ਚੰਗੇ ਗੀਤਾਂ ਤੇ ਚੰਗੀ ਸੋਚ ਦਾ ਧਾਰਨੀ ਹੈਪੀ ਰਮਦਿੱਤੇ ਵਾਲਾ

ਹੈਪੀ ਰਮਦਿੱਤੇ ਵਾਲਾ

ਮੈਂ ਇਸਨੂੰ ਪਹਿਲੀ ਵਾਰ ਨਹਿਰੂ ਕਾਲਜ ਮਾਨਸਾ ਵਿੱਚ ਬੀ ਏ ਕਰਦਿਆਂ ਮਿਲਿਆ।ਗੋਰਾ ਨਿਸੋਹ ਤੇ ਸੰਗਾਊ ਜਾ ਚਿਹਰਾ ਸੀ ਉਸਦਾ।ਪਰ ਗੱਲਾਂ ਕਰਕੇ ਸਭ ਨੂੰ ਆਪਣਾ ਬਣਾ ਲੈਣ ਵਾਲਾ ਹੈਪੀ ਰਾਮਦਿੱਤੇ ਵਾਲਾ ।ਪੂਰਾ ਨਾਮ ਸੀ ਹਰਪ੍ਰੀਤ ਸਿੰਘ । ਹੈਪੀ ਦਾ ਜਨਮ ਮਾਸਟਰ ਹੇਮ ਰਾਜ ਜੀ ਤੇ ਮਾਤਾ ਅਮਰ ਦੇਵੀ ਦੇ ਘਰ ਪਿੰਡ ਰਾਮਦਿੱਤੇ ਵਾਲੇ ਵਿਖੇ ਹੋਇਆ। ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ । ਬਚਪਨ ਵੀ ਇਸੇ ਪਿੰਡ ਦੀਆਂ ਗਲੀਆਂ ਵਿਚ ਬੀਤਿਆ ਫਿਰ ਛੇਵੀਂ ਤੋਂ ਦਸਵੀਂ ਖਾਲਸਾ ਸਕੂਲ ਤੇ +1,+2 ਗਾਂਧੀ ਸਕੂਲ ਮਾਨਸਾ ਵਿੱਚ ਕੀਤੀ। ਗ੍ਰੈਜੂਏਸ਼ਨ ਨਹਿਰੂ ਕਾਲਜ਼ ਮਾਨਸਾ ਕੀਤੀ।ਕਾਲਜ ਵਿੱਚ ਐਨ ਸੀ ਸੀ ਵਿੱਚ ਚਰਨਜੀਤ ਖੋਖਰ ਵਰਗੇ ਯਾਰਾਂ ਨਾਲ ਬੂਟ ਸੂਟ ਚਮਕਾ ਕੇ ਪਰੇਡ ਕੀਤੀ ਅਤੇ ਏ,ਬੀ ਤੇ ਸੀ ਸਰਟੀਫਿਕੇਟ ਹਾਸਲ ਕੀਤੇ।ਉਸ ਤੋਂ ਬਾਅਦ ਲਾਅ ਦੀ ਡਿਗਰੀ ਕਰਕੇ ਮਾਸਟਰ ਹੇਮ ਰਾਜ ਜੀ ਦਾ ਸਪੁੱਤਰ ਮਾਨਸਾ ਵਿੱਚ ਵਕੀਲੀ ਦਾ ਕਾਲਾ ਕੋਟ ਪਾਕੇ ਲੋਕਾਂ ਦੇ ਕੇਸ ਹੱਲ ਕਰਵਾਉਣ ਲੱਗ ਪਿਆ। ਪਰ ਇੱਕ ਹੋਰ ਚਿਣਗ ਵੀ ਅੰਦਰ ਜਗ ਰਹੀ ਸੀ। ਉਹ ਸੀ ਕਲਮ ਚਲਾਉਣ ਦੀ। ਪ੍ਰਮਾਤਮਾ ਨੇ ਉਸ ਨੂੰ ਚੰਗੀ ਕਲ਼ਮ ਵੀ ਦਿੱਤੀ ਸੀ। ਇਸ ਗੱਲ ਦਾ ਪਤਾ ਉਸ ਨੂੰ ਛੋਟੀਆਂ ਜਮਾਤਾਂ ਵਿੱਚ ਹੀ ਲੱਗ ਗਿਆ ਸੀ।ਜਦ ਛੇਵੀਂ ਸੱਤਵੀਂ ਵਿਚ ਹੀ ਉਹ ਪੂਰੇ ਗੀਤ ਕਵਿਤਾਵਾਂ ਤੇ ਕਹਾਣੀਆਂ ਲਿਖਣ ਲੱਗ ਪਿਆ ਸੀ। ਨਿੱਕੇ ਹੁੰਦੇ ਉਸ ਦੀ ਕਹਾਣੀਆਂ ਕਵਿਤਾਵਾਂ, ਗੀਤ ਮਾਨਸਾ ਦੀ ਪ੍ਰਸਿੱਧ ਸ਼ਖ਼ਸੀਅਤ ਦਰਸ਼ਨ ਮਿਤਵਾ ਦੇ ਛਪਦੇ ਅਖਬਾਰ “ਗਗਨ ਦਮਾਮਾ ” ਵਿਚ ਛਪਣ ਲੱਗ ਪਈਆਂ।

ਸਮਾਂ ਬੀਤਣ ਨਾਲ ਉਹ ਗਿਆਰਵੀਂ ਬਾਰ੍ਹਵੀਂ ਤੱਕ ਜਾਂਦਿਆਂ ਉਹ ਇੱਕ ਪ੍ਰਪੱਕ ਗੀਤਕਾਰ ਬਣ ਗਿਆ । ਉਸਨੇ ਪਹਿਲੀ ਧਾਰਮਿਕ ਕੈਸੇਟ “ਛੱਡਦੇ ਸਿੰਘ ਜੈਕਾਰੇ” ਤੋਂ ਸ਼ੁਰੂ ਕੀਤਾ ਸਫ਼ਰ ਅੱਜ ਤੱਕ ਜਾਰੀ ਹੈ। ਉਸ ਦੇ ਧਾਰਮਿਕ ਗੀਤਾਂ ਦੀਆਂ ਲੱਗਭਗ ਦੱਸ ਕੈਸਿਟਾਂ ਰਿਕਾਰਡ ਹੋ ਚੁੱਕੀਆਂ ਨੇ । ਇਸ ਵਿਚ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਜੀ ਦੇ ਬੋਲਾਂ ਵਿਚ ਰਿਕਾਰਡ ਕੈਸਿਟ “ਜੈ ਮਾਤਾ ਦੀ ਬੋਲ” ਸ਼ਾਮਿਲ ਹੈ ਜੋ ਟੀ ਸੀਰੀਜਕੰਪਨੀ ਵਿੱਚ ਹੋਈ।ਉਸ ਦੀ ਜੋੜੀ ਮਾਨਸਾ ਦੇ ਪ੍ਰਸਿੱਧ ਗਾਇਕ ਸੇਵਕ ਸੰਦਲ ਨਾਲ ਭਰਾਵਾਂ ਵਾਲੀ ਬਣੀ ਹੋਈ ਹੈ। ਦੋਵਾਂ ਨੇ ਅਣਗਿਣਤ ਵਧੀਆ ਧਾਰਮਿਕ ਤੇ ਸਮਾਜਿਕ ਗੀਤਾਂ ਨੂੰ ਸ਼ਬਦਾਂ ਤੇ ਬੋਲਾਂ ਨਾਲ ਸ਼ਿੰਗਾਰਿਆ ਹੈ । ਗੱਲ ਇਥੇ ਹੀ ਨੀ ਮੁੱਕਦੀ ਉਸ ਦੇ ਲਿਖੇ ਗੀਤ ਨਸ਼ਿਆਂ ਵਾਰੇ,ਦਾਜ ਦਹੇਜ, ਕੁੜੀਆਂ ਧੀਆਂ ਵਾਰੇ ਸਮਾਜਿਕ ਬੁਰਾਈਆਂ ਵਾਰੇ ਰਿਕਾਰਡ ਹੋ ਚੁੱਕੇ ਨੇ। 

ਜਿਵੇਂ….

     “ਸਮੇਂ ਦੀਓ ਸਰਕਾਰੋ,

     ਬੁੱਧੀਜੀਵੀ ਤੇ ਫਨਕਾਰੋ

ਰੁੱਖ, ਪੁੱਤ, ਧੀਆਂ ਤੇ ਬਚਾ ਲਓ ਹਵਾ ਪਾਣੀ ਨੂੰ

ਨਸ਼ਿਆ ਚ ਰੁੜ੍ਹੀ ਜਾਂਦੀ ਮੋੜ ਲਓ ਜਵਾਨੀ ਨੂੰ।

ਨਸ਼ਿਆ ਚ,,,,,,,,,,

ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਉਸਦੇ ਗੀਤਾਂ ਵਿੱਚ ਝਲਕਦਾ ਹੈ।

ਵੇਖੋ ਉਸਦਾ ਇਹ ਗੀਤ,,, ,

  ਮਾਂ ਨੂੰ ਹੀ ਮਾਂ ਕਹਿਣੋ ਸੰਗਦੇ,

 ਕਿਉਂ ਗੈਰਾਂ ਦੇ ਰੰਗ ਵਿੱਚ ਰੰਗਦੇ

 ਆਪਣਾ ਘਰ ਛੱਡ ਹੋਰਾਂ ਕੋਲੋਂ 

 ਮਿਲਦੇ ਕਦੋਂ ਸਹਾਰੇ ।

ਮਾਂ ਬੋਲੀ ਨੂੰ ਭੁੱਲ ਕੇ ਲੋਕੋ

 ਹੋਣੇ ਨਹੀ ਗੁਜਾਰੇ ।

ਮਾ ਬੋਲੀ,,,,,,,

ਹੈਪੀ ਦੇ ਗੀਤਾਂ ਨੂੰ ਸੇਵਕ ਸੰਦਲ ਤੋਂ ਇਲਾਵਾ ਵੱਖ ਕਲਾਕਾਰਾਂ ਮਨਰਾਜ ਭੌਰਾ, ਸੁਦੇਸ਼ ਕੁਮਾਰੀ, ਪ੍ਰਸਿੱਧ ਕਲਾਕਾਰ ਸੁਰਿੰਦਰ ਛਿੰਦਾ,ਮਨਪ੍ਰੀਤ ਮਾਹੀ,ਬੀਬਾ ਸੋਨਮ ਸਿੱਧੂ,ਹਰਮਨਦੀਪ, ਨੂਰਦੀਪ ,ਮਿਸ ਪੂਜਾ,ਪ੍ਰਿਆ ਗਿੱਲ ਗੁਰਸੇਵਕ ਲਵਲੀ ਆਦਿ ਗਾਇਕਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ।

ਉਸ ਦੇ ਕਿਸਾਨੀ ਸੰਘਰਸ਼ ਦੌਰਾਨ ਲਿਖੇ ਤੇ ਰਿਕਾਰਡ ਹੋਏ ਗੀਤਾਂ ਨੇ ਜਿਥੇ ਸੰਘਰਸ਼ ਸਫਲ ਬਣਾਉਣ ਲਈ ਹਾਅ ਦਾ ਨਾਅਰਾ ਮਾਰਿਆ ਤੇ ਉਸ ਦੇ ਗੀਤਾਂ ਨੇ ਇਸ ਸਮੇਂ ਉਸਨੂੰ ਕਾਫੀ ਪ੍ਰਸਿੱਧੀ ਵੀ ਦਿਵਾਈ।ਉਸ ਦਾ ਆਪਣਾ ਯੂਟਿਊਬ ਚੈਨਲ ਐਚ ਆਰ ਕਰੀਏਸ਼ਨਜ ਜਿਸ ਤੇ ਵੱਖ ਵੱਖ ਸਮਾਜਿਕ ਵਿਸ਼ਿਆਂ ਤੇ ਕਾਫੀ ਕਲਾਕਾਰਾਂ ਜਿਵੇ ਗੁਰਸੇਵਕ ਸਿੰਘ “ਪੱਥਰ ਦਿਲ ਦਿੱਲੀਏ” ਪ੍ਰਗਟ ਮੌੜ ਮਾਨ,”ਲੇਖੇ ਜੋਖੇ” ਸੁਖਦਰਸ਼ਨ ਵਕੀਲ,,”ਅੰਨਦਾਤੇ” ਉਪਿੰਦਰ ਰਾਜਨ, “ਅਰਦਾਸ”,,

 ਹਿੰਦ ਕੇਸਰੀ” “ਫਰਜ” ਮਨਰਾਜ ਭੌਰਾ “ਅੜੀਆਂ ਨੀ ਚੰਗੀਆਂ” ਆਦਿ ਗੀਤ ਪੇਸ਼ ਕੀਤੇ ,, ਇਹ ਚੈਨਲ ਲੋਕਾਂ ਵਿਚ ਕਾਫੀ ਹਰਮਨ ਪਿਆਰਾ ਹੈ। 

ਉਸ ਦੀ ਸ਼ਖ਼ਸੀਅਤ ਦਾ ਦੂਜਾ ਪੱਖ ਸਮਾਜ ਸੇਵਾ ਹੈ ਉਹ ਪੰਦਰਾਂ ਸਾਲ ਏਕਨੂਰ ਪਬਲਿਕ ਵੈੱਲਫੇਅਰ ਕਲੱਬ ਦਾ ਪ੍ਰਧਾਨ ਰਿਹਾ । ਜਿਸ ਦੌਰਾਨ ਉਸ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਕਾਫੀ ਕੁੜੀਆਂ ਦੇ ਵਿਆਹ, ਸਕੂਲ ਪੜ੍ਹਦੇ ਜਰੂਰਤਮੰਦ ਬੱਚਿਆਂ ਦੀ ਮਦਦ। ਗਰੀਬ ਲੋਕਾਂ ਦੀ ਮਦਦ, ਨਸ਼ਿਆਂ ਵਿਰੁੱਧ ਸੈਮੀਨਾਰ, ਖੂਨਦਾਨ ਕੈਂਪ ,ਰੁੱਖ ਲਵਾਕੇ ਤੇ ਪਿੰਡ ਦੇ ਸਾਂਝੇ ਕੰਮਾਂ ਦੀ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ। ਉਸ ਨੇ ਪਿੰਡ ਦੇ ਸੰਤ ਅਤਰ ਦਾਸ ਸਪੋਰਟਸ ਕਲੱਬ ਵਿਚ ਵੀ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਕਬੱਡੀ,ਕ੍ਰਿਕਟ ਤੇ ਹੋਰ ਖੇਡਾਂ ਦੇ ਟੂਰਨਾਮੈਂਟ ਕਰਵਾਉਣ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ ਹੈ। ਸੰਤ ਬਾਬਾ ਬੋਧਾ ਨੰਦ ਗਊਸ਼ਾਲਾ ਰਾਮਦਿੱਤੇ ਵਾਲਾ ਦੇ ਮੈਂਬਰ ਦੇ ਤੌਰ ਉਹ ਗਊ ਸੇਵਾ ਵਿਚ ਵੀ ਹਿੱਸਾ ਪਾਉਂਦਾ ਹੈ। ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਪੰਜਾਬ ਦੇ ਸਰਪ੍ਰਸਤ ਦੇ ਤੌਰ ਤੇ ਸ਼ਹਿਰ ਵਿਚ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ ਸਫਲਤਾ ਪੂਰਵਕ ਕਰਵਾਏ ਹਨ।

ਇਹ ਉਸਦਾ ਸਮਾਜਿਕ ,ਸਭਿਆਚਾਰਕ,ਧਾਰਮਿਕ ਸੇਵਾ ਨਾਲ ਜੁੜਿਆ ਪੱਖ ਸੀ

ਉਸਦਾ ਨਾਮ ਵਕਾਲਤ ਦੀਆਂ ਸਫ਼ਾਂ ਵਿੱਚ ਵੀ ਮੂਹਰਲੀਆ ਕਤਾਰਾਂ ਵਿੱਚ ਆਉਂਦਾ ਹੈ। ਐਨਾ ਹੀ ਨਹੀਂ ਉਸ ਨੇ ਇੱਕ ਵਕੀਲ ਦੇ ਤੌਰ ਤੇ ਅਣਗਿਣਤ ਗਰੀਬ ਕੁੜੀਆਂ ਤੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਕੇਸ ਫਰੀ ਵਿਚ ਲੜਕੇ ਉਹਨਾਂ ਨੂੰ ਇਨਸਾਫ ਦੁਆਇਆ ਹੈ। ਉਸ ਨੂੰ ਆਪ ਕਿਰਦਾਰ ਨਿਭਾਉਣ ਦਾ ਵੀ ਸ਼ੌਂਕ ਹੈ ਉਸ ਨੇ ਕਈ ਟੈਲਫਿਲਮਾਂ ਤੇ ਗੀਤਾ ਵਿੱਚ ਖੁਦ ਰੋਲ ਨਿਭਾਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਨਹੀਂ ਕਈ ਪੱਖਾਂ ਦੀ ਸ਼ਖ਼ਸੀਅਤ ਦੇ ਸੁਮੇਲ ਤੋਂ ਬਣਿਆ ਹੈ। ਹਰ ਗੀਤ ਲਿਖ ਕੇ ਹੈਪੀ ਆਪਣੇ ਵੱਡੇ ਭਰਾ ਐਡਵੋਕੇਟ ਨਵਦੀਪ ਸ਼ਰਮਾਂ ਦੀ ਸਲਾਹ ਜਰੂਰ ਲੈਂਦਾ ਹੈ।

 ਸੇਵਕ ਸੰਦਲ ਦੀ ਆਵਾਜ ਚ ਆ ਰਿਹਾ ਧੀ ਦਾ ਦਰਦ ਬਿਆਨਦਾ ਨਵਾਂ ਗੀਤ -:

ਹੋਇਆ ਕੀ ਤਲਾਕ ਤੇਰਾ ਮੇਰੇ ਬਾਪੂ ਨਾਲ ਮਾਂ,

ਕੀਤਾ ਤੂੰ ਜਵਾਨ ਮੈਨੂੰ ਦੁੱਖਾਂ ਨਾਲ ਪਾਲ ਮਾਂ

ਖੰਭਾਂ ਦੀਆਂ ਡਾਰਾਂ ਇਹ ਬਣਾਉਣੇ ਭੈੜੇ ਲੋਕ ਮਾਏ

ਦੇਹਲੀਆਂ ਤੋਂ ਬਾਹਰ ਜਦੋਂ ਪੈਰ ਧਰਦੀ

ਪੜ੍ਹਣੇ ਦਾ ਸ਼ੌਕ ਰੱਖਾਂ, ਘੂਰਦੀਆਂ ਲੱਖਾਂ ਅੱਖਾਂ

ਮੈਂ ਮਰਜਾਣੀ ਦੱਸ ਕਿੰਝ ਪੜ੍ਹਦੀ ਵੀ

ਪੜ੍ਹਣੇ ਦਾ,,,,,,

 ਪ੍ਰਮਾਤਮਾ ਉਸ ਨੂੰ ,ਉਸ ਦੀ ਕਲਮ ਨੂੰ ਹੋਰ ਖੂਬਸੂਰਤ ਗੀਤ ਸਿਰਜਣ ਦਾ ਬਲ ਬਖਸ਼ੇ, ਉਸਨੂੰ ਸਮਾਜ ਸੇਵਾ ਦਾ ਜਜਬਾ ਤੇ ਉਸਦੇ ਪਰਿਵਾਰ ਨੂੰ ਤਰੱਕੀ ਬਖਸੇ

ਲਾਡੀ ਜਗਤਾਰ 

ਲਾਡੀ ਜਗਤਾਰ 

9463603091

Exit mobile version