ਗ੍ਰੰਥੀ ਸਿੰਘ ਉੱਪਰ ਗੋਲਕ ਚੋਰੀ ਨਾਲ ਨਕਦੀ ਘਰ ਖਰੀਦਣ ਦੇ ਦੋਸ਼ ਅਦਾਲਤ ਵਿੱਚ ਜਾਂਚ ਅਧੀਨ ਹਨ

ਵਿਨੀਪੈਗ (ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਸਥਿੱਤ ਗੁਰਦੁਆਰਾ ਕਲਗੀਧਰ ਦਰਬਾਰ ਦੀ ਕਮੇਟੀ ਦੇ ਵੱਲੋਂ ਉੱਥੇ 13 ਸਾਲ ਤੋਂ ਗ੍ਰੰਥੀ ਸਿੰਘ ਵਜੋਂ ਕੰਮ ਕਰਦੇ ਸੁਖਵਿੰਦਰ ਸਿੰਘ ਖਿਲਾਫ ਕੋਰਟ ਵਿੱਚ ਗੋਲਕ ਚੋਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਗੁਰਦੁਆਰਾ ਕਮੇਟੀ ਦਾ ਆਖਣਾ ਹੈ ਕਿ ਸਾਲ 2011 ਤੋਂ 2024 ਤੱਕ ਉਕਤ ਗ੍ਰੰਥੀ ਸਿੰਘ ਵੱਲੋਂ ਉੱਥੇ ਸੇਵਾ ਕਰਦੇ ਸਮੇਂ ਗੋਲਕ ਦੇ ਵਿੱਚੋਂ ਲਗਭਗ 4 ਲੱਖ 20 ਹਜਾਰ ਦੇ ਕਰੀਬ ਡਾਲਰ ਕੱਢੇ ਗਏ ਹਨ। ਇਸ ਦਾ ਪਤਾ ਲੱਗਣ ਉੱਤੇ ਕਾਰਵਾਈ ਕੀਤੀ ਗਈ ਹੈ ਅਤੇ ਨਵੰਬਰ 2024 ਵਿੱਚ ਉਸ ਉੱਤੇ ਪੰਜ ਹਜ਼ਾਰ ਡਾਲਰ ਤੋਂ ਵੱਧ ਚੋਰੀ ਕਰਨ ਦੇ ਚਾਰਜ ਵੀ ਲੱਗੇ ਸਨ। ਇਨਵੈਸਟੀਗੇਸ਼ਨ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ ਗ੍ਰੰਥੀ ਸਿੰਘ ਵੱਲੋਂ ਕਨੇਡਾ ਵਿੱਚ ਇੱਕ ਘਰ ਵੀ ਖਰੀਦਿਆ ਗਿਆ ਹੈ ਜਿਸ ਉੱਤੇ ਮਾਰਗੇਜ ਨਹੀਂ ਹੈ। ਜਿਸ ਦੀ ਕੀਮਤ 3 ਲੱਖ ਤੋਂ ਵੱਧ ਦੀ ਹੈ। ਜਦੋਂ ਗੋਲਕ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਸਨ ਇਸ ਘਟਨਾ ਦੀ ਪੁਸ਼ਟੀ ਮਗਰੋਂ ਵੀਡੀਓ ਕੈਮਰੇ ਦੇ ਵਿੱਚ ਵੀ ਹੋਈ ਹੈ। ਗੋਲਕ ਵਿੱਚੋਂ ਕੱਢੇ ਗਏ ਨੋਟ ਪਲਾਸਟਿਕ ਦੇ ਡੱਬਿਆਂ ਵਿੱਚ ਲੁਕੋ ਕੇ ਰੱਖੇ ਗਏ ਸਨ। ਇਸ ਮਾਮਲੇ ਸਬੰਧੀ ਕੋਰਟ ਵਿੱਚ 1 ਅਪ੍ਰੈਲ ਨੂੰ ਪੇਸ਼ੀ ਹੈ ਪਰ ਹਾਲੇ ਤੱਕ ਗ੍ਰੰਥੀ ਸਿੰਘ ਦੇ ਵੱਲੋਂ ਕੋਈ ਵੀ ਡਿਫੈਂਸ ਫਾਈਲ ਨਹੀਂ ਕੀਤਾ ਗਿਆ ਹੈ।