“ਮਾਂ ਬੋਹੜ ਦੀ ਛਾਂ” ਵਾਲਾ ਬਲਬੀਰ ਚੋਟੀਆਂ
ਗੱਲ ਤਕਰੀਬਨ 1990 ਦੇ ਏੜ ਗੇੜ ਦੀ ਹੈ। ਖਾਲਸਾ ਸਕੂਲ ਮਾਨਸਾ ਵਿੱਚ ਸਿਆਲ ਦੀ ਰੁੱਤੇ ਪੰਜਾਬੀ ਗਾਇਕੀ ਦਾ ਇੱਕ ਸਮਾਗਮ ਸੀ । ਮੈਂ ਵੀ ਆਪਣੇ ਯਾਰਾਂ ਬੇਲੀਆਂ ਨਾਲ ਕੱਠ ਜਿਆਦਾ ਹੋਣ ਕਾਰਣ ਬੜੀ ਦੂਰ ਤੋਂ ਸਟੇਜ ਦੇ ਨੇੜੇ ਹੋਣ ਦੀ ਕੋਸਿਸ ਅੱਖਾਂ ਅਤੇ ਕੰਨਾਂ ਦੇ ਜ਼ਰੀਏ ਕਰ ਰਿਹਾ ਸੀ।Eਹਨਾਂ ਵੇਲਿਆਂ ਵਿੱਚ ਸਾਊਂਡ ਸਿਸਟਮ ਵੀ ਇਹੋ ਜਿਹੇ ਹੀ ਹੁੰਦੇ ਸੀ ਬਈ ਜਾਂ ਤਾਂ ਜਮਾ ਕੰਨ ਪਾੜਵੇਂ ਸਪੀਕਰ ਤੁਹਾਡੇ ਨੇੜੇ ਹੁੰਦੇ ਸੀ ਤਾਂ ਦੂਰ ਵਾਲਿਆਂ ਸਿਰਫ ਐਵੈਂ ਮਾੜੇ ਮੋਟੇ ਸਟੇਜ ਦੇ ਝਲਕਾਰੇ ਜਿਹੇ ਹੀ ਪੈਂਦੇ ਹੁੰਦੇ ਸੀ। ਜਿਸ ਕਾਰਣ ਬਹੁਤ ਵਾਰੀ ਮਿੱਤਰ ਮੰਡਲੀ ਦੀ ਆਪਸੀ ਗੱਲਬਾਤ ਦੌਰਾਨ ਸਟੇਜ ਨਾਲੋਂ ਦਰਸਕ ਦਾ ਧਿਆਨ ਟੁੱਟ ਜਾਂਦਾ ਸੀ । ਅਜਿਹਾ ਹੀ ਸਾਡੇ ਨਾਲ ਵਾਪਰਿਆ ਕਿ ਸੀ ਅਸੀਂ ਵੀ ਆਪਸੀ ਗੱਲਾਂਬਾਤਾਂ ਵਿੱਚ ਮਗਨ ਹੋ ਗਏ ਕਿ ਪਤਾ ਹੀ ਨਹੀਂ ਸੀ ਅਸੀਂ ਕਿਸੇ ਗਾਉਣ ਵਾਲਿਆਂ ਦੇ ਪਰੋਗਰਾਮ ਸੁਣਨ ਆਏ ਹੋਏ ਹਾਂ । ਅਚਾਨਕ ਕੰਨਾਂ ਵਿੱਚ ਆਵਾਜ਼ ਪਈ , ਲੈਕੇ ਕਲਗੀਧਰ ਤੋਂ ਥਾਪੜਾਹੋ-ਹੋ-ਹੋ-ਹੋ-ਹੋ-ਹੋ ਹੋ –ਹੈਂ ਕੁਲਦੀਪ ਮਾਣਕ ਨੇ ਵੀ ਆਉਣਾ ਸੀ ਅੱਜ ਆਪਾਂ ਨੂੰ ਤਾਂ ਪਤਾ ਈ ਨਹੀਂ ਸੀ ਸਾਡੇ ਚੋਂ ਇੱਕ ਜਣਾ ਬੋਲਿਆ। ਐਨੇ ਨੂੰ ਇੱਕ ਹੋਰ ਬੋਲ ਪਿਆ “E ਯਾਰ ਇਹ ਮਾਣਕ ਥੋੜਾ ਇਹ ਤਾਂ ਬੁੁਲਾਢੇ ਆਲਾ ਬਲਬੀਰ ਐ । ਹੈ ਕਿਹੜਾ ਬਲਬੀਰ ਵਾਜ ਤਾਂ ਯਾਰ ਜਮਾ ਈ ਮਾਣਕ ਨਾਲ ਦੀ ਐ ਮੈਥੋਂ ਵੀ ਕਹੇ ਬਗੈਰ ਰਿਹਾ ਨੀ ਗਿਆ। ਆਜੋ ਸਟੇਜ ਦੇ ਨੇੜੇ ਹੋਕੇ ਦੇਖਦੇ ਆਂ। ਅਸੀਂ ਧੱਕੇ ਮੁੱਕੀ ਦੇ ਸਹਾਰੇ ਕਿਸੇ ਦੇ ਪੈਰ ਮਿੱਧਦੇ ਅਤੇ ਕਿਸੇ ਤੋਂ ਵੱਖੀ ਵਿੱਚ ਬਿਨਾ ਕਿਸੇ ਵੈਰ ਵਿਰੋਧ ਦੇ ਕੂਹਣੀਆਂ ਦੀਆਂ ਹੁੱਜਾਂ ਖਾਂਦੇ ਸਟੇਜ ਦੇ ਨੇੜੇ ਪੁੱਜ ਗਏ ਹਾਂ । ਇੰਨੇ ਨੂੰ ਗੀਤ ਦੇ ਬੋਲ ਬਦਲ ਜਾਂਦੇ ਹਨ “ਪੀਂਘ ਸੋਚਕੇ ਚੜਾਂਈ ਮੁਟਿਆਰੇ ਅਕਾਸ਼ ਬੇਈਮਾਨ ਹੋ ਗਿਆ” ਫਿਰ ਦੋਗਾਣਿਆਂ ਦੀ ਵੰਨਗੀ ਵੀ ਬਿਲਕੁੱਲ ਮਾਣਕ ਦੇ ਦੋਗਾਣਿਆਂ ਵਰਗੀ “ਅਖੇ ਲੈਕੇ ਚਰਖੀ ਭਾਬੀ ਦੀ ਮੇਰਾ ਜੇਠ ਪੂਣੀਆ ਕੱਤੇ” ਮੈਂ ਮਾਣਕ ਦਾ ਬਹੁਤ ਈ ਜਿਆਦਾ ਪਰਸੰਸਕ ਸੀ ਇਸ ਲਈ ਇਸ ਆਵਾਜ਼ ਨਾਲ ਵੀ ਦਿਲੋਂ ਨੇੜਤਾ ਜਿਹੀ ਬਣ ਗਈ।
ਇਹ ਆਵਾਜ਼ ਬੋਹਾ –ਬੁਢਲਾਡਾ ਏਰੀਏ ਵਿੱਚ ਪੈਂਦੇ ਪਿੰਡ ਚੋਟੀਆਂ ਆਲੇ ਬਲਬੀਰ ਦੀ ਸੀ । ਚੰਗੀ ਆਵਾਜ਼ ਦੇ ਨਾਲ ਨਾਲ ਚੰਗੀ ਸੋਚ ਦਾ ਵੀ ਮਾਲਕ ਹੈ ਬਲਬੀਰ ,ਮੇਰੀ ਉਸ ਨਾਲ ਨੇੜਤਾ ਬਾਦ ਵਿੱਚ ਗਾਇਕ ਨਾਲੋਂ ਜਿਆਦਾ ਇੱਕ ਦੋਸਤ ਦੇ ਤੌਰ ਤੇ ਬਣ ਗਈ ਸੀ ਕਿਉਂਕਿ ਉਸ ਅੰਦਰ ਮਨੁੱਖਤਾ ਦੀ ਪੀੜ ਅੰਦਰਲੇ ਸੋਮੇ ਦਾ ਮੈਨੂੰ ਉਸ ਵੇਲੇ ਕਿਸੇ ਹੋਰ ਮਿੱਤਰ ਤੋਂ ਪਤਾ ਲੱਗਾ ਜਦੋਂ ਮੈਂ ਪਹਿਲੀ ਵਾਰੀ ਕਨੇਡਾ ਤੋਂ ਜਾਕੇ ਉਸ ਨੂੰ ਮਿਲਣ ਗਿਆ ਤਾਂ ਤੋਹਫੇ ਵੱਜੋਂ “ਨਾਈਕੀ” “NIKE”ਦੀ ਜੈਕਟ ਲੈ ਗਿਆ ਉਸ ਲਈ । ਹਾਲੇ ਇੱਕ ਹਫਤਾ ਈ ਹੋਇਆ ਸੀ ਕਿ ਜੈਕਟ ਉਸ ਕੋਲ ਨਹੀਂ ਸੀ ਮੈਂ ਪੁੱਛ ਬੈਠਾ ਕਿ ਕਿੱਧਰ ਗਈ ਤਾਂ ਨਾਲ ਬੈਠੇ ਕਲਾਲਵਾਲੇ ਆਲੇ ਗੁਰਦੀਪ ਨੇ ਦੱਸਿਆ ਕਿ ਇੱਕ ਦਿਨ ਰਾਤ ਨੂੰ ਸੜਕ ਉੱਪਰ ਇੱਕ ਮੰਗਤਾ ਠੰਡ ਨਾਲ ਠਰ ਰਿਹਾ ਸੀ ਇਹਨੇ ਉਹ ਲਾਹਕੇ ਉਹਦੇ ਪਵਾਤੀ । ਮੈਂ ਕਿਹਾ ਯਾਰ ਉਸ ਮਹਿੰਗੀ ਜੈਕਟ ਦਾ ਉਸ ਮੰਗਤੇ ਨੂੰ ਕੀ ਭਾਅ ਤੂੰ ਉਸ ਨੂੰ ਬਜਾਰ ਵਿੱਚੋਂ ਕੋਈ ਸਸਤੀ ਲੈ ਦੇਣੀ ਸੀ ਤਾਂ ਬਲਬੀਰ ਨੇ ਜਵਾਬ ਦਿੱਤਾ ਕਿ ਜੇ ਮੈਂ ਵੀ ਇਹੀ ਸੋਚ ਲੈਂਦਾ ਤਾਂ ਹੋ ਸਕਦੈ ਅਗਲੇ ਦਿਨ ਉਹ ਮੰਗਤਾ ਉੱਥੇ ਨਾ ਹੀ ਹੁੰਦਾ ਠੰਡ ਨਾਲ ਉਸ ਨੇ ਉਸੇ ਦਿਨ ਹੀ ਮਰ ਜਾਣਾ ਸੀ।ਹਾਂ ਆਪਾਂ ਗੱਲ ਕਰ ਰਹੇ ਸੀ ਬਲਬੀਰ ਦੀ ਗਾਇਕੀ ਦੀ ਟੀ ਸੀਰੀਜ਼ ਕੰਪਨੀ ਨੇ ਇੱਕ ਅਖਾੜਾ ਬਲਬੀਰ ਦਾ ਫਿਲਮਾਇਆ ਸੀ “ਮਾਂ ਬੋਹੜ ਦੀ ਛਾਂ” ਉਸ ਵੇਲੇ ਬਲਬੀਰ ਦੀ ਗਾਇਕੀ ਵਿੱਚ ਵੱਡਾ ਉਭਾਰ ਆਇਆ । ਲੋਕ ਤੱਥ ਗਾਉਣ ਵਿੱਚ ਬਲਬੀਰ ਸਿਰਾ ਕਰ ਦਿੰਦਾ ਐ , “ਜੰਡ ਕਰੀਰ ਨਹੀ ਦੇ ਸਕਦੇ ਕਦੇ ਬੋਹੜਾਂ ਵਰਗੀ ਛਾਂ” ਨਾਲ ਸਟੇਜ ਨੂੰ ਲੋਕ ਰੰਗ ਵਿੱਚ ਰੰਗ ਦਿੰਦਾ ਹੈ। ਦੋਗਾਣਿਆ ਦੀ ਵੰਨਗੀ ਵਿੱਚ ਵੀ ਉਸਦੇ ਗੀਤਾਂ ਦੇ ਬੋਲ ਲੋਕ ਮਨਾ ਵਿੱਚ ਉਕਰੇ ਹੋਏ ਹਨ।
“ਲੈਕੇ ਚਰਖੀ ਭਾਬੀ ਦੀ ਮੇਰਾ ਜੇਠ ਪੂਣੀਆ ਕੱਤੇ”
ਰੱਖੀਂ ਕਿਆਲ ਪਟੋਲਿਆ ਮੈਂ ਸਰਪੰਚੀ ਲੈਣੀ ਐ” ।
ਬਲਬੀਰ ਨੇ ਹੁਣ ਤੱਕ 20 ਦੇ ਕਰੀਬ ਗੀਤਾਂ ਦੀਆਂ ਐਲਬਮਾਂ ਪੰਜਾਬੀ ਸੰਗੀਤ ਪਰੇਮੀਆਂ ਨੂੰ ਦਿੱਤੀਆਂ ਹਨ ਜਿਹਨਾਂ ਵਿੱਚ ਮਾਂ ਬੋ੍ਹੜ ਦੀ ਛਾਂ, ਅਖੀਰੀ ਮੁਲਾਕਾਤ,ਪਹਿਲਾ ਅਖਾੜਾ,ਦੁੱਖ ਧੀਆਂ ਦੇ,ਸਰਪੰਚੀ ਲੈਣੀ ਐ,। ਚੀਨੇ ਕਬੂਤਰ, 12 ਸਾਲ ਬਾਦ, ਰੰਗਲੀ ਦੁਨੀਆ । ਬਲਬੀਰ ਅੱਜ ਕੱਲ ਕਲਾਕਾਰਾਂ ਦੇ ਸਹਿਰ ਬਠਿੰਡੇ ਵਿਖੇ ਆਪਣੀ ਸਹਿ ਗਾਇਕਾ ਅਤੇ ਹਮਸਫਰ ਜਸਮੀਨ ਚੋਟੀਆ ਨਾਲ ਜਿ਼ੰਦਗੀ ਬਤੀਤ ਕਰ ਰਿਹਾ ਹੈ ।
ਬਦਮਾਸੀਆਂ, ਸਮਾਜ ਨੂੰ ਗਲਤ ਰਾਹੀ ਤੋਰਨ ਵਾਲੇ ਗੀਤਾਂ ਜਾਂ ਬੰਬ ਗੋਲੀਆ ਚਲਾਉਣ ਵਾਲੇ ਗੀਤਾਂ ਤੋਂ ਦੂਰੀ ਬਣਾਕੇ ਰੱਖਣ ਵਾਲਾ ਬਲਬੀਰ ਹੁਣ ਫਿਰ ਆਪਣੇ ਇੱਕ ਪੁਰਾਣੇ ਗੀਤ ਨੂੰ ਨਵੇਂ ਰੰਗ “INDIA TO AMRICA” ਵਿੱਚ ਲੈਕੇ ਆਇਆ ਹੈ । ਸਮਾਜ ਨੂੰ ਜੋਕਾਂ ਬਣ ਚਿੰਬੜੇ ਅਖੌਤੀ ਬਾਬਿਆਂ ਬਾਰੇ ਬਲਬੀਰ ਦਾ ਗੀਤ ਇੰਡੀਆ ਟੂ ਅਮਰੀਕਾ ਦੇ ਨਾਂ ਹੇਠ ਖੂਬ ਚਰਚਾ ਵਿੱਚ ਹੈ। ਗੀਤਕਾਰ ਸਵ: ਗੁਰਦਿਆਲ ਸਿੰਘ ਬਾਗੜੀ,ਸੰਗੀਤਕਾਰ ਡੀ,ਪ੍ਰੋਡਿਊਸਰ ਰਾਜੇਸ ਗਰਗ ਵੱਲੋਂ ਪੇਸ਼ਕਾਰੀ ਵਾਲੇ ਗੀਤ ਦੇ ਬੋਲ ਹੀ ਗੀਤ ਦੀ ਬੁਲੰਦਗੀ ਬਾਰੇ ਬੋਲ ਜਾਂਦੇ ਹਨ।
ਭਗਵੇਂ ਪਾਕੇ ਬਾਬੇ ਉਹ ਬਾਬੇ ਨਾ ਰਹਿ ਗਏ ਨੇ।
ਏਅਰਕੰਡੀਸ਼ਨ ਲੋਕੋ ਹੁਣ ਤਾਂ ਡੇਰੇ ਪੈ ਗਏ ਨੇ।
ਇੰਡੀਆ ਤੋਂ ਅਮਰੀਕਾ ਤੱਕ ਹੁਣ ਦੌੜ ਹੈ ਬਾਬਿਆਂ ਦੀ –
ਹੁਣ ਗਿਆ ਹੈ ਬਦਲ ਜ਼ਮਾਨਾ ਹੋਰ ਈ ਟੌਹਰ ਹੈ ਬਾਬਿਆਂ ਦੀ
ਜਾਂ ਫਿਰ ਵਿੱਚ ਵਿੱਚ ਸ਼ੇਅਰ ਰੂਪੀ ਤੜਕਾ ਵੀ ਲਾਇਆ ਹੈ ।
ਨਵੇਂ ਚੇਲੇ ਨੂੰ ਸਾਧ ਉਪਦੇਸ਼ ਦੇਵੇ,ਬੇਟਾ ਸਭ ਦੀ ਕਰੋ ਮਨਜੂਰ ਬੱਚਾ
ਭਗਵਾਂ ਚੋਲਾ ਪਰਤੀਕ ਸ਼ਰਾਫਤਾਂ ਦਾ,ਸ਼ੱਕਾਂ ਊਝਾਂ ਤੋਂ ਰੱਖਦੈ ਦੂਰ ਬੱਚਾ।
ਚੰਦਾ ਦੇਵਣਾਂ ਅਸਾਂ ਹਰ ਪਾਰਟੀ ਨੂੰ ਹਲਕਾ ਫਰੀਦਕੋਟ ਚਾਹੇ ਸੰਗਰੂਰ ਬੱਚਾ।
ਚਿਮਟਾ ਚਿੱਪੀ ਚੌਂਕੀ ਚਿਲਮ ਚੇਲੀ, ਚੱਚੇ ਸਾਧਾਂ ਦੇ ਪੰਜ ਮਸ਼ਹੂਰ ਬੱਚਾ
ਬੀਤੇ ਦਿਨੀ ਹੋਈ ਗੱਲਬਾਤ ਦੌਰਾਨ ਬਲਬੀਰ ਚੋਟੀਆਂ ਨੇ ਦੱਸਿਆ ਕਿ ਸਾਲ 2023 ਉਹਨਾਂ ਦੀ ਕਨੇਡਾ ਫੇਰੀ ਮੌਕੇ ਪੂਰੇ ਕਨੇਡਾ ਦੇ ਟੂਰ ਦੌਰਾਨ ਉਹ ਸਮੁੱਚੇ ਪੰਜਾਬੀਆਂ ਦੇ ਰੂਬਰੂ ਹੋਣਗੇ। –ਹਰਬੰਸ ਬੁੱਟਰ ਕੈਲਗਰੀ