ਗੁਰੂ ਨਾਨਕ ਸਾਹਿਬ ਦੇ ਇਲਹਾਮ ਦੀਆਂ ਰੂਹਾਨੀ ਰਮਜ਼ਾਂ

ਚਾਰ ਯੁੱਗਾਂ ਦੇ ਸੱਚ ਨੂੰ ਪੂਰਨ ਰੂਪ ਦੇਣ ਵਾਲੇ ਇਸ ਜਗਤ ਗੁਰੂ ਦਾ ਜਨਮ 1469 ਈਸਵੀ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਪੱਛਮੀ ਪੰਜਾਬ ਦੇ ਨਨਕਾਣਾ ਸਾਹਿਬ ਵਿਖੇ ਹੋਇਆ। ਨਨਕਾਣਾ ਸਾਹਿਬ ਦਾ ਪਹਿਲਾ ਨਾਮ ਰਾਇ ਭੋਇ ਦੀ ਤਲਵੰਡੀ ਇਤਿਹਾਸ ਵਿੱਚ ਆਉਂਦਾ ਹੈ। ਕੁਝ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਦੀ ਜਨਮ ਤਾਰੀਖ ਵਿਸਾਖ ਸੁਦੀ ਤੀਜ ਵੀ ਦੱਸੀ ਜਾਂਦੀ ਹੈ ਜੋ ਕਿ 15 ਅਪ੍ਰੈਲ 1469 ਈਸਵੀ ਬਣਦੀ ਹੈ। ਪਰ ਸਿੱਖ ਪੰਥ ਨੇ ਕਦੇ ਵੀ ਇਸ ਤਾਰੀਖ ਨਾਲ ਸਹਿਮਤੀ ਨਾ ਪ੍ਰਗਟਾਉਂਦੇ ਹੋਏ ਹਮੇਸ਼ਾ ਤੋ ਹੀ ਭਾਈ ਗੁਰਦਾਸ ਜੀ ਦੀ ਸਾਖੀ ਅਨੁਸਾਰ ਗੁਰੂ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਹੈ।

ਇਤਿਹਾਸ, ਦਰਸ਼ਨ ਤੇ ਧਰਮ ਦੇ ਗੁਰੂ , ਪੈਗੰਬਰ, ਅਵਤਾਰ ਤੇ ਭਗਤ ਦੇ ਚਾਰੇ ਸੰਕਲਪ ਗੁਰੂ ਸਾਹਿਬ ਜੀ ਦੀ ਅਦੁੱਤੀ ਤੇ ਇਲਾਹੀ ਸ਼ਖਸ਼ੀਅਤ ਵਿੱਚ ਪ੍ਰਕਾਸ਼ਮਾਨ ਸਨ। ਆਪ ਗੁਰੂ ਸਨ ਕਿਉਂਕਿ ਆਪ ਬ੍ਰਹਿਮੰਡੀ ਸਿਰਜਣਾ ਦਾ ਵਿਸਮਾਦ ਜਗਾਉਣ ਦੇ ਸਮਰੱਥ ਸਨ। ਆਪ ਪੈਗੰਬਰ ਸਨ ਕਿਉਂਕਿ ਆਪ ਦੇ ਪ੍ਰਵਚਨ ਲੋਕ ਭਾਸ਼ਾ ਵਿੱਚ ਹੁੰਦੇ ਹੋਏ ਵੀ ਪਾਰਬ੍ਰਹਮ ਨਾਲ ਜੁੜੇ ਹੋਣ ਦਾ ਅਹਿਸਾਸ ਦਿੰਦੇ ਸਨ। ਆਪ ਹਿੰਦੂ ਧਰਮ ਨਾਲੋ ਵੱਖਰੀ ਕਿਸਮ ਦੇ ਅਵਤਾਰ ਸਨ ਕਿਉਂਕਿ ਆਪ ਦੈਵੀ ਮਿਹਰ ਦੇ ਆਉਣ ਦਾ ਸਿਦਕ ਸੰਸਾਰ ਨੂੰ ਬਖਸ਼ਦੇ ਹੋ। ਆਖਿਰ ਵਿੱਚ ਆਪ ਭਗਤ ਹੋ ਕਿਉਂਕਿ ਆਪ ਨੇ ਜ਼ਿੰਦਗੀ ਦੇ ਹਰ ਸਾਹ ਨੂੰ ਸਰਬੋਤਮ ਸੱਚ ਦੇ ਸਾਂਚੇ ਵਿੱਚ ਢਾਲਿਆ ਹੈ। ਇੰਨਾਂ ਚਾਰੇ ਸੰਕਲਪਾਂ ਦਾ ਝਲਕਾਰਾ ਆਪ ਪਲ ਪਲ ਆਪਣੇ ਜੀਵਨ ਦੇ ਹਰ ਸਾਹ ਨਾਲ ਦਿੰਦੇ ਹੋ।

ਗੁਰੂ ਨਾਨਕ ਸਾਹਿਬ ਜੀ ਦੀ ਗੁਰੂ-ਸੁਰਤ ਦੇ ਚਿਹਨ-ਚੱਕਰ ਉਹਨਾਂ ਦੇ ਬਚਪਨ ਵਿੱਚ ਹੀ ਪ੍ਰਤੱਖ ਹੋਣੇ ਸ਼ੁਰੂ ਹੋ ਗਏ ਸਨ ਜਦੋਂ ਆਪ ਨੇ ਹਨੇਊ ਪਹਿਨਣ ਦੇ ਬ੍ਰਾਹਮਣਵਾਦੀ ਸੰਕਲਪ ਨੂੰ ਨਿਕਾਰ ਦਿੱਤਾ ਸੀ ਤੇ ਹੇਠਲਾ ਧਾਰਮਿਕ ਤਰਕ ਦਿੱਤਾ ਸੀ ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥

ਇਸ ਗੁਰੂ ਸੁਰਤ ਦਾ ਕਰਮ ਖੇਤਰ ਕੁਦਰਤ ਦੇ ਨੇਮਾਂ ਵਾਂਗ ਅਟੱਲ ਤੇ ਪ੍ਰਬਲ ਸੀ ਤੇ ਇਸ ਵਿੱਚ ਕੋਈ ਸੁਤੰਤਰ, ਸੰਪੂਰਨ ਤੇ ਨਿਆਰਾ ਧਰਮ ਸਿਰਜਣ ਦੀ ਪ੍ਰਤਿਭਾ ਸੀ । ਇਹ ਇਲਹਾਮ ਏਡਾ ਵੱਡਾ ਸੀ ਕਿ ਇਸ ਇਲਹਾਮ ਦੇ ਅਨੁਸਾਰੀ ਮਨੁੱਖ ਸਿਰਜਣ ਲਈ ਦਸ ਨਾਨਕ ਰੂਪੀ ਰੂਹਾਂ ਨੂੰ ਧਰਤੀ ਤੇ ਲਗਾਤਾਰ ਨਿਰਵਿਘਨ ਇਸ ਵਿਚਾਰਧਾਰਾ ਦਾ ਦੀਵਾ ਬਾਲਣਾ ਪਿਆ।

ਆਪ ਜੀ ਨੇ ਵਿਆਹ ਸੰਸਕਾਰ ਦੀ ਪਵਿੱਤਰ ਰਸਮ ਵੀ ਵੈਦਿਕ ਰੀਤ ਨੂੰ ਖੰਡਿਤ ਕਰਦੇ ਹੋਏ ਮੂਲ਼-ਮੰਤਰ ਦੇ ਜਾਪ ਨਾਲ ਮੁਕੰਮਲ ਕੀਤੀ।

ਗੁਰੂ ਸਾਹਿਬ ਨੂੰ ਅਰਬੀ ਤੇ ਫ਼ਾਰਸੀ ਭਾਸ਼ਾ ਦਾ ਵੀ ਖੂਬ ਗਿਆਨ ਸੀ ਜਿਸ ਦਾ ਪਰਿਣਾਮ ਹੀ ਹੈ ਕਿ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਜੀ ਨੇ ਨੌਕਰੀ ਕੀਤੀ। ਇੱਥੋਂ ਹੀ ਆਪ ਜੀ ਨੇ ਉਦਾਸੀਆਂ ਤੇ ਜਾਣ ਦਾ ਪਵਿੱਤਰ ਕਾਰਜ ਅਰੰਭਿਆਂ। ਆਪ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਹਰ ਉਦਾਸੀ ਕਿਸੇ ਖਾਸ ਦੈਵੀ ਆਦਰਸ਼ ਦਾ ਸਹਿਜ ਦ੍ਰਿਸ਼ ਉਪਜਾਉਦੀ ਸੀ। ਹਰ ਉਦਾਸੀ ਪੰਜਾਬ ਤੋ ਹੀ ਸ਼ੁਰੂ ਹੁੰਦੀ ਸੀ ਤੇ ਜੀਵਨ ਦੇ ਵੱਖ ਵੱਖ ਰੰਗਾਂ ਵਿੱਚ ਅਧਿਤਾਕਮਿਕ ਤਰਕ ਸਿਰਜਦੀ ਪੰਜਾਬ ਵਿੱਚ ਹੀ ਆ ਖਤਮ ਹੁੰਦੀ ਸੀ ।
ਪਹਿਲੀ ਉਦਾਸੀ 1499 ਤੋ ਸ਼ੁਰੂ ਹੋ ਕੇ 1510 ਵਿੱਚ ਪੂਰੀ ਹੁੰਦੀ ਹੈ। ਇਸ ਉਦਾਸੀ ਦੌਰਾਨ ਆਪ ਹਿੰਦੂ ਤੇ ਬੋਧ ਮੱਤ ਦੇ ਮਹਾਂ ਕੇਂਦਰਾਂ ਤੇ ਗਏ। ਇਹ ਉਦਾਸੀ ਸਦੀਆਂ ਤੋ ਹਿੰਦੂ , ਯੋਗ ਤੇ ਬੋਧ ਧਰਮ ਦੇ ਕੇਂਦਰਾਂ ਵਿੱਚ ਫੈਲੀ ਬ੍ਰਾਹਮਣਵਾਦੀ ਮਾਨਸਿਕਤਾ ਨੂੰ ਤੋੜਨ ਲਈ ਤੇ ਇੱਕ ਸੁਤੰਤਰ ਧਰਮ ਸਿਰਜਣ ਲਈ ਇੱਕ ਹੋਕਾ ਸੀ। ਇਸ ਉਦਾਸੀ ਦੌਰਾਨ ਹੀ ਜਗਨਨਾਥ ਪੁਰੀ ਦੇ ਮੰਦਰਾਂ ਦੇ ਬਾਹਰ ਆਪ ਨੇ ਅਕਾਲ ਉਸਤਤ ਵਿੱਚ ਇਲਾਹੀ ਆਰਤੀ ਦੀ ਰਚਨਾ ਕੀਤੀ ਸੀ ਤੇ ਬ੍ਰਾਹਮਣਵਾਦੀ ਆਰਤੀ ਦਾ ਖੰਡਨ ਕੀਤਾ ਸੀ।

ਗੁਰੂ ਸਾਹਿਬ ਦੀ ਦੂਜੀ ਉਦਾਸੀ 1511 ਤੋ ਸ਼ੁਰੂ ਹੋ ਕੇ 1514 ਈਸਵੀ ਤੱਕ ਚੱਲਦੀ ਹੈ। ਇਸ ਦੌਰਾਨ ਆਪ ਬੀਕਾਨੇਰ, ਅਜਮੇਰ ਹੁੰਦੇ ਹੋਏ ਸ਼੍ਰੀਲ਼ੰਕਾ ਤੱਕ ਪਹੁੰਚਦੇ ਹੋ। ਇਸ ਦੌਰਾਨ ਹੀ ਆਪ ਬਾਬਾ ਫ਼ਰੀਦ ਜੀ ਦੀ ਨਗਰੀ ਪਾਕਪਟਨ ਹੁੰਦੇ ਹੋਏ ਮੁਲਤਾਨ ਵੀ ਜਾਂਦੇ ਹੋ। ਇਸ ਉਦਾਸੀ ਦਾ ਮਨੋਰਥ ਹਿੰਦੂ ਤੇ ਇਸਲਾਮ ਧਰਮ ਦੇ ਉਪ-ਅਦਾਰਿਆਂ ਵਿੱਚ ਸੱਚ ਤੇ ਤਰਕ ਦਾ ਹੋਕਾ ਦੇਣਾ ਸੀ। ਇਸ ਉਦਾਸੀ ਦੌਰਾਨ ਹੀ ਆਪ ਨੇ ਪਾਕਪਟਨ ਵਿੱਚ ਬਾਬਾ ਫ਼ਰੀਦ ਦੀ ਜੀ ਬਾਣੀ ਨੂੰ ਆਪਣੇ ਨਾਲ ਲੈ ਲਿਆ।

ਤੀਜੀ ਉਦਾਸੀ ਦਾ ਪੰਧ ਕਸ਼ਮੀਰ , ਤਿੱਬਤ, ਚੀਨ ਤੇ ਭੂਟਾਨ ਤੱਕ ਫੈਲਿਆ ਹੋਇਆ ਹੈ। ਤੀਜੀ ਉਦਾਸੀ ਯੋਗ ਮੱਤ ਦੀਆਂ ਰਿੱਧੀਆਂ ਸਿੱਧੀਆਂ ਤੇ ਧਿਆਨ ਮੰਡਲਾਂ ਦਾ ਜਾਇਜ਼ਾ ਤੇ ਵਿਚਾਰ ਕਰਨ ਦਾ ਸਬੱਬ ਬਣਦੀ ਹੈ। ਇੱਥੇ ਹੀ ਗੁਰੂ ਸਾਹਿਬ ਸਿੱਧ ਗੋਸ਼ਟ ਬਾਣੀ ਉਚਾਰਦੇ ਹਨ ਤੇ ਯੋਗੀ ਮੱਤ ਨੂੰ ਆਪਣੀ ਗੁਰਮੁੱਖ ਦੀ ਖੋਜ ਤੋ ਜਾਣੂੰ ਕਰਵਾਉਂਦੇ ਹਨ। ਸਿੱਧਾਂ ਦੁਆਰਾ ਪੁੱਛੇ ਗਏ ਪ੍ਰਸ਼ਨ
ਕਵਣੁ ਗੁਰੂ ਜਿਸ ਕਾ ਤੂੰ ਚੇਲਾ? ਦਾ ਗੁਰੂ ਸਾਹਿਬ ਜੇਤੂ ਦਲੀਲ ਰਾਹੀ “ਸਬਦੁ ਗੁਰੂ ਸੁਰਤਿ ਧੁਨਿ ਚੇਲਾ’” ਦਾ ਇਲਾਹੀ ਸੰਦੇਸ਼ ਦਿੰਦੇ ਹਨ।

ਚੌਥੀ ਉਦਾਸੀ ਇਸਲਾਮ ਦੇ ਕੇਂਦਰਾਂ ਮੱਕਾ ਮਦੀਨਾ ਵੱਲ ਜਾਂਦੀ ਹੈ ਤੇ ਇਸਲਾਮ ਦੇ ਇਲਹਾਮ ਨੂੰ ਪੂਰਨ ਸੱਚ ਨਾਲ ਜਾਣੂੰ ਕਰਵਾਉਂਦੀ ਹੈ। ਆਪ ਇੱਥੇ ਇਸਲਾਮ ਦੇ ਸੱਤ ਅਸਮਾਨਾਂ ਤੇ ਸੱਤ ਧਰਤੀਆਂ ਵਾਲੇ ਅੰਧਵਿਸ਼ਵਾਸੀ ਭਰਮ ਨੂੰ ਹੇਠ ਲਿਖੇ ਅਨੁਸਾਰ ਤੋੜਦੇ ਹੋ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥

ਚਾਰ ਉਦਾਸੀਆਂ ਤੋ ਬਾਅਦ ਆਪ ਜੀ ਨੇ ਰਾਵੀ ਕੰਢੇ ਕਰਤਾਰਪੁਰ ਨਗਰ ਵਿੱਚ ਉਦਾਸੀ ਭੇਸ ਉਤਾਰ ਕੇ ਗ੍ਰਹਿਸਥੀ ਪੁਸ਼ਾਕ ਪਹਿਣੀ । ਕਰਤਾਰਪੁਰ ਵਿੱਚ ਹੀ ਰੂਹਾਨੀ ਧਰਮਸ਼ਾਲ ਸਥਾਪਿਤ ਕੀਤੀ ਅਤੇ ਲੋਕਾਈ ਨੂੰ ਪੂਰਨ ਸੱਚ ਦੀ ਹੋਂਦ ਤੋ ਯਾਨੂੰ ਕਰਵਾਇਆ। ਕਰਤਾਰਪੁਰ ਵਿੱਚ ਹੀ ਆਪ ਜੀ ਨੇ ਭਾਈ ਲਹਿਣੇ ਨੂੰ ਆਪਣੇ ਅੰਗ ਲਗਾ ਕੇ ਆਪਣੀ ਇਲਾਹੀ ਵਿਚਾਰਧਾਰਾ ਦੀ ਮਸ਼ਾਲ ਉਹਨਾਂ ਦੇ ਹੱਥ ਫੜਾ ਕੇ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਗੁਰਗੱਦੀ ਬਖਸ਼ੀਸ ਕੀਤੀ। ਆਪ 1539 ਈਸਵੀ ਵਿੱਚ ਜੋਤਿ ਜੋਤ ਸਮਾ ਗਏ। ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਵਾਲੀ ਗਿਆਨ ਜੋਤ ਦਾ ਪ੍ਰਕਾਸ਼ ਖਡੂਰ ਸਾਹਿਬ ਆਣ ਕਰਿਆ।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ

ਇਸ ਤਰਾਂ ਗੁਰੂ ਨਾਨਕ ਸਾਹਿਬ ਦਾ ਇਲਹਾਮ ਹੀ ਗੁਰੂ ਅੰਗਦ ਸਾਹਿਬ ਦੇ ਰਾਹੀਂ ਗੁਰਮੁਖੀ ਲਿੱਪੀ ਵਿੱਚ ਵੀ ਪ੍ਰਗਟ ਹੋਇਆ।

ਗੁਰੂ ਨਾਨਕ ਸਾਹਿਬ ਦੇ ਇਸ ਇਲਹਾਮ ਦਾ ਹੀ ਮੁਕੰਮਲ ਰੂਪ ਗੁਰਮੁਖ ਹੈ। ਗੁਰਮੁਖ ਕੋਈ ਇੱਕ ਮਨੁੱਖ ਨਾ ਹੋ ਕਿ ਸਗੋਂ ਸ਼ੁੱਧ ਸੱਚ ਨਾਲ ਭਰਪੂਰ ਲੋਕਾਈ ਹੈ। ਗੁਰੂ ਨਾਨਕ ਸਾਹਿਬ ਦੇ ਇਸ ਇਲਹਾਮ ਦੀ ਸਾਰੇ ਜਗਤ ਨੂੰ ਲੋੜ ਹੈ ਤੇ ਇਸੇ ਕਰਕੇ ਗੁਰੂ ਸਾਹਿਬ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ।

ਜਸਵੀਰ ਸਿੰਘ
ਰੀਜਾਇਨਾ, 647860277

Exit mobile version