ਫਿਰ ਧੜਿਆਂ ਵਿੱਚ ਵੰਡਣਗੇ,

ਬੱਕਰੇ ਦੀ ਮਾਂ ਕਿੰਜ ਉਡੀਕੇ, ਦੱਸੋ ਜੀ, ਬਕਰੀਦਾਂ ਨੂੰ।

ਹੁਣ ਤੱਕ ਗੁਰਭਜਨ ਗਿੱਲ ਨੇ 35 ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਇਸ ਤੋਂ
ਇਲਾਵਾ ਉਸਦਾ ਇੱਕ ਕਾਵਿ ਸੰਗ੍ਰਹਿ ਅਤੇ 4 ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ 1973 ਤੋਂ 2023 ਤੱਕ
ਕੀਤੀ ਗ਼ਜ਼ਲ ਸਿਰਜਣਾ ਦੇ 8 ਗ੍ਰੰਥ ਸੰਗ੍ਰਹਿਾਂ ਦੀਆਂ ਗ਼ਜ਼ਲਾਂ ‘ਅੱਖਰ ਅੱਖਰ’ ਦੇ ਰੂਪ ਵਿੱਚ ਇਕ ਸੰਗਠਤ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ
ਹੋਇਆ ਹੈ, ਜਿਹੜਾ ਗੁਰਭਜਨ ਗਿੱਲ ਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਕਰਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 900 ਗ਼ਜ਼ਲਾਂ ਪ੍ਰਕਾਸ਼ਤ
ਕੀਤੀਆਂ ਗਈਆਂ ਹਨ। ਸਾਰੀਆਂ ਗ਼ਜ਼ਲਾਂ ਨੂੰ ਇੱਕ ਥਾਂ ਇਕੱਠਾ ਕਰਕੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਕਰਵਾਉਣਾ ਭਵਿਖ ਵਿੱਚ ਸਾਹਿਤਕ
ਖੋਜੀਆਂ ਲਈ ਲਾਹੇਬੰਦ ਸਾਬਤ ਹੋਵੇਗਾ। ਇਸ ਸੰਗ੍ਰਹਿ ਦੀ ਹਰ ਗ਼ਜ਼ਲ ਇੱਕ ਨਵੀਂ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀ ਹੈ। ਗ਼ਜ਼ਲ
ਦਾ ਹਰ ਸ਼ਿਅਰ ਸਮਾਜਿਕ ਸਰੋਕਾਰਾਂ ਦੀ ਤਰਜਮਾਨੀ ਕਰਦਾ ਹੈ। ਇਸ ਦੇ ਨਾਲ ਹੀ ਉਸ ਦੀਆਂ ਗ਼ਜ਼ਲਾਂ ਦੀ ਕਮਾਲ ਇਸ ਗੱਲ ਵਿੱਚ ਵੀ
ਹੈ ਕਿ ਉਹ ਗ਼ਜ਼ਲ ਦੇ ਮਾਪ ਦੰਡਾਂ ‘ਤੇ ਪੂਰੀਆਂ ਉਤਰਦੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਕੋਈ ਅਜਿਹਾ ਵਿਸ਼ਾ ਨਹੀਂ ਹੈ, ਜਿਸ ਬਾਰੇ
ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਉਸ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਗ਼ਜ਼ਲਾਂ ਵਿੱਚੋਂ ਸੰਗੀਤਕ ਸੁਰ ਦੀਆਂ ਰਿਸ਼ਮਾ ਦੀ ਮਿੱਠੀ-ਮਿੱਠੀ
ਤੇ ਨਿੰਮੀ-ਨਿੰਮੀ ਮਧੁਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਾਜਿਕ ਤਾਣੇ-ਬਾਣੇ ਵਿੱਚ ਵਾਪਰ ਰਹੀਆਂ ਸਮਾਜਿਕ,
ਆਰਥਿਕ ਅਤੇ ਸਭਿਆਚਾਰਿਕ ਸੁਖਾਵੀਆਂ ਤੇ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਭਾਵਾਂ ਬਾਰੇ ਪ੍ਰੇਰਨਾਦਾਇਕ ਜਾਣਕਾਰੀ ਦਿੰਦੀਆਂ ਹਨ। ਜੇ
ਇਹ ਕਹਿ ਲਿਆ ਜਾਵੇ ਕਿ ਇਸ ਗ਼ਜ਼ਲ ਸੰਗ੍ਰਹਿ ਰਾਹੀਂ ਗੁਰਭਜਨ ਗਿੱਲ ਨੇ ਪੰਜਾਬੀ ਦਿਹਾਤੀ ਸਭਿਅਚਾਰ ਨੂੰ ਸੰਭਾਲਕੇ ਵੱਡਾ ਉਦਮ
ਕੀਤਾ ਹੈ ਤਾਂ ਜੋ ਪੰਜਾਬੀ ਆਪਣੀ ਵਿਰਾਸਤ ਨਾਲ ਬਾਵਾਸਤਾ ਰਹਿ ਸਕਣ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਗ਼ਜ਼ਲਾਂ ਸਮਾਜਿਕ
ਵਿਸੰਗਤੀਆਂ ‘ਤੇ ਸਿੱਧੇ ਅਤੇ ਅਸਿੱਧੇ ਤੁਣਕੇ ਮਾਰਦੀਆਂ ਹਨ। ਬਹੁਤੀਆਂ ਗ਼ਜ਼ਲਾਂ ਬਹੁ-ਅਰਥੀ ਸਿੰਬਾਲਿਕ ਹਨ, ਪੜ੍ਹਨ ਤੇ ਸੁਣਨ
ਵਾਲਿਆਂ ਦੀ ਸਮਝ ‘ਤੇ ਨਿਰਭਰ ਕਰਦਾ ਹੈ ਕਿ ਉਹ ਗ਼ਜ਼ਲਕਾਰ ਦੀਆਂ ਰਮਜ਼ਾਂ ਦੀ ਪਛਾਣ ਕਰਦੇ ਹਨ ਕਿ ਨਹੀਂ, ਵੈਸੇ ਗ਼ਜ਼ਲਾਂ ਦੀ
ਭਾਸ਼ਾ ਸਰਲ ਹੈ। ਮਝੈਲ ਹੋਣ ਦੇ ਬਾਵਜੂਦ ਗੁਰਭਜਨ ਗਿੱਲ ਨੇ ਇਹ ਗ਼ਜ਼ਲਾਂ ਸਾਧਾਰਨ ਲੋਕਾਂ ਦੀ ਆਮ ਬੋਲ ਚਾਲ ਵਾਲੀ ਠੇਠ ਸਰਲ
ਭਾਸ਼ਾ ਵਿੱਚ ਲਿਖੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿੱਚੋਂ ਵਿਦਵਾਨੀ ਦੀ ਥਾਂ ਗਿਆਨਵਾਨ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲਾਂ ਦੇ ਸ਼ਿਅਰਾਂ ਵਿੱਚੋਂ
ਆ ਰਹੀ ਸਾਹਿਤਕ ਸੁਗੰਧ ਪਾਠਕਾਂ ਨੂੰ ਮੰਤਰ ਮੁਗਧ ਕਰਦੀ ਹੈ। ਇਸ ਦੇ ਨਾਲ ਹੀ ਇਨਸਾਨੀਅਤ ਦੀਆਂ ਕਰੂਰ ਹਰਕਤਾਂ ਦਾ ਚਿੱਟਾ
ਚਿੱਠਾ ਵੀ ਖੋਲ੍ਹਦੀਆਂ ਹਨ। ਗੁਰਭਜਨ ਗਿੱਲ ਦੇ ਬੇਬਾਕੀ ਨਾਲ ਲਿਖੇ ਸ਼ਿਅਰ ਸਰਕਾਰੇ ਦਰਬਾਰੇ ਅਤੇ ਸਮਾਜ ਵਿੱਚ ਘੁਸਰ-ਮੁਸਰ ਜ਼ਰੂਰ
ਪੈਦਾ ਕਰਕੇ ਆਪੋ ਆਪਣੇ ਫ਼ਰਜ਼ ਨਿਭਾਉਣ ਦੀ ਤਾਕੀਦ ਕਰਦੇ ਹਨ। ਸਮਾਜ ਵਿੱਚ ਜਿਹੜੀਆਂ ਅਲਾਮਤਾਂ ਸਮਾਜਿਕ ਤੇ ਆਰਥਿਕ
ਤਾਣੇ-ਬਾਣੇ ਨੂੰ ਪੁਲੀਤ ਕਰਦੀਆਂ ਹਨ, ਉਨ੍ਹਾਂ ਬਾਰੇ ਗ਼ਜ਼ਲਕਾਰ ਨੇ ਸਮਾਜ ਨੂੰ ਜਾਗ੍ਰਤਿ ਹੋ ਕੇ ਹੰਭਲਾ ਮਾਰਨ ਦੀ ਤਾਕੀਦ ਕੀਤੀ ਹੈ। ਇਹ
ਗ਼ਜ਼ਲਾਂ ਹੋਸ਼ ਨਾਲ ਜੋਸ਼ ਦੀ ਵਰਤੋਂ ਕਰਨ ਲਈ ਵੀ ਪ੍ਰੇਰਦੀਆਂ ਹਨ। ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਦਾ ਹੈ
ਕਿ ਜੇਕਰ ਸਮਾਜ ਇਕਮੁੱਠ ਨਾ ਹੋਇਆ ਤੇ ਅਵੇਸਲਾ ਰਿਹਾ ਤਾਂ ਅਜਿਹਾ ਸਮਾਂ ਆਵੇਗਾ ਕਿ ਇਨਸਾਨੀਅਤ ਬੁਰੀ ਤਰ੍ਹਾਂ ਪ੍ਰਭਾਵਤ ਹੋ
ਜਾਵੇਗੀ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਜਦੋਜਹਿਦ ਕਰਨੀ ਕੋਈ ਗ਼ਲਤ ਗੱਲ ਨਹੀਂ। ਉਹ ਲੋਕਾਈ ਨੂੰ ਏਕਤਾ ਦਾ ਸਬੂਤ
ਦਿੰਦਿਆਂ ਇਕਮੁੱਠ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਨਸਾਨੀਅਤ ਦੇ ਸਮਾਜਿਕ ਵਿਵਹਾਰ ਬਾਰੇ ਗ਼ਜ਼ਲਕਾਰ ਕਟਾਖ਼ਸ਼ ਕਰਦਾ ‘ਜਗ ਰਹੇ
ਜੁਗਨੂੰ’ ਗ਼ਜ਼ਲ ਵਿੱਚ ਉਹ ਲਿਖਦਾ ਹੈ: ‘ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ, ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ’। ਭਾਵ ਇਨਸਾਨ
ਭਾਵਨਾਵਾਂ ਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਗਿਆ ਹੈ। ਇਨਸਾਨਾ ਦੇ ਦੋਹਰੇ ਕਿਰਦਾਰ ਬਾਰੇ ਲਿਖਦਾ ਹੈ ‘ਤਨ ‘ਤੇ ਨਿੱਘਾ ਕੋਟ ਸਵੈਟਰ, ਮਨ ਦੇ ਪਾਲ਼ੇ ਕਰਕੇ ਠਰੀਏ’। ਮਨੁੱਖ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਗ਼ਜ਼ਲਕਾਰ ਲਈ ਪੰਜਾਬੀਆਂ ਦਾ
ਵੱਡੀ ਗਿਣਤੀ ਵਿੱਚ ਪਰਵਾਸ ਵਿੱਚ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ:
ਪਰਦੇਸਾਂ ਵਿਚ ਬਣੇ ਸਹਾਰਾ ਕੱਲਿ੍ਹਆਂ ਦਾ, ਸਾਂਭੇ ਦਿਲ ਦੀ ਲਾਟ ਡੋਲਦੀ ਮਾਂ।
ਦੂਰ ਦੇਸ ਪਰਦੇਸ ਗੁਆਚੇ ਬੱਚਿਆਂ ਨੂੰ, ਫਿਰਦੀ ਦਿਨ ਤੇ ਰਾਤ ਟੋਲਦੀ ਮਾਂ।
ਸੱਤ ਸਮੁੰਦਰ ਪਾਰ ਤੂੰ ਬੈਠੀ, ਆਪੇ ਫਾਥੜੀਏ,
ਆਪ ਸਹੇੜਿਆ ਜਾਲ ਮਕੜੀਏ, ਇਹ ਬਨਵਾਸ ਨਹੀਂ।
ਬਿਰਧ ਘਰਾਂ ਵਿੱਚ ਰੁਲਦੇ ਹੌਕੇ, ਲੋਰੀ ਦੇਵਣਹਾਰੀ ਡੁਸਕੇ,
ਸੱਚ ਕਹੀਏ ਤਾਂ, ਇਸ ਤੋਂ ਵੱਧ ਕੇ ਮਮਤਾ ਦਾ ਅਪਮਾਨ ਨਹੀਂ।

ਸਮਾਜ ਵਿੱਚ ਫ਼ੈਲੇ ਭਰਿਸ਼ਟਾਚਾਰ ਦੀ ਚਿੰਤਾ ਇਸ ਸ਼ਿਅਰ ਵਿੱਚੋਂ ਸ਼ਪਸ਼ਟ ਵਿਖਾਈ ਦਿੰਦੀ ਹੈ:
ਕੀਹਦੇ ਕੋਲ ਸ਼ਿਕਾਇਤ ਕਰਾਂ ਤੇ ਰੋਵਾਂ ਕਿੱਥੇ ਜਾ ਕੇ,
ਹਰ ਕੁਰਸੀ ਦੀ ਨਾਲ ਲੁਟੇਰੇ, ਹਰ ਥਾਂ ਹਿੱਸਾ-ਪੱਤੀ।

472 ਪੰਨਿਆਂ, 1000 ਭਾਰਤੀ ਰੁਪਏ, 20 ਅਮਰੀਕੀ ਡਾਲਰ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ
ਲੁਧਿਆਣਾ ਨੇ ਰਘਬੀਰ ਸਿੰਘ ਹਿਊਸਟਨ ਅਮਰੀਕਾ ਰਾਹੀਂ ਪ੍ਰਕਾਸ਼ਤ ਕੀਤਾ ਹੈ।

ਉਜਾਗਰ ਸਿੰਘ

ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
[email protected]

Show More

Related Articles

Leave a Reply

Your email address will not be published. Required fields are marked *

Back to top button
Translate »