ਜਦੋਂ ਕਨੇਡੀਅਨ ਇਮੀਗਰੇਸ਼ਨ ਅਫ਼ਸਰ ਨੇ
ਮੇਰੇ ਪਾਸਪੋਰਟ ਤੇ ਠੱਪਾ ਲਾਇਆ
ਮੈਂ ਬਾਪੂ ਵੱਲ ਦੇਖਿਆ
ਮੇਰੇ ਚਿਹਰੇ ਤੇ ਰੌਣਕ ਆਈ
ਮੇਰੇ ਸਰੀਰ ਵਿੱਚ ਕਰੰਟ ਦੌੜਿਆ
ਜਿਵੇਂ ਮੇਰਾ ਸਰੀਰ ਇੱਕ ਦਮ
ਬੀਮਾਰ ਕੰਡੱਕਟਰ ਤੋਂ
ਤੰਦਰੁਸਤ ਕੰਡੱਕਟਰ ਬਣ ਗਿਆ ਹੋਵੇ
ਸਰੀਰ ਵਿੱਚ ਝੁਣਝੁਣਾਹਟ ਜੇਹੀ ਹੋਈ
ਕੁਝ ਸੱਚ ਜਿਹਾ ਲੱਗਿਆ
ਅੱਡੀਆਂ ਥੋੜ੍ਹੀਆਂ ਉਤਾਂਹ ਚੁੱਕੀਆਂ ਗਈਆਂ
ਭਾਵੇਂ ਮੇਰੇ ਮੰਥਲੀ ਪੀਰੀਅਡ ਚੱਲ ਰਹੇ ਸਨ
ਸਰੀਰ ਟੁੱਟਿਆ ਹੋਇਆ ਸੀ
ਥੋੜ੍ਹੀ ਢਿੱਡ ਪੀੜ ਵੀ ਹੁੰਦੀ ਸੀ
ਐਡਵਿੱਲ ਦੀ ਗੋਲ਼ੀ ਤੁਰਨ ਵਿੱਚ ਮਦਦ ਕਰ ਰਹੀ ਸੀ
ਪਰ!
ਮੈਂ ਹੱਸੀ!
ਮੈਂ ਖੁੱਲ ਕੇ ਹੱਸੀ
ਮੈਂ ਪਾਗਲਾਂ ਵਾਂਗਰ ਹੱਸੀ
“ਸੰਨੀ ਡੇਅ” ਵਾਂਗਰ ਹੱਸੀ
ਚਿਹਰਾ ਹੰਸੂ ਹੰਸੂ ਕਰਨ ਲੱਗਿਆ
ਹੰਝੂ ਅੱਖਾਂ ਚੋ ਡਿੱਗਣ ਲੱਗੇ
ਗ਼ਮੀ ਦੇ ਨਹੀਂ, ਖ਼ੁਸ਼ੀ ਦੇ
ਨੱਕ ‘ਚੋਂ ਪਾਣੀ ਵਗਣ ਲੱਗਿਆ
ਜ਼ੁਕਾਮ ਕਰਕੇ ਨਹੀਂ, ਖ਼ੁਸ਼ੀ ਕਰਕੇ
ਮੈਂ ਆਪਣੇ ਹਾਸੇ ਤੇ ਕਾਬੂ ਪਾਇਆ
ਬਾਪੂ ਦੀ ਪੱਗ ਵੱਲ ਦੇਖਿਆ
ਬਾਪੂ ਪੁੱਛਦਾ ?
ਕੀ ਦੇਖਦੀ ਹੈਂ ?
ਬਾਪੂ ਹੁਣ ਤੇਰੀ ਪੱਗ ਨੂੰ ਕੋਈ ਫ਼ਿਕਰ ਨਹੀਂ
ਹੁਣ ਤੇਰੀ ਪੱਗ ਨੂੰ ਦਾਗ਼ ਤੋ ਡਰਨ ਦੀ ਲੋੜ ਨਹੀਂ
ਬਾਪੂ ਖੁੱਲ੍ਹ ਕੇ ਤਾਂ ਨਹੀਂ ਹੱਸਿਆ
ਪਰ ਥੋੜ੍ਹਾ ਜਿਹਾ ਮੁਸਕਰਾਇਆ
ਮੈਂ ਬਾਪੂ ਨੂੰ ਖਿੜਕੀ ਵਿੱਚ ਦੀ ਉੱਡਦੀਆਂ
‘ਕਨੇਡੀਅਨ ਗੀਜ਼’ ਦਿਖਾਈਆਂ
ਬਾਪੂ ਹੁਣ ਤੇਰੀ ਧੀ ਵੀ ਗੀਜ਼ ਬਣੂਗੀ
ਕਨੇਡੀਅਨ ‘ਪੀ. ਆਰ.’ ਦੀ ਮੋਹਰ ਲੁਆ ਕੇ
ਕਨੇਡੀਅਨ ਗੀਜ਼ ਬਣੂਗੀ
ਹੁਣ ਮੈਂ ਆਜ਼ਾਦ ਦੇਸ਼ ਦੀ
ਆਜ਼ਾਦ ਪੰਛੀ ਬਣੂਗੀਂ
ਆਪਣੇ ਸੁਪਨੇ ਸਾਕਾਰ ਕਰੂਗੀਂ
ਮੈਂ ਬਾਪੂ ਦੀਆਂ ਅੱਖਾਂ ਵਿੱਚ ਦੇਖਿਆ
ਬਾਪੂ ਦੇ ਕੰਬਦੇ ਹੱਥਾਂ ਵੱਲ ਦੇਖਿਆ
ਬਾਪੂ ਆਪਣੇ ਖਰ੍ਹਵੇ ਖਰ੍ਹਵੇ ਹੱਥ
ਨਵੀਂ ਨਵੀਂ ਪਾਸਪੋਰਟ ਤੇ ਲੱਗੀ
ਕਨੇਡੀਅਨ ਮੋਹਰ ਤੇ ਫੇਰ ਰਿਹਾ ਸੀ
ਗੋਰੀ ਅਫ਼ਸਰ ਨੇ ਚਿੱਟੇ ਚਿੱਟੇ ਦੰਦਾਂ ਨੂੰ ਨੰਗੇ ਕਰਕੇ
ਕਿਹਾ!
‘ਵੈਲਕੰਮ ਟੂ ਕਨੇਡਾ’
ਤੁਹਾਡੇ ਸਾਰੇ ਪੇਪਰ ਦੋ ਹਫ਼ਤਿਆਂ ਵਿੱਚ
ਘਰੇ ਪਹੁੰਚ ਜਾਣਗੇ
ਗੋਰੀ ਦੀ ਸਮਾਈਲ ਮੇਰੇ ਦਿਲ ਦੀ ਧੜਕਣ ਵਧਾ ਗਈ
ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਸੁਪਨਾ ਦੇਖ ਰਹੀ ਹੋਵਾਂ
ਮੇਰਾ ਜੀਅ ਕਰੇ
ਮੈਂ ਭੱਜ ਕੇ ਗੋਰੀ ਨੂੰ ਜੱਫ਼ੀ ਪਾ ਲਵਾਂ
ਗੱਲ੍ਹ ਤੇ ਪੋਲੀ ਜਿਹੀ ਦੰਦੀ ਵੱਢਾਂ
ਥੈਂਕ ਯੂ ਥੈਂਕ ਯੂ ਦਾ ਪਾਠ ਕਰਾਂ
ਮਨ ਨੂੰ ਅੱਖਾਂ ਤੇ ਵਿਸ਼ਵਾਸ਼ ਨਾ ਹੋਇਆ
ਗੋਰੀ ਕਹਿੰਦੀ!
‘ ਵਿਸ਼ ਯੂ ਔਲ਼ ਦਾ ਸਕਸੈੱਸ ਹੀਅਰ’
ਮੈਂ ਸੋਚਾਂ
ਸਾਨੂੰ ਤਾਂ ਆਪਣੇ ਹੀ ਦੇਸ਼ ਵਿੱਚ
ਦੂਜੀ ਸਟੇਟ ਵਾਲੇ ਲੰਘਣ ਨਹੀਂ ਦੇ ਰਹੇ
ਅੱਖਾਂ ਵਿੱਚ ਟੀਅਰ ਗੈਸ
ਤੇ ਸਿਰਾਂ ਵਿੱਚ ਗੋਲੀਆਂ ਮਾਰਦੇ ਹਨ
ਜਿੰਨ੍ਹਾਂ ਲਈ ਫ਼ਾਸੀ ਦੇ ਫੰਧੇ ਆਪਣੇ ਗਲ਼ਾਂ ਵਿੱਚ ਪੁਆਏ
ਚਾਹ ਬਣਾਉਂਦਿਆਂ ਨੂੰ, ਜੂਠੇ ਗਲਾਸ ਧੋਂਦਿਆਂ ਨੂੰ
ਰਾਜ ਭਾਗ ਲੈ ਕੇ ਦਿੱਤਾ
ਉਹ ਹੀ ਸਾਡੇ ਖੂਨ ਦੀ ਹੋਲੀ ਖੇਲ੍ਹਦੇ ਹਨ
ਅੱਖਾਂ ਦਿਖਾਉਂਦੇ ਹਨ
ਅੰਨਦਾਤੇ ਦੀਆਂ ਇੱਜ਼ਤਾਂ ਮਿੱਟੀ ਵਿੱਚ ਰੋਲ਼ਦੇ ਹਨ
ਸੜਕਾਂ ਤੇ ਫੁੱਲਾਂ ਦੀ ਵਰਖਾ ਦੀ ਥਾਂ
ਕਿੱਲ ਬੀਜਦੇ ਹਨ
ਮੈਂ ਸੋਚਾਂ !
ਗੋਰੀ ਚਮੜੀ ਬਰਾਊਨ ਚਮੜੀ ਤੋਂ
ਕਿੰਨੀ ਚੰਗੀ ਹੈ?
ਗੋਰੀ ਚਮੜੀ ਬਰਾਊਨ ਚਮੜੀ ਤੋਂ
ਕਿੰਨੀ ਚੰਗੀ ਹੈ ?