ਗੁਰੂ ਨਾਨਕ ਤੇਰੀ ਬਾਣੀ ….
ਸਦਾ ਜੀਣਾ ਸਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ।
ਮਿਟਾਂਦੀ ਏ ਬਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਭੁਲਾ ਕੇ ਵਿਤਕਰੇ ਨਸਲਾਂ ,ਇਲਾਕੇ,ਰੰਗ ਜਾਤਾਂ ਦੇ,
ਗਲ਼ੇ ਸਭ ਤਾਈਂ ਲਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਦੇ ਬਲਿਹਾਰ ਕੁਦਰਤ ਤੋਂ,ਕਦੇ ਕਾਦਰ ਤੋਂ ਜਾ ਵਾਰੀ,
ਅਗੰਮੀ-ਧੁਨ ਸੁਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਜ਼ੁਲਮ ਹੁੰਦਾ ਨਜ਼ਰ ਆਵੇ,ਤਦੇ ਜ਼ਾਲਮ ਦੇ ਹੋ ਸਾਹਵੇਂ,
ਦਿਨੇ ਤਾਰੇ ਦਿਖਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਲੁਟਾ ਕੇ ਹੱਕ ਜੋ ਬੈਠੇ, ਬਣੇ ਹਨ ਲਾਸ਼ ਜੋ ਜਿੰਦਾ,
ਉਨ੍ਹਾਂ ਵਿਚ ਜਿੰਦ ਪਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਸ਼ਬਦ ਸੰਗੀਤ ਵਿੱਚ ਘੁਲ਼ ਕੇ, ਚੁਪਾਸੀਂ ਨੂਰ ਫੈਲਾਵੇ,
ਦਿਲੇ-ਤਰਬਾਂ ਜਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਵਪਾਰੀਂ ਬਣ ਜੁੜੇ ਬਿਰਤੀ,ਕਿਤੇ ਮਾਲਕ ਦੀ ਯਾਦ ਅੰਦਰ,
ਕਹਿ ਤੇਰਾ ਸਭ ਲੁਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਹਲੂਣੇ ਭਾਗ “ਭਾਗੋ” ਦੇ, ਤੇ “ਲਾਲੋ “ਲਾਲ ਹੋ ਜਾਵੇ,
ਕਿਰਤ ਤਾਈਂ ਸਲਾਂਹਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੇ ਜੋ ਸਿੱਧ ਵੀ ਸਿੱਧੇ, ਚਲਾ ਕੇ ਸ਼ਬਦ ਦਾ ਜਾਦੂ,
ਭਰਮ ਪਰਦੇ ਹਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਵਲੀ ਦੇ ਵਲ ਕਰੇ ਸਿੱਧੇ, ਜੁ ਬੈਠਾ ਹਉ ਦੇ ਪਰਬਤ ਤੇ,
ਸਿਖਰ ਤੋਂ ਧੂਹ ਲਿਆਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਗਵਾ ਕੇ ਰਾਖਸ਼ੀ ਬਿਰਤੀ, ਘਟਾ ਕੇ ਅਗਨ ਅੰਦਰ ਦੀ,
ਕਿ ਨੈਂ ਠੰਢੀ ਚਲਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਇਹਦੇ ਜੋ ਤੀਰ ਅਣੀਆਲੇ, ਭੁਲਾਂਦੇ ‘ਠੱਗ’ ਦੀ ਠੱਗੀ,
ਬਣਾ ‘ਸੱਜਣ’ ਦਿਖਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਇਹ ਆਵੇ ਖਸਮ ਦੇ ਦਰ ਤੋਂ, ਜਾ ਧੁਨ ਸੰਗੀਤ ਦੀ ਛਿੜਦੀ.
ਪਈ “ਵਾਹ ਵਾਹ” ਹੀ ਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਨਵੇਂ ਰਾਹਾਂ ਨੂੰ ਰੁਸ਼ਨਾਵੇ, ਉਠਾਵੇ ਡਿੱਗਿਆਂ ਤਾਈਂ,
ਇਹ ਸੁੱਤਿਆਂ ਨੂੰ ਜਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਨਾ ਖੁਦ ਡਰਨਾ ਕਿਸੇ ਕੋਲੋਂ, ਡਰਾਣਾ ਨਾ ਕਿਸੇ ਤਾਈਂ,
ਸੁਰਤਿ ਉੱਚਾ ਉਠਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੇ ਤਕੜਾ ਪਈ ਮਨ ਨੂੰ, ਨਵਾਂ ਇਕ ਜੋਸ਼ ਵੀ ਦੇਵੇ,
ਕਸ਼ਟ ਸਭ ਹੀ ਮਿਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਜੋ ਰੂਹ ਇਹਦੇ ਚ’ ਭਿੱਜ ਜਾਵੇ,ਸਦਾ ਵਿਸਮਾਦ ਵਿਚ ਆਵੇ
ਖੁਦਾ, ਖੁਦ ਤੋਂ ਬਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੀਂ ਬਖ਼ਸ਼ਿਸ਼ ਮੇਰੇ ਸਾਈਂ, ਮੇਰੇ ਰੋਮਾਂ ਚ’ ਵਸ ਜਾਵੇ,
“ਰੁਪਾਲ” ਇਹ ਖਿੱਚ ਪਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।