ਚਿੱਟਾ ਦੇ ਗਿਆ ਚਿੱਟੀਆਂ ਚੁੰਨੀਆਂ ਸਿਰ ਮੁਟਿਆਰਾਂ ਦੇ’

ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ) ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਕੈਂਟ ਸਿਆਟਲ ਵਿਖੇ ਗੀਤਾਂ ਕਵਿਤਾਵਾਂ ਅਤੇ ਸ਼ੁਭ ਵਿਚਾਰਾਂ ਦਾ ਇਕ ਸਾਹਿਤਕ ਪ੍ਰੋਗਰਾਮ ਜੋ ਪੰਜਾਬੀਅਤ ਨੂੰ ਸਮਰਪਿਤ ਸੀ, ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਰੀ ਰਹਿੰਦੇ, ਅਮਰੀਕਾ ਕੈਨੇਡਾ ਦੀ ਧਰਤੀ ਤੇ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਅਤੇ ਲੋਕ ਪੱਖੀ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਭੈਣ ਪਰਮਿੰਦਰ ਕੌਰ ਸਵੈਚ ਜੀ ਅਤੇ ਉਹਨਾਂ ਦੇ ਜੀਵਨ ਸਾਥੀ ਮਲਕੀਤ ਸਿੰਘ ਸਵੈਚ ਜੀ ਸਨ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਕਰਨੈਲ ਸਿੰਘ ਸਿਧੂ,ਕਮਲਜੀਤ ਕੌਰ ਸਿੱਧੂ,ਅਮਰਜੀਤ ਕੌਰ ਅਤੇ ਜੈਸਮੀਨ ਆਏ ਹੋਏ ਸਨ।

‘ਆਪਣੇ ਕੰਮਾਂ ਨਾਲ ਮਿਲੀ ਪਹਿਚਾਣ ਚਿਰ ਸਥਾਈ ਹੁੰਦੀ ਹੈ’ ਦੇ ਸਮਰਥਕ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ^ਸਤਿਕਾਰ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਗੀਤਾਂ ਵਰਗੇ ਸ਼ਬਦਾਂ ਨਾਲ ਕੀਤੀ।ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਵਿਰਾਸਤ *ਚ ਮਿਲੀ ਜੁਝਾਰੂ ਅਤੇ ਸਾਹਿਤਕ ਸੋਚ ਦੀ ਮਾਲਕ ਤੇ ਇਸ ਉਪਰ ਸੁਹਿਰਦਤਾ ਨਾਲ ਪਹਿਰਾ ਦੇਣ ਵਾਲੀ ਕਵਿੱਤਰੀ ਅਤੇ ਨਾਟਕਕਾਰਾ-ਵਿਦਿਆਰਥੀ,ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ,ਪਾਖੰਡੀ ਬਾਬਿਆਂ ਦੇ ਅੰਧ ਵਿਸ਼ਵਾਸੀ ਮੱਕੜ ਜਾਲ ਤੋਂ ਲੋਕਾਂ ਨੂੰ ਸੁਚੇਤ ਕਰਨ ਵਾਲੀ ਪਰਮਿੰਦਰ ਕੌਰ ਦੀਆਂ ਛਪੀਆਂ ਪੁਸਤਕਾਂ, ਲਹਿਰਾਂ ਦੀ ਵੇਦਨਾ(ਕਾਵਿ ਸੰਗ੍ਰਹਿ), ਭਲਾ ਮੈਂ ਕੌਣ (ਨਾਟ ਸੰਗ੍ਰਹਿ),ਮੁਖੌਟਿਆਂ ਦੇ ਆਰ ਪਾਰ(ਕਾਵਿ ਸੰਗ੍ਰਹਿ), ਬਲਦੇ ਬਿਰਖ((ਲਘੂ ਨਾਟ ਸੰਗ੍ਰਹਿ),ਤਵਾਰੀਖ਼ ਬੋਲਦੀ ਹੈ ਤੇ ਹੋਰ ਨਾਟਕ(ਨਾਟਕ^ਸੰਗ੍ਰਹਿ) ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ।ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸੱਦੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ, ਪਰਮਿੰਦਰ ਕੌਰ ਸਵੈਚ ਜੀ ਨੇ ਆਪਣੇ ਲੋਕ-ਪੱਖੀ ਸੰਘਰਸ਼ਾਂ ਦੀ ਜਾਣਕਾਰੀ ਦਿੱਤੀ।ਉਹਨਾਂ ਦਾ ਮੰਨਣਾ ਹੈ ਕਿ ਲੇਖਕ ਕੋਲ ਤੀਜੀ ਅੱਖ ਹੁੰਦੀ ਹੈ ਜਿਸ ਨਾਲ ਉਹ ਸਮਾਜ ਨੂੰ ਵਿਸ਼ਲੇਸ਼ਣਾਤਮਕ ਲਹਿਜ਼ੇ ਨਾਲ ਵੇਖਦਾ ਹੈ।ਕੈਨੇਡਾ ਦੇ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਣ, ਗੈਂਗ ਵਾਰਾਂ ਦਾ ਬੋਲ^ਬਾਲਾ, ਪਨਪ ਰਹੇ ਨਵੇਂ ਵਰਤਾਰੇ (ਗੇਆਂ) ਆਦਿ ਬਾਰੇ ਉਹਨਾਂ ਆਪਣਾ ਨਜ਼ਰੀਆਂ ਪੇਸ਼ ਕੀਤਾ, ਆਪਣੀਆਂ ਦੋ ਜੁਝਾਰਵਾਦੀ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਕਵੀ ਦਰਬਾਰ ਦਾ ਆਗਾਜ਼ ਪਰਿਵਾਰਕ ਗੀਤਾਂ ਦੇ ਰਚੇਤਾ, ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਦੇ ਗੀਤ , ‘ਮਾਪੇ ਜੱਗ ਤੇ ਜਿਉਣ ਸਦਾ, ਧੀਆਂ ਦੀ ਅਰਜ਼ੋਈ’ ਨਾਲ ਹੋਇਆ।ਸਭਾ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮ ਪੁਰੀ ਨੇ ਕਵਿਤਾ (ਸ਼ਕਲੋਂ ਜੋ ਇਨਸਾਨ ਹੈ ਦਿਸਦਾ,ਅਕਲੋਂ ਕਿਵੇਂ ਹੈਵਾਨ ਹੋਇਆ ਹੈ),ਸਭਾ ਦੇ ਸਤਿਕਾਰਿਤ ਅਹੁਦੇਦਾਰ ਹਰਦਿਆਲ ਸਿੰਘ ਚੀਮਾ ਜੀ ਨੇ ਕਵਿਤਾ(ਜੱਗ ਉਤੇ ਸ਼ਾਤੀ ਦਾ ਮਾਹੌਲ ਜੇ ਹੋਵੇ ਤਾਂ ਦੁਨੀਆਂ ਸਵਰਗ ਸਰੂਪ ਬਣ ਜਾਵੇ), ਸ਼ਬਦ ਤ੍ਰਿੰਜਣ ਮੈਗਜ਼ੀਨ ਦੇ ਸੰਪਾਦਕ ਵਿਅੰਗਕਾਰ ਮੰਗਤ ਕੁਲਜਿੰਦ ਨੇ ਸੱਭਿਆਚਾਰਕ ਗੀਤ (ਇੱਲਾਂ ਤੇ ਕਾਵਾਂ ਰਲ ਕੇ ਪੁੱਛੇ ਸਿਰਨਾਵੇਂ ਬਈ ਕਿਧਰ ਗਏ ਬੋਹੜ ਟਾਹਲੀਆਂ ਪਿੱਪਲ ਪਰਛਾਵੇਂ ਬਈ), ਸਭਾ ਦੇ ਮੀਤ ਸਕੱਤਰ ਸਾਧੂ ਸਿੰਘ ਝੱਜ ਨੇ ਕਵਿਤਾ-ਕਿਉਂ ਮੋਇਆ ਨੂੰ ਪੂਜੀ ਜਾਂਦਾ ਏ ਜਿਉਂਦਿਆਂ ਨੂੰ ਪੁੱਛਿਆ ਨਹੀਂ’, ਲੇਖਕ ਗਾਇਕ ਬਲਬੀਰ ਲਹਿਰਾ ਨੇ ‘ਚਿੱਟਾ ਦੇ ਗਿਆ ਚਿੱਟੀਆਂ ਚੁੰਨੀਆਂ ਸਿਰ ਮੁਟਿਆਰਾਂ ਦੇ’, ਗੀਤ ਪੇਸ਼ ਕੀਤੇ। ਪੰਜਾਬ ਪ੍ਰਤੀ ਮਨ *ਚ ਦਰਦਾਂ ਦੀ ਕਸਕ ਜਗੀਰ ਸਿੰਘ ਦੀ ਕਵਿਤਾ ਵਿੱਚ ਉਜਾਗਰ ਹੋ ਰਹੀ ਸੀ।ਸਟੇਜ ਸਕੱਤਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਉਦਿਆਂ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਸਮੇਂ ਸਮੇਂ ਤੇ ਇਨਸਾਨੀਅਤ ਲਈ ਚੰਗੇ ਵਿਚਾਰਾਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਸਮਾਜ ਅਤੇ ਮਾਨਵ ਦੇ ਸਰਵਪੱਖੀ ਵਿਕਾਸ ਲਈ ਖੋਜੀ ਪ੍ਰਵਿਰਤੀ ਅਪਨਾਉਣ ਤੇ ਨਵੀਨ ਰਾਏ ਨੇ ਜ਼ੋਰ ਦਿੱਤਾ।ਇਤਿਹਾਸ ਦੀਆਂ ਗੁੱਝੀਆਂ ਗੱਲਾਂ ਨਾਲ ਸਾਂਝ ਪਵਾਉਣ ਦਾ ਕਾਰਜ ਕਰ ਰਹੇ ਜੰਗਪਾਲ ਸਿੰਘ ਨੇ ਮੁਹੰਮਦ ਜਿਨਾਹ ਦੇ ਘਰ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ।ਹਰਜਿੰਦਰ ਸਿੰਘ ਸੰਧਾਵਾਲੀਆ ਨੇ ਆਪਣੀ ਆਉਣ ਵਾਲੀ ਫਿਲਮ ‘ਨਾਰੀ ਨਹੀਂ ਵਿਚਾਰੀ’ ਬਾਰੇ ਜਾਣਕਾਰੀ ਸਾਂਝੀ ਕੀਤੀ। ਜਸਵੀਰ ਕੌਰ ਜੀ ਨੇ ਕਵਿਤਾ, ਹਰਪਾਲ ਸਿੰਘ ਸਿਧੂ ਨੇ ਕਵਿਤਾ ‘ਇਨਸਾਨ ਤੋਂ ਇਨਸਾਨ ਕਿਉ਼ ਦੂਰ ਹੁੰਦਾ ਜਾ ਰਿਹਾ ਹੈ ਨਜ਼ਮ ਅਤੇ ਡਾ.ਜਸਬੀਰ ਕੌਰ ਜੀ ਨੇ ਬੰਦੇ ਨੂੰ ਰੱਬ ਦਾ ਸ਼ੁਕਰ ਮਨਾਉਣ ਦੀ ਨਸੀਹਤ ਆਪਣੀ ਕਵਿਤਾ ਰਾਹੀ ਦਿੱਤੀ।ਬਲਿਹਾਰ ਸਿੰਘ ਲੇਹਲ ਨੇ ਅਤੇ ਪ੍ਰਿਤਪਾਲ ਸਿੰਘ ਟਿਵਾਣਾ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਸਿਆਟਲ ਵੱਸਦੇ ਅਨੇਕਾਂ ਗੀਤਾਂ ਨੂੰ ਆਪਣੀ ਆਵਾਜ਼ *ਚ ਰਿਕਾਰਡ ਕਰਵਾ ਚੁੱਕੇ ਅਵਤਾਰ ਬਿੱਲਾ ਨੇ ਆਪਣੀ ਕਲਮ ਸਿਰਜਣਾ ਗੀਤ ‘ਬੜੀ ਸਾਂਭ ਸਾਂਭ ਕੇ ਰੱਖੀ ਮੇਰੇ ਬਾਪੂ ਦੀ ਨਿਸ਼ਾਨੀ, ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹ ਦਿੱਤਾ। ਆਏ ਹੋਏ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਰਦਿਆਲ ਸਿੰਘ ਚੀਮਾ ਜੀ ਦੇ ਨਵੇਂ ਛਪੇ ਕਾਵਿ ਸੰਗ੍ਰਹਿ ‘ ਕਿਰਤੀ ਸੰਘਰਸ਼ ਜਾਰੀ ਹੈ’ ਨੂੰ ਲੋਕ ਅਰਪਣ ਕੀਤਾ ਗਿਆ।
ਲਾਲੀ ਸੰਧੂ, ਜਸਵਿੰਦਰ ਲੇਹਲ, ਰਵਿੰਦਰ ਕੌਰ, ਸ਼ਾਹ ਨਿਵਾਜ਼ ਜੀ, ਜਸਵੀਰ ਸਿੰਘ ਸਹੋਤਾ,ਹਰਪਰੀਤ ਸਿੰਘ, ਨਵਦੀਪ ਸਿੰਘ ਹੇਅਰ,ਅਨਮੋਲ ਸਿੰਘ, ਬਘੇਲ ਸਿੰਘ ਚੀਮਾ, ਭੁਪਿੰਦਰ ਸਿੰਘ ਹੇਅਰ ਅੱਜ ਦੇ ਸਮਾਗਮ ਦੀ ਸ਼ੋਭਾ ਵਧਾ ਰਹੀਆਂ ਸ਼ਖਸ਼ੀਅਤਾਂ ਸਨ। ਅੰਤ ਵਿੱਚ ਸਭਾ ਦੇ ਖਜ਼ਾਨਚੀ ਹਰਪਾਲ ਸਿੰਘ ਸਿੱਧੂ ਨੇ ਸਮਾਗਮ ਦਾ ਹਿੱਸਾ ਬਣੇ ਸਾਰੇ ਦਰਸ਼ਕਾਂ-ਸਰੋਤਿਆਂ ਅਤੇ ਪ੍ਰੋਗਰਾਮ ਦੀ ਕਾਮਯਾਬੀ ਲਈ ਯਤਨ ਕਰ ਰਹੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।ਸ਼ੁਰੂ ਤੋਂ ਲੈ ਕੇ ਅੰਤ ਤੱਕ, ਚੱਲ ਰਹੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਫੇਸ ਬੁਕ ਉਪਰ ਵੀ ਕੀਤਾ ਗਿਆ।