ਏਹਿ ਹਮਾਰਾ ਜੀਵਣਾ

ਘਰ ਦੀਆਂ ਵੱਡੀਆਂ ਧੀਆਂ

ਪਰਨੀਤ ਕੌਰ

ਜੋ ਘਰੋ ਨਿਕਲੀਆਂ ਤਾਂ ਸੀ ਆਪਣੇ ਸੁਪਨੇ ਪੂਰੇ ਕਰਨ, ਪਰ ਕਦੋ ਜਿੰਮੇਵਾਰੀਆਂ ਪੂਰੀਆਂ ਕਰਨ ਲੱਗ ਗਈਆਂ ਪਤਾ ਹੀ ਨੀ ਲੱਗਿਆ। ਇਹਨਾਂ ਨੇ ਘਰੋ ਉਡਾਰੀ ਤੇ ਮਾਰੀ ਸੀ ਸੁਪਨਿਆ ਦੀ ਸੋਹਣੀ ਦੁਨੀਆ ਦੇਖਣ ਲਈ ਪਰ ਕਦੋ ਇਹ ਇੰਨੀ ਦੂਰ ਨਿਕਲ ਗਈਆਂ ਕਿ ਮੁੜਨਾ ਔਖਾ ਹੋ ਗਿਆ ਪਤਾ ਹੀ ਨੀ ਲੱਗਿਆ। ਇਹ ਮਾਪਿਆ ਦੀਆਂ ਵੱਡੀਆਂ ਧੀਆਂ ਕਦੋਂ ਉਹਨਾ ਦੇ ਵੱਡੇ ਪੁੱਤ ਬਣ ਗਈਆਂ ਪਤਾ ਹੀ ਨੀ ਲੱਗਿਆ। ਆਪਣੇ ਚਾਅ, ਰੀਝਾਂ, ਸੁਪਨੇ ਮਾਰ ਆਪਣੇ ਛੋਟੇ ਭੈਣ- ਭਰਾਵਾਂ, ਮਾਪਿਆਂ ਦੀਆਂ ਜਿੰਮੇਵਾਰੀਆਂ ਚੱਕਣ ਲੱਗੀਆਂ ਪਤਾ ਹੀ ਨੀ ਲੱਗਿਆ। ਬੇਗਾਨੇ ਮੁਲਕ ਵਿੱਚ ਰਹਿੰਦਿਆਂ ਕਿੰਨੇ ਕਿੰਨੇ ਸਾਲ ਹੋ ਗਏ, ਦਿਲ ਵੀ ਹੁਣ ਸਖ਼ਤ ਹੋ ਗਏ, ਜਿੰਨਾ ਨੇ ਮਾਪਿਆ ਦੀ ਘੂਰ ਤੱਕ ਨੀ ਸੀ ਦੇਖੀ, ਹੁਣ ਜਦੋ ਕੰਮ ਤੇ ਮੈਨੇਜਰ ਘੂਰ ਦੇ ਨੇ ਤੇ ਚੁੱਪ ਕਰਕੇ ਸਹਿ ਜਾਂਦੀਆਂ ਨੇ। ਜ਼ਿੰਦਗੀ ਦੇ ਪਾਏ ਇਮਤਿਹਾਨ ਹੁਣ ਸਹਿਣ ਕਰਨੇ ਸਿੱਖ ਲਏ ਨੇ, ਇਹਨਾਂ ਧੀਆਂ ਨੇ। ਇਕੱਲੀਆਂ, ਚੁੱਪ-ਚਾਪ ਫਿਰਦੀਆਂ, ਕਿਸੇ ਦੇ ਦੇਖਣ ਤੇ ਮੁਸਕਰਾਉਣ ਵਾਲਈਆਂ ਅਕਸਰ ਮਾਪਿਆ ਦੀਆਂ ਵੱਡੀਆ ਧੀਆਂ ਹੀ ਹੁੰਦੀਆਂ ਨੇ। ਕਦੇ ਗੌਰ ਨਾਲ ਤੱਕਣਾ, ਇਹਨਾ ਦੀਆਂ ਅੱਖਾਂ ਚ, ਪੁੱਛਿਓ ਕਦੇ ਇਹਨਾ ਨੂੰ ਵੀ ਕੋਈ ਦਿਲ ਦੀ ਗੱਲ, ਅੱਖਾਂ ਭਰ, ਗੱਲਾਂ ਬਦਲ, ਬਸ ਹੱਸ ਕੇ ਸਾਰ ਦੇਣ ਗਈਆਂ ਪਰ ਅੰਦਰ ਦੇ ਰੌਲੇ ਕਿਸੇ ਨਾਲ ਨੀ ਕਰਦੀਆਂ, ਡਰਦੀਆਂ ਜੋ ਨੇ ਮਾਪਿਆ ਦੀ ਇੱਜਤ ਰੋਲਣ ਤੋ। ਪਰਦੇਸਾਂ ਵਿਚ ਬੈਠੀਆਂ ਵੀ ਇਹ ਮਾਪਿਆ ਦੀਆ ਦਿੱਤੀਆਂ ਮੱਤਾਂ, ਸਿਿਖਆਵਾਂ ਹਰ ਪਲ ਚੇਤੇ ਰੱਖਦੀਆਂ ਨੇ। ਹਰ ਖੁਸ਼ੀ, ਗ਼ਮੀ ਤੇ ਓਹਨਾ ਨੂੰ ਯਾਦ ਕਰ ਰੋਂਦੀਆਂ, ਪਰ ਕਦੇ ਉਹਨਾ ਤੱਕ ਆਪਣੇ ਗ਼ਮਾਂ ਦਾ ਸੇਕ ਤੱਕ ਨੀ ਜਾਣ ਦਿੰਦੀਆਂ। ਮਾਪਿਆਂ ਨਾਲ ਚੜਦੀਕਲਾ ਚ ਗੱਲ ਕਰਨ ਵਾਲਈਆਂ ਇਹ ਧੀਆਂ ਆਪਣੇ ਅੰਦਰ ਪਤਾ ਨੀ ਕੀ ਕੀ ਲਈ ਫਿਰਦੀਆਂ ਨੇ। ਭੈਣ- ਭਰਾਵਾਂ ਦੇ ਚਾਅ ਪੂਰੇ ਕਰਦਿਆਂ ਖੁਸ਼ ਹੁੰਦੀਆਂ ਦੇ ਆਪਣੇ ਚਾਅ ਕਦੋ ਮਰ ਗਏ ਉਹ ਵੇਲੇ ਵੀ ਚੇਤੇ ਨੀ ਰੱਖਦੀਆਂ। ਆਪਣੇ ਭੈਣ-ਭਰਾਵਾਂ ਦਾ ਧੀਆਂ-ਪੁੱਤਾਂ ਵਾਂਗ ਮੋਹ ਕਰਦੀਆਂ ਤੇ ਦੋ-ਦੋ ਘਰਾਂ ਦੇ ਸਹਾਰੇ ਬਣੀ ਬੈਠੀਆਂ, ਜਦੋ ਕਦੇ ਆਪ ਇਕੱਲੀਆਂ ਬੈਠ ਦੀਆਂ, ਤਾ ਇਹਨਾਂ ਦੇ ਦੁੱਖਾਂ ਨੂੰ ਸੁਣਨ ਵਾਲਾ ਕੋਈ ਨੀ ਹੁੰਦਾ। ਕਿੰਨੇ ਦਿਨ ਰਾਤਾਂ ਇਹ ਰੋ ਕੇ ਕੱਢ ਦਿੰਦੀਆਂ, ਪਰ ਆਪਣੇ ਪਰਿਵਾਰ ਨੂੰ ਕਦੇ ਕੁੱਝ ਨੀ ਦਸਦੀਆਂ, ਇਹ ਮੋਹ ਦੀਆਂ ਮਾਰੀਆਂ ਕਦੋ ਮੋਹ ਤੋ ਸੱਖਣੀ ਜਿੰਦਗੀ ਜੀਣ ਲੱਗ ਜਾਂਦੀਆਂ ਇਹਨਾਂ ਨੂੰ ਆਪ ਵੀ ਨੀ ਪਤਾ ਲੱਗਦਾ। ਇਹ ਹੱਸਦੀਆਂ ਤਾਂ ਨੇ ਪਰ ਸ਼ਾਇਦ ਖੁਸ਼ ਹੋਣਾ ਭੁੱਲ ਗਈਆਂ। ਪਰਦੇਸਾਂ ਵਿਚ ਤੁਹਾਨੂੰ ਏਦਾ ਦੀਆਂ ਅਨੇਕਾਂ ਹੀ ਧੀਆਂ ਮਿਲ ਜਾਣਗੀਆ ਵੇਖਣ ਨੂੰ। ਪਰ ਸ਼ਾਇਦ ਪੰਜਾਬ ਵਿਚ ਵੀ ਰਹਿੰਦੀਆਂ ਨੇ, ਇਹ ਝੱਲੀਆਂ, ਭੋਲੀਆਂ ਧੀਆਂ। ਜੋ ਸੋਹਰੇ ਘਰ ਦੇ ਦੁੱਖ ਹੱਸ ਕੇ ਸਹਿ ਜਾਂਦੀਆਂ, ਕਦੇ ਆਪਣੇ ਬੱਚਿਆਂ ਲਈ ਤੇ ਕਦੇ ਆਪਣੇ ਪਿਓ ਦੀ ਇੱਜਤ ਲਈ। ਏਦਾ ਦੀਆਂ ਧੀਆਂ ਅੱਜ ਦੀ ਸਦੀ ਵਿਚ ਵੀ ਆਪਣੀ ਔਲਾਦ ਦੀ ਜ਼ਿੰਦਗੀ ਬਣਾਉਣ ਲਈ ਸਹਿ ਜਾਂਦੀਆਂ ਅਨੇਕਾਂ ਹੀ ਵਧੀਕੀਆਂ, ਜੋ ਹੁੰਦੀਆਂ ਨੇ ਗਲਤ, ਅਸਹਿ, ਪਰ ਫਿਰ ਵੀ ਇਹ ਆਪਣੀ ਔਲਾਦ ਤੱਕ ਨੀ ਆਉਣ ਦਿੰਦੀਆਂ ਉਹਨਾਂ ਵਧੀਕੀਆਂ ਦਾ ਬੋਝ। ਸਬ ਨੂੰ ਚੜਦੀਕਲਾ ਸਿਖਾਉਂਦੀਆਂ, ਆਪ ਜ਼ਿੰਦਗੀ ਦੇ ਰੰਗ ਮਾਣਨੇ ਭੁੱਲ ਜਾਂਦੀਆਂ।
ਸੋਹਰੇ ਘਰ ਜਾ ਪਰਦੇਸੀ ਬੈਠੀਆਂ ਧੀਆਂ ਦੇ ਦਿਲਾਂ ਚ ਬਸ ਆਪਣੇ ਮਾਪੇ ਤੇ ਭੈਣ- ਭਰਾਵਾਂ ਦੀਆਂ ਫ਼ਿਕਰਾਂ ਹੀ ਚਲਦੀਆਂ ਨੇ। ਆਪਣੇ ਲਈ ਕਦੇ ਕੁਝ ਨਾ ਮੰਗਣ ਵਾਲਈਆਂ, ਸਾਰੀ ਉਮਰ ਆਪਣੇ ਪਰਿਵਾਰਾਂ ਦੀ ਸੁੱਖ- ਸ਼ਾਂਤੀ ਲਈ ਰੱਬ ਅੱਗੇ ਦੁਆਵਾਂ ਕਰਦੀਆਂ ਨੀ ਥੱਕਦੀਆਂ। ਆਪਣੇ ਪਰਿਵਾਰ ਦੇ ਸੁਪਨੇ ਚੇਤੇ ਰੱਖਦੀਆਂ, ਉਹਨਾ ਦੇ ਚਾਅ, ਰੀਝਾਂ ਨੂੰ ਸਾਰਾ ਦਿਨ ਆਪਣੇ ਨਾਲ ਚੱਕੀ ਫਿਰਦੀਆਂ ਇਹ ਵੀ ਭੁੱਲ ਜਾਂਦੀਆਂ ਕਿ ਆਪਣੇ ਸੁਪਨੇ, ਅਰਮਾਨ, ਰੀਝਾਂ, ਸਦਰਾਂ ਕਿਹੜੀ ਪੋਟਲੀ ਵਿੱਚ ਪਾ ਕੇ ਲੈਕੇ ਆਈਆਂ ਸੀ, ਜਾ ਸ਼ਾਇਦ ਉਹ ਤਾ ਰਹਿਗੀਆਂ ਕਿਤੇ ਪਿੱਛੇ ਹੀ ਬਾਬਲ ਦੇ ਵਿਹੜੇ। ਭੁੱਲ ਜਾਂਦੀਆਂ ਕੇ ਇਹ ਵੀ ਆਈਆਂ ਸੀ ਕਦੇ ਏਥੇ ਸੋਹਣੀ ਜ਼ਿੰਦਗੀ ਜੀਣ, ਚਾਅ ਪੂਰੇ ਕਰਣ। ਕਾਸ਼, ਕੋਈ ਸਮਝ ਸਕਦਾ ਇਹਨਾਂ ਦੇ ਦਿਲਾਂ ਦੇ ਬੋਝ, ਸਮਝ ਸਕਦਾ ਇਹਨਾਂ ਅੰਦਰ ਚੱਲਦੇ ਸਵਾਲਾਂ ਦੇ ਸ਼ੋਰ, ਦੇ ਦਿੰਦਾ ਹੌਂਸਲਾ, ਜਿੱਥੇ ਪੈਂਦੀ ਇਹਨਾਂ ਨੂੰ ਲੋੜ। ਕਾਸ਼ ਕੋਈ ਦੱਸ ਸਕਦਾ ਇਹਨਾਂ ਨੂੰ ਕੇ ਜ਼ਿੰਦਗੀ ਜੀਣ ਦਾ ਤੁਹਾਨੂੰ ਵੀ ਉਨਾ ਹੀ ਹੱਕ ਆ, ਆਪਣੇ ਲਈ ਸੋਚਣਾ ਗਲਤ ਨੀ, ਕਦੇ ਕਦੇ ਫ਼ਿਕਰਾਂ ਦੇ ਬੋਝ ਪਾਸੇ ਰੱਖ ਮਾਨ ਲਿਆ ਕਰੋ ਤੁਸੀਂ ਵੀ ਜ਼ਿੰਦਗੀ ਦੇ ਰੰਗ। ਆਪਣੇ ਤੇ ਆਏ ਦੁੱਖਾਂ ਨੂੰ ਰੱਬ ਦਾ ਭਾਣਾ ਮੰਨ ਕੇ ਜੀਣ ਵਾਲਈਆਂ ਇਹ ਧੀਆਂ, ਪਤਾ ਨੀ ਕਿੱਥੋਂ ਲੈ ਆਉਂਦੀਆਂ ਨੇ ਇਹਨਾਂ ਸਬਰ ਤੇ ਹੌਂਸਲਾ ਕੇ ਮਿਲਦੀਆਂ ਨੇ ਜ਼ਿੰਦਗੀ ਨੂੰ ਰੋਜ਼ ਨਵੇਂ ਹੀ ਜੋਸ਼ ਨਾਲ। ਕਦੇ ਕਦੇ ਮੈਂ ਸੋਚਦੀਂ ਹਾ ਕਿ ਸ਼ਾਇਦ ਇਹ ਜਾਣਦੀਆਂ ਨੇ ਟੁੱਟੇ ਸੁਪਨਿਆਂ ਦਾ ਦੁੱਖ ਤੇ ਇਹ ਆਪਣਾ ਪੂਰਾ ਜੋਰ ਲਾ ਦਿੰਦੀਆਂ ਕਿ ਕਦੇ ਇਹਨਾਂ ਦੇ ਕਿਸੇ ਆਪਣੇ ਨੂੰ ਇਹ ਦੁੱਖ ਨਾ ਮਿਲੇ। ਆਪਣੇ ਪਰਿਵਾਰਾਂ ਨੂੰ ਜੋੜ ਕੇ ਰੱਖਣ ਵਾਲਈਆਂ ਅੰਦਰੋਂ ਕਿੰਨੀਆਂ ਟੁੱਟੀਆਂ ਨੇ ਸ਼ਾਇਦ ਇਹ ਕੋਈ ਨੀ ਜਾਣਦਾ। ਸਾਡੀਆਂ ਮਾਂਵਾਂ, ਦਾਦੀਆਂ ਵੀ ਨੇ ਆਪਣੇ ਘਰਾਂ ਦੀਆਂ ਵੱਡੀਆਂ ਧੀਆਂ, ਇਹਨਾਂ ਨੇ ਵੀ ਲਏ ਹੋਣੇ ਕਦੇ ਜ਼ਿੰਦਗੀ ਨੂੰ ਮਾਣਨ ਦੇ ਸੁਪਨੇ, ਓਹਨਾ ਕੋਲ ਬੈਠ ਕੇ ਕਦੇ ਸੁਣਿਆਂ ਕਰੋ ਉਹਨਾਂ ਦੇ ਸੁਪਨੇ, ਉਹਨਾਂ ਦੀਆਂ ਵੀ ਕਰਿਆ ਕਰੋ ਆਲੀਆਂ ਭੋਲੀਆਂ ਰੀਝਾਂ ਨੂੰ ਪੂਰਾ, ਇਹਨਾਂ ਦੇ ਮੁੱਖ ਤੇ ਆਏ ਹਾਸੇ ਪਤਾ ਨੀ ਸਾਡੇ ਕਿੰਨੇ ਦੁੱਖਾਂ ਨੂੰ ਦੂਰ ਕਰ ਦੇਣ। ਦੱਸਣਾ ਕਦੇ ਆਪਣੀਆਂ ਭੈਣਾਂ, ਸਹੇਲੀਆਂ, ਜ਼ਿੰਦਗੀ ਦੀਆਂ ਸਾਥਣਾਂ ਨੂੰ ਕਿ ਬਸ, ਆਪਣੇ ਪਰਿਵਾਰਾਂ ਦੇ ਸਹਾਰੇ ਬਣਦੀਆਂ ਕਿਤੇ ਆਪਣੇ ਲਈ ਸਾਥ ਲੱਭਣੇ ਨਾ ਭੁੱਲ ਜਾਇਓ। ਜੇ ਕੋਈ ਸੱਚਾ ਸਾਥ ਮਿਲੂ ਤਾ ਹੱਥ ਫੜ ਲਿਓ, ਸੋਚ ਕੇ ਸਮਝ ਕੇ ਤਾ ਕੇ ਤੁਹਾਡੇ ਮਨਾ ਦੀਆਂ ਉਲ਼ਝਣਾ ਨੂੰ ਵੀ ਕੋਈ ਸੁਲਝਾ ਸਕੇ। ਅੰਦਰ ਦੇ ਰੌਲੇ, ਜਿੰਮੇਵਾਰੀਆਂ ਤੋ ਕਦੇ ਥੱਕਿਓ ਨਾ, ਬਸ ਇੱਕ ਸਾਥ ਲੱਭਿਓ ਜੋ ਵੰਡਾਂ ਸਕੇ ਜ਼ਿੰਮੇਵਾਰੀਆਂ ਨੂੰ, ਸਭ ਦਾ ਕਰਿਓ ਪਰ ਆਪਣਾ ਕਰਨਾ ਨਾ ਭੁੱਲਿਓ।

ਤੇ ਅੱਜ ਦਾ ਦਿਨ ਮੇਰਾ ਇਹੀ ਸੋਚਾਂ ਵਿਚ ਲੰਘ ਗਿਆ ਕਿ ਕਦੋ ਮਿਲੂ ਇਹਨਾਂ ਧੀਆਂ ਨੂੰ ਆਪਣੀ ਸੋਚ ਦੇ ਹਾਣ ਦਾ ਕੋਈ ਸਾਥ, ਜਿਸ ਦੇ ਆਉਣ ਨਾਲ ਇਹ ਵੀ ਖੁਸ਼ ਹੋਣਾ ਸਿੱਖ ਜਾਣ, ਜੋ ਸਮਝੇ ਇਹਨਾਂ ਦੇ ਦਿਲ ਦੀਆਂ ਰਮਜ਼ਾ ਨੂੰ ਤੇ ਦੇ ਦਵੇ ਇਹਨਾਂ ਨੂੰ ਉਹੀ ਉਡਾਰੀ ਲਈ ਖੰਭ, ਜੋ ਲਾਉਣ ਲਈ ਇਹ ਕਦੇ ਘਰੋਂ ਨਿਕਲੀਆਂ ਸੀ। ਜੋ ਸਮਝ ਸਕੇ ਇਹਨਾਂ ਅੰਦਰ ਚਲਦੇ ਅਨੇਕਾਂ ਹੀ ਰੌਲਿਆਂ ਦੇ ਸ਼ੋਰ, ਦੇ ਦਵੇ ਇਕ ਮੋਢਾ ਜਿੱਥੇ ਜਾ ਕੇ ਇਹ ਵੀ ਕਰ ਸਕਣ ਆਪਣੀਆਂ ਰੀਝਾਂ ਦੀਆਂ ਗੱਲ਼ਾਂ, ਜੋ ਇਹਨਾਂ ਅੰਦਰ ਬੈਠੇ ਬੱਚੇ ਨੂੰ ਕਰੇ ਉਹ ਲਾਡ ਜਿਸ ਨੂੰ ਇਹ ਆਪਣੇ ਬਚਪਨ ਵਿਚ ਹੀ ਕਿਤੇ ਛੱਡ ਆਈਆਂ ਸੀ, ਤਾਂ ਕੇ ਇਹ ਬਣਕੇ ਨਾ ਰਹਿ ਜਾਣ, ਬਸ ਘਰ ਦੀਆਂ ਵੱਡੀਆਂ ਧੀਆਂ।

ਜੀ ਲਿਓ ਹੱਸ ਕੇ ਤੁਸੀਂ, ਨਾ ਜਿਉਣਾ ਭੁੱਲ ਜਾਇਓ
ਹੋਰਾਂ ਲਈ ਜਿਉਂਦੀਆਂ, ਨਾ ਖੁਸ਼ ਹੋਣਾ ਭੁੱਲ ਜਾਇਓ
ਚੇਤੇ ਰੱਖਿਓ ਮਾਪਿਆਂ ਦੀਆਂ, ਦਿੱਤੀਆਂ ਮੱਤਾਂ ਨੂੰ
ਪਰ ਇਹਨਾਂ ਸਬ ਦੇ ਵਿਚ ਨਾ, ਮੁਸਕੁਰਾਉਣਾ ਭੁੱਲ ਜਾਇਓ

ਪਰਨੀਤ ਕੌਰ

Show More

Related Articles

Leave a Reply

Your email address will not be published. Required fields are marked *

Back to top button
Translate »