ਗੁਰੂ ਨਾਨਕ ਦੇਵ ਜੀ ਦਾ ਵਿਗਿਆਨਕ ਦ੍ਰਿਸ਼ਟੀਕੋਣ

ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਨਿਰਭਉ, ਨਿਰਵੈਰ ਅਤੇ ਸਰਬ—ਵਿਆਪਕ ਕਰਤਾ ਹੈ । ਇਸ ਹਿਸਾਬ ਨਾਲ ਉਸਦੇ ਸੰਸਾਰੀ ਜੀਵ ਵੀ ਸਾਰੇ ਨਿਰਵੈਰ ਅਤੇ ਸਿਰਜਕ ਸੋਚ ਵਾਲੇ ਹੀ ਹੋਣੇ ਚਾਹੀਦੇ ਹਨ । ਉਸ ਪ੍ਰਮਾਤਮਾ ਦੇ ਹੁਕਮ ਤੋਂ ਪਹਿਲਾਂ ਬ੍ਰਹਿਮੰਡ ਸੁੰਨ ਅਵਸਥਾ ਵਿੱਚ ਇੱਕ ਗੋਲੇ ਦੇ ਰੂਪ ਵਿੱਚ ਸੀ । ਉਦੋਂ ਨਾ ਧਰਤੀ, ਸੂਰਜ, ਚੰਦਰਮਾ ਅਤੇ ਤਾਰੇ ਸਨ । ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਵਿੱਚ ਵਿਗਿਆਨਕ ਤੱਤਾਂ ਦੀ ਬਹੁਤ ਭਰਮਾਰ ਹੈ । ਆਪ ਜਦੋਂ ਬ੍ਰਹਿਮੰਡ ਸੁੰਨ ਤੇ ਗੋਲੇ ਦੇ ਰੂਪ ਵਿੱਚ ਸੀ, ਉਸ ਬਾਰੇ ਫਰਮਾਉਂਦੇ ਹਨ :
ਅਰਬਦ ਨਰਬਦ ਧੁੰਧੂਕਾਰਾ ॥
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ ॥ ੧॥ ਅੰਗ 1035
ਇਸ ਸਭ ਵਰਤਾਰੇ ਦਾ ਗਿਆਨ ਵਿਗਿਆਨ ਨੂੰ ਹੁਣ ਹੋਇਆ ਹੈ । ਗੁਰੂ ਜੀ ਨੇ ਬਾਣੀ ਰਾਹੀਂ ਸਭ ਕੁਝ ਆਪਣੇ ਸਮੇਂ ਵਿੱਚ ਦੱਸ ਦਿੱਤਾ ਸੀ ਜਿਸਨੂੰ ਤਾਰਾ ਵਿਗਿਆਨ ਹੁਣ ਸਿੱਧ ਕਰਦੇ ਹਨ । ਆਪਣੀ ਬਾਣੀ ਜਪੁਜੀ ਸਾਹਿਬ ਵਿੱਚ ਫਰਮਾਉਂਦੇ ਹਨ :
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਅੰਗ 05
ਗੁਰੂ ਜੀ ਦੀ ਦਿਬ—ਦ੍ਰਿਸ਼ਟੀ ਅਨੁਸਾਰ ਅਣਗਿਣਤ ਅਕਾਸ਼ ਧਰਤੀਆਂ ਆਦਿ ਹਨ ਪਰ ਮਨੁੱਖ ਦੀ ਗਿਣਤੀ ਇਸ ਸਭ ਨੂੰ ਪ੍ਰਗਟਾਉਣ ਲਈ ਅਸਮਰੱਥ ਹੈ । ਆਪ ਜੀ ਦਾ ਇਸ਼ਾਰਾ ਇੱਕ ਪ੍ਰਮਾਤਮਾ ਵੱਲ ਹੈ ਜੋ ਇੱਕ ਹੈ । ੴ ਅਤੇ ਉਅੰਕਾਰ ਸ਼ਬਦ ਵੀ ਏਕੇ ਦੀ ਵਰਤੋਂ ਕਰਨ ਅਤੇ ਏਕੇ ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਹਨ । ਉਹ ਨਿਰੰਕਾਰ, ਨਿਰਵੈਰ, ਨਿਰਭਉ ਕਿਸੇ ਡਰ ਅਤੇ ਦਵੈਤ ਦਾ ਮੁਹਤਾਜ ਨਹੀਂ । ਆਪ ਫਰਮਾਉਂਦੇ ਹਨ :
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੇ ਚਾਨਣਿ ਸਭ ਮਹਿ ਚਾਨੁਣ ਹੋਇ ॥ ਅੰਗ 13
ਭਾਵ ਪ੍ਰਮਾਤਮਾ ਦੀ ਜੋਤ ਹਰ ਜੀਵ ਵਿੱਚ ਹੈ ਜਿਸ ਤੋਂ ਵਿਵੇਕ ਅਤੇ ਸ਼ੁਭ ਅਮਲਾਂ ਦੀ ਰੋਜ਼ ਦੀ ਜ਼ਿੰਦਗੀ ਵਿੱਚ ਵਰਤੋਂ ਨਾਲ ਗਿਆਨ ਅਤੇ ਉੱਚੀ ਸੋਚ ਦਾ ਚਾਨਣ ਹੁੰਦਾ ਹੈ ।
ਆਪ ਜੀ ਦਾ ਜਨਮ 1469 ਈ: ਵਿੱਚ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਹੋਇਆ । ਆਪ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਪਾਂਧੇ ਕੋਲ ਪੜ੍ਹਨ ਭੇਜਿਆ । ਆਪ ਨੇ ਓਮ ਸ਼ਬਦ ਸਿੱਖਦਿਆਂ ਉਸਦੇ ਅਰਥ ਡੂੰਘਾਈ ਵਿੱਚ ਜਾਨਣੇ ਚਾਹੇ ਜਿਹੜਾ ਸਾਨੂੰ ਇੱਕ ਸੁਨੇਹਾ ਹੈ ਕਿ ਅਧਿਆਪਕਾਂ ਵੱਲੋਂ ਪੜ੍ਹਾਉਣ ਦੇ ਕਾਰਜ ਵਿੱਚ ਚੇਤੰਨ ਰਹਿ ਕੇ ਪੜ੍ਹਾਇਆ ਜਾਵੇ ਕੇਵਲ ਰੱਟਾ ਨਾ ਹੋਵੇ ਤਾਂ ਕਿ ਵਿਦਿਆਰਥੀ ਆਪਣੇ ਮੰਤਵ ਤੋਂ ਭਟਕ ਨਾ ਜਾਣ ।
ਜਦੋਂ ਆਪ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਰਹਿਣ ਆ ਗਏ ਤਾਂ ਭਣਵੱਈਏ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਨੌਕਰੀ ਦਿਵਾਈ । ਆਪ ਪ੍ਰਮਾਤਮਾ ਦੀ ਯਾਦ ਵਿੱਚ ਰਹਿ ਕੇ ਤੇਰਾ ਤੇਰਾ ਕਹਿੰਦੇ ਸੌਦੇ ਤੋਲਦੇ ਰਹੇ । ਆਪ ਨੇ ਨਿਰਛੱਲ ਚਿਹਰੇ ਨੂੰ ਦੇਖਦਿਆਂ ਨਵਾਬ ਨੇ ਕਿਹਾ—ਇਹ ਕੰਮ ਕਿਵੇਂ ਨਿਭਾਉਣਗੇ ? ਗੁਰੂ ਜੀ ਨੇ ਕਿਹਾ— ਸਭ ਕੰਮ ਪ੍ਰਮਾਤਮਾ ਦੇ ਹਨ, ਉਹੋ ਹੀ ਆਦਮੀ ਦਾ ਉੱਦਮ ਸਫ਼ਲ ਕਰਨ ਵਾਲਾ ਹੈ । ਆਪ ਦੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਐਸੀ ਪਿਰਤ ਪਈ ਕਿ ਸਾਰੇ ਕੰਮ ਸਮੇਂ ਸਿਰ ਹੋਣ ਲੱਗੇ । ਆਪ ਨੇ ਸੰਸਾਰਿਕ ਜੀਵਾਂ ਨੂੰ ਮਾਨਵਤਾ ਅਹਿਸਾਸ ਕਰਵਾਉਣ ਤੇ ਵਹਿਮਾਂ—ਭਰਮਾਂ, ਜਾਤ—ਪਾਤ ਦੀਆਂ ਦੁਬਿਤਾਵਾਂ ਵਿੱਚੋਂ ਕੱਢਣ ਲਈ ਚਾਰ ਉਦਾਸੀਆਂ ਕੀਤੀਆਂ । ਖੁਦ ਤੁਰ ਕੇ ਹਰ ਇਲਾਕੇ ਵਿੱਚੋਂ ਲੰਘਦਿਆਂ ਮਾਨਵਤਾ ਅਤੇ ਸੱਚ ਨੂੰ ਹਰ ਮਨੁੱਖ ਵੱਲੋਂ ਅਪਨਾਉਣ ਲਈ ਨਿਵੇਕਲੇ ਢੰਗ ਨਾਲ ਸੰਗਤਾਂ ਨੂੰ ਜੋੜਿਆ ਵੀ ਅਤੇ ਜਗਾਇਆ ।
ਜਦੋਂ ਆਪ ਜਗਨਨਾਥ ਪੁਰੀ ਗਏ ਤਾਂ ਉਸ ਸਮੇਂ ਮੰਦਰ ਵਿੱਚ ਹਵਨ ਸਮੱਗਰੀ ਨਾਲ ਆਰਤੀ ਹੋ ਰਹੀ ਸੀ । ਆਪ ਭਾਈ ਮਰਦਾਨੇ ਹੁਣਾਂ ਨਾਲ ਖੁੱਲ੍ਹੇ ਆਕਾਸ਼ ਵਿੱਚ ਬੈਠ ਗਏ ਅਤੇ ਪ੍ਰਮਾਤਮਾ ਦੀ ਹਰ ਵੇਲੇ ਕੁਦਰਤੀ ਹੋ ਰਹੀ ਆਰਤੀ ਦਾ ਸ਼ਬਦ ਉਚਾਰਦੇ ਹਨ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਿਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੁਲੰਤ ਜੋਤੀ ॥ 1॥ ਅੰਗ 13
ਕਿ ਪ੍ਰਮਾਤਮਾ ਦੀ ਹਰ ਵੇਲੇ ਹੋ ਰਹੀ ਆਰਤੀ ਵਿੱਚ ਗਗਨ ਥਾਲ ਅਤੇ ਉਸ ਵਿੱਚ ਚੰਦ ਅਤੇ ਸੂਰਜ ਦੋ ਦੀਪਕ ਅਤੇ ਤਾਰੇ ਮੋਤੀਆਂ ਦੀ ਲੜੀ ਸਮਾਨ ਹਨ। ਧੂਫਬੱਤੀ ਦੀ ਥਾਂ ਹਵਾ ਹਰ ਵੇਲੇ ਵੰਨ—ਸੁਵੰਨੀ ਬਨਸਪਤੀ ਦੀ ਮਹਿਕ ਖਿਲਾਰ ਰਹੀ ਹੈ । ਹੇ ਪ੍ਰਮਾਤਮਾ ਤੇਰੀ ਹਰ ਵੇਲੇ ਹੋ ਰਹੀ ਆਰਤੀ ਸਾਨੂੰ ਕੁਦਰਤੀ ਨਿਆਮਤਾਂ ਦੀ ਸੰਭਾਲ ਲਈ ਵੀ ਚੇਤੰਨ ਕਰਦੀ ਹੈ ।
ਗੁਰੂ ਜੀ ਨੇ ਨਵੇਂ ਸਮਾਜ ਦੀ ਸਿਰਜਨਾ ਕਰਦਿਆਂ ਮਨੁੱਖੀ ਅਧਿਕਾਰਾਂ ਅਤੇ ਹੱਕਾਂ ਦੀ ਨੀਂਹ ਬਰਾਬਰਤਾ ਅਤੇ ਇਕਸਾਰਤਾ ਉੱਪਰ ਰੱਖੀ । ਕਿਰਤ ਦੀ ਸੁੱਚਤਾ ਦਰਸਾਉਂਦਿਆਂ ਮਲਕ ਭਾਗੋ ਵੱਲੋਂ ਬ੍ਰਹਮ ਭੋਜ ਨੂੰ ਛੱਡ ਕੇ ਭਾਈ ਲਾਲੋ ਕੋਲੋਂ ਕੋਧਰੇ ਦਾ ਪ੍ਰਸ਼ਾਦਾ ਛੱਕ ਕੇ ਉੱਚੀ ਸੋਚ ਅਤੇ ਸਾਦੇ ਜੀਵਨ ਦਾ ਪ੍ਰਤੱਖ ਪ੍ਰਮਾਣ ਦਿੱਤਾ । ਆਪ ਅਨੁਸਾਰ ਕੋਈ ਵੀ ਕਿੱਤੇ ਨੂੰ ਉੱਤਮ, ਮੱਧਮ ਜਾਂ ਨਖਿੱਧ ਨਾ ਕਹੋ । ਆਪ ਨੇ ਔਰਤ ਮਰਦ ਦੀ ਬਰਾਬਰਤਾ ਨੂੰ ਦਰਸਾਇਆ, ਫਰਮਾਉਂਦੇ ਹਨ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਅੰਗ 473
ਜਦੋਂ ਗੁਰੂ ਜੀ 15000 ਫੁੱਟ ਉਚਾਈ ਤੇ ਪਹਾੜਾਂ ਦੀਆਂ ਗੁਫ਼ਾਵਾਂ ਵਿੱਚ ਬੈਠੇ, ਸਿੱਧਾਂ ਕੋਲ ਗਏ । ਸਮਝਾਇਆ ਕਿ ਸੰਸਾਰ ਉੱਪਰ ਜਾਲਮਾਂ ਦੇ ਹੌਸਲੇ ਵੱਧ ਰਹੇ ਹਨ ਤੁਸੀਂ ਸੰਸਾਰ ਤੋਂ ਮੂੰਹ ਮੋੜ ਕੇ ਲੁਕ ਕੇ ਬੈਠੇ ਹੋ । ਗ੍ਰਹਿਸਤੀ ਜੀਵਨ ਗੁਜਾਰਦਿਆਂ ਪ੍ਰਮਾਤਮਾ ਨੂੰ ਹਰ ਪਲ ਧਿਆਉਂਦੇ ਦੁਨੀਆਂ ਦੇ ਕਾਰਜ ਕਰੋ । ਜਦੋਂ ਹਰਿਦੁਆਰ ਗਏ ਦੇਖਿਆ ਕਿ ਲੋਕ ਗੰਗਾ ਨਦੀ ਚੋਂ ਸੂਰਜ ਵੱਲ ਪਿੱਤਰਾਂ ਨੂੰ ਪਾਣੀ ਝੱਟ ਰਹੇ ਨੇ । ਆਪ ਨੇ ਕਰਤਾਰਪੁਰ ਵੱਲ ਪਾਣੀ ਝੱਟਣਾ ਸ਼ੁਰੂ ਕੀਤਾ । ਉਹਨਾਂ ਕਿਾ ਕਿ ਤੁਹਾਡੇ ਏਨੀ ਦੂਰ ਖੇਤਾਂ ਨੂੰ ਪਾਣੀ ਨਹੀਂ ਪਹੁੰਚੇਗਾ । ਆਪ ਨੇ ਸਮਝਾਇਆ ਕਿ ਤੁਹਾਡਾ ਪਾਣੀ ਕਰੋੜਾਂ ਮੀਲਾਂ ਤੇ ਕਿਵੇਂ ਪਹੁੰਚੇਗਾ । ਸੋ ਵਹਿਮ ਭਰਮ ਤਿਆਗ ਕੇ ਸ਼ੁਭ ਕਰਮ ਕਰੋ ।
ਆਪ ਨੇ ਮਨੁੱਖਤਾ ਨੂੰ ਹੱਕ ਹਲਾਲ ਦੀ ਕਮਾਈ ਕਰਨ ਲਈ ਕਿਹਾ । ਆਪ ਅਨੁਸਾਰ ਮੁਸਲਮਾਨ ਲਈ ਪਰਾਇਆ ਹੱਕ ਸੂਅਰ ਖਾਣ ਸਮਾਨ ਹੈ ਅਤੇ ਹਿੰਦੂਆਂ ਲਈ ਗਾਂ ਖਾਣ ਸਮਾਨ ਹੈ ਕਿਉਂਕਿ ਇਹ ਉਹਨਾਂ ਦੇ ਧਰਮਾਂ ’ਚ ਸ਼ੁੱਧ ਮੰਨੇ ਜਾਂਦੇ ਹਨ । ਫਰਮਾਉਂਦੇ ਹਨ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਅੰਗ 141
ਆਪ ਜੀ ਨੇ ਚਾਰ ਉਦਾਸੀਆਂ ਤੋਂ ਬਾਅਦ ਆਖਰੀ ਸਾਲਾਂ ਵਿੱਚ ਕਰਤਾਰਪੁਰ ਰਹਿ ਕੇ ਹੱਥੀਂ ਖੇਤੀ ਕੀਤੀ । ਆਪ ਅਨੁਸਾਰ ਕਿਰਤ ਤੋਂ ਟੁੱਟਿਆ ਮਨੁੱਖ ਜਾਂ ਸਮਾਜ ਕੇਵਲ ਗਰੀਬੀ ਅਧੀਨਗੀ ਅਤੇ ਮੰਗਤਾ ਬਿਰਤੀ ਵਾਲਾ ਬਣ ਕੇ ਰਹਿ ਜਾਂਦਾ ਹੈ । ਆਪ ਨੇ ਤਿੰਨ ਸਿਧਾਂਤ ਦਿੱਤੇ — ਕਿਰਤ ਕਰੋ, ਨਾਮ ਜਪੋ, ਵੰਡ ਛਕੋ । ਗੁਰੂ ਜੀ ਅਨੁਸਾਰ ਸਵਾਲ ਕਿਤਨਾ ਵੀ ਤਿੱਖਾ, ਚੁੱਭਵਾਂ ਤੇ ਨਿੱਜੀ ਹੋਵੇ, ਉੱਤਰ ਦੇਣ ਵਾਲੇ ਨੂੰ ਠਰੰਮਾ ਨਹੀਂ ਛੱਡਣਾ ਚਾਹੀਦਾ ।
ਸੋ ਗੁਰੂ ਜੀ ਦਾ ਹੀ ਮਹਾਨ ਕੰਮ ਹੈ, ਜਿਹਨਾਂ ਸਮਾਜ ਵਿੱਚ ਸੁਧਾਰ ਲਿਆਉਣ ਲਈ ਸੱਚੇ, ਸੁੱਚੇ ਅਸੂਲ ਵਰਤੇ ਅਤੇ ਬੁਨਿਆਦ ਰੱਖ ਕੇ ਉਸਾਰੂ ਅਤੇ ਨਰੋਈ, ਕੌਮੀਅਤ ਦੀ ਨੀਂਹ ਰੱਖੀ, ਜਿਸ ਵਿੱਚ ਕੋਈ ਊਚ—ਨੀਚ ਨਾ ਹੋਵੇ । ਆਪ ਅਨੁਸਾਰ ਸਾਨੂੰ ਦੁਨੀਆਂ ਤੋਂ ਨੱਸਣਾ ਨਹੀਂ ਸਗੋਂ ਜਿੰਮੇਵਾਰੀਆਂ ਨਿਭਾਉਂਦਿਆਂ ਪ੍ਰਮਾਤਮਾ ਨਾਲ ਵੀ ਧਿਆਨ ਜੋੜੀ ਰੱਖਣਾ ਚਾਹੀਦਾ ਹੈ । ਧਾਰਮਿਕ ਖਿ਼ਆਲਾਂ ਦੀ ਏਕਤਾ ਰੱਖਣ ਨਾਲ ਸਮਾਜ—ਆਰਥਿਕ, ਸਮਾਜਿਕ, ਧਾਰਮਿਕ ਅਤੇ ਮਾਨਸਿਕ ਪੱਖ ਤੋਂ ਮਜ਼ਬੂਤ ਹੁੰਦਾ ਹੈ । ਸੋ ਆਪ ਜੀ ਨੇ ਜ਼ਿੰਦਗੀ ਵਿੱਚ ਵਿਗਿਆਨਕ ਪੱਖ ਦੇ ਕੇ ਹਰ ਅਮਲ ਅਤੇ ਕਰਮ ਵਿੱਚ ਆਪਣੀ ਸਮੂਲੀਅਤ ਨਾਲ ਮਨੁੱਖ ਨੂੰ ਸ਼ੁਭ ਅਮਲਾਂ ਤੇ ਜਿਊਣਾ ਸਿਖਾਇਆ ।

ਹਰਜਿੰਦਰ ਕੌਰ ਬਦੇਸ਼ਾ
Harjinder Kaur Badhesha