ਗੁੜ ਦੇ ‘ਗੁੱਝੇ ਗਿਫਟ’ ਦੀ ਗੁੱਥੀ ਇਉਂ ਖੁੱਲ੍ਹੀ !


ਸ਼ੂਗਰ ਕਾਰਨ ਮੈਂ ਅਮਰੀਕਾ ਤੋਂ ਪਿੰਡ ਆ ਕੇ ਗੁੜ ਵਾਲ਼ੀ ਚਾਹ ਪੀ ਲੈਂਦਾ ਹਾਂ।ਕੁੱਝ ਦਿਨ ਪਹਿਲਾਂ ਘਰੇ ਗੁੜ ਮੁੱਕ ਗਿਆ।ਕਹਿੰਦੇ ਸੜ੍ਹਕਾਂ ਕੰਢੇ ਗੁੜ ਬਣਾਉਣ ਵਾਲ਼ੇ ਵਿਚ ਖੰਡ ਪਾਈ ਜਾਂਦੇ ਹਨ।ਪਤਾ ਲੱਗਾ ਕਿ ਸਾਡੇ ਲਾਗਲੇ ਪਿੰਡ ਸਹਾਬ ਪੁਰ ਕਈ ਸੱਜਣਾ ਨੇ ਵੇਲਣੇ ਲਾਏ ਹੋਏ ਹਨ ਤੇ ਉਹ ਗੁੜ ਵੇਚਦੇ ਹਨ।
ਲੰਘੇ 20 ਮਾਰਚ ਵਾਲ਼ੇ ਦਿਨ ਨਵਾਂਸ਼ਹਿਰੋਂ ਪਿੰਡ ਨੂੰ ਆਉਂਦਾ ਹੋਇਆ ਮੈਂ ਸਹਾਬ ਪੁਰ ਜੋਗੇ ਦਾ ਘਰ ਪੁੱਛ ਕੇ ਗੁੜ ਲੈਣ ਗਿਆ।ਉੱਥੇ ਗੇਟ ਨੂੰ ਜਿੰਦਾ ਵੱਜਾ ਹੋਇਆ ਸੀ।ਗੁਆਂਢੀਆਂ ਨੇ ਦੱਸਿਆ ਕਿ ਉਹ ਤਾਂ ਕਿਤੇ ਗਿਆ ਹੋਇਆ ਐ ਪਰ ਗੁੜ ਤੁਹਾਨੂੰ ਕੈਲੇ ਦੇ ਘਰੋਂ ਮਿਲ਼ ਸਕਦਾ।ਪੁੱਛਦਾ ਪੁਛਾਉਂਦਾ ਕੈਲੇ ਦੇ ਘਰ ਗਿਆ ਤਾਂ ਉਹ ਕਹਿੰਦਾ ਗੁੜ ਸਾਰਾ ਈ ਵਿਕ ਗਿਆ,ਤੁਸੀਂ ਲਖਬੀਰ ਸਿੰਘ ਦੀ ਆਟਾ ਚੱਕੀ ਲਾਗੇ ਚੱਲਦੇ ਵੇਲਣੇ ਤੋਂ ਪਤਾ ਕਰੋ ਉੱਥੋਂ ਮਿਲ਼ ਜਾਣਾ।
ਜਦ ਮੈਂ ਚੱਕੀ ਲਾਗਲੇ ਵੇਲਣੇ ‘ਤੇ ਗਿਆ ਤਾਂ ਉੱਥੇ ਸਾਡੇ ਪਿੰਡ ਦਾ ਸਾਬਕਾ ਸਰਪੰਚ ਬੈਠਾ।ਉਹ ਕਹਿੰਦਾ ਮੈਂ ਵੇਲਣੇ ਵਾਲ਼ੇ ਨੂੰ ਉਡੀਕ ਰਿਹਾ ਹਾਂ।ਦਸ ਕੁ ਮਿੰਟ ਬਾਅਦ ਇਸ ਵੇਲਣੇ ਦਾ ਮਾਲਕ ਆ ਕੇ ਕਹਿੰਦਾ ਕਿ ਹੁਣ ਤਾਂ ਸਾਡੇ ਕੋਲ ਕਿੱਲੋ ਗੁੜ ਵੀ ਹੈਨੀ ਜੀ।ਪਰਸੋਂ ਨੂੰ ਫੋਨ ਕਰਕੇ ਆਇਉ।ਲਉ ਜੀ,ਅਸੀਂ ਦੁਪਾਲ ਪੁਰੀਏ ਦੋਵੇਂ ‘ਸਾਬਕਾ ਸਰਪੰਚ’ ਉੱਥੋਂ ਗੁੜ ਦੀ ਜਗਾਹ ‘ਫੋਨ ਨੰਬਰ’ ਲੈ ਕੇ ਆਪਣੇ ਪਿੰਡ ਆ ਗ
ਦੂਜੇ ਦਿਨ ਭਾਵ 21 ਮਾਰਚ ਦੁਪਹਿਰੇ ਜਦ ਮੈਂ ਨਵਾਂਸ਼ਹਿਰੋਂ ਘਰੇ ਪਹੁੰਚਾ ਤਾਂ ਆਉਂਦੇ ਨੂੰ ਮੈਨੂੰ ਪੋਤਰਾ ਨੂਰ ਕਹਿੰਦਾ ਬਾਬਾ ਜੀ,ਕਾਰ ਵਿਚ ਆਇਆ ਇਕ ਦੁਮਾਲੇ ਵਾਲ਼ਾ ਸਿੰਘ ਸਾਡੇ ਘਰੇ ਗੁੜ ਦੇ ਗਿਆ…… ਉਹ ਕਹਿੰਦਾ ਸੀ ਕਿ ਮੈਨੂੰ ਬੱਲੀ ਮਾਮਾ ਜੀ ਦੌਲਤ ਪੁਰ ਵਾਲ਼ਿਆਂ ਨੇ ਕਿਹਾ ਸੀ ਕਿ ਦੁਪਾਲ ਪੁਰ ਗੁੜ ਦੇ ਕੇ ਆ !

ਬੱਲੀ ਨਾਂ ਤੋਂ ਮੈਂ ਯਾਦ ਕਰਿਆ ਕਿ ਉਹ ਮੇਰੇ ਸਤਿਕਾਰਯੋਗ ਟੀਚਰ ਸਵਰਗੀ ਤਰਸੇਮ ਸਿੰਘ ਭੁੱਚਰ ਦਾ ਬੇਟਾ ਹੈ ਜੋ ਅਮਰੀਕਾ ਰਹਿੰਦਾ ਹੈ।ਮੈਂ ਸੋਚਿਆ ਕਿ ਉਹ ਪਿੰਡ ਦੌਲਤ ਪੁਰ ਆਇਆ ਹੋਇਆ ਹੋਵੇ ਗਾ।ਉਸਨੂੰ ਪਤਾ ਲੱਗਾ ਹੋਣਾ ਕਿ ਮੈਂ ਗੁੜ ਦੀ ਤਲਾਸ਼ ‘ਚ ਫਿਰ ਰਿਹਾ ਹਾਂ! ਕਿਉਂ ਕਿ ਸਹਾਬ ਪੁਰ ਪਿੰਡ ਦੌਲਤ ਪੁਰ ਤੋਂ ਬਹੁਤੀ ਦੂਰ ਨਹੀਂ!ਇਹ ਸੋਚ ਕੇ ਮੈਂ ਆਪਣੇ ਪਿਆਰੇ ਦੋਸਤ ਬੱਲੀ ਦੇ ‘ਵਟਸ-ਐਪ’ ਫੋਨ ਰਾਹੀਂ ਬੋਲ ਕੇ ਸੁਨੇਹਾ ਛੱਡਿਆ ਕਿ ਤੁਸੀਂ ਪਿੰਡ ਆਏ ਹੋਏ ਓ ਤੇ ਗੁੜ ਤੁਸੀਂ ਭੇਜਿਆ ਹੈ ਸਾਡੇ ਘਰ ?
ਉੱਧਰੋਂ ਕੋਈ ਜਵਾਬ ਨਾ ਆਇਆ।ਮੈਂ ਬਰਫੀ ਦੀਆਂ ਟੁਕੜੀਆਂ ਵਰਗਾ ਗੁੜ ਦੇਣ ਵਾਲ਼ੇ ਦਾ ਧੰਨਵਾਦ ਕਰਨ ਲਈ ਕਾਹਲ਼ਾ ਪੈ ਰਿਹਾ ਸਾਂ ! ਇਸੇ ਕਾਹਲ਼ ਵਿਚ ਮੈਂ ਬਬਰ ਕਰਮ ਸਿੰਘ ਸਕੂਲ ਦੌਲਤ ਪੁਰ ਵਿਖੇ ਬੱਸ ਡ੍ਰਾਈਵਰ ਦੀ ਜੌਬ ਕਰਦੇ ਆਪਣੇ ਭਤੀਜ ਰਣਜੀਤ ਸਿੰਘ ਨੂੰ ਫੋਨ ਕਰਕੇ ਪੁੱਛਿਆ ਕਿ ਦੌਲਤ ਪੁਰ ਪਿੰਡ ‘ਚ ਕੋਈ ਹੋਰ ਬੱਲੀ ਨਾਂ ਦਾ ਮੁੰਡਾ ਵੀ ਐ ? ਉਹ ਕਹਿੰਦਾ ਜੀ ਇੱਕੋ ਹੀ ਬੱਲੀ ਐ ਜੋ ਅਮਰੀਕਾ ਰਹਿੰਦਾ।ਉਹ ਕਈ ਮਹੀਨੇ ਪਹਿਲਾਂ ਆਇਆ ਜਰੂਰ ਸੀ ਪਰ ਛੇਤੀ ਮੁੜ ਗਿਆ ਸੀ।ਰਣਜੀਤ ਕਹਿੰਦਾ ਪਰ ਮੈਂ ਐਧਰੋਂ ਉੱਧਰੋਂ ਪੁੱਛ ਕੇ ‘ਗੁੱਝੇ ਗੁੜ ਦੀ ਗੁੱਥੀ’ ਖੋਲ੍ਹਣ ਦੀ ਕੋਸ਼ਿਸ਼ ਕਰਦਾਂ ਚਾਚਾ ਜੀ!
ਲਉ ਜੀ ਦਸ ਕੁ ਮਿੰਟ ਬਾਅਦ ਹੀ ਰਣਜੀਤ ਦਾ ਫੋਨ ਆ ਗਿਆ ਕਿ ਤੁਹਾਡੇ ਮਾਸਟਰ ਜੀ ਦੇ ਬੇਟੇ ਬੱਲੀ ਥਾਂਦੀ ਦਾ ਭਾਣਜਾ ਲਗਦਾ ਪਿੰਡ ਕਿਸ਼ਨ ਪੁਰ ਦਾ ਸਨੀ ਸਿੰਘ ਵੇਲਣਾ ਚਲਾਉਂਦਾ ਐ।ਉਹ ਕਹਿੰਦਾ ਕਿ ਮੈਂ ਕੱਲ੍ਹ ਬੱਲੀ ਮਾਮਾ ਜੀ ਨਾਲ਼ ਸਹਿਵਨ ਹੀ ਫੋਨ ‘ਤੇ ਅਮਰੀਕਾ ਗੱਲ ਕੀਤੀ ਕਿ ਐਤਕੀਂ ਗੁੜ ਬਹੁਤ ਵਧੀਆ ਕਣ ਵਾਲ਼ਾ ਬਣਾ ਰਿਹਾ ਐ !ਮਾਮਾ ਜੀ ਕਹਿੰਦੇ ਪਹਿਲਾਂ ਅੱਜ ਹੀ ਮੇਰੇ ਮਿੱਤਰ ਦੁਪਾਲ ਪੁਰੀ ਨੂੰ ਗੁੜ ਦੇ ਕੇ ਆ,ਉਹ ਪਿੰਡ ਗਏ ਹੋਏ ਆ !!
ਲਉ ਜੀ,ਹਾਲੇ ਮੈਂ ਸਨੀ ਸਿੰਘ ਦਾ ਧੰਨਵਾਦ ਕਰ ਹੀ ਰਿਹਾ ਸਾਂ ਕਿ ਯੂਬਾ ਸਿਟੀ ਕੈਲੀਫੋਰਨੀਆਂ ਤੋਂ ਬੱਲੀ ਸਿੰਘ ਥਾਂਦੀ ਦਾ ਫੋਨ ਵੀ ਆ ਗਿਆ।ਜਦ ਮੈਂ ਉਸਨੂੰ ਸਹਾਬ ਪੁਰ ਗੁੜ ਦੀ ਭਾਲ਼ ਵਾਲੀ ਆਪਣੀ ਤਾਜ਼ੀ ਗੱਲ ਦੱਸੀ ਤਾਂ ਉਹ ਬੜੇ ਮੋਹ ਪਿਆਰ ਨਾਲ ਕਹਿੰਦਾ-
“ਦੇਖਿਆ ਭਾਈ ਸਾਹਬ,ਦੂਰ ਦੂਰ ਬੈਠੇ ਦੋ ਮਿੱਤਰਾਂ ਦੇ ਦਿਲੀ ਮੋਹ ਪਿਆਰ ਦੀਆਂ ਤਰੰਗਾਂ ਕਿਵੇਂ ਟੈਲੀਪੈਥੀ ਰਾਹੀਂ ਇਕ ਦੂਜੇ ਕੋਲ ਜਾ ਟੁਣਕਦੀਆਂ ਨੇ ?”
ਘਰੇ ਆਏ ਗੁੜ ਦੇ ਗੁੱਝੇ ਗਿਫਟ ਦੀ ਗੁੱਥੀ ਖੁੱਲ੍ਹਣ ਵਾਲ਼ੀ ਇਹ ਵਾਰਤਾ ਪੜ੍ਹਕੇ ਤੁਹਾਡਾ ਵੀ ਮੂੰਹ ਮਿੱਠਾ ਹੋ ਗਿਆ ਹੋਵੇ ਗਾ !!
ਤਰਲੋਚਨ ਸਿੰਘ ਦੁਪਾਲ ਪੁਰ
78146-92724
[email protected]